105 views 57 secs 0 comments

ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਦੇ ਜਾਂਬਾਜ਼ ਸਿਰਲੱਥ ਸ਼ਹੀਦ ਯੋਧੇ

ਲੇਖ
February 14, 2025

-ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਡੇਮਾਨ-ਨਿਕੋਬਾਰ ਭਾਰਤ ਦੇ ਦੋ ਟਾਪੂ ਹਨ। ਜਿੱਥੇ ਜਾਣ ਲਈ ਸਮੁੰਦਰ ਵਿੱਚੋਂ ਦੀ ਪਹਿਲਾਂ ਸਮੁੰਦਰੀ ਜਹਾਜ਼ ਅਤੇ ਅਜੋਕੇ ਸਮੇਂ ਹਵਾਈ ਜਹਾਜ਼ ਦੁਆਰਾ ਵੀ ਜਾਇਆ ਜਾ ਸਕਦਾ ਹੈ। ਇਨ੍ਹਾਂ ਟਾਪੂਆਂ ਦੇ ਰਾਜਨੀਤਕ-ਪ੍ਰਬੰਧਕੀ ਢਾਂਚੇ ਨੂੰ ਚਲਾਉਣ, ਉੱਥੋਂ ਦੇ ਵਸਨੀਕਾਂ ਖਾਸ ਕਰਕੇ ਅਤੀ ਕਠੋਰ ਅਤੇ ਸਖਤ ਜੇਲ੍ਹ ਸਜ਼ਾਵਾਂ ਭੁਗਤਣ ਲਈ ਜਾਂ ਲੋੜ ਅਨੁਸਾਰ ਸੈਲੂਲਰ ਜੇਲ੍ਹ ਵਿਚ ਹੋਰ ਬੰਦੀ ਕੈਦੀਆਂ ਦੇ ਪ੍ਰਬੰਧ ਦਾ ਕਾਰਜ ਇਕ ਉਪ-ਰ ਪ-ਰਾਜਪਾਲ ਕਰਦਾ ਹੈ। ਜਿਹੜਾ ਸਿੱਧੇ ਤੌਰ ਉਤੇ ਭਾਰਤ ਦੇ ਗ੍ਰਹਿ ਮੰਤਰੀ ਤਥਾ ਗ੍ਰਹਿ ਸਕੱਤਰ ਦੇ ਤਹਿਤ ਹੀ ਕਾਰਜਸ਼ੀਲ ਰਹਿੰਦਾ ਹੈ। ਸੈਲੂਲਰ ਜੇਲ੍ਹ ਬਰਮਾ ਦੀ ਮਾਂਡਲੇ ਜੇਲ੍ਹ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਧ ਜ਼ੁਲਮੀ ਅਤੇ ਬਦਨਾਮ ਜੇਲ੍ਹ ਹੈ। ਇਸ ਤੋਂ ਬਾਅਦ ਹੀ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਹੈ। ਇਨ੍ਹਾਂ ਜੇਲ੍ਹਾਂ ਵਿਚ ਸਮੇਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਵਿਚ ਅਤੀ ਖੂੰਖਾਰ ਅਤੇ ਖ਼ਤਰਨਾਕ ਸਮਝੇ ਜਾਂਦੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿੱਥੇ ਉਨ੍ਹਾਂ ਨਾਲ ਕੇਵਲ ਅਣਮਨੁੱਖੀ ਵਿਹਾਰ ਹੀ ਨਹੀਂ ਸਗੋਂ ਅਣਮਨੁੱਖੀ ਤਸੀਹੇ ਵੀ ਦਿੱਤੇ ਜਾਂਦੇ ਹਨ। ਉੱਥੇ ਮਨੁੱਖੀ ਅਧਿਕਾਰਾਂ ਦੀ ਕੋਈ ਗੱਲਬਾਤ ਹੀ ਨਹੀਂ ਹੁੰਦੀ। ਨਾਭੇ ਦੀ ਜੇਲ੍ਹ ਦੇ ਅੰਦਰਲੇ ਹਾਲਾਤ ਬਾਰੇ ਇੱਕੋ ਗੱਲ ਨਾਲ ਹੀ ਪਾਠਕਾਂ ਨੂੰ ਸਮਝ ਆ ਜਾਵੇਗੀ ਕਿ ਜਦੋਂ ਆਪਣੇ ਧਾਰਮਿਕ ਅਤੇ ਰਾਜਸੀ ਹੱਕਾਂ ਦੀ ਬਹਾਲੀ ਲਈ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਬਿਲਕੁਲ ਸ਼ਾਂਤਮਈ ੧੯੨੩-੧੯੨੫ ਵਿਚ ਜੈਤੋ ਦਾ ਮੋਰਚਾ ਲਗਾਇਆ ਸੀ। ਜਥਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਗੰਗਸਰ ਜੈਤੋ ਫਰੀਦਕੋਟ ਵਿਖੇ ਅੰਗਰੇਜ਼ਾਂ ਵੱਲੋਂ ਖੰਡਤ ਸ੍ਰੀ ਅਖੰਡ ਪਾਠ ਸਾਹਿਬ ਨੂੰ ਪੂਰੀ ਗੁਰਮਰਯਾਦਾ ਨਾਲ ਕਰਨ ਅਤੇ ਨਾਭਾ ਨਰੇਸ਼ ਦੀ ਗੱਦੀ ਬਹਾਲੀ ਲਈ ਮੰਗ ਲੈ ਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਪੈਦਲ ਲੰਮਾ ਸਫਰ ਕੀਤਾ ਜਾਂਦਾ ਸੀ। ਬਿਲਕੁਲ ਨਿਹੱਥੇ (ਕੇਵਲ ਗਾਤਰੇ ਵਾਲੀ ਛੋਟੀ ਕਿਰਪਾਨ ਨੂੰ ਛੱਡ ਕੇ) ਜਥਿਆਂ ਉੱਤੇ ਬੜੀ ਹੀ ਬੇਰਹਿਮੀ, ਬੇਦਰਦੀ ਅਤੇ ਨਿਰਦਈ ਤਰੀਕੇ ਨਾਲ ਅੰਗਰੇਜ਼ ਦੀ ਪੁਲਿਸ ਵੱਲੋਂ ਲਾਠੀਚਾਰਜ, ਗੋਲੀਆਂ ਦੀ ਬੁਛਾੜ ਅਤੇ ਘੋੜਿਆਂ ਦੇ ਸੁਮਾਂ ਹੇਠ ਦਰੜਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਸ ਸਮੇਂ ਸਥਿਤੀ ਦਾ ਜਾਇਜ਼ਾ ਲੈਣ ਅਤੇ ਜ਼ਮੀਨੀ ਸੱਚਾਈ ਤੋਂ ਜਾਣੂ ਹੋਣ ਲਈ ਅਖੌਤੀ ਰਾਸ਼ਟਰੀ ਕਾਂਗਰਸੀ ਨੇਤਾ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਦਨ ਮੋਹਨ ਮਾਲਵੀਆ ਹੁਰੀਂ ਆਏ। ਸਰਕਾਰ ਨੇ ਨਹਿਰੂ ਨੂੰ ਗ੍ਰਿਫਤਾਰ ਕਰ ਕੇ ਨਾਭਾ ਜੇਲ ਵਿਚ ਬੰਦ ਕਰ ਦਿੱਤਾ। ਮਖਮਲੀ ਗੱਦਿਆਂ ਅਤੇ ਨਿਵਾਰੀ ਪਲੰਘਾਂ ਉੱਤੇ ਸੋਣ ਵਾਲੇ ਵੱਡੀਆਂ-ਵੱਡੀਆਂ ਸ਼ਾਨਦਾਰ ਕਾਰਾਂ ਜਾਂ ਜਹਾਜ਼ਾਂ ਵਿਚ ਸਫਰ ਕਰਨ ਵਾਲੇ, ਅੰਗਰੇਜ਼ੀ ਸਕੂਲਾਂ/ਕਾਲਜਾਂ ਅਤੇ ਅੰਗਰੇਜ਼ੀ ਸਭਿਆਚਾਰ ਵਿਚ ਵੱਡੇ ਹੋਏ ਅਮੀਰਜ਼ਾਦੇ ਨਹਿਰੂ ਹੁਰੀਂ ਉਸ ਜੇਲ੍ਹ ਵਿਚ ਇੱਕੋ ਰਾਤ ਵਿਚ ਹੀ ਤੜਫ ਗਏ ਸਨ। ਤਾਰਾਂ ਖੜਕ ਗਈਆਂ ਕਿਉਂ ਕਿ ਉਨ੍ਹਾਂ ਦੇ ਪਿਤਾ ਮੋਤੀ ਲਾਲ ਨਹਿਰੂ ਦੀ ਸਰਕਾਰ-ਏ-ਦਰਬਾਰੇ ਪੂਰੀ ਪੁੱਛ-ਪ੍ਰਤੀਤ ਸੀ। ਉਸ ਨੇ ਸਰਕਾਰ ਅੱਗੇ ਬੇਨਤੀ ਕਰ ਕੇ ਅਗਲੇ ਹੀ ਦਿਨ ਨਹਿਰੂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾ ਲਿਆ ਸੀ ਅਤੇ ਅਖੌਤੀ ਰਾਸ਼ਟਰਵਾਦੀ “ਅੱਧੀ ਤੇਰੀ ਆਂ ਮੁਲਾਹਜ਼ੇਦਾਰਾ ਅੱਧੀ ਹਾਂ ਗਰੀਬ ਜੱਟ ਦੀ” ਅਖਾਣ ਵਾਂਗ ਸਰਕਾਰ-ਅੰਗਰੇਜ਼ੀ ਨਾਲ ਅੰਦਰੋਂ-ਅੰਦਰੀ ਮਿਲ ਰਹਿੰਦੇ ਸਨ, ਇਹ ਦੇਸ਼ ਦੀ ਬਦਕਿਸਮਤੀ ਹੀ ਸਮਝੋ ਅਤੇ ਉਨ੍ਹਾਂ ਸਮੂਹ ਕੁਰਬਾਨੀ ਦੇ ਪੁੰਜ ਸੰਘਰਸ਼ੀ ਯੋਧਿਆਂ ਅਤੇ ਲਾਸਾਨੀ ਸੱਚੇ ਦੇਸ਼ ਭਗਤ ਸ਼ਹੀਦਾਂ ਦਾ ਇਹ ਅਪਮਾਨ ਹੀ ਸੀ। ਇਹੋ ਜਿਹੀ ਹੈ ਨਾਭਾ ਜੇਲ੍ਹ, ਪਰੰਤੂ ਕਾਲੇਪਾਣੀ ਦੀ ਜੇਲ੍ਹ ਤਾਂ ਨਾਭੇ ਵਾਲੀ ਜੇਲ੍ਹ ਤੋਂ ਇਕ ਹਜ਼ਾਰ ਗੁਣਾਂ ਵੱਧ ਕਠੋਰ, ਸਖਤ ਜੇਲ੍ਹ ਹੈ, ਜਿੱਥੇ ਕੈਦੀਆਂ ਨੂੰ ਮਨੁੱਖ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਪਸ਼ੂ ਵੀ ਨਹੀਂ ਸੀ ਸਮਝਿਆ ਜਾਂਦਾ। ਇਹ ਕਾਲੇਪਾਣੀ ਦੀ ਉਹ ਜੇਲ੍ਹ ਹੈ, ਜਿਸ ਵਿਚ ਅਜ਼ਾਦੀ ਦੇ ਲੰਮੇ ਸੰਘਰਸ਼ ਵਿਚ ਕਾਰਜਸ਼ੀਲ ਸੂਰਮਿਆਂ ਨੂੰ ਸਮੇਂ ਦੀਆਂ ਅੰਗਰੇਜ਼ੀ ਸਾਮਰਾਜ ਦੀਆਂ ਅਦਾਲਤਾਂ ‘ਕਾਲੇਪਾਣੀ’ ਦੀ ਸਜ਼ਾ ਸੁਣਾ ਕੇ ਭੇਜ ਦਿੰਦੀਆਂ ਸਨ। ਇਨ੍ਹਾਂ ਦਾ ਸਰਵੇਅ ਕਰਾਉਣ ਅਤੇ ਮੌਜੂਦ ਰਿਕਾਰਡ ਤੋਂ ਸਪੱਸ਼ਟ ਸੀ ਅਤੇ ਅੱਜ ਵੀ ਹੈ ਕਿ ਉਨ੍ਹਾਂ ਕੈਦੀਆਂ ਵਿਚ ੯੦% ਬਾਬਾ ਮਹਾਰਾਜ ਸਿੰਘ ਤੋਂ ਲੈ ਕੇ ਡਾ. ਦੀਵਾਨ ਸਿੰਘ ‘ਕਾਲੇਪਾਣੀ’ ਤੀਕ ਸਿੱਖ ਸੰਘਰਸ਼ੀ ਯੋਧੇ ਹੀ ਸਨ। ਜਿਨ੍ਹਾਂ ਦੀਆਂ ਯਾਦਾਂ ਅਤੇ ਨਿਸ਼ਾਨੀਆਂ, ਇਤਿਹਾਸ ਨੂੰ ਸਮੇਂ ਦੀਆਂ ਕੇਂਦਰੀ ਸਰਕਾਰਾਂ ਵੱਲੋਂ ਬੜੀ ਬੇਹਯਾਈ ਅਤੇ ਢੀਠਤਾ ਨਾਲ ਬਿਲਕੁਲ ਮਿਟਾ ਹੀ ਦਿੱਤਾ ਗਿਆ ਹੈ। ਸਗੋਂ ਜਿਹੜੇ ਲੋਕ ਲਿਖਤੀ ਮੁਆਫੀਆਂ ਮੰਗ ਕੇ ਬਾਹਰ ਆ ਗਏ ਜਾਂ ਫਿਰ ਉਹ ਲੋਕ ਜਿਨ੍ਹਾਂ ਨੇ ਜਪਾਨੀਆਂ ਦੇ (੧੯੪੨-੪੫) ਟਾਪੂ ਉਤੇ ਕਬਜ਼ੇ ਸਮੇਂ ਜਪਾਨੀ ਫੌਜ ਨਾਲ ਰਲ ਕੇ ਭਾਰਤੀਆਂ ਖਾਸ ਕਰਕੇ ਸਿੱਖਾਂ ਉੱਤੇ ਅਣਗਿਣਤ ਅਣਮਨੁੱਖੀ ਤਸ਼ੱਦਦ ਕਰਵਾਇਆ, ਸ਼ਹੀਦ ਕਰਵਾ ਦਿੱਤਾ। ਉਨ੍ਹਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਬੁੱਤ ਲਗਾਏ ਗਏ ਹਨ। ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਹੋਈਆਂ ਹਨ। ਜਿਹੜਾ (LIGHT AND SOUND SHOW) ਰੋਸ਼ਨੀ ਅਤੇ ਅਵਾਜ਼ ਵਾਲਾ ਸ਼ੋਅ ਦਿਖਾਇਆ ਜਾਂਦਾ ਹੈ। ਉਸ ਵਿੱਚੋਂ ਸਿੱਖ ਸੰਘਰਸ਼ੀ ਯੋਧਿਆਂ ਨੂੰ ਮੁਢੋਂ ਹੀ ਅਲੋਪ ਕਰ ਦਿੱਤਾ ਗਿਆ। ਇਸ ਤੋਂ ਵੱਡੀ ਬੇਇਨਸਾਫੀ ਅਤੇ ਬੇਈਮਾਨੀ ਹੋਰ ਕੀ ਹੋ ਸਕਦੀ ਹੈ? ਸੈਲੂਲਰ ਜੇਲ੍ਹ ਵਿਚ ਹਮੇਸ਼ਾ ਹੀ ਘੁੱਪ ਹਨੇਰਾ ਰਹਿੰਦਾ ਹੈ। ਜਿਹੜੀ ਕਾਲ ਕੋਠੜੀ (CELL) ਵਿਚ ਜੰਗ-ਏ-ਅਜ਼ਾਦੀ ਦੇ ਪਹਿਲੇ ਲਾਸਾਨੀ ਸੰਘਰਸ਼ੀ ਯੋਧੇ ਸ਼ਹੀਦ ਬਾਬਾ ਮਹਾਰਾਜ ਸਿੰਘ ਨੂੰ ਰੱਖਿਆ ਗਿਆ ਉਸ ਕੋਠੜੀ ਵਿਚ ੨੪ ਘੰਟਿਆਂ ਵਿਚ ਰੋਸ਼ਨੀ ਦੀ ਇਕ ਕਿਰਨ ਵੀ ਨਹੀਂ ਸੀ ਆਉਂਦੀ। ਜਿਹੜੀ ਕੋਠੜੀ ਵਿਚ ਡਾ. ਦੀਵਾਨ ਸਿੰਘ ‘ਕਾਲੇ ਪਾਣੀ’ ਨੂੰ ਰੱਖਿਆ ਗਿਆ ਸੀ ਅਤੇ ਉਨ੍ਹਾਂ ਉੱਤੇ ਲਗਾਤਾਰ ੮੭ ਦਿਨ ਬੇਹੱਦ ਭਾਰੀ ਤਸ਼ੱਦਦ ਢਾਹਿਆ ਗਿਆ, ਅਣਮਨੁੱਖੀ, ਅਸਹਿ ਅਤੇ ਅਕਹਿ ਤਸੀਹੇ ਦਿੱਤੇ ਜਾਂਦੇ ਰਹੇ, ਉਥੇ ਵੀ ਰੋਸ਼ਨੀ ਦਾ ਨਾਮੋ ਨਿਸ਼ਾਨ ਨਹੀਂ ਸੀ। ਦੂਸਰੇ ਪਾਸੇ ਸਰਕਾਰ-ਅੰਗਰੇਜ਼ੀ, ਜੋ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਧ ਸਭਿਅਕ ਕੌਮ ਕਹਾਉਂਦੀ ਹੈ, ਉਨ੍ਹਾਂ ਦੇ ਰਾਜ ਪ੍ਰਬੰਧ ਵਿਚ ਨਾ ਕੋਈ ਕਾਨੂੰਨ, ਨਾ ਕੋਈ ਦਲੀਲ, ਨਾ ਕੋਈ ਅਪੀਲ ਸੀ। ਉਨ੍ਹਾਂ ਦੇ ਕੋਸ਼ (DICTIONARY) ਵਿਚ ਇਨਸਾਨੀਅਤ, ਇਨਸਾਫ, ਮਨੁੱਖੀ ਅਧਿਕਾਰ ਅਤੇ ਮਨੁੱਖੀ ਬਰਾਬਰੀ ਦਾ ਅੱਖਰ ਹੀ ਨਹੀਂ ਸੀ। ਪੂਰੀ ਕਾਲੀ ਹਨ੍ਹੇਰਗਰਦੀ ਸੀ। ਮੈਂ ਹਥਲੇ ਲੇਖ ਦੀ ਲੰਬਾਈ ਦੀ ਸੀਮਾ ਨੂੰ ਮੁੱਖ ਰੱਖਦਿਆਂ ਕੇਵਲ ਦੋ ਮਹਾਨ ਸ਼ਖ਼ਸੀਅਤਾਂ ਦਾ ਹੀ ਜ਼ਿਕਰ ਕੀਤਾ ਹੈ ਪਰੰਤੂ ਉਥੇ ਤਾਂ ਸਾਰੇ ਸਿੱਖ ਕੈਦੀਆਂ ਨਾਲ ਇਹੋ ਕੁਝ ਵਾਪਰਦਾ ਸੀ।

ਇਹ ਵੀ ਇਤਿਹਾਸਿਕ ਅਤੇ ਅਕੱਟ ਸੱਚਾਈ ਹੈ ਕਿ ਜਦੋਂ ੧੯੪੨-੧੯੪੫ ਦੌਰਾਨ ਇਨ੍ਹਾਂ ਟਾਪੂਆਂ ਉੱਤੇ ਅੰਗਰੇਜ਼ ਦੀ ਥਾਂ ਜਪਾਨੀਆਂ ਦਾ ਕਬਜ਼ਾ ਹੋ ਗਿਆ; ਜਿਸ ਨੂੰ ਇਤਿਹਾਸ ਵਿਚ ਅੰਗਰੇਜ਼ੀ ਭਾਸ਼ਾ ਵਿਚ (JAPANESEE OCCUPATION) ਕਿਹਾ ਗਿਆ। ਜਿੱਥੇ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ (IN.A.) ਅਤੇ ਜਪਾਨੀ ਫੌਜ ਦਾ ਕਬਜ਼ਾ ਸੀ। ਉਨ੍ਹਾਂ ਦਿਨਾਂ ਵਿਚ ਤਾਂ ਬੇਹਯਾਈ ਨਾਲ ਕੀਤਾ ਜਾਂਦਾ ਜ਼ਬਰ, ਜ਼ੁਲਮ, ਤਸ਼ੱਦਦ ਅਤੇ ਧੱਕਾ ਸਾਰੀਆਂ ਹੱਦਾਂ-ਬੰਨੇ ਟੱਪ ਗਿਆ ਸੀ। ਉਸ ਸਮੇਂ ਦੀ ਅਤਿ ਦੀ ਹਨ੍ਹੇਰਗਰਦੀ ਨੇ ਤਾਂ ਇਤਿਹਾਸ ਨੂੰ ਵੀ ਸ਼ਰਮਸਾਰ ਕਰ ਦਿੱਤਾ ਸੀ। ਇਨ੍ਹਾਂ ਅਕੱਟ ਤੱਥਾਂ ਅਤੇ ਸੱਚਾਈਆਂ ਤੋਂ ਪਰਦਾ ਮੁਕੰਮਲ ਰੂਪ ਵਿਚ ਡਾ. ਦੀਵਾਨ ਸਿੰਘ ਜੀ ‘ਕਾਲੇ ਪਾਣੀ’ ਦੇ ਬੇਟੇ ਡਾ. ਮਹਿੰਦਰ ਸਿੰਘ ਢਿੱਲੋਂ ਨੇ ਆਪਣੀ ਸ਼ਾਹਕਾਰ ਪੁਸਤਕ “A TITAN IN THE ANDAMAN” ਭਾਵ “ਅੰਡੇਮਾਨ ਵਿਚ ਇਕ ਬੱਬਰ ਸ਼ੇਰ’ ਵਿਚ ਪੂਰੀ ਤਰ੍ਹਾਂ ਲਿਖ ਦਿੱਤਾ ਹੈ। ਡਾ. ਮਹਿੰਦਰ ਸਿੰਘ (ਢਿੱਲੋਂ) ਜਿਨ੍ਹਾਂ ਨੇ ਸਾਰੀ ਸੱਚਾਈ ਅਤੇ ਟਾਪੂ ਦੇ ਹਾਲਾਤ ਜਾਣਨ ਲਈ ਉੱਥੇ ਅਜ਼ਾਦੀ ਤੋਂ ਬਾਅਦ ਕਾਇਮ ਕੀਤੀਆਂ ਗਈਆਂ, ਬਿਲਕੁਲ ਝੂਠ ਉੱਤੇ ਅਧਾਰਿਤ, ਕਲਪਿਤ ਕਹਾਣੀਆਂ ਘੜ ਕੇ ਸਿਰਜੇ ਗਏ ਇਤਿਹਾਸ ਬਾਰੇ ਜਾਣਨ ਲਈ ਟਾਪੂ ਦੇ ਕਈ ਦੌਰੇ ਕੀਤੇ। ਜਿਸ ਉਪਰੰਤ ਉਨ੍ਹਾਂ ਨੇ ਇਹ ਪੁਸਤਕ ਹੋਂਦ ਵਿਚ ਲਿਆ ਕੇ ਖ਼ਾਲਸਾ ਪੰਥ, ਸਿੱਖ ਕੌਮ ਤਥਾ ਸਮੂਹ ਅਜ਼ਾਦੀ ਦੇ ਸੱਚੇ ਪਰਵਾਨਿਆਂ, ਭਾਰਤ ਦੇ ਅਸਲੀ ਸਪੂਤਾਂ ਦੀ ਦਾਸਤਾਨ ਸੰਸਾਰ ਦੇ ਸਾਹਮਣੇ ਲਿਖਤੀ ਰੂਪ ਵਿਚ ਪ੍ਰਗਟ ਕਰ ਕੇ ਉੱਤਮ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ ਅਤੇ ਸੱਚਿਆਂ ਅਤੇ ਝੂਠਿਆਂ ਬਾਰੇ ਅਸਲੀਅਤ ਤੋਂ ਪਰਦਾ ਚੁੱਕ ਦਿੱਤਾ ਹੈ ਪਰੰਤੂ ਇੱਥੇ ਇਹ ਗੱਲ ਸਭ ਨੂੰ ਸਮਝਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਤਿਹਾਸ ਸਮੇਂ ਦੀਆਂ ਸਰਕਾਰਾਂ ਦੀ ਹੀ ਦਾਸੀ-ਵੇਸਵਾ ਹੁੰਦਾ ਹੈ (HISTORY IS A PROTICHUTE; IT IS RE-WRITTEN) ਉਹ ਆਪਣੀ ਰਾਜਸੀ ਤਾਕਤ ਦਾ ਨਜਾਇਜ਼ ਲਾਭ ਉਠਾ ਕੇ ਸਹੀ ਅਤੇ ਸੱਚੇ ਇਤਿਹਾਸ ਨੂੰ ਮਿਟਾ ਕੇ ਉਸ ਦੀ ਥਾਂ ਨਕਲੀ, ਝੂਠਾ ਅਤੇ ਮਨਘੜਤ ਇਤਿਹਾਸ ਸਿਰਜ ਦਿੱਤਾ ਜਾਂਦਾ ਹੈ। ਇੱਥੇ ਵੀ ਇਹੋ ਕੁਝ ਵਾਪਰਿਆ ਜਾਂ ਇਹ ਕਹਿ ਲਵੋ ਕਿ ਭਾਰਤ ਦੀ ਜ਼ੰਗ-ਏ-ਅਜ਼ਾਦੀ ਦੇ ਮੁਕੰਮਲ ਇਤਿਹਾਸ ਨਾਲ ਹੀ ਬਲਾਤਕਾਰ ਕਰ ਦਿੱਤਾ ਗਿਆ ਹੈ। ਸੱਚਾਈ ਨੂੰ ਬਿਲਕੁਲ ਮਿਟਾਇਆ ਗਿਆ ਹੈ ਜਾਂ ਉਸ ਬਾਰੇ ਸ਼ੰਕੇ, ਸ਼ੱਕ-ਸੁਭੇ ਖੜੇ ਕਰ ਕੇ ਉਸ ਨੂੰ ਗੰਧਲਾ ਕਰ ਦਿੱਤਾ ਗਿਆ ਹੈ। ਮਨਘੜਤ ਕਹਾਣੀਆਂ ਬਣਾ ਕੇ ਬਿਲਕੁਲ ਝੂਠ ਉੱਤੇ ਨਿਰਭਰ ਉਨ੍ਹਾਂ ਲੋਕਾਂ ਨੂੰ ਇਤਿਹਾਸ ਵਿਚ ਹੀਰੋ ਬਣਾ ਕੇ ਪੇਸ਼ ਹੀ ਨਹੀਂ ਕੀਤਾ ਗਿਆ ਸਗੋਂ ਹਰ ਰੋਜ਼ ਸਰਕਾਰੀ ਮੀਡੀਆ ਰਾਹੀਂ ਬਹੁਤ ਸਾਲਾਹਿਆ ਵੀ ਜਾ ਰਿਹਾ ਹੈ। ਪਰੰਤੂ ਹੁਣ ਇੰਟਰਨੈੱਟ (INTERNET) ਦਾ ਸਮਾਂ ਹੈ। ਸਿਆਣੇ ਅਤੇ ਸੁਚੇਤ ਲੋਕ ਤੁਰੰਤ ਸੱਚਾਈ ਲੱਭ ਲੈਂਦੇ ਹਨ। ਇਸੇ ਕਰਕੇ ਅੱਜ ਸਖਤ ਲੋੜ ਹੈ ਕਿ ਸਾਰੇ ਪੁਰਾਣੇ ਅਤੇ ਸਹੀ ਇਤਿਹਾਸਿਕ ਤੱਥਾਂ, ਅਕੱਟ ਸੱਚਾਈਆਂ ਦੀ ਡੂੰਘੀ ਖੋਜ ਕਰਵਾ ਕੇ ਸਹੀ ਇਤਿਹਾਸ ਸਿਰਜਿਆ ਜਾਵੇ। ਅਜੋਕੇ ਸਮੇਂ ਇਹੋ ਹੀ ਵੱਡੀ ਕੌਮੀ ਸੇਵਾ ਹੋਵੇਗੀ। ਖਾਲਸਾ ਪੰਥ ਦੀਆਂ ਸਮੂਹ ਸੰਸਥਾਵਾਂ, ਬੁੱਧੀਜੀਵੀਆਂ, ਇਤਿਹਾਸਕਾਰਾਂ, ਨੂੰ ਇਸ ਪਾਸੇ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।

ਇੱਥੇ ਇਹ ਲਿਖਣਾ ਵੀ ਉਪਯੋਗੀ ਹੋਵੇਗਾ ਕਿ ਲੇਖਕ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਕਾਲੇ ਪਾਣੀਆਂ ਦਾ ਸੱਚ ਜਾਣਨ ਲਈ ਇਕ ਸੱਤ-ਮੈਂਬਰੀ ਕਮੇਟੀ ਬਣਾਈ ਸੀ। ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀ ਜਰਨਲ ਸਕੱਤਰ, ਐਡੀਸ਼ਨਲ ਸਕੱਤਰ, ਪੱਤਰਕਾਰ, ਕਾਲਜ ਪ੍ਰਿੰਸੀਪਲ ਆਦਿ ਪ੍ਰਸਿੱਧ ਬੁੱਧੀਜੀਵੀ ਸ਼ਾਮਲ ਸਨ। ਉਸ ਕਮੇਟੀ ਨੇ ਮੌਕੇ ‘ਤੇ ਪਹੁੰਚ ਕੇ ਕਈ ਦਿਨ ਟਾਪੂ ਦਾ ਦੌਰਾ ਕੀਤਾ। ਟਾਪੂਆਂ ਦੇ ਗੇਟ ਅਤੇ ਗੇਟ ਦੇ ਅੰਦਰ ਸਥਾਪਿਤ ਕੀਤੇ ਗਏ ਬੁੱਤਾਂ ਅਤੇ ਹੋਰ ਨਿਸ਼ਾਨੀਆਂ ਦਾ ਵੀ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਲੋਕਾਂ ਤੋਂ ਵੀ ਅਸਲੀ ਤੱਥ ਜਾਣਨ ਦੀ ਕੋਸ਼ਿਸ਼ ਕੀਤੀ, ਉੱਥੇ ਤਾਇਨਾਤ ਸਰਕਾਰੀ ਉਪ ਰਾਜਪਾਲ ਸ੍ਰੀ ਜਗਦੀਸ਼ ਮੁਖੀ ਨਾਲ ਵੀ ਗੱਲਬਾਤ ਕੀਤੀ। ਪਾਠਕਾਂ ਦੀ ਜਾਣਕਾਰੀ ਲਈ ਕਮੇਟੀ ਦੀ ਰਿਪੋਰਟ ਨਿਮਨ ਅਨੁਸਾਰ ਹੈ:

ਸੈਲੂਲਰ ਜੇਲ੍ਹ ਦੇ ਪੰਜਾਬੀ/ ਸਿੱਖ ਅਜ਼ਾਦੀ ਘੁਲਾਟੀਆਂ ਸੰਬੰਧੀ ਰਿਪੋਰਟ
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਵਿਖੇ ਮੌਜੂਦ ਸੈਲੂਲਰ ਜੇਲ੍ਹ ਭਾਰਤ ਦੇ ਸੁਤੰਤਰਤਾ ਸੈਨਾਨੀਆਂ ਤੇ ਹੋਏ ਅਣਮਨੁੱਖੀ ਤਸ਼ੱਦਦ ਦੀ ਯਾਦ ਦਿਵਾਉਂਦੀ ਹੈ। ਇਸ ਜੇਲ੍ਹ ਨੂੰ ਭਾਰਤ ਦੀ ਰਾਸ਼ਟਰੀ ਯਾਦਗਾਰ ਵਜੋਂ ਸਥਾਪਿਤ ਅਤੇ ਵਿਕਸਿਤ ਕੀਤਾ ਗਿਆ ਹੈ। ਸੁਤੰਤਰਤਾ ਅੰਦੋਲਨ ਦੀ ਯਾਦ ਦਿਵਾਉਂਦੀਆਂ ਗੈਲਰੀਆਂ ਅਤੇ ਮਿਊਜ਼ੀਅਮ ਇਸ ਵਿਚ ਸਥਾਪਿਤ ਕੀਤੇ ਗਏ ਹਨ।ਭਾਰਤ ਦੇ ਸੁਤੰਤਰਤਾ ਅੰਦੋਲਨ ਵਿਚ ਪੰਜਾਬੀਆਂ ਅਤੇ ਵਿਸ਼ੇਸ਼ ਤੌਰ ‘ਤੇ ਸਿੱਖਾਂ ਦਾ ਸਭ ਤੋਂ ਵਧੇਰੇ ਯੋਗਦਾਨ ਰਿਹਾ ਹੈ ਪਰ ਇਨ੍ਹਾਂ ਗੈਲਰੀਆਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਮੁਕਾਬਲਤਨ ਬਹੁਤ ਘੱਟ ਪੇਸ਼ ਕੀਤਾ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ੨੨ ਅਪ੍ਰੈਲ, ੨੦੧੭ ਨੂੰ ਚੰਡੀਗੜ੍ਹ ਵਿਖੇ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਸੀ ਜਿਸ ਵਿਚ ਫੈਸਲਾ ਲੈਂਦੇ ਹੋਏ ਇਕ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਨੂੰ ਪੋਰਟ ਬਲੇਅਰ ਜੇਲ੍ਹ ਦਾ ਦੌਰਾ ਕਰ ਕੇ ਤੱਥਾਂ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਅਮਰਜੀਤ ਸਿੰਘ (ਚਾਵਲਾ) ਦੀ ਅਗਵਾਈ ਅਧੀਨ ਇਕ ਸੱਤ ਮੈਂਬਰੀ ਵਫਦ ੨੯-੦੪-੨੦੧੭ ਤੋਂ ੦੩-੦੫-੨੦੧੭ ਤਕ ਪੋਰਟ ਬਲੇਅਰ ਗਿਆ ਜਿਸ ਵਿਚ ਹੇਠ ਲਿਖੇ ਮੈਂਬਰ ਸ਼ਾਮਲ ਸਨ:
੧. ਸ. ਅਮਰਜੀਤ ਸਿੰਘ (ਚਾਵਲਾ), ਜਨਰਲ ਸਕੱਤਰ, ਐਸ.ਜੀ.ਪੀ.ਸੀ. ਡੈਲੀਗੇਸ਼ਨ ਮੁਖੀ ਅਤੇ ਨਾਲ ਛੇ ਮੈਂਬਰ
੨. ਸ. ਸੁਰਜੀਤ ਸਿੰਘ ਭਿੱਟੇਵਡ, ਅਗਜ਼ੈਕਟਿਵ ਮੈਂਬਰ, ਐਸ.ਜੀ.ਪੀ.ਸੀ.
੩. ਡਾ. ਧਰਮਿੰਦਰ ਸਿੰਘ ਉਭਾ, ਡਾਇਰੈਕਟਰ ਐਜੂਕੇਸ਼ਨ, ਐਸ.ਜੀ.ਪੀ.ਸੀ.
੪. ਡਾ. ਪਰਮਵੀਰ ਸਿੰਘ, ਮੈਂਬਰ, ਸਿੱਖ ਇਤਿਹਾਸ ਰੀਸਰਚ ਬੋਰਡ ਮੈਂਬਰ
੫. ਸ. ਹਰਭਜਨ ਸਿੰਘ ਮਨਾਵਾਂ, ਐਡੀਸ਼ਨਲ ਸਕੱਤਰ, ਐਸ.ਜੀ.ਪੀ.ਸੀ.
੬. ਸ. ਜਗਤਾਰ ਸਿੰਘ, ਸੀਨੀਅਰ ਪੱਤਰਕਾਰ,
੭. ਸ. ਗੁਰਦਰਸ਼ਨ ਸਿੰਘ ਬਾਹੀਆ
ਕਮੇਟੀ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਖੇ ਰਾਸ਼ਟਰੀ ਯਾਦਗਾਰ ਵਜੋਂ ਵਿਕਸਿਤ ਕੀਤੀ ਗਈ ਸੈਲੂਲਰ ਜੇਲ੍ਹ ਦਾ ਸਰਵੇ ਕਰ ਕੇ ਨਿਮਨ ਲਿਖਤ ਤੱਥਾਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ:

. ਸੈਲੂਲਰ ਜੇਲ੍ਹ ਦੇ ਬਾਹਰ ਇਨ੍ਹਾਂ ਸੱਤ ਸੁਤੰਤਰਤਾ ਸੈਨਾਨੀਆਂ ਦੇ ਬੁੱਤ ਸਥਾਪਿਤ ਕੀਤੇ ਗਏ ਹਨ ਦਮੋਦਰ ਸਾਵਰਕਰ (ਮਹਾਂਰਾਸ਼ਟਰ), ਬਾਬਾ ਭਾਨ ਸਿੰਘ(ਪੰਜਾਬ), ਪੰਡਿਤ ਰਾਮ ਰੱਖਾ (ਪੰਜਾਬ), ਮਹਾਵੀਰ ਸਿੰਘ (ਉੱਤਰ ਪ੍ਰਦੇਸ਼), ਇੰਦੂ ਭੂਸ਼ਣ ਰਾਇ(ਬੰਗਾਲ), ਮੋਹਨ ਕਿਸ਼ੋਰ ਨਾਮਦਾਸ(ਬੰਗਾਲ), ਮੋਹਿਤ ਮੋਇਤਾ (ਬੰਗਾਲ)।

੨. ਜੇਲ੍ਹ ਦੇ ਗੇਟ ਦੇ ਅੰਦਰ ਦਾਖ਼ਲ ਹੁੰਦੇ ਹੀ ਇਕ ਮਿਊਜ਼ੀਅਮ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਵਿਚ ਇਕ ਆਰਟ ਗੈਲਰੀ ਬਣੀ ਹੋਈ ਹੈ। ਮਿਊਜ਼ੀਅਮ ਵਿਚ ਸੈਲੂਲਰ ਜੇਲ੍ਹ ਦਾ ਇਤਿਹਾਸ, ਸਿੱਕੇ, ਕੈਦੀਆਂ ਨੂੰ ਦਿੱਤੇ ਤਸੀਹਿਆਂ ਦੀ ਦਾਸਤਾਨ, ਕੈਦੀਆਂ ਦੇ ਗਲੇ ਵਿਚ ਪਾਏ ਜਾਣ ਵਾਲੇ ਲੋਹੇ ਦੇ ਰਿੰਗ, ਵਰਦੀਆਂ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਦੁਆਰਾ ਇਸ ਟਾਪੂ ‘ਤੇ ਕਬਜ਼ਾ ਕਰਨ ਦਾ ਵਰਣਨ ਵੀ ਮਿਲਦਾ ਹੈ।ਨੇਤਾ ਜੀ ਦੀ ਯਾਦ ਵਿਚ ਬਣੀ ਹੋਈ ਆਰਟ ਗੈਲਰੀ ਵਿਚ ਉਨ੍ਹਾਂ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦੇ ਚਿੱਤਰਾਂ ਅਤੇ ਘਟਨਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ।

੩. ਜੇਲ੍ਹ ਦੇ ਅੰਦਰ ਪੰਜ ਗੈਲਰੀਆਂ ਸਥਾਪਿਤ ਹਨ ਜਿਨ੍ਹਾਂ ਵਿਚ ਕੈਦੀਆਂ ਨੂੰ ਤਸੀਹੇ ਦੇਣ ਸਬੰਧੀ ਬੁੱਤਾਂ ਅਤੇ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਜਿਹੜੇ ਚਿੱਤਰ ਪ੍ਰਦਰਸ਼ਿਤ ਕੀਤੇ ਗਏ ਹਨ ਉਨ੍ਹਾਂ ਵਿਚ ਪੰਜਾਬੀਆਂ ਦਾ ਬਹੁਤ ਘੱਟ ਜ਼ਿਕਰ ਮਿਲਦਾ ਹੈ। ਇਸ ਜੇਲ੍ਹ ਵਿਚ ਸ. ਭਾਨ ਸਿੰਘ, ਸ. ਨੰਦ ਸਿੰਘ, ਸ. ਰੋਡਾ ਸਿੰਘ ਆਦਿ ਸੁਤੰਤਰਤਾ ਸੈਨਾਨੀਆਂ ਨੇ ਅਣਮਨੁੱਖੀ ਤਸੀਹੇ ਸਹਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆ ਸਨ। ਤਸੀਹੇ ਝੱਲਣ ਵਾਲਿਆਂ ਵਿਚ ਸ. ਚਤਰ ਸਿੰਘ ਦਾ ਨਾਂ ਪ੍ਰਮੁੱਖ ਤੌਰ ‘ਤੇ ਲਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਲੱਗਭਗ ਤਿੰਨ ਸਾਲ ਸਾਢੇ ਤਿੰਨ ਫੁੱਟ ਦੇ ਪਿੰਜਰੇ ਵਿਚ ਕੈਦ ਰੱਖਿਆ ਗਿਆ ਸੀ। ਇਨ੍ਹਾਂ ਦੇ ਜੇਲ੍ਹ ਸਾਥੀਆਂ (ਵਿਸ਼ੇਸ਼ ਤੌਰ ‘ਤੇ ਸ. ਸੋਹਨ ਸਿੰਘ ਭਕਨਾ) ਨੇ ਲੰਮੀ ਭੁੱਖ ਹੜਤਾਲ ਕਰ ਕੇ ਇਨ੍ਹਾਂ ਨੂੰ ਪਿੰਜਰੇ ਤੋਂ ਮੁਕਤੀ ਦਿਵਾਈ ਸੀ। ਇਸ ਦੇ ਨਾਲ ਹੀ ਬਹੁਤ ਸਾਰੇ ਸਿਰਕੱਢ ਪੰਜਾਬੀ/ ਸਿੱਖ ਸੁਤੰਤਰਤਾ ਸੈਨਾਨੀਆਂ ਨੇ ਇਸ ਜੇਲ੍ਹ ਦੇ ਤਸੀਹੇ ਝੱਲੇ ਸਨ ਜਿਨ੍ਹਾਂ ਵਿਚ ਸ. ਸੋਹਨ ਸਿੰਘ ਭਕਨਾ, ਸ. ਗੁਰਮੁਖ ਸਿੰਘ, ਸ. ਗੁਰਦਿੱਤ ਸਿੰਘ, ਸ. ਹਰਨਾਮ ਸਿੰਘ ਟੁੰਡੀਲਾਟ ਅਤੇ ਸ. ਕਰਤਾਰ ਸਿੰਘ ਝੱਬਰ ਦਾ ਨਾਂ ਪ੍ਰਮੁੱਖ ਤੌਰ ‘ਤੇ ਲਿਆ ਜਾ ਸਕਦਾ ਹੈ।

੪. ਵਿਨਾਯਕ ਦਮੋਦਰ ਸਾਵਰਕਰ ਦੀ ਜੇਲ੍ਹ ਕੋਠੜੀ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਗਿਆ ਹੈ ਜਦੋਂ ਕਿ ਹੋਰ ਕਿਸੇ ਵੀ ਕੈਦੀ ਦੀ ਜੇਲ੍ਹ ਕੋਠੜੀ ਸੰਬੰਧੀ ਕੋਈ ਨਿਸ਼ਾਨੀ ਮੌਜੂਦ ਨਹੀਂ ਹੈ।

੫. ਸ਼ਾਮ ਨੂੰ ੬ ਵਜੇ ਤੋਂ ਲੈ ਕੇ ੭ ਵਜੇ ਤਕ ਅਤੇ ੭ ਵਜੇ ਤੋਂ ੮ ਵਜੇ ਤਕ ਜੇਲ੍ਹ ਦੇ ਕੰਪਲੈਕਸ ਅੰਦਰ ਲਾਈਟ ਐਂਡ ਸਾਊਂਡ ਦੇ ਦੋ ਸ਼ੋਅ ਦਿਖਾਏ ਜਾਂਦੇ ਹਨ। ਸੁਤੰਤਰਤਾ ਸੈਨਾਨੀਆਂ ‘ਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਦਾ ਪ੍ਰਗਟਾਵਾ ਕਰਨ ਵਾਲਾ ਇਹ ਸ਼ੋਅ ਇੱਥੇ ਆਉਣ ਵਾਲਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ।ਵੱਡੀ ਗਿਣਤੀ ਵਿਚ ਲੋਕ ਇਸ ਨੂੰ ਦੇਖਣ ਆਉਂਦੇ ਹਨ।ਇਸ ਸ਼ੋਅ ਵਿਚ ਵੀ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ ਜਾਂਦਾ।

