ਫਿਰ ਉਠੀ ਆਖ਼ਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ-ਕਾਮਲ ਨੇ ਜਗਾਇਆ ਖ਼ਵਾਬ ਸੇ।
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਕਿਸੇ ਨੇ ਰੱਬ ਦਾ ਅਵਤਾਰ ਤੇ ਕਿਸੇ ਨੇ ਰਾਜਾ ਜਨਕ ਦਾ ਅਵਤਾਰ ਚਿਤਵਿਆ, ਕਿਸੇ ਨੇ ਨਿਰੰਕਾਰੀ, ਕਿਸੇ ਨੇ ਕੁਰਾਹੀਆ, ਕਿਸੇ ਨੇ ਉਹਨਾਂ ਨੂੰ ਧਰਮ-ਵਿਰੋਧੀ ਹੋਣ ਦਾ ਫ਼ਤਵਾ ਦਿੱਤਾ ਅਤੇ ਖੁਦ ਨੂੰ ਖੁਦ ਉਹਨਾਂ ਨੇ ਸ਼ਾਇਰ ਤੇ ਆਦਮੀ ਹੀ ਆਖਿਆ, ਪਰ ਪੂਰਬ ਦੇ ਸ਼ਾਇਰ, ਡਾਕਟਰ ਸਰ ਮੁਹੰਮਦ ਇਕਬਾਲ ਨੇ ਉਹਨਾਂ ਦੇ ਸਰੂਪ ਵਿਚ ਇਕ ਕਾਮਲ ਮਰਦ ਦੀ ਝਲਕ ਵੇਖੀ ਅਤੇ ਉਹਨਾਂ ਨੂੰ ਭਰਮਾਂ ਦੀ ਨੀਂਦ ਵਿਚ ਸੁੱਤੀ ਹੋਈ ਮਨੁੱਖਤਾ ਨੂੰ ਜਗਾਉਣ ਵਾਲੇ ਦੇ ਰੂਪ ਵਿਚ ਵੇਖਿਆ; ਦਾ ਆਗਮਨ, ਸੰਨ ੧੪੬੯ ਈ: ਵਿਚ, ਪਿਤਾ ਮਹਿਤਾ ਕਲਿਆਨ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ, ਰਾਇ ਭੋਇ ਦੀ ਤਲਵੰਡੀ, ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ।
ਬਚਪਨ ਵਿਚ ਹੀ ਆਪ ਜੀ ਬਾਕੀ ਬਾਲਕਾਂ ਵਰਗੇ ਵਿਹਾਰ ਤੋਂ ਉਲਟ, ਸਾਧੂਆਂ ਵਾਂਗ ਵਿਚਰਦੇ ਸਨ। ਸੱਤ ਸਾਲ ਦੇ ਹੋਏ ਤਾਂ ਪਿਤਾ ਕਾਲੂ ਜੀ ਨੇ, ਆਪ ਜੀ ਨੂੰ ਪਾਂਧੇ ਪਾਸ ਪੜ੍ਹਨੇ ਪਾਇਆ। ਉਸ ਸਮੇਂ ਆਪ ਜੀ ਨੇ ਪੱਟੀ ਨਾਮ ਦੀ ਬਾਣੀ ਉਚਾਰ ਕੇ ਪਾਂਧੇ ਨੂੰ ਉਪਦੇਸ਼ ਦਿੱਤਾ। ਉਸ ਬਾਣੀ ਵਿਚ ਅੱਜ ਪੰਜਾਬੀ ਬੋਲੀ ਲਿਖੇ ਜਾਣ ਵਾਲੇ ਅੱਖਰਾਂ ਦੇ ਨਾਮ ਦੀ ਸਾਨੂੰ ਬਖ਼ਸ਼ਸ਼ ਕੀਤੀ। ਨੌਂ ਸਾਲ ਦੀ ਅਵੱਸਥਾ ਵਿਚ ਗੁਰੂ ਜੀ ਨੇ ਪਰਵਾਰਕ ਧਾਰਮਿਕ ਰਸਮ ਅਨੁਸਾਰ ਜਨੇਊ ਪਾਉਣ ਤੋਂ ਇਨਕਾਰ ਕਰਕੇ, ਪਾਂਡੇ ਨੂੰ ਸੱਚਾ ਜਨੇਊ ਪਾਉਣ ਲਈ ਕਿਹਾ ਜੋ ਕਿ ਇਸ ਦੁਨੀਆਂ ਤੋਂ ਅੱਗੇ ਵੀ ਮਨੁੱਖ ਦੇ ਨਾਲ ਜਾਵੇ।
ਹਰੇਕ ਸਹੀ ਸੋਚ ਵਾਲੇ ਪਿਤਾ ਵਾਂਗ, ਆਪ ਜੀ ਦੇ ਪਿਤਾ, ਮਹਿਤਾ ਕਲਿਆਣ ਚੰਦ ਜੀ ਨੇ, ਆਪ ਜੀ ਨੂੰ ਵੀ ਸੰਸਾਰਕ ਕਾਰਜਾਂ ਵਿਚ ਪਾਉਣਾ ਚਾਹਿਆ ਪਰ ਆਪ ਜੀ ਪ੍ਰਭੂ-ਭਗਤੀ ਵਿਚ ਸਦਾ ਹੀ ਲੀਨ ਰਹਿਣ ਸਦਕਾ, ਸੰਸਾਰਕ ਬੰਧਨਾਂ, ਦੁਨਿਆਵੀ ਵਿਹਾਰਾਂ ਤੋਂ ਨਿਰਲੇਪ ਰਹਿੰਦੇ ਸਨ। ਇਸ ਕਰਕੇ ਪਿਤਾ ਕਾਲੂ ਜੀ ਸੁਭਾਵਕ ਤੌਰ ਤੇ ਹੀ ਗੁਰੂ ਜੀ ਨਾਲ ਨਾਰਾਜ਼ ਰਹਿੰਦੇ ਸਨ ਤੇ ਪਿਤਾ ਜੀ ਦੀ ਨਾਰਾਜ਼ਗੀ ਦਾ ਸਦਕਾ ਘਰ ਵਿਚ ਸੁਭਾਵਕ ਹੀ ਤਣਾਉ ਰਹਿੰਦਾ ਸੀ। ਇਹ ਵੇਖ ਕੇ ਗੁਰੂ ਜੀ ਦੀ ਭੈਣ, ਬੇਬੇ ਨਾਨਕੀ ਜੀ, ਆਪਣੇ ਪਾਸ ਸੁਲਤਾਨਪੁਰ ਲੋਧੀ, ਆਪ ਜੀ ਨੂੰ ਲੈ ਗਏ। ਬੇਬੇ ਨਾਨਕੀ ਜੀ ਦੇ ਪਤੀ, ਭਾਈਆ ਜੈ ਰਾਮ ਜੀ, ਏਥੋਂ ਦੇ ਨਵਾਬ, ਦੌਲਤ ਖਾਂ ਲੋਧੀ, ਪਾਸ ਇੱਜ਼ਤ ਇਤਬਾਰ ਵਾਲੀ ਨੌਕਰੀ ਕਰ ਰਹੇ ਸਨ। ਭਾਈਆ ਜੀ ਨੇ ਗੁਰੂ ਜੀ ਨੂੰ ਨਵਾਬ ਪਾਸ ਮੋਦੀ ਲਗਵਾ ਦਿੱਤਾ। ਏਥੇ ਹੀ ਬਟਾਲਾ ਨਿਵਾਸੀ, ਭਾਈ ਮੂਲ ਚੰਦ ਪਟਵਾਰੀ ਦੀ ਸਪੁੱਤਰੀ, ਮਾਤਾ ਸੁਲੱਖਣੀ ਜੀ, ਨਾਲ ਆਪ ਜੀ ਦਾ ਵਿਆਹ ਹੋਇਆ। ਆਪ ਜੀ ਦੇ ਗ੍ਰਹਿ ਵਿਖੇ ਇਸ ਸਥਾਨ ‘ਤੇ ਹੀ ਦੋ ਸਾਹਿਬਜ਼ਾਦੇ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ, ਪੈਦਾ ਹੋਏ।
