74 views 4 secs 0 comments

ਕਾਮ

ਲੇਖ
June 22, 2025

ਕਾਮ ਉਸ ਨੂੰ ਕਹਿੰਦੇ ਹਨ ਜੋ ਕਿ ਆਦਮੀ ਨੂੰ ਧਰਮ ਤੋਂ ਡੇਗ ਕੇ ਪਤਿਤ ਕਰ ਦੇਂਦਾ ਹੈ ਤੇ ਪਰ ਇਸਤ੍ਰੀ ਗਾਮੀ ਬਣਾ ਦੇਂਦਾ ਹੈ ਤੇ ਜੀਵ ਰਾਤ ਦਿਨੇ ਕਾਮ ਦੇ ਅਧੀਨ ਹੋ ਦੀਦੇ ਪਾੜ ਪਾੜ ਬੁਰੀ ਨਿਗਾਹ ਨਾਲ ਪਰ ਇਸਤ੍ਰੀਆਂ ਦੀ ਤਰਫ ਦੇਖਦਾ ਹੈ ।
੨. ਜੋ ਆਦਮੀ ਆਪਣੇ ਇਸਤ੍ਰੀ ਬ੍ਰਤ ਪੁਰ ਕਾਇਮ ਰਹਿੰਦਾ ਹੈ, ਅਥਵਾ ਇਸਤ੍ਰੀ ਪਤਿਬਤਾ ਹੈ, ਉਹ ਕਾਮੀ ਨਹੀਂ ਸਦੇ ਜਾਂਦੇ । ਪੁਰਸ਼ ਅਥਵਾ ਇਸਤ੍ਰੀ ਉਹ ਕਾਮੀ ਹਨ। ਜੇਹੜੇ ਕਿ ਆਪਣਾ ਧਰਮ ਤਿਆਗ ਕੇ ਕੁਕਰਮਾਂ ਵਲ ਲਗੇ ਹੋਏ ਹਨ ਵਾ ਲਗ ਜਾਂਦੇ ਹਨ ।
ਇਹ ਕਾਮ ਐਸਾ ਹੈ ਕਿ ਜਿਸ ਨੇ ਦੁਨੀਆਂ ਦੇ ਵਡੇ ਵਡੇ ਅਵਤਾਰਾਂ ਨੂੰ ਵੀ ਨਹੀਂ ਟਿਕਣ ਦਿਤਾ। ਜੈਸੇ ਸ਼ਿਵਾਂ ਨੇ ਜਦ ਮੋਹਣੀ ਰੂਪ [ਇਕ ਭਸਮੰਤਰ ਨਾਮੇ ਪੁਰਸ਼] ਸ਼ਿਵਾਂ ਦਾ ਧਿਆਨ ਧਰ ਕੇ ਤਪਸਿਆ ਕਰਦਾ ਸੀ । ਜਦ ਸ਼ਿਵਜੀ ਉਸ ਤੇ ਬੜੇ ਪ੍ਰਸੰਨ ਹੋਏ ਤੇ ਕਿਹਾ ਵਰ ਮੰਗ, ਉਸ ਨੇ ਵਰ ਮੰਗਿਆ ਕਿ ਮੈਨੂੰ ਇਹ ਵਰ ਦਿਓ ਕਿ ਮੈਂ ਜਿਸ ਦੇ ਸਿਰ ਤੇ ਹਥ ਰਖਾਂ ਉਹ ਭਸਮ ਹੋ ਜਾਵੇ । ਉਹਨਾਂ ਕਿਹਾ “ਤਥਾ ਅਸਤੂ” ਅਰਥਾਤ ਐਸੇ ਹੀ ਹੋਵੇਗਾ । ਜਦੋਂ ਉਸ ਨੇ ਵਰ ਲੈ ਲਿਆ, ਉਸ ਨੇ ਮਨੁ ਵਿਚ ਸੋਚਿਆ ਕਿ ਪਹਿਲੋਂ ਸ਼ਿਵਾਂ ਦੇ ਸਿਰ ਤੇ ਹੀ ਹਥ ਰਖ ਕੇ ਵੇਖਾਂ ਕਿ ਇਹ ਭਸਮ ਹੁੰਦੇ ਹਨ ਯਾਂ ਨਹੀਂ । ਐਸਾ ਸੋਚ ਕੇ ਸ਼ਿਵਾਂ ਦੇ ਸਿਰ ਤੇ ਹਥ ਰਖਣ ਲਗਾ ਤਾਂ ਸ਼ਿਵ ਜੀ ਨੇ ਇਹ ਗਲ ਉਸ ਦੀ ਤਾੜ ਲਈ ਤੇ ਉਠ ਦੌੜੇ, ਅਗੇ ਅਗੇ ਸ਼ਿਵਜੀ ਦੌੜਦੇ ਹਨ ਤੇ ਪਿਛੇ ਪਿਛੇ ਉਹ ਭਜਾ ਫਿਰਦਾ ਹੈ। ਸ਼ਿਵਾਂ ਨੇ ਬੜੇ ਅਸਥਾਨ ਅਗੇ ਅਗੇ ਲਗ ਕੇ ਗਾਹੇ ਪ੍ਰੰਤੂ ਉਸ ਨੇ ਖੈਹੜਾ ਨਾ ਛਡਿਆ, ਤਾਂ ਸ਼ਿਵਾਂ ਨੇ ਇਕ ਪਹਾੜ ਦੀ ਕੰਦਰਾ ਵਿਚ ਸਿਰ ਲੁਕਾ ਲਿਆ। ਭਸਮੰਤਰ ਕੋਲ ਬੈਠ ਗਿਆ ਕਿ ਜਦੋਂ ਸਿਰ ਕਢੇਗਾ, ਓਦੋਂ ਹੀ ਇਸ ਦੇ ਸਿਰ ਤੇ ਹਥ ਰਖਕੇ ਇਸ ਨੂੰ ਭਸਮ ਕਰਾਂਗਾ । ਭੋਲਾ ਨਾਥ ਜੀ ਵਰ ਦੇਣ ਵਾਲੇ ਇਸ ਔਕੜ ਵਿਚ ਫਸੇ ਹੋਏ ਵਿਸ਼ਨੂੰ ਆਦਿਕ ਦੇਵਤਿਆਂ ਨੂੰ ਯਾਦ ਕਰਦੇ ਹਨ, ਤਾਂ ਵਿਸ਼ਨੂੰ ਜੀ ਉਸ ਦੀ ਸਹਾਇਤਾ ਲਈ ਮੋਹਣੀ ਰੂਪ (ਇਸਤ੍ਰੀ ਦਾ) ਧਾਰ ਕੇ ਭਸਮੰਤਰ ਦੇ ਕੋਲ ਆ ਕੇ ਪੁਛਦੇ ਹਨ, ਭਈ ਤੂੰ ਏਥੇ ਕਿਉਂ ਬੈਠਾ ਹੈਂ ? ਤਾਂ ਭਸਮੰਤਰ ਨੇ ਆਪਣੀ ਸਾਗੈ ਪਿਛਲੀ ਵਿਥਿਆ ਸੁਣਾਈ ਤੇ ਜਿਸ ਮੰਤਵ ਲਈ ਬੈਠਾ ਸੀ ਆਪਣਾ ਮੰਤਵ ਦਸਿਆ ਤਾਂ ਵਿਸ਼ਨੂੰ ਅਗਾਂਹ ਸ਼ਿਵਾਂ ਕੋਲ ਪੁਜ ਕੇ ਪਿਛਾਹਾਂ ਵਾਪਸ ਭਸਮੰਤ੍ਰ ਕੋਲ ਆਏ ਤਾਂ ਕਹਿਣ ਲਗੇ, ਭਈ ਸ਼ਿਵ ਤਾਂ ਗੁਜ਼ਰ ਗਏ ਹਨ ਆ ਇਹਨਾਂ ਦਾ ਸਿਆਪਾ ਕਰ ਲਈਏ, ਤੇ ਫਿਰ ਤੂੰ ਮੈਨੂੰ ਵਰ ਲਈ। ਉਹ ਕਹਿੰਦਾ ਹੈ, ਜੀ ਮੈਨੂੰ ਤਾਂ ਸਿਆਪਾ ਕਰਨਾ ਨਹੀਂ ਆਉਂਦਾ, ਤਾਂ ਉਹਨਾਂ ਨੇ ਆਪ ਪੱਟਾਂ, ਛਾਤੀ ਤੇ ਮੱਥੇ ਤੇ ਹੱਥ ਮਾਰ ਕੇ ਸਿਆਪਾ ਕਰਨ ਦੀ ਅਕਲ ਦਸੀ । ਸੋ ਭਸਮੰਤਰ ਭੀ ਸਿਆਪਾ ਕਰਨ ਲੱਗਾ । ਸਿਆਪਾ ਕਰਨ ਸਮੇਂ ਭਸਮੰਤਰ ਦਾ ਆਪਣਾ ਹੱਥ ਜਦ ਆਪਣੇ ਮਥੇ ਅਥਵਾ ਸਿਰ ਤੇ ਲਗਾ ਤਾਂ ਆਪ ਹੀ ਭਸਮ ਹੋ ਗਿਆ ਉਸ ਨੂੰ ਭਸਮ ਕਰ ਕੇ ਵਿਸ਼ਨੂੰ ਨੇ ਸ਼ਿਵਾਂ ਨੂੰ ਕਿਹਾ ਕਿ ਵਰਾਂ ਦੇ ਦਾਤੇ ਹੁਣ ਬਾਹਰ ਆ ਜਾ ਭਸਮੰਤਰ ਭਸਮ ਹੋ ਗਿਆ ਹੈ । ਸ਼ਿਵਾਂ ਨੇ ਸਿਰ ਬਾਹਰ ਕਢਿਆ ਤੇ ਵਿਸਨੂੰ ਦਾ ਮੋਹਣੀ ਰੂਪ ਦੇਖ ਕੇ (ਭਾਵੇਂ ਤ੍ਰਿਭਵਣ ਨਾਥ ਸਨ ਪਰ ਇਹ ਪਤਾ ਨਾ ਲੱਗਾ ਕਿ ਵਿਸ਼ਨੂੰ ਜੀ ਹਨ) ਕਾਮ ਚੇਸ਼ਟਾ ਉਤਪੰਨ ਹੋ ਗਈ ਤੇ ਹਥ ਪਾਵਣ ਲਈ ਤਿਆਰ ਹੋਏ, ਉਹ ਮੋਹਣੀ ਰੂਪ ਜਿਸ ਨੇ ਕਿ ਭਸਮੰਤਰ ਨੂੰ ਭਰਮਾ ਕੇ, ਕਿ ਤੂੰ ਮੈਨੂੰ ਵਰ ਲਈਂ, ਇਸ ਦਾ ਸਿਆਪਾ ਕਰ ਲਈਏ, ਭਸਮ ਕੀਤਾ ਸੀ, ਅਗੇ ਅਗੇ ਉਠ ਦੌੜੀ, ਸ਼ਿਵਜੀ ਮਗਰ ਮਗਰ ਭਜ ਰਹੇ ਹਨ । ਆਖਰ ਜਦ ਸ਼ਿਵਾਂ ਨੇ ਮੋਹਣੀ ਰੂਪ ਦਾ ਖਹਿੜਾ ਨ ਛਡਿਆ, ਤਾਂ ਵਿਸ਼ਨੂੰ ਨੇ ਆਪਣਾ ਸਵਰੂਪ ਧਾਰਨ ਕਰ ਲਿਆ ਤੇ ਕਿਹਾ ਤੂੰ ਦੇਵਤਾ ਹੈਂ ਕੁਛ ਸ਼ਰਮ ਕਰ । ਫਿਰ ਸ਼ਿਵਜੀ ਸ਼ਰਮਿੰਦੇ ਹੋ ਕੇ ਵਾਪਸ ਜਾਂਦੇ ਭਏ (ਇਸ ਤਰ੍ਹਾਂ ਓਸ ਵਕਤ ਸ਼ਿਵਾਂ ਨੂੰ ਕਾਮ ਨੇ ਲੁਭਾਇਮਾਨ ਕੀਤਾ) ।
ਇਸੀ ਤਰ੍ਹਾਂ ਸਿੰਗੀ ਰਿਖੀ ਜੋ ਕਿ ਪਹਿਲੋਂ ਹੀ ਜੰਗਲ
ਹਨ ਵਿਚ (ਹਰਨੀ ਤੋਂ) ਪੈਦਾ ਹੋਇਆ ਸੀ ਤੇ ਉਥੇ ਹੀ ਪਲਿਆ ਤੇ ਭਜਨ ਕਰਨ ਪਰ ਲੱਗ ਗਿਆ ਸੀ, ਵੱਡਾ ਭਜਨੀਕ ਤੇ ਤਪੱਸੀ ਸੀ, ਕਿਉਂਕਿ ਰਾਤ ਦਿਨੇ ਤਪੱਸਿਆ ਕਰਨ ਵਿਚ ਮਗਨ ਰਹਿੰਦਾ ਸੀ । ਪਰ ਬਾਰ ਬਧੂਆਂ (ਵੇਸਵਾ ਆਦਿਕ) ਨੇ ਜਦ ਜਾ ਕੇ ਤਮਾਸ਼ਾ ਕੀਤਾ ਤੇ ਮਿਠੇ ਪਦਾਰਥ ਚਖਾਏ ਤੇ ਕਾਮ ਚੇਸ਼ਟਾ ਦਾ ਸਵਾਦ ਪਾ ਦਿਤਾ, ਤਾਂ ਆਪ ਭਜਨ ਵਲੋਂ ਉਚਾਟ ਹੋ ਗਏ ਤੇ ਆਪਣੇ ਪਿਤਾ ਦੀ ਆਗਿਆ ਤੋਂ ਬਿਨਾ ਹੀ ਬਾਰ ਬਧੂਆਂ ਨਾਲ ਮੋਹਤ ਹੋ ਕੇ ਰਾਜੇ ਦੇ ਸ਼ਹਿਰ ਅ ਗਏ, (ਸਾਰੀ ਕਥਾ ਪੜ੍ਹਨ ਲਈ ਦੇਖੋ ਪ੍ਰਬੰਧ ਚੰਦਰ ਨਾਟਕ) ਤੇ ਵਿਆਹ ਆਦਿਕ ਕਰਾ ਕੇ ਗ੍ਰਿਹਸਤ ਆਸ਼ਰਮ ਵਿਚ ਫਸ ਗਏ, ਸੋ ਕਾਮ ਨੇ ਤਪੱਸੀ ਦੀ ਪਦਵੀ ਤੋਂ ਹਟਾ ਕੇ ਗ੍ਰਿਹਸਤ ਆਸ਼ਰਮ ਵਿਚ ਪਾ ਦਿਤਾ, (ਭਾਵੇਂ ਗ੍ਰਿਹਸਤੀ ਹੋਣਾ ਹਰ ਇਕ ਲਈ ਜ਼ਰੂਰੀ ਹੈ ਤੇ ਗ੍ਰਿਹਸਤ ਆਸ਼ਰਮ ਸਭਨਾਂ ਨਾਲੋਂ ਉੱਚਾ ਆਸ਼ਰਮ ਹੈ, ਇਹ ਉਚਿਆਈ ਜਾਂ ਸਰਦਾਰੀ ਦਾ ਹੱਕ ਤਾਂ ਹੀ ਰੱਖ ਸਕਦਾ ਹੈ ਜੇ ਆਪਣਾ ਹੱਕ ਪਛਾਣੇ ਵਾ ਫਰਜ਼ ਪਛਾਣੇ) ।
ਇਸ ਤਰ੍ਹਾਂ ਇਕ ਨਹੀਂ, ਦੋ ਨਹੀਂ ਬਲਕਿ ਹਜ਼ਾਰਾਂ ਜੀਵਾਂ ਨੂੰ ਇਸ ਨੇ ਆਪਣੇ ਅਧੀਨ ਕਰ ਕੇ ਖਰਾਬ ਕੀਤਾ ਹੈ।
ਕਵੀ ਕਾਲੀ ਦਾਸ ਵਰਗਿਆਂ ਨੇ ਇਸਤਰੀ ਦੇ ਆਖੇ ਲਗ ਕੇ ਦਾੜ੍ਹੀ ਮੁਨਾ ਦਿਤੀ ਤੇ ਰਾਜਾ ਭੋਜ ਨੇ ਘੋੜਾ ਬਣ ਕੇ ਇਸਤਰੀ ਨੂੰ ਆਪਣੇ ਤੇ ਸਵਾਰ ਕੀਤਾ । ਸੋ ਕਾਮ ਬੁਰੀ ਬਲਾ ਹੈ, ਇਸ ਤੋਂ ਜ਼ਰੂਰ ਬਚਣਾਂ ਚਾਹੀਦਾ ਹੈ, ਕਿਉਂਕਿ ਜਦ ਇਹ ਆਪਣਾ ਝੱਖੜ ਜੀਵ ਤੇ ਝੁਲਾ ਦਿੰਦਾ ਹੈ, ਤਾਂ ਇਹ ਜੀਵ ਭਲਾ ਬੂਰਾ ਕੁਛ ਨਹੀਂ ਵੇਖਦਾ ਤੇ ਪਰਾਏ ਘਰ ਟੋਂਹਦਾ ਫਿਰਦਾ ਹੈ ਤੇ ਪਾਪਾਂ ਨੂੰ ਸਹੇੜਦਾ ਹੈ, ਜਿਨ੍ਹਾਂ ਪਾਪਾਂ ਦੇ ਕਰਨ ਕਰ ਕੇ ਇਹ ਨਰਕਾਂ ਦਾ ਭਾਗੀ ਬਣਦਾ ਹੈ। ਇਸੀ ਵਾਸਤੇ ਸਤਿਗੁਰੂ ਜੀ ਆਪਣੀ ਬਾਣੀ ਵਿਚ ਐਉਂ ਉਚਾਰਨ ਕਰਕੇ ਦਸਦੇ ਹਨ । ਯਥਾ-
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥ ਚਿਤ ਹਰਣੰ ਤ੍ਰੈ ਲੋਕ ਗੰਮੰ ਜਪ ਤਪ ਸੀਲ ਬਿਦਾਰਣਹ ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ ਤਵ ਭੈ ਬਿਨੁੰ ਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥
ਸਲੋਕ ਸਹੰਸ ਕ੍ਰਿਤੀ ਮ: ੫ ਪੰਨਾ ੧੩੫੮
ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਕਾਮ ਜੀਵ ਨੂੰ ਨਰਕ ਵਿਚ ਬਿਸਰਾਮ ਕਰਾਉਂਦਾ ਹੈ, ਬਹੁਤ ਸਾਰੀਆਂ ਜੂਨਾਂ ਵਿਚ ਫੇਰਦਾ ਹੈ ਤੇ ਹਰ ਵਕਤ ਹੀ ਚਿਤ ਵਿਚ ਚੰਚਲਤਾਈ ਰਖਦਾ ਹੈ । ਜਪ ਤਪ ਆਦਿਕਾਂ ਨੂੰ ਦੂਰ ਕਰ ਦੇਂਦਾ ਹੈ ਤੇ ਸੁਖ ਦਾ ਨਾਸ ਕਰ ਦੇਂਦਾ ਹੈ । ਉਚ ਨੀਚ ਕੋਈ ਥਾਂ ਵੀ ਨਹੀਂ ਵੇਖਦਾ ਇਸ ਦੇ ਡਰ ਤੋਂ ਬਚਾਉਣ ਵਾਲੀ ਕੇਵਲ ਸਾਧ ਸੰਗਤ ਹੈ, ਜਿਥੇ ਜਾਣ ਕਰ ਕੇ ਜੀਵ ਵਾਹਿਗੁਰੂ ਜੀ ਦੀ ਓਟ ਲੈਂਦਾ ਹੋਇਆ ਬਚ ਜਾਂਦਾ ਹੈ ਤੇ ਸਤਿਗੁਰ ਜੀ ਦੀ ਸਿਖਿਆ ਨੂੰ ਸੁਣ ਕੇ ਹਰ ਵਕਤ ਦਿਲ ਵਿਚ ਯਾਦ ਰਖਦਾ ਹੈ ਯਥਾ ਗੁਰਵਾਕ-
ਪਰਤ੍ਰਿਅ ਰਾਵਣਿ ਜਾਹੀ ਸੇਤੀ ਤਾ ਲਾਜੀਅਹਿ ॥
(ਫੁਨਹੇ ਮ: ੫ ਪੰਨਾ ੧੩੬੨)
ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਅੰਤ ਕੀ ਬਾਰ ਮੂਆ ਲਪਟਾਨਾ ॥
[ਭੈਰਉ ਨਾਮਦੇਵ ਜੀ ਪੰਨਾ ੧੧੬੫
ਤਕਹਿ ਨਾਰਿ ਪਰਾਈਆ ਲੁਕ ਅੰਦਰਿ ਠਾਣੀ ॥ ਸੰਨ੍ਹੀ ਦੇਨ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥
[ਗਉੜੀ ਕੀ ਵਾਰ ਮ: ੫ ਪੰਨਾ ੩੧੫
ਉਪਰ ਲਿਖੇ ਉਪਦੇਸ਼ਾਂ ਨੂੰ ਸਰਵਣ ਕਰਦਾ ਹੋਇਆ ਸਾਹਿਬ ਕਲਗੀਧਰ ਜੀ ਦੇ ਪ੍ਰਸੰਗ ਦੇ ਪ੍ਰਸੰਗ ਨੂੰ ਯਾਦ ਕਰਦਾ ਹੈ । ਜੇਹੜਾ ਕਿ ਅਨੂਪ ਕੌਰ ਦੇ ਨਾਲ ਹੋਇਆ ਸੀ ਉਹਨਾਂ ਦੇ ਹੁਕਮ ਨੂੰ ਸਦਾ ਹੀ ਦਿਲ ਵਿਚ ਵਸਾਉਂਦਾ ਹੈ । ਯਥਾ ਗੁਰਵਾਕ-
ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ ॥ ਪੂਤ ਇਹੈ ਪ੍ਰਣ ਤੋਹਿ ਪ੍ਰਾਣ ਜਬ ਲਗ ਘਟ ਥਾਰੇ ॥ ਨਿਜ ਨਾਰੀ ਕੇ ਸਾਥ ਨੇਹੁੰ ਤੁਮ ਨਿਤ ਬਢਈਅਹੁ ॥ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜਈਅਹੁ ॥ ਪਰ ਨਾਰੀ ਕੇ ਭਜੇ ਚੰਦ੍ਰ ਪਰ ਨਾਰੀ ਕੇ ਭਜੇ ਇੰਦ੍ਰ ਪਰ ਨਾਰੀ ਕੇ ਭਜੇ ਸੀਸ ਪਰ ਨਾਰੀ ਕੇ ਭਜੇ ਕਟਕ ਕਾਲੰਕ ਲਗਾਇਓ ॥ ਸਹਸ ਭਗ ਪਾਇਓ ॥ ਦਸ ਰਾਵਣ ਘਾਏ ॥ ਕੈਰਵਨ ਕੇ ਘਾਏ॥ ਪਰ ਨਾਰੀ ਸਿਉਂ ਨੇਹੁੰ ਛੁਰੀ ਪੈਨੀ ਕਰ ਜਾਨਹੁ ॥ ਪਰ ਨਾਰੀ ਕੇ ਭਜੇ ਕਾਲ ਬਿਆਪਿਓ ਤੁਮ ਮਾਨਹੁ ॥ ਪਰ ਨਾਰੀ ਸਿਉਂ ਨੇਹੁੰ ਭੋਗ ਪਰ ਤ੍ਰਿਅ ਜੋ ਕਰਹੀ ॥ਹੋ ਅੰਤ ਸੁਆਨ ਕੀ ਮ੍ਰਿਤ ਹਾਥ ਲੇਡੀ ਕੇ ਮਰਹੀ॥
[ਚਰਿਤ੍ਰ ਅਨੂਪ ਕੌਰ ਪਾਤਸ਼ਾਹੀ ੧੦
ਇਹਨਾਂ ਉਪਰਲੇ ਗੁਰਵਾਕਾਂ ਤੋਂ ਪਤਾ ਲਗਦਾ ਹੈ ਕਿ ਗੁਰੂ ਜੀ ਨੇ ਪਰ-ਇਸਤਰੀ ਤੋਂ ਬਚਣ ਦਾ ਕਿਤਨਾ ਉਪਦੇਸ਼ ਦਿੱਤਾ ਹੈ ਤੇ ਸਮਝਾਇਆ ਹੈ ਕਿ ਜਿਹੜਾ ਕਾਮ ਦੇ ਵਸ ਹੋ ਕੇ ਪਰਾਏ ਘਰ ਦੇਖੇਗਾ, ਉਸ ਦਾ ਬੁਰਾ ਹਾਲ ਹੋਵੇਗਾ, (ਜੈਸਾ ਕਿ ਉਪਰ ਦਸੇ ਲੋਕਾਂ ਦਾ ਹੋਇਆ ਹੈ) ਤੇ ਦੁਨੀਆਂ ਵਿਚੋਂ ਧਕਿਆ ਜਾਏਗਾ ਤੇ ਆਪਣਾ ਆਪ ਵੀ ਨਾਸ ਕਰ ਲਵੇਗਾ।
ਯਥਾ ਗੁਰਵਾਕ-ਕਾਮ ਕ੍ਰੋਧੁ ਕਾਇਆ ਕਉ ਗਾਲੇ ॥ ਜਿਉ ਕੰਚਨ ਸੋਹਾਗਾ ਢਾਲੈ ॥
[ਰਾਮਕਲੀ ਮ: ੧ ਓਅੰ: ਪੰ: ੯੩੨