੬. ੨ ਮਈ, ੨੦੧੭ ਨੂੰ ਡੈਲੀਗੇਸ਼ਨ ਪੋਰਟ ਬਲੇਅਰ ਦੇ ਲੈਫਟੀਨੈਂਟ ਗਵਰਨਰ ਡਾ. ਜਗਦੀਸ਼ ਮੁਖੀ ਨੂੰ ਮਿਲਣ ਲਈ ਰਾਜ ਭਵਨ ਗਿਆ। ਇਹ ਮੀਟਿੰਗ ਬਹੁਤ ਹੀ ਸੁਹਿਰਦ ਮਾਹੌਲ ਵਿਚ ਹੋਈ। ਲੈਫਟੀਨੈਂਟ ਗਵਰਨਰ ਦਾ ਪਿਛੋਕੜ ਪੰਜਾਬ ਨਾਲ ਸੰਬੰਧਿਤ ਹੈ ਅਤੇ ਉਨ੍ਹਾਂ ਨੇ ਡੈਲੀਗੇਸ਼ਨ ਦੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਕਿਹਾ ਕਿ ਉਹ ਪੋਰਟ ਬਲੇਅਰ ਦੀਆਂ ਤਿੰਨ ਸੜਕਾਂ ਦੇ ਨਾਂ ਸ. ਭਗਤ ਸਿੰਘ, ਸ੍ਰੀ ਮਦਨ ਲਾਲ ਢੀਂਗਰਾ ਅਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਨਾਂ ’ਤੇ ਰੱਖਣ ਦਾ ਮਨ ਬਣਾ ਚੁੱਕੇ ਹਨ। ਡੈਲੀਗੇਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸੈਲੂਲਰ ਜੇਲ੍ਹ ਦੀਆਂ ਗੈਲਰੀਆਂ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਪੰਜਾਬੀਆਂ ਅਤੇ ਵਿਸ਼ੇਸ਼ ਤੌਰ ‘ਤੇ ਸਿੱਖਾਂ ਵੱਲੋਂ ਅਜ਼ਾਦੀ ਦੇ ਅੰਦੋਲਨ ਲਈ ਦਿੱਤੀਆਂ ਕੁਰਬਾਨੀਆਂ ਅਤੇ ਸਹਿਣ ਕੀਤੇ ਜ਼ੁਲਮਾਂ ਨੂੰ ਵੀ ਬਣਦਾ ਸਥਾਨ ਅਤੇ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਗਵਰਨਰ ਸਾਹਿਬ ਨੇ ਕਿਹਾ ਉਹ ਇਸ ਦਿਸ਼ਾ ਵਿਚ ਛੇਤੀ ਹੀ ਯੋਗ ਕਾਰਵਾਈ ਕਰ ਕੇ ਪੰਜਾਬੀਆਂ ਦੁਆਰਾ ਅਜ਼ਾਦੀ ਦੇ ਅੰਦੋਲਨ ਵਿਚ ਪਾਏ ਯੋਗਦਾਨ ਨੂੰ ਦੁਨੀਆ ਸਾਹਮਣੇ ਪੇਸ਼ ਕਰਨਗੇ।

ਸ. ਬਖ਼ਤਾਵਰ ਸਿੰਘ ਅਜ਼ਾਦੀ ਤੋਂ ਪਹਿਲਾਂ ਦੇ ਪੋਰਟ ਬਲੇਅਰ ਵਿਖੇ ਰਹਿ ਰਹੇ ਹਨ। ਪੁਲਿਸ ਦੀ ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਇਨ੍ਹਾਂ ਨੇ ਸਥਾਨਕ ਜਾਰਵਾਂ ਕਬੀਲੇ ਨਾਲ ਭਾਰਤ ਸਰਕਾਰ ਦਾ ਪਹਿਲੀ ਵਾਰੀ ਸੰਬੰਧ ਸਥਾਪਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਸ. ਬਖਤਾਵਰ ਸਿੰਘ ਨੇ ਸਮਾਜ ਸੇਵਾ ਅਤੇ ਲੋਕ-ਭਲਾਈ ਦੇ ਕਾਰਜਾਂ ਵਿਚ ਆਪਣਾ ਖਾਸ
ਸਥਾਨ ਬਣਾਇਆ ਹੈ।੨੦੦੫ ਈ. ਵਿਚ ਇਹ ਅਕਾਲ ਚਲਾਣਾ ਕਰ ਗਏ ਸਨ। ਡੈਲੀਗੇਸ਼ਨ ਨੇ ਗਵਰਨਰ ਸਾਹਿਬ ਨੂੰ ਇਸ ਸ਼ਖਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਇਸ ਦੀ ਯਾਦ ਵਿਚ ਯੋਗ ਯਾਦਗਾਰ ਸਥਾਪਿਤ ਕਰਨ ਦੀ ਬੇਨਤੀ ਵੀ ਕੀਤੀ।

੭. ਮਾਰਚ ੧੯੪੨ ਤੋਂ ਲੈ ਕੇ ਅਕਤੂਬਰ ੧੯੪੫ ਤਕ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਦਾ ਇਸ ਟਾਪੂ ‘ਤੇ ਕਬਜ਼ਾ ਰਿਹਾ ਹੈ।ਇਸ ਸਮੇਂ ਦੌਰਾਨ ਉਨ੍ਹਾਂ ਨੇ ਭਾਰਤੀਆਂ ’ਤੇ ਬਹੁਤ ਜ਼ੁਲਮ ਕੀਤੇ ਸਨ। ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ੮੨ ਦਿਨ ਸੈਲੂਲਰ ਜੇਲ੍ਹ ਵਿਚ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਸੰਬੰਧੀ ਕੋਈ ਵੀ ਜਾਣਕਾਰੀ ਇਸ ਜੇਲ੍ਹ ਵਿੱਚੋਂ ਪ੍ਰਾਪਤ ਨਹੀਂ ਹੁੰਦੀ।

੪੪ ਨਿਰਦੋਸ਼ ਭਾਰਤੀਆਂ ਨੂੰ ਜਪਾਨੀਆਂ ਨੇ ਅੰਗਰੇਜ਼ਾਂ ਦੇ ਜਸੂਸ ਕਹਿ ਕੇ ਹਮਫਰੀਗੰਜ ਵਿਖੇ ਗੋਲੀ ਮਾਰ ਦਿੱਤੀ ਸੀ। ਸ਼ਹੀਦ ਹੋਣ ਵਾਲੇ ਇਹ ਸ਼ਖ਼ਸ ਇੰਡੀਅਨ ਇੰਡੀਪੈਂਡੈਂਸ ਲੀਗ ਨਾਲ ਸੰਬੰਧਿਤ ਸਨ। ਇਨ੍ਹਾਂ ਨੂੰ ਹਾਲੇ ਤਕ ਸੁਤੰਤਰਤਾ ਸੰਗਰਾਮੀਆਂ ਦਾ ਦਰਜਾ ਪ੍ਰਾਪਤ ਨਹੀ ਹੋ ਸਕਿਆ। ਇੱਥੇ ਸ਼ਹੀਦ ਹੋਣ ਵਾਲਿਆਂ ਵਿਚ ਸ. ਪੋਖਰ ਸਿੰਘ ਚਾਵਲਾ, ਸ. ਬਚਨ ਸਿੰਘ, ਸ. ਬਖਸ਼ੀਸ਼ ਸਿੰਘ, ਸ. ਬਲਵੰਤ ਸਿੰਘ, ਸ. ਬੰਤਾ ਸਿੰਘ, ਸ. ਦਲੀਪ ਸਿੰਘ ਆਦਿ ੧੯ ਸਿੱਖ ਸ਼ਾਮਲ ਸਨ ਜਿਨ੍ਹਾਂ ਦੇ ਨਾਂ ਉਥੇ ਮੌਜੂਦ ਯਾਦਗਾਰ ਤੇ ਉਕਰੇ ਹੋਏ ਹਨ।

੮. ਡੈਲੀਗੇਸ਼ਨ ਦੇ ਮੈਂਬਰਾਂ ਨੇ ਪੋਰਟ ਬਲੇਅਰ ਦੇ ਦੋ ਗੁਰਦੁਆਰਾ ਸਾਹਿਬਾਨ ਦਾ ਸਰਵੇ ਵੀ ਕੀਤਾ ਸੀ। ਇਨ੍ਹਾਂ ਵਿੱਚੋਂ ਇਕ ਪੁਲਿਸ ਗੁਰਦੁਆਰਾ ਅਤੇ ਦੂਜਾ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਨਾਂ ’ਤੇ ਸੁਸ਼ੋਭਿਤ ਹੈ। ਇਹ ਦੋਵੇਂ ਗੁਰਦੁਆਰਾ ਸਾਹਿਬਾਨ ਅਜ਼ਾਦੀ ਮਿਲਣ ਤੋਂ ਪਹਿਲਾਂ ਦੇ ਉਸਾਰੇ ਹੋਏ ਹਨ।

ਡਾ. ਦੀਵਾਨ ਸਿੰਘ ਕਾਲੇਪਾਣੀ ਵਾਲੇ ਗੁਰਦੁਆਰੇ ਦੇ ਸਾਹਮਣੇ ਡਾ. ਸਾਹਿਬ ਦਾ ਬੁੱਤ ਲੱਗਿਆ ਹੋਇਆ ਹੈ ਜਿਸ ਦਾ ਉਦਘਾਟਨ ੨ ਅਗਸਤ, ੨੦੧੨ ਈ. ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਇਸ ਦੇ ਨਾਲ ਹੀ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਅਤੇ ਦੇਸ਼ ਦੀ ਅਜ਼ਾਦੀ ਪ੍ਰਤੀ ਉਨ੍ਹਾਂ ਦੀ ਭਾਵਨਾ ਦਾ ਸੰਕੇਤਕ ਪੱਥਰ ਲੱਗਿਆ ਹੋਇਆ ਹੈ ਜਿਸ ’ਤੇ ਲਿਖਿਆ ਹੋਇਆ ਹੈ-ਅੰਗਰੇਜ਼ਾਂ ਨੇ ਅਜ਼ਾਦੀ ਨਹੀਂ ਦਿੱਤੀ ਜਪਾਨੀ ਵੀ ਨਹੀਂ ਦੇਣਗੇ। ਇਸ ਗੁਰਦੁਆਰੇ ਦੇ ਨਾਲ ਹੀ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਜਿਸ ਸੰਬੰਧੀ ਸ. ਬੇਅੰਤ ਸਿੰਘ ਨੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਕਿ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਇੱਥੇ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ।

੨ ਮਈ, ੨੦੧੭ ਈ. ਨੂੰ ਡੈਲੀਗੇਸ਼ਨ ਦੇ ਮੈਂਬਰਾਂ ਨੇ ਪੁਲਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਿਥੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਸਕਾਰਤਮਕ ਕਾਰਜਾਂ ਅਤੇ ਪੋਰਟ ਬਲੇਅਰ ਵਿਖੇ ਆਉਣ ਦੇ ਉਦੇਸ਼ ਸੰਬੰਧੀ ਸਿੱਖ ਸੰਗਤ ਨੂੰ ਜਾਣਕਾਰੀ ਪ੍ਰਦਾਨ ਕੀਤੀ। ਗੁਰਦੁਆਰਾ ਸਾਹਿਬ ਵਿਖੇ ਡੈਲੀਗੇਸ਼ਨ ਦੇ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਂ ਸੱਦਾ-ਪੱਤਰ ਵੀ ਦਿੱਤਾ ਜਿਹੜਾ ਕਿ ਅਗਜ਼ੈਕਟਿਵ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ ਨੇ ਪ੍ਰਾਪਤ ਕੀਤਾ।

(ਸ.ਸੁਰਜੀਤ ਸਿੰਘ ਭਿੱਟੇਵਡ) (ਡਾ.ਧਰਮਿੰਦਰ ਸਿੰਘ ਉੱਭਾ) (ਡਾ.ਪਰਮਵੀਰ ਸਿੰਘ) (ਸ. ਹਰਭਜਨ ਸਿੰਘ ਮਨਾਵਾਂ) (ਸ. ਗੁਰਦਰਸ਼ਨ ਸਿੰਘ ਬਾਹੀਆ) (ਸ. ਜਗਤਾਰ ਸਿੰਘ) (ਸ.ਅਮਰਜੀਤ ਸਿੰਘ ਚਾਵਲਾ)

