112 views 6 secs 0 comments

ਕਾਫਰ

ਲੇਖ
September 01, 2025

‘ਕਾਫਰ’ ਅਰਬੀ ਮੂਲ ਦਾ ਸ਼ਬਦ ਹੈ ਜੋ ਮਨੁੱਖ ਆਮ ਕਹਾਵਤ ‘ਸਕਲ ਮੋਮਨਾ ਕਰਤੂਤ ਕਾਫਰਾਂ’ ਦੇ ਵਿੱਚ ਪੜਦਾ-ਸੁਣਦਾ ਹੈ। ‘ਕਾਫਰ’ ਸ਼ਬਦ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਵੀਹਵੀਂ ਪਉੜੀ ਦੇ ਵਿੱਚ ਕੇਵਲ ਇੱਕੋ ਵਾਰ ਆਇਆ ਹੈ। ਭਾਈ ਸਾਹਿਬ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਮਾਂ ਬਿਆਨ ਕਰਦਿਆਂ ਚਾਰ ਯੁਗ, ਚਾਰੇ ਵੇਦ, ਛੇ ਸ਼ਾਸਤਰ, ਬੋਧੀ, ਜੈਨੀਆਂ ਦੇ ਨਾਲ ਮੁਸਲਮਾਨ ਮਤ ਦੀ ਸਾਰੀ ਰੂਪਰੇਖਾ ਇੱਕੋ ਪਉੜੀ ਦੇ ਵਿੱਚ ਸਾਗਰ ਨੂੰ ਗਾਗਰ ਦੇ ਵਿੱਚ ਭਰਨ ਦੀ ਨਿਆਈ ਕਰਦੇ ਹਨ।
ਮੁਹੰਮਦ ਸਾਹਿਬ ਤੋਂ ਇਸਲਾਮ ਆਰੰਭ ਹੋਇਆ, ਚਾਰ ਯਾਰਾਂ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਫੈਲਿਆ, ਰੋਜ਼ੇ, ਈਦ ਨਮਾਜ਼, ਬੰਦਗੀ, ਸ਼ਰਾ ਨਿਯਮ ਬਣਾਏ ਗਏ, ਪੀਰ ਪੈਗੰਬਰ ਔਲੀਏ ਕੌਸ ਕੁਤਬ ਆਦਿਕ ਨਾਮ ਪ੍ਰਚਲਿਤ ਹੋਏ। ਠਾਕੁਰ ਦੁਆਰਿਆਂ ਨੂੰ ਢਾਹ ਕੇ ਮਸੀਤਾਂ ਬਣਾਈਆਂ ਗਈਆਂ। ਕਾਫਰ ਤੇ ਬੇਈਮਾਨ ਦੇ ਵੈਰ ਭਾਵ, ਰੂਮੀ ਇਰਮਾਨੀ ਆਦਿਕ ਦੇਸ਼ਾਂ ਦੇ ਭੇਦ ਕਰਕੇ ਜੰਗਾਂ ਹੋਣ ਲੱਗੀਆਂ.
ਬਹੁ ਵਟੀ ਜਗਿ ਚਲੀਆ ਜਬ ਹੀ ਭਏ ਮੁਹੰਮਦਿ ਯਾਰਾ |
ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰੁ ਵਿਰੋਧੁ ਪਸਾਰਾ |
ਰੋਜੋ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ |
ਪੀਰ ਪੈਕੰਬਰ ਅਉਲੀਏ ਗਉਸ ਕੁਤਬ ਬਹੁ ਭੇਖ ਸਵਾਰਾ |
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤ ਉਸਾਰਾ |
ਮਾਰਨ ਗਊ ਗਰੀਬ ਨੂੰ ਧਰਤੀ ਉਪਰਿ ਪਾਪ ਪਸਾਰਾ |
ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸਮਣਿ ਦਾਰਾ |
ਪਾਪੇ ਦਾ ਵਰਤਿਆ ਵਰਤਾਰਾ || 20 ||

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਕਾਫਰ ਦੇ ਅਰਥ ਕੁਫਰ ਧਾਰਨ ਕਰਨ ਵਾਲਾ, ਨਾਸਤਕ, ਕਰਤਾਰ ਨੂੰ ਨਾ ਮੰਨਣ ਵਾਲਾ ਕਰਦੇ ਹਨ।ਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਫਰ ਸ਼ਬਦ ਨਾ ਹੋਣ ਕਾਰਨ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਰਚਿਤ ‘ਗੁਰਬਾਣੀ ਪਾਠ ਦਰਪਣ’, ਭਾਈ ਵੀਰ ਸਿੰਘ ਤੇ ਡਾ.
ਗੁਰਚਰਨ ਸਿੰਘ ਜੀ ਦੇ ‘ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਇਸ ਦੇ ਅਰਥ ਨਹੀਂ ਮਿਲਦੇ।
ਕਾਫਰ : ਕਲਮਾ ਨਾ ਫੁਰਮਾਨ ਦਾ ਸੰਖੇਪ ਹੈ।
ਇਸਲਾਮ ਦੇ ਮੁਤਾਬਕ ਕਲਮਾ ਨੂੰ ਨਾ ਪੜਨ ਵਾਲਾ ਮਨੁੱਖ ਕਾਫਰ ਹੈ।
ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ ਅੰਮ੍ਰਿਤ ਛਕਣਾ ਲਾਜ਼ਮੀ ਹੈ, ਗੈਰ ਮੁਸਲਿਮ ਨੂੰ ਦੀਨ ਮਨਾਉਣ ਵਾਸਤੇ ਕਲਮਾ ਪੜਨ ਲਈ ਕਿਹਾ ਜਾਂਦਾ। ਸਰਹੰਦ ਸੂਬੇਦਾਰ ਵਜ਼ੀਰ ਖਾਨ ਆਪਣੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦਾ ਹੈ ਕਿ ਤੁਸੀਂ ਦੀਨ ਧਾਰਨ ਕਰੋ , ਕਲਮਾ ਪੜੋ, ਮੁਸਲਮਾਨ ਬਣ ਜਾਓ, ਤੁਹਾਨੂੰ ਮੁਸਲਮਾਨ ਸ਼ਹਿਜ਼ਾਦੀਆਂ ਦੇ ਡੋਲੇ ਦਿੱਤੇ ਜਾਣਗੇ, ਜਵਾਨੀਆਂ ਮਾਣੋਗੇ ਰਾਜ ਕਰੋਗੇ, ਤੇ ਬਾਅਦ ਦੇ ਵਿੱਚ ਬਹਿਸ਼ਤ ਦੇ ਸੁੱਖਾਂ ਦੀ ਪ੍ਰਾਪਤੀ ਕਰੋਗੇ, ਪਰ ਸਾਹਿਬਜ਼ਾਦੇ ਕਲਮਾ ਪੜ੍ਹਨ ਵਾਸਤੇ ਤਿਆਰ ਨਹੀਂ ਹੁੰਦੇ, ਪਰੰਤੂ ਕੰਧ ਦੇ ਵਿੱਚ ਜਿਉਂਦੇ ਚਿਣੇ ਜਾਣ ਲਈ ਨੀਹਾਂ ਦੇ ਵਿੱਚ ਖੜਨ ਵਾਸਤੇ ਤਿਆਰ ਹੋ ਜਾਂਦੇ ਹਨ।

……
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