ਇਸੀ ਵਾਸਤੇ ਸਾਹਿਬ ਕਲਗੀਧਰ ਜੀ ਨੇ ਕਾਮ ਤੋਂ ਬਚਣ ਲਈ ਚਾਰ ਕੁਰਹਿਤਾਂ ਵਿਚ ਦਸਿਆ ਕਿ ਪਰ ਇਸਤ੍ਰੀ ਗਮਣ ਕਰਣ ਵਾਲਾ ਖਾਲਸਾ ਧਰਮ ਤੋਂ ਪਤਿਤ ਸਮਝਿਆ ਜਾਵੇਗਾ । ਸੋ ਜੀਵ ਨੂੰ ਚਾਹੀਏ ਕਿ ਕਾਮ ਤੋਂ ਬਚਿਆ ਰਹੇ, ਕਿਉਂਕਿ ਇਹ ਸਭਨਾਂ ਤੋਂ ਬਲੀ ਹੈ ਤੇ ਜੀਵਾਂ ਦੇ ਮਨ ਵਿਚ ਵਸ ਰਿਹਾ ਹੈ (ਪਰੰਤੂ ਪਾਪੀ ਪੁਰਸ਼ ਦੇ ਹਿਰਦੇ ਵਿਚ) । ਜੈਸੇ ਗੁਰੂ ਜੀ
ਦਸਦੇ ਹਨ :-
ਪਾਪੀ ਹੀਐ ਮੈ ਕਾਮੁ ਬਸਾਇ ॥
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
ਜੋਗੀ ਜੰਗਮ ਅਰੁ ਸੰਨਿਆਸ॥
ਸਭ ਹੀ ਪਰਿ ਡਾਰੀ ਇਹ ਫਾਸ ॥ ੧ ॥
ਜਿਹਿ ਜਿਹਿ ਹਰਿ ਕੇ ਨਾਮੁ ਸਮਾਰਿ ॥
ਤੇ ਭਵ ਸਾਗਰ ਉਤਰੇ ਪਾਰਿ ॥੨ ॥ ਜਨ ਨਾਨਕ ਹਰਿ ਕੀ ਸਰਨਾਇ ॥ ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥
[ਬਸੰਤ ਹਿੰਡੋਲ ਮ: ੯ ਪੰਨਾ ੧੧੮੬
ਬਸ ਕਾਮ ਤੋਂ ਬਚਣ ਲਈ ਸਦਾ ਸਾਧ ਸੰਗਤ ਕਰਨ ਦੀ ਲੋੜ ਹੈ, ਜਿਥੋਂ ਕਿ ਹਰਿਨਾਮ ਦੀ ਓਟ ਲੈ ਕੇ ਇਸ ਕਾਮ ਤੋਂ ਜੀਵ ਸਦਾ ਬਚਿਆ ਰਹੇ । ਸੋ ਜੀਵ ਨੂੰ ਚਾਹੀਏ ਕਿ ਇਸ ਤੋਂ ਬਚ ਕੇ ਸਦਾ ਸਾਧ ਸੰਗਤ ਕਰੇ ।
ਮਾਰ ਮਾਰਕੇ ਕਾਮ ਨੇ ਚੂਰ ਕੀਤੇ, ਰਿਖੀ ਮੁਨੀ ਜੋ ਤਪੀ ਸਦਾਨ ਵਾਲੇ।
ਉਚ ਪਦਵੀ ਤੋਂ ਡੇਗ ਨੀਚ ਕੀਤਾ, ਜਤ, ਸਤ, ਬਰਤ ਜੋ ਸਦਾ ਰਖਾਨ ਵਾਲੇ ।
ਮੋਹ ਲਿਆ ਮਹੇਸ਼ ਤੇ ਸਿੰਗ ਰਿਖੀ, ਰਾਜਾ ਭੋਜ, ਕਾਲੀ, ਉਚੀ ਸ਼ਾਨ ਵਾਲੇ।
ਸਾਰੀ ਦੁਨੀਆਂ ਹੈ’ਭਗਤ’ਇਨ ਵਸ ਕੀਤੀ, ਬਚੇ ਗੁਰੂ ਉਪਦੇਸ਼ ਕਮਾਨ ਵਾਲੇ ।

ਗਿਆਨੀ ਭਗਤ ਸਿੰਘ