ਇੰਟਰਨੈੱਟ ‘ਤੇ ਪ੍ਰਾਪਤ ਸੂਚਨਾ ਅਨੁਸਾਰ ਹੇਠ ਲਿਖੇ ਅਜ਼ਾਦੀ ਘੁਲਾਟੀਏ ਸੁਤੰਤਰਤਾ ਸੰਗਰਾਮੀ ਤਥਾ ਅਜ਼ਾਦੀ ਦੀ ਸ਼ਮ੍ਹਾ ਦੇ ਪਰਵਾਨਿਆਂ ਦੀ ਲਿਸਟ ਨਿਮਨ ‘ ਅਨੁਸਾਰ
੧. ਸਰਦਾਰ ਅਮਰ ਸਿੰਘ
੨. ਸਰਦਾਰ ਭਾਨ ਸਿੰਘ
੩. ਸਰਦਾਰ ਬਿਸ਼ਨ ਸਿੰਘ ਸਪੁੱਤਰ ਸਰਦਾਰ ਜਵਾਲਾ ਸਿੰਘ
੪. ਸਰਦਾਰ ਬਿਸ਼ਨ ਸਿੰਘ ਸਪੁੱਤਰ ਸਰਦਾਰ ਕਸੂਰ ਸਿੰਘ
੫. ਸਰਦਾਰ ਬਿਸ਼ਨ ਸਿੰਘ ਨੰਬਰ ੩
੬. ਸਰਦਾਰ ਬਿਸ਼ਨ ਸਿੰਘ ਨੰਬਰ ੪
੭. ਸਰਦਾਰ ਚੰਨਣ ਸਿੰਘ
੮. ਸਰਦਾਰ ਚਤਰ ਸਿੰਘ ਨੰਬਰ ੧
੯. ਸਰਦਾਰ ਚਤਰ ਸਿੰਘ ਨੰਬਰ ੨
੧੦. ਸਰਦਾਰ ਚੂਹੜ
੧੧. ਸਰਦਾਰ ਗੁਰਦਾਸ ਸਿੰਘ
੧੨. ਸਰਦਾਰ ਗੁਰਦਿੱਤ ਸਿੰਘ
੧੩. ਸਰਦਾਰ ਗੁਰਮੁੱਖ ਸਿੰਘ ਨੰਬਰ ੧ ੧੪. ਸਰਦਾਰ ਗੁਰਮੁੱਖ ਸਿੰਘ ਨੰਬਰ ੨
੧੫. ਸਰਦਾਰ ਹਰਦਿੱਤ ਸਿੰਘ
੧੬. ਸਰਦਾਰ ਹਰਨਾਮ ਸਿੰਘ
੧੭. ਸਰਦਾਰ ਹਜ਼ਾਰਾ ਸਿੰਘ
੧੮. ਸਰਦਾਰ ਹਿਰਦਾ ਸਿੰਘ
੧੯. ਸਰਦਾਰ ਇੰਦਰ ਸਿੰਘ ਨੰਬਰ ੧
੨੦. ਸਰਦਾਰ ਇੰਦਰ ਸਿੰਘ ਨੰਬਰ ੨
੨੧. ਸਰਦਾਰ ਜਾਵੰਦ ਸਿੰਘ
੨੨. ਸਰਦਾਰ ਜਵਾਲਾ ਸਿੰਘ
੨੩. ਸਰਦਾਰ ਜੀਵਨ ਸਿੰਘ
੨੪. ਸਰਦਾਰ ਕਾਲਾ ਸਿੰਘ ਸਪੁੱਤਰ ਸਰਦਾਰ ਘਸੀਟਾ ਸਿੰਘ
੨੫. ਸਰਦਾਰ ਕਾਲਾ ਸਿੰਘ ਸਪੁੱਤਰ ਸਰਦਾਰ ਗੁਲਾਬ ਸਿੰਘ
੨੬. ਸਰਦਾਰ ਕਪੂਰ ਸਿੰਘ
੨੭. ਸਰਦਾਰ ਕਰਤਾਰ ਸਿੰਘ
੨੮. ਸਰਦਾਰ ਕੇਹਰ ਸਿੰਘ ਸਪੁੱਤਰ ਸਰਦਾਰ ਨਿਹਾਲ ਸਿੰਘ
੨੯. ਸਰਦਾਰ ਕੇਹਰ ਸਿੰਘ ਸਪੁੱਤਰ ਸਰਦਾਰ ਭਾਨ ਸਿੰਘ
੩੦. ਸਰਦਾਰ ਕੇਸਰ ਸਿੰਘ
੩੧. ਸਰਦਾਰ ਕਿਰਪਾ ਸਿੰਘ
੩੨. ਸਰਦਾਰ ਕਿਰਪਾਲ ਸਿੰਘ
੩੩. ਸਰਦਾਰ ਖੁਸ਼ਾਲ ਸਿੰਘ
੩੪. ਸਰਦਾਰ ਲਖਨ ਸਿੰਘ
੩੫. ਸਰਦਾਰ ਲਾਲ ਸਿੰਘ ਨੰਬਰ ੧
੩੬. ਸਰਦਾਰ ਲਾਲ ਸਿੰਘ ਨੰਬਰ ੨
੩੭. ਸਰਦਾਰ ਮਦਨ ਸਿੰਘ
੩੮. ਸਰਦਾਰ ਮੰਗਲ ਸਿੰਘ
੩੯. ਸਰਦਾਰ ਮਨੋਹਰ ਸਿੰਘ
੪੦. ਸਰਦਾਰ ਮੂਨਸ਼ਾ
੪੧. ਸਰਦਾਰ ਨੰਦ ਸਿੰਘ ਨੰਬਰ ੧
੪੨. ਸਰਦਾਰ ਨੰਦ ਸਿੰਘ ਨੰਬਰ ੨
੪੩. ਸਰਦਾਰ ਨੱਥਾ ਸਿੰਘ
੪੪. ਸਰਦਾਰ ਨਾਹਰ ਸਿੰਘ
੪੫. ਸਰਦਾਰ ਨਿਧਾਨ ਸਿੰਘ
੪੬. ਸਰਦਾਰ ਪਿਆਰਾ ਸਿੰਘ
੪੭. ਸਰਦਾਰ ਪ੍ਰਿਥਵੀ ਸਿੰਘ ਅਜ਼ਾਦ
੪੮. ਸਰਦਾਰ ਰਣਧੀਰ ਸਿੰਘ
੪੯. ਸਰਦਾਰ ਰੋਡਾ ਸਿੰਘ ਜੱਟ
੫੦. ਸਰਦਾਰ ਰੁਲੀਆ ਸਿੰਘ
੫੧. ਸਰਦਾਰ ਰੋੜ੍ਹ ਸਿੰਘ
੫੨. ਸਰਦਾਰ ਸੱਜਣ ਸਿੰਘ
੫੩. ਸਰਦਾਰ ਸੋਣ ਸਿੰਘ
੫੪. ਸਰਦਾਰ ਸਮੇਰ ਸਿੰਘ
੫੫. ਸਰਦਾਰ ਸਿੰਗਾਰਾ ਸਿੰਘ
੫੬. ਸਰਦਾਰ ਸ਼ਿਵ ਸਿੰਘ
੫੭. ਸਰਦਾਰ ਸੋਹਣ ਸਿੰਘ
੫੮. ਸਰਦਾਰ ਸੁੱਚਾ ਸਿੰਘ
੫੯. ਸਰਦਾਰ ਸੁੱਚਾ ਸਿੰਘ
੬੦. ਸਰਦਾਰ ਸੁਰੇਣ ਸਿੰਘ
੬੧. ਸਰਦਾਰ ਸੁਰਜਣ ਸਿੰਘ
੬੨. ਸਰਦਾਰ ਤੇਜਾ ਸਿੰਘ
੬੩. ਸਰਦਾਰ ਠਾਕਰ ਸਿੰਘ
੬੪. ਸਰਦਾਰ ਊਧਮ ਸਿੰਘ
੬੫. ਸਰਦਾਰ ਵਿਸਾਖਾ ਸਿੰਘ
੬੬. ਸਰਦਾਰ ਵਸਾਵਾ ਸਿੰਘ
੬੭. ਸਰਦਾਰ ਇੰਦਰ ਸਿੰਘ (ਤੀਜਾ)
੬੮. ਸਰਦਾਰ ਸਾਉਣ ਸਿੰਘ
੬੯. ਸਰਦਾਰ ਸੂਜਾ ਸਿੰਘ
੭੦. ਸਰਦਾਰ ਸ਼ੇਰ ਸਿੰਘ
੭੧. ਸਰਦਾਰ ਹਜ਼ਾਰਾ ਸਿੰਘ: ਇਹ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪਿੰਡ ਦਦੇਹਰ ਦੇ ਵਸਨੀਕ ਸ. ਬੇਲਾ ਸਿੰਘ ਦਾ ਪੁੱਤਰ ਸੀ।
੭੨. ਸਰਦਾਰ ਹਜ਼ਾਰਾ ਸਿੰਘ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਭੁੱਲਰੀ ਦੇ ਵਸਨੀਕ ਸ. ਰਾਜਾ ਸਿੰਘ ਦਾ ਇਹ ਪੁੱਤਰ ਸੀ।
੭੩. ਸਰਦਾਰ ਹਰੀ ਸਿੰਘ ਕੱਕੜ
੭੪. ਸਰਦਾਰ ਹਿਰਦਾ ਸਿੰਘ
੭੫. ਸ੍ਰੀ ਹਿਰਦਾ ਰਾਮ
੭੬. ਸਰਦਾਰ ਕਰਤਾਰ ਸਿੰਘ ਝੱਬਰ
੭੭. ਸਰਦਾਰ ਕੇਹਰ ਸਿੰਘ: ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪਿੰਡ ਸਰਹਾਲੀ ਦੇ ਵਸਨੀਕ ਸ. ਭਗਤ
ਸਿੰਘ ਦਾ ਇਹ ਪੁੱਤਰ ਸੀ।
੭੮. ਸਰਦਾਰ ਖੜਕ ਸਿੰਘ
੭੯. ਸਰਦਾਰ ਖੁਸ਼ਹਾਲ ਸਿੰਘ
੮੦. ਸ੍ਰੀ ਖੁਸ਼ੀ ਰਾਮ ਮਹਿਤਾ
੮੧. ਸਰਦਾਰ ਚਤਰ ਸਿੰਘ ਸਾਂਗਲਾ
੮੨. ਸਰਦਾਰ ਚਤਰ ਸਿੰਘ
੮੩. ਸ੍ਰੀ ਚੇਤ ਰਾਮ ਵੈਰੋਵਾਲ
੮੪. ਸ੍ਰੀ ਜਗਤ ਰਾਮ
੮੫. ਸਰਦਾਰ ਨੰਦ ਸਿੰਘ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਕੈਲਾ ਦੇ ਵਸਨੀਕ ਸ. ਰਾਮ ਸਿੰਘ ਦਾ ਇਹ ਪੁੱਤਰ ਸੀ।
੮੬. ਸਰਦਾਰ ਨੰਦ ਸਿੰਘ (ਦੂਜਾ) : ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਵਿਚ ਪੈਂਦੇ ਪਿੰਡ ਚੱਕ ਨੰ. ੫੫ ਰੁਖ ਬੁਰਜ ਦੇ ਵਸਨੀਕ ਸਰਦਾਰ ਪੰਜਾਬ ਸਿੰਘ ਦੇ ਇਹ ਪੁੱਤਰ ਸਨ।
੮੭. ਸਰਦਾਰ ਨੰਦ ਸਿੰਘ (ਤੀਜਾ): ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪਿੰਡ ਰਾਇ ਕਾ ਬੁਰਜ ਦੇ ਵਸਨੀਕ ਸਰਦਾਰ ਪੰਜਾਬ ਸਿੰਘ ਦਾ ਇਹ ਪੁੱਤਰ ਸੀ।
੮੮. ਸ੍ਰੀ ਪਰਮਾਨੰਦ (ਭਾਈ)
੮੯. ਸਰਦਾਰ ਪੂਰਨ
੯੦. ਸਰਦਾਰ ਬਲਵੰਤ ਸਿੰਘ
੯੧. ਸਰਦਾਰ ਬਿਸ਼ਨ ਸਿੰਘ: ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪਿੰਡ ਦਦੇਹਰ ਦੇ ਵਸਨੀਕ ਸਰਦਾਰ ਕੇਸਰ ਸਿੰਘ ਦਾ ਪੁੱਤਰ ਸੀ। ਇਹ ਸ਼ੰਘਾਈ ਪੁਲਿਸ ਵਿਚ ਕੰਮ ਕਰਦਾ ਸੀ ਅਤੇ ਗ਼ਦਰ ਲਹਿਰ ਦੇ ਪ੍ਰਭਾਵ ਅਧੀਨ ਪੰਜਾਬ ਪਰਤ ਆਇਆ ਸੀ।
੯੨. ਸਰਦਾਰ ਬਿਸ਼ਨ ਸਿੰਘ: ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿਚ ਪੈਂਦੇ ਪਿੰਡ ਦਦੇਹਰ ਦੇ ਵਸਨੀਕ ਸਰਦਾਰ ਜਵਾਲਾ ਸਿੰਘ ਦੇ ਪੁੱਤਰ ਸਨ। ਮਨੀਲਾ ਤੋਂ ਕਾਮਾਗਾਟਾਮਾਰੂ ਜਹਾਜ਼ ਰਾਹੀਂ ਪੰਜਾਬ ਪਰਤ ਕੇ ਇਨ੍ਹਾਂ ਨੇ ਗ਼ਦਰ ਲਹਿਰ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਭਾਗ ਲੈਣਾ ਅਰੰਭ ਕਰ ਦਿੱਤਾ।
੯੩. ਸਰਦਾਰ ਬਿਸ਼ਨ ਸਿੰਘ: ਪੰਜਾਬ ਦੇ ਮੌਜੂਦਾ ਸ੍ਰੀ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਪਿੰਡ ਢੋਟੀਆਂ ਦੇ ਵਸਨੀਕ ਜੀਵਨ ਸਿੰਘ ਦਾ ਇਹ ਪੁੱਤਰ ਸੀ। ੨੩ ਰਿਸਾਲਾ ਫੌਜੀ ਟੁਕੜੀ ਨਾਲ ਸੰਬੰਧਿਤ ਇਹ ਜਵਾਨ ਗਦਰੀਆਂ ਨਾਲ ਹਮਦਰਦੀ ਰੱਖਦਾ ਸੀ। ਇਨ੍ਹਾਂ ਦੀ ਟੁਕੜੀ ਲਾਹੌਰ ਵਿਖੇ ਤਾਇਨਾਤ ਸੀ ਜਦੋਂ ਇਨ੍ਹਾਂ ਨੂੰ ਯੂ.ਪੀ. ਵਿਖੇ ਪੋਸਟ ਕੀਤਾ ਗਿਆ।
੯੪. ਸਰਦਾਰ ਬਿਸ਼ਨ ਸਿੰਘ: ਪੰਜਾਬ ਦੇ ਮੌਜੂਦਾ ਸ੍ਰੀ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਪਿੰਡ ਢੋਟੀਆਂ ਦੇ ਵਸਨੀਕ ਸਰਦਾਰ ਰਾਮ ਸਿੰਘ ਦਾ ਇਹ ਪੁੱਤਰ ਸੀ।
੯੫. ਸਰਦਾਰ ਬੁੱਢਾ ਸਿੰਘ
੯੬. ਸਰਦਾਰ ਬੁੱਢਾ ਸਿੰਘ ਫੈਲੋਕੇ
੯੭. ਸਰਦਾਰ ਭਾਨ ਸਿੰਘ
੯੮. ਸਰਦਾਰ ਮੇਹਰ ਸਿੰਘ
੯੯. ਸ੍ਰੀ ਰਾਜਾ ਰਾਮ ੧੦੦. ਸ੍ਰੀ ਰਾਮ ਹਰੀ ੧੦੧. ਸ੍ਰੀ ਰਾਮ ਰਕਸ਼ਾ ਭਾਲੇ
੧੦੨. ਸ੍ਰੀ ਰਾਮ ਸਰਨ ਦਾਸ
ਜੰਗ-ਏ-ਅਜ਼ਾਦੀ ਦਾ ਲੰਮਾ ਜੰਗ ਸੰਘਰਸ਼ ਜੋ ਭਾਈ ਮਹਾਰਾਜ ਸਿੰਘ ਉੱਚੀ ਰੱਬੋਂ (ਨੇੜੇ ਖੰਨਾ) ਤੋਂ ਅਰੰਭ ਹੋਇਆ ਹੈ ਅਤੇ ਆਖਰੀ ਸਮੇਂ ਭਾਵ ੧੫ ਅਗਸਤ, ੧੯੪੭ ਈ. ਨੂੰ ਅਜ਼ਾਦੀ ਦੀ ਪ੍ਰਾਪਤੀ ਤੀਕ ਬਾਦਸਤੂਰ ਜਾਰੀ ਰਿਹਾ। ਜਿਸ ਦੌਰਾਨ ਹਥਿਆਰਬੰਦ ਸੰਘਰਸ਼ ਗ਼ਦਰ ਲਹਿਰ, ਬੱਬਰ ਲਹਿਰ ਦੇ ਰੂਪ ਵਿਚ ਹੋਇਆ ਅਤੇ ਕਾਮਾਗਾਟਾ ਮਾਰੂ ਜਹਾਜ਼ (ਗੁਰੂ ਨਾਨਕ ਜਹਾਜ਼) ਦੀ ਕਲਕੱਤੇ ਦੀ ਬਜਬਜ ਘਾਟ ਦੀ ਖ਼ੂਨੀ ਦਿਲ-ਕੰਬਾਊ ਘਟਨਾ, ਗੁਰਦੁਆਰਾ ਸੁਧਾਰ ਲਹਿਰ ਦੌਰਾਨ ੧੯੨੦ ਤੋਂ ੧੯੨੫ ਤੀਕ ਬਾਬੇ ਕੀ ਬੇਰ ਸਿਆਲਕੋਟ (ਹੁਣ ਪਾਕਿਸਤਾਨ) ਅਤੇ ਜੈਤੋ ਦੇ ਮੋਰਚੇ ਤੀਕ ੧੧ ਮੋਰਚੇ ਵੀ ਲਗਾਏ ਜਿਨ੍ਹਾਂ ਵਿ ਬਿਲਕੁਲ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸਾਹਿਬਾਨ ਨੂੰ ਅੰਗਰੇਜ਼ ਦੇ ਪਿੱਠੂ ਭ੍ਰਿਸ਼ਟ ਮਹੰਤਾਂ ਤੋਂ ਅਜ਼ਾਦ ਕਰਵਾ ਕੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਖਾਲਸਾ ਪੰਥ ਦੇ ਹਵਾਲੇ ਕਰਨ ਹਿੱਤ ਕੀਤਾ ਲੰਮਾ ਪਰੰਤੂ ਬਿਲਕੁਲ ਸ਼ਾਂਤਮਈ ਸੰਘਰਸ਼ ਹੋਇਆ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਪੰਥ ਦੇ ਹਵਾਲੇ ਕਰਨ ਹਿੱਤ ਬਿਲਕੁਲ ਸ਼ਾਂਤਮਈ ਢੰਗ ਨਾਲ ਸ਼ਾਮਲ ਸਿੰਘਾਂ ਉੱਤੇ ਨਿਰਦਈ ਢੰਗ ਨਾਲ ਅਣਮਨੁੱਖੀ ਜਬਰ ਅਤੇ ਜੁਲਮ ਢਾਹਿਆ ਗਿਆ। ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਹੁਤਿਆਂ ਨੂੰ ਭਾਰੀ ਮਾਰਕੁਟ ਕਰ ਕੇ, ਘੋੜਿਆਂ ਦੇ ਸਮਾਂ ਥੱਲੇ ਦਰੜ ਕੇ, ਲੰਮਾਂ ਸਮਾਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਤਸੀਹੇ ਦੇ ਕੇ ਨਕਾਰੇ ਕਰ ਦਿੱਤਾ ਗਿਆ। ਉਸੇ ਜ਼ੰਗ-ਏ-ਅਜ਼ਾਦੀ ਦੌਰਾਨ ਅਨੇਕਾਂ ਹੀ ਸੰਘਰਸ਼ੀ ਯੋਧਿਆਂ ਨੂੰ ਨਰਕਾਂ ਤੋਂ ਮਾੜੀ ਸੈਲੂਲਰ ਜੇਲ੍ਹ (ਕਾਲੇ ਪਾਣੀ) ਵਿਚ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਜੇਲ੍ਹ ਬਾਰੇ ਇੰਟਰਨੈੱਟ ਰਾਹੀਂ ਮਿਲੀ ਜਾਣਕਾਰੀ ਇਸ ਲੇਖ ਵਿਚ ਸ਼ਾਮਲ ਕਰ ਰਿਹਾ ਹਾਂ ਤਾਂ ਜੋ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਅਜ਼ਾਦੀ ਲਈ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਅਤੇ ਸ਼ਹੀਦੀਆਂ ਦੇਣੀਆਂ ਪਈਆਂ। ਸਿੱਖ ਕੌਮ ਨਾਲ ਸੰਬੰਧਿਤ ਸੰਘਰਸ਼ੀ ਯੋਧਿਆਂ ਵੱਲੋਂ ਪਾਏ ਗਏ ਲਾਮਿਸਾਲ ਯੋਗਦਾਨ ਨੂੰ ਜਾਣ ਬੁਝ ਕੇ ਅਣਡਿੱਠ ਜਾਂ ਅਣਹੋਇਆ ਹੀ ਕੀਤਾ ਗਿਆ ਹੈ ਅਤੇ ਇਹ ਘਟੀਆ ਅਨੈਤਿਕ ਵਰਤਾਰਾ ਅੱਜ ਵੀ ਜਾਰੀ ਹੈ। ਅਜ਼ਾਦੀ ਤੋਂ ਬਾਅਦ ਵੀ ਪੈਰ ਪੈਰ ‘ਤੇ ਵਿਤਕਰੇ ਕੀਤੇ ਜਾ ਰਹੇ ਹਨ। ਸੈਲੂਲਰ ਜੇਲ੍ਹ ਕਾਲੇ ਪਾਣੀ ਬਾਰੇ ਇਹ ਜਾਣਕਾਰੀ ਨਿਮਨ ਅਨੁਸਾਰ ਹੈ। ਨਿਸਚੇ ਹੀ! ਇਹ ਸਾਰਾ ਨਿਮਨ ਵਰਣਨ ਲੂੰ-ਕੰਡੇ ਖੜੇ ਕਰ ਦੇਣ ਵਾਲਾ ਹੈ। ਜੇਲ੍ਹ ਤੋਂ ਪਹਿਲਾਂ ਜਦੋਂ ਤਕ ਪੋਰਟ ਬਲੇਅਰ ਦੀ ਕਾਲੇਪਾਣੀ ਦੀ ਜੇਲ੍ਹ ਜਾਂ ਸੈਲੂਲਰ ਜੇਲ੍ਹ ਨਹੀਂ ਸੀ ਬਣੀ, ਉਨਾਂ ਚਿਰ ਕੈਦੀਆਂ ਨੂੰ ਖੁੱਲ੍ਹੇ ਅਸਮਾਨ ਹੇਠ ਵਾਈਪਰ ਆਈਲੈਂਡ (ਜ਼ਹਿਰੀਲੇ ਸੱਪਾਂ ਦੇ ਟਾਪੂ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਉੱਥੋਂ ਕਿਸੇ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ ੧੦ ਹਜ਼ਾਰ ਕਿਲੋਮੀਟਰ ਤਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ। ਕਾਲੇ ਪਾਣੀਆਂ ਦੀ ਸਜ਼ਾ ਕੱਟ ਰਹੇ ਕੈਦੀਆਂ ਵਿਚ ਸਭ ਤੋਂ ਵੱਧ ਗਿਣਤੀ ਸਿੱਖਾਂ ਤਥਾ ਪੰਜਾਬੀਆਂ ਦੀ ਸੀ ਅਤੇ ਦੂਜੇ ਨੰਬਰ ਉੱਤੇ ਬੰਗਾਲੀ ਸਨ। ਵਾਈਪਰ ਟਾਪੂ ਆਈਲੈਂਡ ਉੱਤੇ ਦਿਨੇ ਤਾਂ ਸਾਰਾ ਦਿਨ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਨੂੰ ਭੁੱਖੇ-ਪਿਆਸਿਆਂ ਨੂੰ ਦਰੱਖਤਾਂ ਨਾਲ ਬੰਨ੍ਹ ਦਿਤਾ ਜਾਂਦਾ ਸੀ। ਜਿਹੜੇ ਮਰ ਜਾਂਦੇ (ਸ਼ਹੀਦ ਹੋ ਜਾਂਦੇ) ਉਨ੍ਹਾਂ ਨੂੰ ਬਿਨਾਂ ਕਿਸੇ ਕਾਇਦ-ਏ-ਕਾਨੂੰਨ ਦੇ ਸਮੁੰਦਰ ਵਿਚ ਰੋੜ੍ਹ ਦਿੱਤਾ ਜਾਂਦਾ ਸੀ। ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਪਿੱਛੇ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਅਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ਉੱਤੇ ਉਦੋਂ ਤਕ ਸੋਟੀਆਂ ਮਾਰੀਆਂ ਜਾਂਦੀਆਂ, ਜਦੋਂ ਤਕ ਉਹ ਮੋਟੀ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਨਾ ਚੜ੍ਹਾ ਦਿੰਦੇ। ਇਸ ਕਾਰਜ ਵਿਚ ਅਸਮਰੱਥ ਰਹਿਣ ਵਾਲੇ ਕੈਦੀਆਂ ਨੂੰ ਬੇਹੋਸ਼ ਹੋ ਜਾਣ ਤਕ ਕੁੱਟਿਆ ਜਾਂਦਾ ਸੀ।

