ਆਮ ਆਦਮੀ ਪਾਰਟੀ (‘ਆਪ’) ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕਰਕੇ ‘ਆਪਣੀ ਰਾਜਨੀਤੀ ਦਾ ਪ੍ਰਮਾਣ ਦਿੱਤਾ ਹੈ। ਇਹ ਫੈਸਲਾ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਰਾਜਨੀਤਿਕ ਮਾਮਲਿਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਪਰ ਇਸ ਐਲਾਨ ਨੇ ਕਿਸਾਨ ਆਗੂਆਂ, ਵਿਰੋਧੀ ਧਿਰਾਂ ਅਤੇ ਪੰਜਾਬ ਦੇ ਆਮ ਲੋਕਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ।
ਇਹ ਨਿਯੁਕਤੀ 19 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ 13 ਮਹੀਨੇ ਲੰਮੇ ਪ੍ਰਦਰਸ਼ਨ ਨੂੰ ਪੁਲਿਸ ਵੱਲੋਂ ਹਿੰਸਕ ਢੰਗ ਨਾਲ ਹਟਾਏ ਜਾਣ ਤੋਂ ਬਿਲਕੁਲ ਬਾਅਦ ਆਈ ਹੈ। ਭਗਵੰਤ ਮਾਨ ਸਰਕਾਰ ਨੇ ਪੁਲਿਸ ਦੀ ਵੱਡੀ ਫੋਰਸ ਤਾਇਨਾਤ ਕਰਕੇ ਕਿਸਾਨਾਂ ਦੇ ