-ਡਾ. ਜਸਵੰਤ ਸਿੰਘ ਨੇਕੀ
ਇਹ ਵਾਕਿਆ ਓਦੋਂ ਦਾ ਹੈ ਜਦ ਕੋਇਟੇ ਦੇ ਭੂਚਾਲ ਤੋਂ ਮਗਰੋਂ ਮੈਂ ਸਿੱਬੀ ਸ਼ਹਿਰ ਦੇ ਗੌਰਮਿੰਟ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦਾ ਸਾਂ। ਤਦ ਤਕ ਮੈਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਸੀ-ਕਵਿਤਾ ਨਹੀਂ, ਤੁਕਬੰਦੀ ਜਿਹੀ। ਉਹ ਵੀ ਉਰਦੂ ਵਿਚ ਜੋ ਉੱਥੇ ਪੜ੍ਹਾਈ ਜਾਂਦੀ ਸੀ।
ਸਾਡੀ ਜਮਾਤ ਵਿਚ ਇਕ ਮੁੰਡਾ ਸੀ ਜਿਸ ਨੂੰ ਸਾਰੇ ਛੇੜਦੇ ਹੁੰਦੇ ਸਨ। ਮੈਂ ਉਸ ਉੱਪਰ ਇਕ ਨਜ਼ਮ ਲਿਖੀ ਜਿਸ ਨੂੰ ਹਜੂ ਕਿਹਾ ਜਾ ਸਕਦਾ ਹੈ। ਉਹ ਮੈਂ ਕਲਾਸ ਵਿੱਚ ਸੁਣਾਈ ਜਦ ਮੁੰਡਾ ਉੱਥੇ ਨਹੀਂ ਸੀ। ਇਕ ਜਮਾਤੀ ਨੇ ਮੈਥੋਂ ਉਹ ਲੈ ਕੇ ਉਸ ਦਾ ਉਤਾਰਾ ਕਰ ਲਿਆ ਤੇ ਮਗਰੋਂ ਉਸ ਮੁੰਡੇ ਨੂੰ ਜਾ ਦਿੱਤਾ। ਉਸ ਨੇ ਅੱਗੋਂ ਉਹ ਵਰਕਾ ਮਾਸਟਰ ਮੌਲਾ ਬਖਸ਼ ਹੋਰਾਂ ਨੂੰ ਜਾ ਦਿੱਤਾ। ਉਹ ਮਾਸਟਰ ਜੀ ਅਨੁਸ਼ਾਸਨ ਵਜੋਂ ਸਾਰੇ ਸਕੂਲ ਵਿਚ ਮੰਨੇ ਹੋਏ ਸਨ। ਉਹ ਵਰਕਾ ਪੜ੍ਹਦਿਆਂ ਹੀ ਉਹਨਾਂ ਮੈਨੂੰ ਸੱਦ ਘੱਲਿਆ। ਮੈਂ ਪਹੁੰਚਿਆ ਤਾਂ ਉਹਨਾਂ ਦੇ ਹੱਥ ਵਿੱਚ ਵਰਕਾ ਦੇਖ ਕੇ ਮੇਰੇ ਤਾਂ ਸੋਤਰ ਸੁੱਕ ਗਏ। ਮਾਸਟਰ ਜੀ ਨੇ ਉਸ ਮੁੰਡੇ ਨੂੰ ਕਿਹਾ, “ਬੇਟਾ! ਤੂੰ ਜਾਹ, ਇਸ ਕਮਬਖਤ ਨਾਲ ਮੈਂ ਸਿੱਝਦਾ ਹਾਂ।” ਮੈਂ ਨੀਵੀਂ ਪਾਈ ਖਲੋਤਾ ਸਾਂ। ਉਹਨਾਂ ਮੇਰਾ ਮੂੰਹ ਉੱਪਰ ਚੁੱਕਿਆ ਤੇ ਮੈਨੂੰ ਪੁੱਛਿਆ, “ਇਹ ਤੂੰ ਲਿਖਿਐ?” ਮੈਂ ਨੀਵੀਂ ਪਾ ਲਈ ਤੇ ਸਿਰ ਹਿਲਾ ਕੇ “ਹਾਂ” ਵਿਚ ਜਵਾਬ ਦੇ ਦਿੱਤਾ। ਮੇਰਾ ਖ਼ਿਆਲ ਸੀ ਕਿ ਇਕ ਤਾੜ ਕਰਦਾ ਤਮਾਚਾ ਉਹ ਤੁਰੰਤ ਮੈਨੂੰ ਰਸੀਦ ਕਰਨਗੇ, ਪਰ ਐਸਾ ਨਾ ਹੋਇਆ; ਸਗੋਂ ਉਹਨਾਂ ਮੇਰੀ ਪਿੱਠ ‘ਤੇ ਹੱਥ ਫੇਰਿਆ ‘ਤੇ ਬੜੇ ਦਰਦ ਭਰੇ ਲਹਿਜੇ ਨਾਲ ਕਿਹਾ, “ਓਏ ਕਮਬਖ਼ਤਾ ! ਅੱਲਾ ਤਾਅਲਾ ਦਾ ਤੇਰੇ ‘ਤੇ ਐਡਾ ਕਰਮ ਹੋਇਆ, ਤੈਨੂੰ ਸ਼ਾਇਰੀ ਦੀ ਨਿਆਮਤ ਬਖਸ਼ੀ ਤੇ ਤੂੰ ਕਾਲੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਤੌਬਾ ਕਰ, ਮੁੜ ਕਦੇ ਕਾਲੇ ਅੱਖਰ ਨਹੀਂ ਲਿਖੇਂਗਾ।” ਉਦੋਂ ਤੌਬਾ ਦਾ ਮਤਲਬ ਸੱਚਮੁੱਚ ਤੌਬਾ ਹੀ ਹੁੰਦਾ ਸੀ। ਉਸ ਦਿਨ ਦੀ ਤੌਬਾ ਅੱਜ ਤਕ ਨਹੀਂ ਭੁੱਲੀ। ਅਸਲ ਪਛਤਾਵਾ ਹੀ ਮਨ ਦਾ ਸੰਸ਼ੋਧਨ ਕਰਦਾ ਹੈ। ਬਾਲ-ਕਵੀ ਮਨ ਲਈ ਉਹਨਾਂ ਦਾ ਪਿਆਰ-ਉਪਦੇਸ਼ ਪ੍ਰਥਮ-ਕਾਵਿ- ਸੰਥਿਆ ਬਣ ਗਿਆ।
(੧੯੩੭)