ਜੇਲ੍ਹ ਬਾਰੇ ਜਾਣਕਾਰੀ
ਬੇਹੱਦ ਮਜ਼ਬੂਤ ਬਣੀ ਸੈਲੂਲਰ ਜੇਲ੍ਹ ਦੀ ਬਣਤਰ ਅਜਿਹੀ ਹੈ ਕਿ ਇਕ ਕੈਦੀ ਦੂਜੇ ਕੈਦੀ ਦੀ ਸ਼ਕਲ ਤਕ ਨਹੀਂ ਦੇਖ ਸਕਦਾ। ੧੩.੫ ਫੁੱਟ ਲੰਬਾਈ ਅਤੇ ੭ ਫੁੱਟ ਚੌੜਾਈ ਵਾਲੀ ਹਰ ਇਕ ਸੈੱਲ (ਕਾਲ ਕੋਠੜੀ) ਵਿਚ ਦਸ ਫੁੱਟ ਲੰਮਾ ਅਤੇ ਇਕ ਫੁੱਟ ਚੌੜਾ ਰੋਸ਼ਨਦਾਨ ਬਣਾਇਆ ਹੋਇਆ ਹੈ। ਇਕ ਸੈੱਲ ਵਿਚ ਇਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਉਸ ਦੇ ਸੈੱਲ ਵਿਚ ਲੋਹੇ ਦਾ ਇਕ ਭਾਰਾ ਕੋਹਲੂ ਅਤੇ ਇਕ ਚੱਕੀ ਲੱਗੀ ਹੁੰਦੀ ਸੀ। ਹਰ ਕੈਦੀ ਲਈ ਹਰ ਰੋਜ਼ ੨੫ ਕਿੱਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਪਹਿਲਾਂ ਪੱਥਰ ਉੱਤੇ ਮਾਰ-ਮਾਰ ਕੇ ਨਾਰੀਅਲ ਤੋੜਨਾ ਅਤੇ ਫਿਰ ਉਸ ਦਾ ਤੇਲ ਕੱਢਣਾ। ਜਿਹੜਾ ਵੀ ਕੈਦੀ ਕਿਸੇ ਦਿਨ ੨੫ ਕਿੱਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ। ਕਾਲ-ਕੋਠੜੀਆਂ ਵਿਚ ਬਿਜਲੀ ਦੀ ਜਾਂ ਹੋਰ ਕਿਸਮ ਦੀ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਨ੍ਹਾਂ ਕਾਲ-ਕੋਠੜੀਆਂ ਵਿੱਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਅਤੇ ਜਾਂ ਤਸੀਹੇ ਦੇਣੇ ਹੁੰਦੇ। ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਅਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿਚ ਕੱਸ ਕੇ ਉਦੋਂ ਤਕ ਕੋੜੇ ਮਾਰੇ ਜਾਂਦੇ, ਜਦੋਂ ਤਕ ਉਸ ਦੀ ਪਿੱਠ ਦਾ ਮਾਸ ਨਾ ਉਧੜ ਜਾਂਦਾ।

ਖਾਣੇ ਬਾਰੇ ਜਾਣਕਾਰੀ
ਹਰ ਕੈਦੀ ਨੂੰ ਦੋ ਭਾਂਡੇ ਦਿੱਤੇ ਜਾਂਦੇ- ਇਕ ਲੋਹੇ ਦਾ ਤੇ ਇਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿਚ ਖਾਣਾ ਦਿੱਤਾ ਜਾਂਦਾ ਸੀ। ਲੋਹੇ ਦੇ ਭਾਂਡੇ ਵਿਚ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰ ਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ। ਭਾਵੇਂ ਕਿਸੇ ਨੂੰ ਭੁੱਖ ਹੁੰਦੀ ਜਾਂ ਨਾ, ਖਾਣਾ ਤੁਰੰਤ ਹੀ ਖਾਣਾ ਪੈਂਦਾ ਸੀ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ- ਕੋਠੜੀ ਵਿਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ।

ਪਹਿਨਣ ਲਈ ਕੱਪੜੇ
ਪਹਿਨਣ ਲਈ ਕੈਦੀਆਂ ਨੂੰ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸਨ ਤੇ ਪੈਰ ਨੰਗੇ ਰੱਖਣੇ ਪੈਂਦੇ ਸਨ। ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ। ਬਿਮਾਰੀ ਦੀ ਹਾਲਤ ਵਿਚ ਕਿਸੇ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਬਿਮਾਰ ਹੋ ਕੇ ਮਰ ਜਾਣ ਵਾਲੇ ਕੈਦੀ ਦੀ ਲਾਸ਼ ਨੂੰ ਸਮੁੰਦਰ ਵਿਚ ਹੀ ਰੋੜ੍ਹ ਦਿੱਤਾ ਜਾਂਦਾ ਸੀ।

ਫਾਂਸੀ ਘਰ
ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਉੱਤੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਅੱਜ ਵੀ ਉਹ ਤਿੰਨ ਰੱਸੇ ਲਟਕ ਰਹੇ ਹਨ, ਜਿਨ੍ਹਾਂ ਨਾਲ ਹਜ਼ਾਰਾਂ ਮਹਾਨ ਯੋਧੇ ਮੌਤ ਦੀ ਗੋਦ ਵਿਚ ਸੁਆ ਦਿੱਤੇ ਗਏ। ਜੇਲ੍ਹ ਦੇ ਵਿਹੜੇ ਵਿਚ ਅੱਜ ਵੀ ਉਹ ਸਥਾਨ ਜਿਉਂ ਦਾ ਤਿਉਂ ਕਾਇਮ ਹੈ, ਜਿੱਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ। ਪੋਰਟ ਬਲੇਅਰ ਵਿਚ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿਚ ਸੈਲੂਲਰ ਜੇਲ੍ਹ ਤੋਂ ਥੋੜ੍ਹਾ ਜਿਹਾ ਦੂਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਦੀਵਾਨ ਸਿੰਘ ਕਾਲੇਪਾਣੀ ਉਸ ਸਮੇਂ ਦੇ ਮਹਾਨ ਡਾਕਟਰ ਸਨ। ਡਾਕਟਰ ਹੋਣ ਦੇ ਨਾਲ ਨਾਲ ਉਹ ਬਹੁਤ ਵੱਡੇ ਸਾਹਿਤਕਾਰ ਵੀ ਸਨ। ਉਨ੍ਹਾਂ ਵੱਲੋਂ ਅਨੇਕ ਕਵਿਤਾਵਾਂ ਤਾਂ ਸਾਨੂੰ (ਲੇਖਕ) ਸਕੂਲ ਵਿਚ ਪੜ੍ਹਾਈਆਂ ਜਾਂਦੀਆਂ ਸਨ ਪਰੰਤੂ ਇਹ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ। ਸਜ਼ਾ ਦੌਰਾਨ ਡਾ. ਦੀਵਾਨ ਸਿੰਘ ‘ਕਾਲੇਪਾਣੀ’ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਸਨ। ਸਜ਼ਾ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਇਕੱਲੇ ਉਹ ਹੀ ਨਹੀਂ, ਪਤਾ ਨਹੀਂ ਕਿੰਨੇ ਦੀਵਾਨ ਸਿੰਘ ਆਪਣੇ ਨਹੁੰ ਜਮੂਰਾਂ ਨਾਲ ਖਿਚਵਾ ਕੇ ਦੇਸ਼ ਨੂੰ ਅਜ਼ਾਦ ਕਰਵਾ ਗਏ |

