
ਕਾਨੂੰਨ ਮਨੁੱਖ ਨੂੰ ਪਵਿੱਤਰ ਨਹੀਂ ਕਰ ਸਕਦਾ। ਆਲਮ ਵਿਦਵਾਨ ਕਹਿੰਦੇ ਨੇ ਕਾਨੂੰਨ ਕੀ ਹੈ ? ਸਿਰਫ਼ ਇਕ ਮੱਕੜੀ ਦਾ ਜਾਲਾ ਹੈ। ਇਸ ਵਿਚ ਛੋਟੇ ਛੋਟੇ ਕੀੜੇ ਫਸ ਜਾਂਦੇ ਨੇ, ਪਰ ਹਾਥੀ ਇਹ ਜਾਲਾ ਤੋੜ ਕੇ ਲੰਘ ਜਾਂਦੇ ਨੇ। ਜੋ ਇਕ ਬੰਦੇ ਦੀ ਜੇਬ ਕੱਟੇ ਤੇ ਹੋ ਸਕਦਾ ਹੈ ਵਿਚਾਰਾ ਪਕੜਿਆ ਜਾਏ ਤੇ ਜੇਲ੍ਹ ਦੀ ਹਵਾ ਖਾਏ। ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਕੇ ਸਵਿਟਜ਼ਰਲੈਂਡ ਦੇ ਬੈਂਕ ਭਰ ਲਵੇ, ਉਹਨੂੰ ਕੌਣ ਪਕੜੇਗਾ ? ਉਹ ਤਾਂ ਹਾਥੀ ਹੈ, ਜਾਲਾ ਤੋੜ ਕੇ ਲੰਘ ਗਿਆ ਹੈ। ਹਾਥੀ ਦਨਦਨਾ ਰਿਹਾ ਹੈ। ਤੁਸੀਂ ਦੱਸੋ ! ਜਾਲਿਆਂ ਵਿਚ ਕਦੇ ਹਾਥੀ ਪਕੜੇ ਜਾਂਦੇ ਨੇ! ਮੱਕੜੀ ਦਾ ਜਾਲਾ, ਕੀੜਾ ਪਕੜ ਸਕਦਾ ਹੈ। ਮੱਕੜੀ ਦਾ ਜਾਲਾ ਹਾਥੀ ਨਹੀਂ ਪਕੜ ਸਕਦਾ। ਹਾਥੀ ਤਾਂ ਜਾਲਾ ਤੋੜ ਕੇ ਲੰਘ ਜਾਏਗਾ। ਇਸ ਦੇਸ਼ ਵਿਚ ਪਤਾ ਨਹੀਂ ਕਿੰਨੇ ਕੁ ਹਾਥੀ ਮੌਜੂਦ ਨੇ, ਜਿਹਨਾਂ ਨੇ ਪਤਾ ਨਹੀਂ ਕਿਤਨੇ ਮੱਕੜੀ ਦੇ ਜਾਲੇ ਤੋੜ ਕੇ ਰੱਖ ਦਿੱਤੇ ਨੇ। ਧਰਮ, ਮਨੁੱਖ ਦੇ ਮਨ ਨੂੰ ਬਦਲਦਾ ਹੈ, ਕਾਨੂੰਨ ਮਨੁੱਖ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਪਰ ਕਾਨੂੰਨ ਉਸੇ ਨੂੰ ਹੀ ਰੋਕ ਸਕੇਗਾ ਜੋ ਕੀੜਾ ਹੈ। ਹਾਥੀ ਨੂੰ ਕੋਈ ਨਹੀਂ ਰੋਕ ਸਕਦਾ।
ਗਿਆਨੀ ਸੰਤ ਸਿੰਘ ਜੀ ਮਸਕੀਨ