9 views 13 secs 0 comments

ਕਿਰਤ ਦੇ ਮੁਜੱਸਮੇ :ਭਾਈ ਲਾਲੋ ਜੀ

ਲੇਖ
September 24, 2025

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਤਾਰਨ ਲਈ ਸੰਸਾਰ ਦੇ ਵੱਖ-ਵੱਖ ਪ੍ਰਚਾਰ ਦੌਰੇ ਕੀਤੇ। ਇਨ੍ਹਾਂ ਪ੍ਰਚਾਰ ਦੌਰਿਆਂ ਸਮੇਂ ਗੁਰੂ ਜੀ ਜਿਥੇ-ਜਿਥੇ ਵੀ ਗਏ ਉਥੋਂ ਦੇ ਹਾਲਾਤ ਅਨੁਸਾਰ ਆਪ ਨੇ ਮਨੁੱਖਤਾ ਨੂੰ ਉਪਦੇਸ਼ ਕੀਤਾ। ਪਹਿਲੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਪਹੁੰਚੇ। ਇਸ ਥਾਂ ਦਾ ਨਾਮ ਬਾਅਦ ਵਿਚ ਐਮਨਾਬਾਦ ਕਰਕੇ ਪ੍ਰਸਿੱਧ ਹੋਇਆ। ਪੁਰਾਤਨ ਜਨਮ ਸਾਖੀ ਭਾਈ ਬਾਲਾ ਜੀ, ਜਨਮ ਸਾਖੀ ਸ੍ਰੀ ਗੁਰੂ ਨਾਨਕੁ ਸ਼ਾਹ ਕੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼, ਪੁਰਾਤਨ ਜਨਮ ਸਾਖੀ, ਮਹਾਨਕੋਸ਼ ਅਤੇ ਸਿੱਖ ਵਿਸ਼ਵਕੋਸ਼ ਦੇ ਕਰਤਾਵਾਂ ਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਜੀ ਸਬੰਧੀ ਵੱਖ-ਵੱਖ ਵੇਰਵੇ ਦਰਜ ਕੀਤੇ ਹਨ। ਸ. ਕੇਹਰ ਸਿੰਘ ਮਠਾਰੂ ਨੇ ‘ਕਿਰਤੀ ਸੂਰਮੇ’ ਨਾਮੀ ਗ੍ਰੰਥ ਵਿਚ ਭਾਈ ਲਾਲੋ ਜੀ ਬਾਰੇ ਚੰਗੀ ਤੇ ਭਾਵਪੂਰਤ ਜਾਣਕਾਰੀ ਦਿੱਤੀ ਹੈ।
ਸ. ਕੇਹਰ ਸਿੰਘ ਲਿਖਦਾ ਹੈ ਕਿ ਇਸ ਐਮਨਾਬਾਦ ਵਿਚ ਭਾਈ ਲਾਲੋ ਨਾਮ ਦਾ ਇਕ ਕਿਰਤੀ ਸਿੱਖ ਰਹਿੰਦਾ ਸੀ। ਭਾਈ ਲਾਲੋ ਜੀ ਬੜੇ ਸੱਚੇ-ਸੁੱਚੇ, ਧਰਮ ਦੀ ਕਿਰਤ ਕਰਨ ਵਾਲੇ, ਮਿਹਨਤੀ, ਸਾਧੂ ਸੁਭਾ ਦੇ ਮਾਲਕ ਸਨ, ਜੋ ਆਪਣੀ ਕਿਰਤ ਦੀ ਕਮਾਈ ਨੂੰ ਹਮੇਸ਼ਾ ਵੰਡ ਕੇ ਛਕਦੇ ਸਨ। ਭਾਈ ਲਾਲੋ ਜੀ ਦਾ ਜਨਮ 11 ਅੱਸੂ 1452 ਈ. ਵਿਚ ਸੈਦਪੁਰ ਸੰਡਿਆਲੀ ਜ਼ਿਲਾ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਪਿਤਾ ਭਾਈ ਜਗਤ ਰਾਮ ਦੇ ਘਰ ਮਾਤਾ ਬੀਬੀ ਖੇਮੋ ਦੀ ਕੁੱਖ ਤੋਂ ਹੋਇਆ। ਭਾਈ ਲਾਲੋ ਦੁਨੀਆਵੀ ਉੁਮਰ ਪੱਖੋਂ ਗੁਰੂ ਨਾਨਕ ਜੀ ਤੋਂ 17 ਕੁ ਸਾਲ ਅਤੇ ਭਾਈ ਮਰਦਾਨਾ ਜੀ ਤੋਂ 8 ਸਾਲ ਵੱਡੇ ਸਨ। ਭਾਵ ਇਹ ਦੋਵੇਂ ਸਾਥੀ ਗੁਰੂ ਨਾਨਕ ਦੇਵ ਜੀ ਤੋਂ ਵਡੇਰੀ ਉਮਰ ਦੇ ਸਨ। ਪਿੰਡ, ਕਸਬਾ ਸੈਦਪੁਰ ਸੰਡਿਆਲੀ ‘ਤੇ ਬਾਬਰ ਵਲੋਂ ਜਬਰ ਜ਼ੁਲਮ ਕਰਕੇ ਜੋ ਇੰਤਹਾ ਕਤਲੇਆਮ ਕੀਤਾ ਗਿਆ, ਉਸ ਨਰਸਿੰਘਾਰ ਤਕ ਇਸ ਪਿੰਡ ਦਾ ਇਹੋ ਨਾਮ ਰਿਹਾ। ਹੰਕਾਰੀ ਰਾਜਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨ ਵਾਲੇ ਬਾਬਾ ਨਾਨਕ ਹੀ ਸਨ, ਬਾਬਰ ਦਾ ਪੂਰਾ ਨਾਂ ਜ਼ਹੀਰੁਦੀਨ ਮੁਹੰਮਦ ਬਾਬਰ ਸੀ। ਇਸ ਦੀ ਮਾਤਾ ਦਾ ਨਾਂ ਕਤਲਗ ਨਿਗਾਰ ਖ਼ਾਨਮ ਸੀ, ਜਿਸ ਦਾ ਪਿਛੋਕੜ ਚੰਗੇਜ਼ ਖਾਂ ਨਾਲ ਮਿਲਦਾ ਹੈ। ਬਾਬਰ ਦਾ ਖਨਵਾਦਾ ਤੈਮੂਰ ਨਾਲ ਰਲਦਾ ਸੀ। ਉਸ ਦਾ ਬਾਪ ਮਿਰਜ਼ਾ ਉਮਰ ਸ਼ੇਖ ਸੀ। ਜਦੋਂ ਬਾਬਰ ਦਾ ਸੈਦਪੁਰ ਵੱਲ ਤੀਸਰਾ ਹਮਲਾ ਸੀ ਤਾਂ ਗੁਰੂ ਨਾਨਕ ਸਾਹਿਬ ਵੀ ਤੀਸਰੀ ਉਦਾਸੀ ਵੇਲੇ ਉਥੇ ਹੀ ਆਏ ਹੋਏ ਸਨ। 26 ਜੂਨ 1539 ਈ. ਨੂੰ ਚੌਸੇ ਦੇ ਮੈਦਾਨ ਵਿਚ ਸ਼ੇਰਸ਼ਾਹ ਸੂਰੀ ਪਾਸੋਂ ਹਮਾਯੂੰ ਦੀ ਹਾਰ ਹੋਈ। ਫਿਰ 15 ਮਈ 1540 ਈ. ਨੂੰ ਕਨੌਜ ਵਿਚ ਵੱਡੀ ਲੜਾਈ ਹੋਈ। ਉਥੇ ਵੀ ਹਮਾਯੂੰ ਹਾਰ ਗਿਆ ਤੇ ਬਚਦੀ ਫੌਜ ਲੈ ਕੇ ਪੰਜਾਬ ਵੱਲ ਭੱਜ ਨਿਕਲਿਆ। ਮਗਰ ਆਏ ਸ਼ੇਰਸ਼ਾਹ ਸੂਰੀ ਨੇ ਸੈਦਪੁਰ ਨੂੰ ਜਿੱਤ ਕੇ ਬੁਰੀ ਤਰ੍ਹਾਂ ਉਜਾੜਿਆ, ਆਪ ਵਸਾ ਕੇ ਨਾਮ ਸ਼ੇਰਗੜ੍ਹ ਰੱਖਿਆ। ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ ਕਰੋੜੀ ਨੇ ਇਸ ਦਾ ਨਾਂ ਸ਼ੇਰਗੜ੍ਹ ਤੋਂ ਬਦਲ ਕੇ ਐਮਨਾਬਾਦ ਰੱਖਿਆ। ਇਹ ਪੱਛਮੀ ਪਾਕਿਸਤਾਨ ਵਿਚ ਗੁੱਜਰਾਂਵਾਲੇ ਸ਼ਹਿਰ ਤੋਂ ਅੱਠ ਮੀਲ ਦੀ ਵਿੱਥ ‘ਤੇ ਹੈ। ਏਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੋੜਿਆਂ ਦਾ ਥੜ੍ਹਾ ਬਣਾ ਕੇ ਧਰਮ ਪ੍ਰਚਾਰ ਕਰਦੇ ਰਹੇ। ਅੱਜ ਅਸਥਾਨ ਗੁਰਦੁਆਰਾ ਰੋੜੀ ਸਾਹਿਬ, ਭਾਈ ਲਾਲੋ ਜੀ ਦੇ ਵਿਹੜੇ ਵਾਲੀ ਖੂਹੀ ਜਿਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸਨ, ਉਹ ਅਸਥਾਨ ਖੂਹੀ ਸਾਹਿਬ ਬਣਿਆ ਅਤੇ ਗੁਰਦੁਆਰਾ ਚੱਕੀ ਸਾਹਿਬ ਸਭਾਏਮਾਨ ਹੈ। ਭਾਈ ਲਾਲੋ ਨੇ ਪਿੰਡ ਦੇ ਮੌਲਵੀ ਪਾਸੋਂ ਵਿੱਦਿਆ ਪ੍ਰਾਪਤ ਕੀਤੀ। ਭਾਈ ਲਾਲੋ ਜੀ ਲੱਕੜ ਦੇ ਕੰਮ ਦੇ ਮਾਹਿਰ ਕਾਰੀਗਰ ਸਨ। ਉਹ ਇਸ ਕੰਮ ਦੇ ਨਾਲ-ਨਾਲ ਹਕੀਮੀ ਵੀ ਜਾਣਦੇ ਸਨ, ਬੀਮਾਰਾਂ ਦਾ ਮੁਫਤ ਇਲਾਜ ਕਰਿਆ ਕਰਦੇ ਸਨ। ਉਸ ਸਮੇਂ ਸਮਾਜ ਅੰਦਰ ਜਾਤੀਵਾਦ ਦਾ ਕੋਹੜ ਇੰਨਾ ਭਾਰੀ ਸੀ ਕਿ ਆਪਣੇ ਆਪ ਨੂੰ ਉੱਚ ਜਾਤੀ ਦੇ ਸਮਝਣ ਵਾਲੇ ਲੋਕ ਗਰੀਬ ਲੋਕਾਂ ਦਾ ਪਰਛਾਵਾਂ ਵੀ ਬਰਦਾਸ਼ਤ ਨਹੀਂ ਸਨ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜ ਦੀਆਂ ਪਾਈਆਂ ਹੋਈਆਂ ਅਖੌਤੀ ਜਾਤ-ਪਾਤ ਦੀਆਂ ਵੰਡੀਆਂ ਨੂੰ ਤੋੜ ਕੇ ਭਾਈ ਲਾਲੋ ਜੀ ਦੇ ਘਰ ਆ ਠਹਿਰੇ ਹੋਏ ਸਨ। ਗੁਰੂ ਸਾਹਿਬ ਦੇ ਭਾਈ ਲਾਲੋ ਦੇ ਘਰ ਰਹਿਣ ਕਾਰਨ ਐਮਨਾਬਾਦ ਦੇ ਅਖੌਤੀ ਉੱਚ ਜਾਤੀ ਲੋਕਾਂ ਵਿਚ ਚਰਚਾ ਛਿੜੀ ਹੋਈ ਸੀ ਕਿ ਗੁਰੂ ਸਾਹਿਬ ਉੱਚੀ ਕੁਲ ਬੇਦੀਆਂ ‘ਚੋਂ ਹੋ ਕੇ ਇਕ ਸ਼ੂਦਰ ਦੇ ਘਰ ਠਹਿਰੇ ਹੋਏ ਹਨ।
ਐਮਨਾਬਾਦ ਵਿਚ ਹੀ ਉਥੋਂ ਦੇ ਪਠਾਨ ਫੌਜਦਾਰ ਜ਼ਾਲਮ ਖਾਂ ਦਾ ਇਕ ਹਿੰਦੂ ਅਹਿਲਕਾਰ ਮਲਕ ਭਾਗੋ ਵੀ ਰਹਿੰਦਾ ਸੀ। ਉਹ ਹੰਕਾਰੀ ਜਾਬਰ ਤੇ ਵੱਡਾ ਵੱਢੀਖੋਰ ਸੀ। ਉਹ ਲੋਕਾਂ ਦੇ ਹੱਕ ਦੀ ਕਮਾਈ ਨੂੰ ਲੁੱਟ ਰਿਹਾ ਸੀ। ਉਸ ਨੂੰ ਆਪਣੀ ਉੱਚੀ ਜਾਤ ‘ਤੇ ਹੰਕਾਰ ਸੀ। ਲੋਕਾਂ ਦੀ ਕਮਾਈ ‘ਤੇ ਐਸ਼ ਕਰਨ ਵਾਲਾ ਇਹ ਮਲਕ ਭਾਗੋ ਅਖੌਤੀ ਨੀਵੀਂ ਜਾਤ ਵਾਲਿਆਂ ਨਾਲ ਹਮੇਸ਼ਾ ਮਾੜਾ ਵਿਵਹਾਰ ਕਰਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਜਦ ਐਮਨਾਬਾਦ ਵਿਚ ਹੀ ਸਨ ਤਾਂ ਮਲਕ ਭਾਗੋ ਨੇ ਆਪਣੇ ਘਰ ‘ਬ੍ਰਹਮ ਭੋਜ’ ਰੱਖਿਆ, ਜਿਸ ਲਈ ਉਸ ਨੇ ਬ੍ਰਾਹਮਣਾਂ, ਸਾਧੂ ਸੰਤਾਂ ਦੇ ਨਾਲ ਗੁਰੂ ਸਾਹਿਬ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਉਸ ਦੇ ਭੋਜ ‘ਤੇ ਨਾ ਆਏ। ਮਲਕ ਭਾਗੋ ਨੇ ਇਸ ਵਿਚ ਆਪਣੀ ਨਿਰਾਦਰੀ ਸਮਝਦਿਆਂ ਦੁਬਾਰਾ ਆਪਣੇ ਨੌਕਰਾਂ ਨੂੰ ਗੁਰੂ ਜੀ ਨੂੰ ਲੈਣ ਲਈ ਭੇਜਿਆ। ਜਦ ਗੁਰੂ ਜੀ ਆਏ ਤਾਂ ਮਲਕ ਭਾਗੋ ਨੇ ਗੁਰੂ ਜੀ ਨੂੰ ਭਾਈ ਲਾਲੋ ਦੇ ਘਰ ਦੀ ਰੁੱਖੀ-ਸੁੱਖੀ ਰੋਟੀ ਦੀ ਬਜਾਏ ਆਪਣੇ ਵਲੋਂ ਤਿਆਰ ਕਰਵਾਏ ਛੱਤੀ ਪ੍ਰਕਾਰ ਦੇ ਭੋਜਨ ਨਾ ਛਕਣ ਦਾ ਕਾਰਨ ਪੁੱਛਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਨੂੰ ਸਮਝਾਇਆ ਕਿ ਤੁਹਾਡੇ ਦੁਆਰਾ ਤਿਆਰ ਕਰਵਾਇਆ ਗਿਆ ਛੱਤੀ ਪ੍ਰਕਾਰ ਦਾ ਭੋਜਨ ਗਰੀਬ ਲੋਕਾਂ ਦੇ ਲਹੂ ਨਾਲ ਭਰਿਆ ਪਿਆ ਹੈ। ਤੁਸੀਂ ਗਰੀਬ ਤੇ ਮਿਹਨਤੀ ਲੋਕਾਂ ਦੀ ਲਹੂ-ਪਸੀਨੇ ਨਾਲ ਕੀਤੀ ਕਮਾਈ ਨੂੰ ਧੱਕੇ ਨਾਲ ਖੋਹ ਕੇ ਉਸ ਨਾਲ ਬ੍ਰਹਮ ਭੋਜ ਕਰ ਰਹੇ ਹੋ। ਪਾਪਾਂ ਰਾਹੀਂ ਇਕੱਠੀ ਕੀਤੀ ਮਾਇਆ ਨਾਲ ਜੇਕਰ ਜਗ ਲਾ ਦਈਏ ਤਾਂ ਉਹ ਹੱਕ ਦੀ ਨਹੀਂ ਹੋ ਜਾਂਦੀ। ਅਜਿਹੀ ਕਮਾਈ ਨਾਲ ਕੀਤਾ ਹੋਇਆ ਦਾਨ-ਪੁੰਨ ਪਰਮਾਤਮਾ ਦੇ ਦਰ ‘ਤੇ ਪ੍ਰਵਾਨ ਨਹੀਂ ਹੋਣਾ। ਚੇਤੇ ਰੱਖ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ।।
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ।।
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ।।
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ।। (ਅੰਗ 141)
ਗੁਰੂ ਜੀ ਕਹਿਣ ਲੱਗੇ ਦੂਜੇ ਪਾਸੇ ਭਾਈ ਲਾਲੋ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਪ੍ਰਭੂ ਦਾ ਭਗਤ ਹੈ ਜੋ ਆਪਣੀ ਕੀਤੀ ਹੋਈ ਨਿਰਮਲ ਕਮਾਈ ਵਿਚੋਂ ਲੋੜਵੰਦਾਂ ਨੂੰ ਵੰਡ ਕੇ ਛਕਦਾ ਹੈ। ਇਸ ਵਾਸਤੇ ਉਸ ਦੁਆਰਾ ਤਿਆਰ ਕੀਤਾ ਰੁੱਖਾ-ਸੁੱਖਾ ਭੋਜਨ ਵੀ ਦੁੱਧ ਵਾਂਗ ਨਰੋਆ, ਸੁਆਦੀ ਤੇ ਪਵਿੱਤਰ ਹੈ। ਜੇਕਰ ਤੁਸੀਂ ਉੱਚ ਜਾਤ ਦੀ ਗੱਲ ਕਰਦੇ ਹੋ ਤਾਂ ਅਸਲ ਵਿਚ ਮਨੁੱਖ ਦੁਆਰਾ ਕੀਤੇ ਕੰਮ ਹੀ ਉਸ ਦੀ ਉੱਚੀ ਜਾਂ ਨੀਵੀਂ ਜਾਤ ਦਾ ਨਿਰਣਾ ਕਰਦੇ ਹਨ। ਉੱਚੀ ਕੁਲ ਵਿਚ ਜਨਮ ਲੈ ਕੇ ਜੇਕਰ ਮਨੁੱਖ ਦੇ ਕਰਮ ਮਾੜੇ ਹਨ ਤਾਂ ਉਹ ਅਸਲ ਵਿਚ ਨੀਚ ਜਾਤ ਹੈ :
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ।।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ।।    (ਅੰਗ 1330)

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਅੰਮ੍ਰਿਤਮਈ ਉਪਦੇਸ਼ਾਂ ਕਾਰਨ ਮਲਕ ਭਾਗੋ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਗੁਰੂ ਸਾਹਿਬ ਦੇ ਚਰਨੀਂ ਪੈ ਗਿਆ ਤੇ ਆਪਣੇ ਔਗੁਣ ਬਖਸ਼ਾਉਣ ਲਈ ਬੇਨਤੀਆਂ ਕਰਨ ਲੱਗਾ। ਮਲਕ ਭਾਗੋ ਨੇ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਕਿਸੇ ਨਾਲ ਧੱਕਾ ਜਾਂ ਵਧੀਕੀ ਨਹੀਂ ਕਰੇਗਾ, ਪਰਾਇਆ ਹੱਕ ਨਹੀਂ ਖਾਏਗਾ ਅਤੇ ਧਰਮ ਦੀ ਕਿਰਤ ਕਰੇਗਾ। ਗੁਰੂ ਜੀ ਨੇ ਮਲਕ ਭਾਗੋ ਨੂੰ ਆਪਣਾ ਸਿੱਖ ਬਣਾਇਆ। ਐਮਨਾਬਾਦ ਵਿਚ ਗੁਰੂ ਜੀ ਦੇ ਬਹੁਤ ਸਾਰੇ ਸ਼ਰਧਾਲੂ ਸਿੱਖ ਬਣ ਗਏ। ਗੁਰੂ ਜੀ ਨੇ ਭਾਈ ਲਾਲੋ ਨੂੰ ਉਥੋਂ ਦੀ ਸੰਗਤ ਦਾ ਮੁਖੀ ਪ੍ਰਚਾਰਕ ਥਾਪਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ 1517 ਈ. ਵਿਚ ਭਾਈ ਲਾਲੋ ਦੇ ਘਰ ਫਿਰ ਆਏ ਅਤੇ ਉਨ੍ਹਾਂ ਦੀ ਇਕਲੌਤੀ ਸਪੁੱਤਰੀ ਬੀਬੀ ਰੱਜੀ ਦਾ ਵਿਆਹ ਪਿੰਡ ਤਤਲੇ ਜ਼ਿਲਾ ਗੁੱਜਰਾਂਵਾਲਾ ਵਿਖੇ ਕਰਵਾਇਆ। 