ਜਰਨਲ ਡੇਵਿਡ ਬੈਰੀ
ਸੈਲੂਲਰ ਜੇਲ੍ਹ ਵਿਚ ਜੇਲ੍ਹਰ ਡੇਵਿਡ ਬੈਰੀ ਦੀ ਤਾਨਾਸ਼ਾਹੀ ਚੱਲਦੀ ਸੀ। ਉਹ ਜ਼ੁਲਮ ਦੇ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸੀ। ਕੋੜੇ ਮਾਰਨੇ ਅਤੇ ਗਾਲ੍ਹਾਂ ਦੇਣੀਆਂ ਉਸ ਦਾ ਆਮ ਕੰਮ ਸੀ। ਜਨਰਲ ਬੈਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ-ਜਾਂਦਿਆਂ ਜਹਾਜ਼ ਵਿਚ ਹੀ ਪਰਵਾਰ ਨੂੰ ਮਿਲੇ ਬਿਨਾਂ ਹੀ ਉਸ ਦੀ ਮੌਤ ਹੋ ਗਈ। ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਜਨਰਲ ਬੇਰੀ ਵੀ ਆਪਣੇ ਪਰਵਾਰ ਨਾਲੋਂ ਵਿਛੜਿਆ ਉਸੇ ਤਰ੍ਹਾਂ ਹੀ ਮਰ ਗਿਆ, ਜਿਸ ਤਰ੍ਹਾਂ ਉਨ੍ਹਾਂ ਵੱਲੋਂ ਦੇਸ਼-ਭਗਤਾਂ ਨੂੰ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਗਿਆ ਸੀ। ਭਾਰਤ ਦਾ ਹਰ ਵਿਅਕਤੀ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਜ਼ਰੂਰ ਵੇਖੇ, ਤਾਂ ਕਿ ਪਤਾ ਲੱਗੇ ਕਿ ਜਿਸ ਅਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ, ਉਹ ਕਿੰਨੇ ਮਹਿੰਗੇ ਮੁੱਲ ਸਾਨੂੰ ਨਸੀਬ ਹੋਈ ਹੈ। ਉਨਾਂ ਚਿਰ ਦੇਸ਼ ਦੀ ਅਜ਼ਾਦੀ ਦੇ ਮੁੱਲ ਦਾ ਪਤਾ ਨਹੀਂ ਲੱਗ ਸਕਦਾ, ਜਿੰਨਾ ਚਿਰ ਅਸੀਂ ਕਾਲੇ ਪਾਣੀ ਦੀ ਸਜ਼ਾ ਭੁਗਤ ਕੇ ਦੇਸ਼ ਉੱਪਰੋਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਜਾਣਦੇ ਅਤੇ ਸੱਚ ਨੂੰ ਨਹੀਂ ਪਹਿਚਾਣਦੇ।

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਅਜ਼ਾਦੀ ਦਾ ਮਹਿਲ ੧੫ ਅਗਸਤ, ੧੯੪੭ ਈ. ਨੂੰ ਸਿਰਜਿਆ ਗਿਆ ਅਤੇ ਜਿਸ ਅਜ਼ਾਦੀ ਦੇ ਮਹਿਲ ਵਿਚ ਅਸੀਂ ਸਾਰੇ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਸੰਸਾਰ ਅੰਦਰ ਅਜ਼ਾਦ ਦੇਸ਼ ਦੇ ਸ਼ਹਿਰੀ ਬਣ ਕੇ, ਗਰਦਨਾਂ ਉੱਚੀਆਂ ਕਰ ਕੇ ਗੈਰਤ ਅਤੇ ਗੌਰਵ ਨਾਲ ਵਿਚਰ ਰਹੇ ਹਾਂ ਉਸੇ ਦੇਸ਼ ਭਾਰਤ ਵਿਚ, ਜਿਨ੍ਹਾਂ ਵਿਦੇਸ਼ੀਆਂ ਨੂੰ ਸਾਡੇ ਬਜ਼ੁਰਗ ਅੱਵਲ ਸ਼ਹਿਰੀ ਅਤੇ ਆਪਣੇ ਆਪ ਨੂੰ ਦੋਮ ਅਤੇ ਸੋਮ ਭਾਵ ਦੂਜੇ ਅਤੇ ਤੀਜੇ ਕਿਸਮ ਦੇ ਮਾਤੜ ਸਮਝ ਕੇ ਅੰਗਰੇਜ਼ਾਂ ਦੇ ਬਰਾਬਰ ਨਹੀਂ ਸਗੋਂ ਉਨ੍ਹਾਂ ਤੋਂ ਨੀਵੇਂ ਹੋ ਕੇ ਚਲਦੇ ਸੀ। ਹੁਣ ਉਨ੍ਹਾਂ ਹੀ ਅੰਗਰੇਜ਼ ਸਾਮਰਾਜੀਆਂ ਨਾਲ ਬਰਾਬਰਤਾ ਦੇ ਅਹਿਸਾਸ ਨਾਲ ਸ਼ਾਨ ਨਾਲ ਵਿਚਰ ਰਹੇ ਹਨ। ਉਸ ਅਜ਼ਾਦੀ ਦੇ ਮਹਿਲ ਦੀਆਂ ਇੱਟਾਂ ਅਤੇ ਗਾਰਾ ਤਾਂ ਉਨ੍ਹਾਂ ਮਹਾਨ ਸਿੰਘਾਂ-ਸ਼ਹੀਦਾਂ ਦੇ ਪਵਿੱਤਰ ਖ਼ੂਨ, ਮਿਝ ਅਤੇ ਹੱਡੀਆਂ ਹੀ ਹਨ।

ਰਾਸ਼ਟਰਵਾਦੀਆਂ ਵੱਲੋਂ ੧੯੪੨ ਈ. ਵਿਚ ‘ਅੰਗਰੇਜ਼ੋ ਭਾਰਤ ਛੱਡੋ” ਦਾ ਨਾਅਰਾ ਦਿੱਤਾ ਗਿਆ। ਉਸ ਤੋਂ ਪਹਿਲਾਂ ਤਾਂ ਅਣਗਿਣਤ ਦੇਸ਼-ਵਾਸੀਆਂ ਖਾਸ ਕਰਕੇ ਪੰਜਾਬੀਆਂ ਅਤੇ ਬੰਗਾਲੀਆਂ ਦੀਆਂ ਸ਼ਹੀਦੀਆਂ, ਕੁਰਬਾਨੀਆਂ ਅਤੇ ਝੱਲੇ ਅਣਮਨੁੱਖੀ ਤਸੀਹੇ, ਜਲਾਵਤਨੀ ਦਾ ਸੰਤਾਪ ਭੋਗਿਆ ਅਤੇ ਕਾਲੇਪਾਣੀਆਂ ਦੀ ਸੈਲੂਲਰ ਜੇਲ੍ਹ ਵਿਚ ਅਕਹਿ ਅਤੇ ਅਸਹਿ ਤਸੀਹੇ ਝੱਲੇ ਅਤੇ ਸ਼ਹੀਦੀਆਂ ਪਾਈਆਂ, ਜਿਨ੍ਹਾਂ ਦੀ ਸ਼ਹੀਦੀ ਉਪਰੰਤ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਨੂੰ ਉਨ੍ਹਾਂ ਦੇ ਪਰਵਾਰਾਂ ਦੀ ਸਮੂਲੀਅਤ ਤੋਂ ਬਗੈਰ ਬਿਨਾਂ ਕਿਸੇ ਧਾਰਮਿਕ ਅਤੇ ਸਮਾਜਿਕ ਰਹੁ-ਰੀਤ ਅਤੇ ਮਰਯਾਦਾ ਬਗੈਰ ਹੀ ਡੂੰਘੇ ਸਮੁੰਦਰ ਵਿਚ ਹੀ ਰੋੜ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ ਜਿਨ੍ਹਾਂ ਸੰਘਰਸ਼ੀ ਯੋਧਿਆਂ ਨੇ ਜਾਬਰ, ਜਾਲਮ ਅਤੇ ਨਿਰਦਈ ਅੰਗਰੇਜ਼ ਅਹਿਲਕਾਰਾਂ ਅਤੇ ਉਨ੍ਹਾਂ ਦੇ ਟੋਡੀਆਂ, ਮੁਖ਼ਬਰਾਂ, ਝੋਲੀਚੁਕਾਂ ਨੂੰ ਗੱਡੀ ਚੜ੍ਹਾ ਕੇ ਸਰਕਾਰ ਅੰਗਰੇਜ਼ੀ ਦੇ ਮਹਿਲ ਦੀਆਂ ਨੀਹਾਂ ਹਿਲਾ ਦਿੱਤੀਆਂ ਸਨ ਅਤੇ ਸਰਕਾਰ ਅੰਗਰੇਜ਼ੀ ਦੇ ਜਾਲਮ ਪਰ ਕਾਇਰ ਅਫਸਰਾਂ ਦੀਆਂ ਲੱਤਾਂ ਥਰਥਰ ਕੰਬਣ ਲਗਾ ਦਿੱਤੀਆਂ ਸਨ। ਇਸ ਦੇ ਨਾਲ ੧੯੩੯ ਈ.ਵਿਚ ਅਰੰਭ ਹੋਏ ਦੂਜੇ ਮਹਾਂਯੁੱਧ ਦੇ ਤਿੰਨ ਸਾਲ (੧੯੪੨ ਤੀਕ) ਦੌਰਾਨ ਸਰਕਾਰ ਅੰਗਰੇਜ਼ ਬਿਲਕੁਲ ਕਮਜ਼ੋਰ ਹੋ ਗਈ ਸੀ। ਉਸ ਸਰਕਾਰ ਅੰਗਰੇਜ਼ੀ ਦੇ ਕਫਨ ਵਿਚ ਆਖਰੀ ਕਿੱਲ ੬ ਅਤੇ ੯ ਅਗਸਤ ੧੯੪੫ ਨੂੰ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਪ੍ਰਮਾਣੂ ਬੰਬਾਂ ਨੇ ਗੱਡ ਕੇ, ਸਰਕਾਰ ਅੰਗਰੇਜ਼ੀ ਜਿਨ੍ਹਾਂ ਦੇ ਰਾਜ ਉੱਤੇ ਸੂਰਜ ਨਹੀਂ ਸੀ ਛਿਪਦਾ, ਨੂੰ ਬਿਲਕੁਲ ਡਾਵਾਂ-ਡੋਲ ਕਰਕੇ, ਹਿਲਾ ਕੇ ਰੱਖ ਦਿੱਤਾ ਸੀ। ਸਰਕਾਰ ਅੰਗਰੇਜ਼ੀ ਨੂੰ ਤਾਂ ਆਪਣਾ ਮੁਲਕ (ਵਲਾਇਤ) ਹੀ ਸੰਭਾਲਣਾ ਔਖਾ ਹੋ ਗਿਆ ਸੀ ਅਤੇ ਅੰਗਰੇਜ਼ੀ ਸਾਮਰਾਜ ਦੀ ਪਕੜ ਗ਼ੁਲਾਮ ਦੇਸ਼ਾਂ ਉੱਤੇ ਬਿਲਕੁਲ ਢਿੱਲੀ ਪੈ ਗਈ ਸੀ। ਇਸ ਤਰ੍ਹਾਂ ਕੇਵਲ ਸਾਨੂੰ ਹੀ ਨਹੀਂ ਸਗੋਂ ਦੁਨੀਆ ਦੇ ਅਨੇਕਾਂ ਹੀ ਹੋਰ ਦੇਸ਼ਾਂ ਨੂੰ ਵੀ ਅਜ਼ਾਦੀ ਮਿਲੀ।

ਜਿਸ ਢੰਗ ਨਾਲ ਉਨ੍ਹਾਂ ਮਹਾਨ ਸਿੱਖ ਸੰਘਰਸ਼ੀ ਯੋਧਿਆਂ ਦਾ ਇਤਿਹਾਸ ਮਿਟਾਇਆ ਜਾ ਰਿਹਾ ਹੈ। ਉਹ ਬਿਲਕੁਲ ਯੋਗ ਨਹੀਂ ਹੈ। ਉਨ੍ਹਾਂ ਮਹਾਨ ਯੋਧਿਆਂ ਨਾਲ ਬੜੀ ਵੱਡੀ ਬੇਇਨਸਾਫੀ ਹੈ। ਅਸੀਂ ਜਿਹੜੇ ਉਨ੍ਹਾਂ ਯੋਧਿਆਂ ਦੇ ਵਾਰਸ ਹਾਂ ਅਤੇ ਸਾਡਾ ਸਭ ਦਾ ਫਰਜ਼-ਏ-ਅਵੱਲ ਬਣਦਾ ਹੈ ਕਿ ਸਮੇਂ ਦੀ ਲੋੜ ਅਤੇ ਨਜ਼ਾਕਤ ਨੂੰ ਸਮਝੀਏ ਅਤੇ ਪਵਿੱਤਰ ਕੌਮੀ ਫਰਜ਼ ਜਾਣ ਕੇ, ਪਛਾਣ ਕੇ, ਸਮਝ ਕੇ ਆਪਣੇ ਮਹਾਨ ਅਤੇ ਅਦੁੱਤੀ ਇਤਿਹਾਸ ਨੂੰ ਸਾਂਭਣ ਦਾ ਯਤਨ ਕਰੀਏ ਤਾਂ ਜੋ ਅਸੀਂ ਸਾਰੇ ਉਸ ਨਿਵੇਕਲੇ ਅਤੇ ਵਿਲੱਖਣ ਇਤਿਹਾਸ ਨੂੰ ਆਪਣੇ ਬੱਚਿਆਂ ਤੀਕ ਵੀ ਪਹੁੰਚਾਈਏ। ਨਹੀਂ ਤਾਂ ਬੈਬੇਲੋਨੀਆ ਅਤੇ ਮੈਸੋਪਟਾਮੀਆ ਦੀਆਂ ਸਭਿਆਤਾਵਾਂ ਵਾਂਗ ਅਸੀਂ ਵੀ ਸਫੇ ਧਰਤੀ ਤੋਂ ਮਿੱਟ ਜਾਵਾਂਗੇ ਅਤੇ ਉਨ੍ਹਾਂ ਪੰਥ-ਵਿਰੋਧੀ ਸ਼ਕਤੀਆਂ, ਜਿਹੜੀਆਂ ਬਿਨਾਂ ਕਿਸੇ ਕਾਰਨ ਦੇ ਹੀ ਨਿਰੋਲ ਈਰਖਾ, ਦਵੈਸ਼, ਕੱਟੜਵਾਦੀ ਅਤੇ ਅਸਹਿਣਸ਼ੀਲਤਾ ਦੀ ਨਖਿੱਧ ਨੀਤੀ ਕਾਰਨ ਸਾਨੂੰ ਮਿਟਾਉਣਾ ਚਾਹੁੰਦੀਆਂ ਹਨ। ਉਨ੍ਹਾਂ ਦਾ ਰਾਹ ਮੋਕਲਾ ਕਰ ਦਿਆਂਗੇ। ਉਨ੍ਹਾਂ ਦਾ ਕੰਮ ਸੌਖਾ ਕਰ ਦਿਆਂਗੇ। ਜਾਗੋ! ਉਠੋ! ਸੁਚੇਤ ਹੋਵੋ।