ਭਰ ਜਵਾਨੀ ਦੀ ਉਮਰ ਵਿਚ ਆਪ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ, ‘ਉਦਾਸੀਆਂ’ ਉਪਰ ਚੱਲ ਪਏ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ, ਇਹਨਾਂ ਉਦਾਸੀਆਂ, ਅਰਥਾਤ ਯਾਤਰਾਵਾਂ ਦੌਰਾਨ ਆਪ ਜੀ ਦੇ ਸਾਥੀ ਸਨ। ਦੂਰ-ਦੁਰਾਡੇ ਦੇਸ਼ਾਂ ਦਾ ਰਟਨ ਕੀਤਾ ਅਤੇ ਇਕ ਸੱਚੇ ਰੱਬ ਨੂੰ ਭੁਲਾ ਕੇ ਭਰਮਾਂ ਵਿਚ ਫਸੀ ਬੈਠੀ ਲੋਕਾਈ ਨੂੰ ਸੱਚ ਦਾ ਮਾਰਗ ਦਰਸਾਇਆ। ਹਿੰਦੂਆਂ, ਮੁਸਲਮਾਨਾਂ ਅਤੇ ਸਿੱਧਾਂ ਦੇ ਧਾਰਮਿਕ ਸਥਾਨਾਂ ‘ਤੇ ਜਾ ਕੇ, ਮਨੁੱਖਤਾ ਨੂੰ ਇਕ ਨਿਰੰਕਾਰ ਦੇ ਪੁਜਾਰੀ ਬਣਨ ਦੀ ਪ੍ਰੇਰਨਾ ਕੀਤੀ।
ਅੰਤ ਸਮੇਂ ਰਾਵੀ ਕਿਨਾਰੇ, ਕਰਤਾਰ ਦੇ ਨਾਂ ‘ਤੇ ਕਰਤਾਰਪੁਰ ਨਾਮੀ ਨਗਰ ਵਸਾ ਕੇ ਨਿਵਾਸ ਕੀਤਾ। ਸਾਰਾ ਪਰਵਾਰ, ਸਮੇਤ ਮਾਤਾ ਤੇ ਪਿਤਾ ਦੇ ਏਥੇ ਲਿਆ ਕੇ ਸੱਚੇ ਸਪੁੱਤਰਾਂ ਵਾਂਗ ਉਹਨਾਂ ਦੀ ਸੇਵਾ ਕੀਤੀ ਤੇ ਸਤਿਕਾਰ ਦਿੱਤਾ। ਸੰਸਾਰ ਵਾਸੀਆਂ ਨੂੰ ਜਿਸ ਤਰ੍ਹਾਂ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਉਪਦੇਸ਼, ਆਪ ਜੀ ਨੇ ਦਿੱਤਾ ਸੀ, ਉਸਦਾ ਅਸਲੀ ਨਮੂਨਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਅਮਲ ਕਰਕੇ ਦੱਸਿਆ। ਦਰਸਾਇਆ ਦੁਨੀਆਂ ਵਾਲਿਆਂ ਨੂੰ ਕਿ ਧਰਮ ਕੋਈ ਫੋਕਾ ਕਿਤਾਬੀ ਫ਼ਲਸਫ਼ਾ ਨਹੀਂ ਹੈ ਜਿਸ ਉਪਰ ਅਮਲ ਨਾ ਕੀਤਾ ਜਾ ਸਕਦਾ ਹੋਵੇ ਤੇ ਸਿਰਫ਼ ਲਿਖਣ, ਪੜ੍ਹਨ, ਬੋਲਣ ਤੱਕ ਹੀ ਸੀਮਤ ਹੋਵੇ; ਇਸਦੇ ਉਲਟ ਧਰਮ ਇਕ ਜੀਵਨ-ਜਾਚ ਹੈ। ਧਰਮ ਦੇ ਅਸੂਲਾਂ ਉਪਰ ਅਮਲ ਕਰਕੇ ਅਸੀਂ ਇਸ ਸੰਸਾਰ ਵਿਚ ਖੁਦ ਸੁਖੀ ਜੀਵਨ ਬਿਤਾ ਸਕਦੇ ਹਾਂ; ਬਾਕੀ ਸਾਥੀਆਂ ਦਾ ਵੀ ਭਲਾ ਕਰ ਸਕਦੇ ਹਾਂ; ਅਤੇ ਅੰਤ ਵਿਚ ਪ੍ਰਭੂ ਦੀ ਦਰਗਾਹ ਵਿਚ ਵੀ ਸੁਰਖਰੂ ਹੋ ਕੇ ਜਾ ਸਕਦੇ ਹਾਂ।
ਇਸ ਤਰ੍ਹਾਂ ਸਤਿਗੁਰੂ ਜੀ, ਤਕਰੀਬਨ ਸੱਤਰ-ਕੁ ਸਾਲ ਇਸ ਸੰਸਾਰ ਦੇ ਵਾਸੀਆਂ ਨੂੰ ‘ਨਿਰਮਲ ਪੰਥ’ ਦੀ ਮਰਯਾਦਾ ਦੀ ਪਾਲਣਾ ਕਰਕੇ ਦੋਹਾਂ ਦੁਨੀਆਂ ਨੂੰ ਸਫਲ ਕਰਨ ਦੀ ਜਾਚ ਦੱਸਦੇ ਹੋਏ, ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਅੰਗਦ (ਸ੍ਰੀ ਗੁਰੂ ਅੰਗਦ ਦੇਵ ਜੀ) ਬਣਾ ਕੇ, ਸੰਨ ੧੫੩੯ ਵਿਚ, ਜੋਤੀ ਜੋਤ ਸਮਾ ਗਏ।
ਅੰਤ ਸਮੇਂ ਉਹਨਾਂ ਦਾ ਅੰਤਮ ਸੰਸਕਾਰ ਆਪਣੀ ਆਪਣੀ ਮਰਯਾਦਾ ਅਨੁਸਾਰ ਕਰਨ ਲਈ ਹਿੰਦੂਆਂ ਤੇ ਮੁਸਲਮਾਨਾਂ ਤੋਂ ਬਣੇ ਸ਼ਰਧਾਲੂਆਂ ਵਿਚ ਝਗੜੇ ਦਾ ਹੋਣਾ ਜਿਥੇ ਇਹ ਗੱਲ ਦੱਸਦਾ ਹੈ ਕਿ ਅਸੀਂ ਪੰਜਾਬੀ ਉਹਨਾਂ ਦੀ ਸਹੀ ਸਿਖਿਆ ਸਮਝਣ ਤੋਂ ਅਸਮਰਥ ਰਹੇ ਹਾਂ, ਓਥੇ ਇਹ ਵੀ ਪਤਾ ਲੱਗਦਾ ਹੈ ਕਿ ਹਰ ਕੋਈ ਉਹਨਾਂ ਨੂੰ ਆਪਣਾ ਸਮਝਦਾ ਸੀ। ਇਕ ਲੋਕੋਕਤੀ ਵੀ ਹੈ ਇਸ ਬਾਰੇ:
ਬਾਬਾ ਨਾਨਕ ਸ਼ਾਹ ਫ਼ਕੀਰ।
ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ।
ਗਿ. ਸੰਤੋਖ ਸਿੰਘ ਆਸਟ੍ਰੇਲੀਆ
