75 views 8 secs 0 comments

ਕਿਲ੍ਹਾ

ਲੇਖ
June 18, 2025

ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੮੯)
ਇਹ ਮਨੁੱਖਾ-ਸਰੀਰ ਇਕ ਕਿਲ੍ਹੇ ਦੀ ਤਰ੍ਹਾਂ ਹੈ ਜੋ ਸੱਚੇ ਪ੍ਰਭੂ ਪ੍ਰਮਾਤਮਾ ਨੇ ਆਪ ਬਣਾਇਆ ਹੈ :
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ ਸੇ ਉਝੜਿ ਭਰਮਿ ਭਵਾਇ ਅਹਿ ਜਿਉ ਝਾੜ ਮਿਰਗੁ ਭਾਲੇ ॥੧੫॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੩੦੯)

ਪ੍ਰਮਾਤਮਾ ਨੇ ਇਸ ਮਨੁੱਖਾ ਦੇਹੀ ਇੱਕ ਸੁੰਦਰ ਕਿਲ੍ਹਾ ਹੈ, ਜਿਸ ਵਿੱਚ ਮਾਨੋ, ਸੁੰਦਰ ਬਾਜ਼ਾਰ ਵੀ ਹਨ, ਭਾਵ ਕਿ ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ। ਉਹ ਹਰੀ ਦਾ ਨਾਮ-ਵੱਖਰਾ ਸਾਂਭਲੈਂਦਾ ਹੈ। ਸਰੀਰ ਕਿਲ੍ਹੇ ਵਿੱਚ ਹੀ ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, ਇਹੋ ਵੱਖਰਾ ਸਦਾ ਨਾਲ ਨਿਭਣ ਵਾਲੇ ਹੀਰੇ ਅਤੇ ਮੂੰਗੇ ਹਨ। ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾਂ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਅਤੇ ਮਨੁੱਖਾ ਸਰੀਰ ਵਿੱਚ ਆਏ ਹੋਏ ਭੂਤ ਹਨ। ਜਿਵੇਂ ਕਸਤੂਰੀ ਨੂੰ ਆਪਣੀ ਹੀ ਨਾਭੀ ਵਿੱਚ ਨਾ ਜਾਣਦਾ ਹੋਇਆ ਹਿਰਨ ਕਸਤੂਰੀ ਦੀ ਵਾਸ਼ਨਾ ਲਈ ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿੱਚ ਫਸੇ ਹੋਏ ਬਨਾਂ ਵਿੱਚ ਭਾਉਂਦੇ ਫਿਰਦੇ ਹਨ :
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੫੧੪)

ਮਨੁੱਖਾ-ਸਰੀਰ ਇਕ ਵੱਡਾ ਕਿਲ੍ਹੇ ਦੀ ਤਰ੍ਹਾਂ ਹੈ ਜੋ ਮਨੁੱਖ ਨੂੰ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਹੈ, ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ ਆਪ ਹੀ ਰਸ ਭੋਗ ਰਿਹਾ ਹੈ, ਆਪ ਹੀ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਅਤੇ ਅਨ-ਜੁੜਿਆ ਹੈ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ। ਜੀਵਾਂ ਨੂੰ ‘ਰਸ ਭੋਗੀ’ ਬਨਾਣ ਵਾਲਾ ਵੀ ਆਪ ਹੈ ਤੇ ‘ਅਤੀਤੁ ਅਲਿਪਤੁ’ ਬਨਾਣ ਵਾਲਾ ਵੀ ਉਹ ਆਪ ਹੀ ਹੈ। ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ ਮਾਇਕ ਰਸ-ਰੂਪ ਸਾਰੇ ਵਿਛੋੜੇ ਭਾਵ, ਪ੍ਰਭੂ ਤੋਂ ਵਿਛੋੜੇ ਦੇ ਮੂਲ ਦੂਰ ਹੋ ਜਾਂਦੇ ਹਨ।
ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥ ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥ ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥ ੧੩ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੫੩)
ਇਸ ਸਰੀਰ ਰੂਪੀ ਕਿਲ੍ਹੇ ਵਿਚ ਮਨ, ਗਿਆਨ-ਇੰਦ੍ਰ ਆਦਿਕ ਕਈ ਦੁਕਾਨਾਂ ਹਨ ਕਈ ਬਜ਼ਾਰ ਹਨ। ਜਿੱਥੇ ਪਰਮਾਤਮਾ ਦੇ ਨਾਮ-ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ। ਇਸ ਸਰੀਰ ਰੂਪੀ-ਕਿਲ੍ਹੇ ਦੇ ਵਿਚ ਹੀ ਪਰਮਾਤਮਾ ਦਾ ਬਹੁਤ ਕੀਮਤੀ ਨਾਮ-ਪਦਾਰਥ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਵੱਖਰ ਖ਼ਰੀਦਦਾ ਹੈ, ਉਹ ਮਨੁੱਖ ਪਰਮਾਤਮਾ ਦੇ ਦਰ ‘ਤੇ ਸਦਾ ਸਨਮਾਨ ਪਾਉਂਦਾ ਹੈ, ਆਪਣੇ ਹਿਰਦੇ ਦੇ ਅੰਦਰੋਂ ਹਉਮੈ ਦੂਰ ਕਰ ਕੇ ਉਹ ਮਨੁੱਖ ਜੀਵਨ ਦੀ ਇਸ ਨਾਮ-ਰਤਨ ਦੀ ਕਦਰ ਸਮਝਦਾ ਹੈ।

ਗਿਆਨੀ  ਗੁਰਮੁੱਖ ਸਿੰਘ ਖਾਲਸਾ ਐਮ.ਏ.