ਆਓ, ! ਬਲ ਧਾਰੀਏ ! ਆਪਣਾ ਫ਼ਰਜ਼ ਪਛਾਣੀਏ ਅਤੇ ਕਾਰਜਸ਼ੀਲ ਹੋ ਜਾਈਏ। ਫਿਰ ਸਭ ਬੰਧਨ ਟੁੱਟ ਜਾਣਗੇ। ਪੰਥ- ਦੋਖੀ ਸ਼ਕਤੀਆਂ ਦੇ ਮੰਦੇ ਮਨਸੂਬੇ ਆਪਣੇ ਆਪ ਹੀ ਪਸਤ ਹੋ ਜਾਣਗੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਬਖਸ਼ਿਆ ਸੱਚ ਪਰਗਟ ਹੋ ਜਾਵੇਗਾ:
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੨੯)
ਪਰੰਤੂ ਅਜੋਕੇ ਸਮੇਂ ਦੇ ਨਿੱਜਪ੍ਰਸਤ, ਮੌਕਾਪ੍ਰਸਤ, ਮਤਲਬਪ੍ਰਸਤ, ਹੈਂਕੜਬਾਜ਼ ਅਖੌਤੀ ਆਗੂਆਂ ਪਾਸੋਂ ਤਾਂ ਆਸ ਹੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੂੰ ਦੇਸ਼, ਕੌਮ, ਧਰਮ, ਸਮਾਜਿਕ ਸਰੋਕਾਰਾਂ, ਭਾਸ਼ਾ ਅਤੇ ਸਭਿਆਚਾਰ ਦੀ ਕੋਈ ਚਿੰਤਾ ਹੀ ਨਹੀਂ ਸਗੋਂ ਉਹ ਤਾਂ ਦਿਨ-ਰਾਤ ਵੱਧ ਤੋਂ ਵੱਧ ਰਾਜਸ਼ਕਤੀ ਅਤੇ ਧਨ-ਦੌਲਤ ਪਿੱਛੇ ਅੰਨ੍ਹਿਆਂ ਵਾਂਗ ਦੌੜੇ ਫਿਰ ਰਹੇ ਹਨ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਕੁਰਬਾਨੀਆਂ ਅਤੇ ਦੇਸ਼-ਭਗਤੀ ਦੀ ਭਾਵਨਾ ਅਤੇ ਕਾਰਨਾਮਿਆਂ ਤੋਂ ਬਿਲਕੁਲ ਕੋਰਾ ਅਤੇ ਸੱਖਣਾ ਹੈ। ਬਹੁਤੇ ਤਾਂ ਸਰਕਾਰ ਅੰਗਰੇਜ਼ੀ ਦੇ ਝੋਲੀਚੁੱਕ ਅਤੇ ਗੁਮਾਸਤੇ ਹੀ ਰਹੇ ਹਨ। ਇਸ ਲਈ ਉਨ੍ਹਾਂ ਨੇ ਨਾ ਤਾਂ ਅਜਿਹਾ ਸੰਘਰਸ਼ੀ ਇਤਿਹਾਸ ਹੰਢਾਇਆ ਹੈ ਅਤੇ ਨਾ ਹੀ ਜਾਣਨ ਦੀ ਖੇਚਲ ਹੀ ਕੀਤੀ ਹੈ। ਉਨ੍ਹਾਂ ਦਾ ਕੰਮ ਤਾਂ ਮੌਕੇ ਮੁਤਾਬਕ ਗੋਲ-ਮੋਲ ਗੱਲਾਂ ਕਰ ਕੇ, ਨਿਰੋਲ ਝੂਠੇ ਲਾਰੇ ਅਤੇ ਨਾਅਰੇ ਲਗਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੀਆਂ ਅਮੁੱਕ ਰਾਜਸੀ ਅਤੇ ਆਰਥਿਕ ਇੱਛਾਵਾਂ, ਲਾਲਸਾਵਾਂ ਅਤੇ ਤ੍ਰਿਸ਼ਨਾਵਾਂ ਪੂਰੀਆਂ ਕਰਨਾ ਹੀ ਹੈ। ਉਹ ਕੌਮੀ ਵਿਰਸੇ ਅਤੇ ਕੌਮ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਿਲਕੁਲ ਕੋਰੇ ਹਨ ਅਤੇ ਸਾਰੇ ਹਾਲਾਤ ਤੋਂ ਬਿਲਕੁਲ ਅਭਿੱਜ ਹਨ। ਇਨ੍ਹਾਂ ਨੇਤਾਵਾਂ ਅੰਦਰ ਦੇਸ਼ ਭਗਤੀ ਅਤੇ ਜਨਤਾ ਦੀ ਭਲਾਈ ਦੀ ਤਾਂ ਅੰਸ਼ ਵੀ ਨਹੀਂ ਹੈ। ਇਹ ਤਾਂ ਪੂਰੀ ਤਰ੍ਹਾਂ ਪਰਵਾਰਪ੍ਰਸਤੀ ਵਿਚ ਗ੍ਰਸੇ ਹੋਏ ਹਨ। ਇਹ ਨੇਤਾ ਲੋਕ ਤਾਂ ਕੇਵਲ ਹੰਕਾਰ ਦੇ ਭੰਡਾਰ ਹੀ ਹਨ ਉਹ ਆਪਣੀਆਂ ਭਵਿੱਖੀ ਪੀੜ੍ਹੀਆਂ ਲਈ ਜਾਇਦਾਦ ਅਤੇ ਧਨ ਦੇ ਗੰਜ ਛੱਡ ਕੇ ਜਾਣ ਲਈ ਹੀ ਲੋਚਦੇ ਸੋਚਦੇ ਅਤੇ ਕਾਰਜਸ਼ੀਲ ਰਹਿੰਦੇ ਹਨ। ਕਾਇਦਾ-ਕਾਨੂੰਨ ਅਤੇ ਨੈਤਿਕਤਾ ਨਹੀਂ ਸਗੋਂ ਹਰ ਜਾਇਜ਼-ਨਜਾਇਜ਼ ਵਸੀਲੇ ਰਾਹੀਂ! ਇਹ ਸੂਬੇ ਅਤੇ ਦੇਸ਼-ਵਾਸੀਆਂ ਦੀ ਬਦਕਿਸਮਤੀ ਹੀ ਹੈ।

ਸਾਡੇ ਬੁਧੀਜੀਵੀ ਵੀ ਸ਼ਾਇਦ ਉਨ੍ਹਾਂ ਹੀ ਪੈਂਡਿਆਂ ਦੇ ਰਾਹੀਂ ਬਣ ਗਏ ਹਨ। ਉਨ੍ਹਾਂ ਦੀਆਂ ਕਲਮਾਂ ਨਿੱਤ ਵਿਕ ਰਹੀਆਂ ਹਨ। ਉਹ ਧਨ-ਕੁਬੇਰਾਂ ਦੇ ਰਸਤੇ ਉਤੇ ਪਏ ਹੋਏ ਹਨ। ਪਰੰਤੂ ਐਸਾ ਤਾਂ ਨਹੀਂ ਹੋ ਸਕਦਾ ਕਿ ਜਿਸ ਕੌਮ ਦੀਆਂ ਨੀਹਾਂ ਵਿਚ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਗੁਰੂ ਕੇ ਲਾਲਾਂ, ਗੁਰੂ ਕੇ ਸਿੱਖਾਂ ਦਾ ਪਵਿੱਤਰ ਖੂਨ ਪਿਆ ਹੋਇਆ ਹੈ ਉਹ ਕੌਮ ਕਦੇ ਵੀ ਮਿਟ ਜਾਂ ਮਿਟਾਈ ਤਾਂ ਨਹੀਂ ਜਾ ਸਕਦੀ। ਬਸ! ਲੋੜ ਹੈ ਜਾਗਣ ਦੀ, ਜਗਾਉਣ ਦੀ। ਆਪਣੇ ਅਦੁੱਤੀ ਵਿਰਸੇ ਨਾਲ ਜੁੜਨ ਦੀ। ਇਹ ਦੇਸ਼ ਸਭ ਤੋਂ ਵੱਧ ਸਾਡਾ ਆਪਣਾ ਦੇਸ਼, ਸਾਡੀ ਆਪਣੀ ਮਾਤਰ ਭੂਮੀ ਹੈ ਜਿਸ ਦੀ ਰੱਖਿਆ-ਸੁਰੱਖਿਆ ਲਈ ਅਤੇ ਜਿਸ ਦਾ ਮਾਣ-ਸਨਮਾਨ, ਹੋਂਦ-ਹਸਤੀ ਕਾਇਮ ਰਖਣ, ਇਸ ਦੀਆਂ ਸਰਹੱਦਾਂ ਦੀ ਰਾਖੀ ਕਰਨ, ਇਸ ਨੂੰ ਵਿਦੇਸ਼ੀ ਜਰਵਾਣਿਆਂ ਤੋਂ ਅਜ਼ਾਦ ਕਰਾਉਣ ਲਈ ਅਤੀ ਸਤਿਕਾਰਤ ਬਜ਼ੁਰਗਾਂ ਸਿੰਘ-ਸੂਰਮਿਆਂ ਨੇ ਅਣਗਿਣਤ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਦਿੱਤੀਆਂ, ਆਪਣੀ ਅਣਥੱਕ ਮਿਹਨਤੀ ਅਤੇ ਮਿਸਾਲੀ ਕਿਰਤੀ ਸੁਭਾਅ ਨਾਲ ਦੇਸ਼ ਨੂੰ ਹਰ ਪੱਖੋਂ ਵਿਕਸਿਤ, ਖੁਸ਼ਹਾਲ ਅਤੇ ਪ੍ਰਫੁਲਿਤ ਕੀਤਾ। ਉਸ ਦੇਸ਼ ਦੀ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਪ੍ਰਫੁਲਤਾ ਲਈ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਰਬੱਤ ਦੇ ਭਲੇ, ਸਹਿਣਸ਼ੀਲਤਾ ਅਤੇ ਸਾਂਝੀਵਾਲਤਾ ਦੇ ਸਿਧਾਂਤ ਅਤੇ ਹਮੇਸ਼ਾ ਹੀ “ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ‘ ॥ ” ਤਥਾ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ ਦੀ ਭਾਵਨਾ ਨਾਲ ਅੱਗੇ ਤੁਰਦਿਆਂ ਸ਼ੁੱਭ ਕਰਮਨ ਲਈ ਸਾਬਤ ਕਦਮੀ ਚਲਦਿਆਂ ਨਿੱਜੀ ਲਾਲਸਾਵਾਂ ਨੂੰ ਛੱਡ ਕੇ ਆਪਣਾ ਨੈਤਿਕ ਫਰਜ ਪੂਰਾ ਕਰ ਸਕੀਏ ਅਤੇ ਆਪਣੀਆਂ ਭਵਿੱਖੀ ਪੀੜ੍ਹੀਆਂ ਲਈ ਵਧੀਆ, ਖਿੜਿਆ, ਪ੍ਰਫੁਲਿਤ ਅਤੇ ਵਿਕਸਤ ਘੁੱਗ ਵਸਦਾ ਦੇਸ ਭਾਰਤ ਛੱਡ ਕੇ ਜਾਈਏ।

ਜ਼ੰਗ-ਏ-ਅਜ਼ਾਦੀ ਦੇ ਲਾਸਾਨੀ ਸੰਘਰਸ਼ੀ ਯੋਧਿਆਂ ਅਤੇ ਸ਼ਹੀਦਾਂ ਦੀ ਕੁਰਬਾਨੀ ਉਤੇ ਮਾਣ ਕਰੀਏ। ਇਹੋ ਹੀ ਉਨ੍ਹਾਂ ਅਦੁੱਤੀ ਅਤੇ ਬੇਜੋੜ ਸ਼ਹੀਦਾਂ, ਅਜ਼ਾਦੀ ਦੇ ਪਰਵਾਨਿਆਂ ਨੂੰ ਸਾਡੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਆਉ ! ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਪਵਿੱਤਰ ਚਰਨਾਂ ਵਿਚ ਆਪਣਾ ਸੀਸ ਝੁਕਾਈਏ। ਕਿਸੇ ਸ਼ਾਇਰ ਨੇ ਠੀਕ ਕਿਹਾ ਹੈ:
ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਰੰਬੀਆਂ ਨਾਲ ਖੋਪਰ ਲਹਿੰਦੇ ਜਦ ਤਸਵੀਰ ਬਦਲਦੀ ਕੌਮਾਂ ਦੀ।
ਜਦ ਚਰਬੀ ਢਲੇ ਸ਼ਹੀਦਾਂ ਦੀ ਰੂਹਾਂ ਵਿਚ ਚਾਨਣ ਹੋ ਜਾਵੇ।
ਜਦ ਉਸਰੇ ਕੰਧ ਮਾਸੂਮਾਂ ਦੀ ਡਿੱਗੀ ਹੋਈ ਕੌਮ ਖਲੋ ਜਾਵੇ।
ਨਿਸਚੇ ਹੀ! ਜਿਹੜੀਆਂ ਮਿਸਾਲੀ ਕੁਰਬਾਨੀਆਂ, ਸ਼ਹੀਦੀਆਂ ਉਨ੍ਹਾਂ ਮਹਾਨ ਰੂਹਾਂ ਨੇ ਕੀਤੀਆਂ ਉਨ੍ਹਾਂ ਦਾ ਸਦਕਾ ਹੀ ਸਾਨੂੰ ਅਜ਼ਾਦੀ ਪ੍ਰਾਪਤੀ ਹੋਈ ਹੈ। ਪਰਵਾਰਪ੍ਰਸਤਾਂ, ਮੌਕਾਪ੍ਰਸਤਾਂ, ਅੰਗਰੇਜ਼ਾਂ ਦੇ ਝੋਲੀਚੁੱਕਾਂ ਨੂੰ ਪਿਛੇ ਧੱਕ ਕੇ ਦੇਸ਼ ਦੀ ਵਾਗ-ਡੋਰ ਸਹੀ ਹੱਥਾਂ ਵਿਚ ਦੇਈਏ ਤਾਂ ਜੋ ਜਿਨ੍ਹਾਂ ਸ਼ੁੱਭ ਇੱਛਾਵਾਂ ਅਤੇ ਭਾਵਨਾਵਾਂ ਨਾਲ ਉਨ੍ਹਾਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਦੇਈਏ ਅਤੇ ਉਸ ਅਦੁੱਤੀ ਇਤਿਹਾਸ ਨੂੰ ਆਪਣੀ ਨੌਜਵਾਨ ਪੀੜ੍ਹੀ ਤੀਕ ਪਹੁੰਚਾਈਏ ਇਹ ਹੀ ਸਾਡੀ ਸਭ ਦੀ ਵੱਡੀ ਦੇਸ਼ ਸੇਵਾ ਹੋਵੇਗੀ।
ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕੀ ਹਯਾਤ ਹੈ।
ਹਯਾਤ ਤੋਂ ਹਯਾਤ ਵੋਹ ਮੌਤ ਹਯਾਤ ਹੈ।
ਅਕਾਲ ਪੁਰਖ ਸਦਾ ਹੀ ਅੰਗ ਸੰਗ !