1521 ਈ. ਵਿਚ ਗੁਰੂ ਸਾਹਿਬ ਜਦੋਂ ਤੀਸਰੀ ਉਦਾਸੀ ‘ਤੇ ਸਨ ਤਾਂ ਬਾਬਰ ਲਗਾਤਾਰ ਐਮਨਾਬਾਦ ‘ਤੇ ਹਮਲੇ ਕਰ ਰਿਹਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਮੇਂ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ। ਗੁਰੂ ਜੀ ਨੇ ਬਾਬਰ ਦੁਆਰਾ ਜਨਤਾ ਉੱਪਰ ਕੀਤੇ ਜਾ ਰਹੇ ਜ਼ੁਲਮ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਗੁਰੂ ਸਾਹਿਬ ਨੇ ਫੁਰਮਾਇਆ :
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ।।
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ।।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ।।
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ।।
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ।।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ।।
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ।।        ( ਅੰਗ 722)
ਭਾਈ ਲਾਲੋ ਜੀ 1531 ਈ. ਵਿਚ ਪਿੰਡ ਤਤਲੇ ਵਿਖੇ ਅਕਾਲ ਚਲਾਣਾ ਕਰ ਗਏ। ਭਾਈ ਲਾਲੋ ਜੀ ਨੇ ਆਪਣਾ ਸਾਰਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸਿਧਾਂਤ ‘ਤੇ ਚੱਲਦਿਆਂ ਬਤੀਤ ਕੀਤਾ। ਭਾਈ ਲਾਲੋ ਜੀ ਦਾ ਜੀਵਨ ਸਾਨੂੰ ਈਮਾਨਦਾਰੀ ਨਾਲ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੀ ਪ੍ਰੇਰਨਾ ਦਿੰਦਾ ਹੈ।

ਸ. ਦਿਲਜੀਤ ਸਿੰਘ ‘ਬੇਦੀ’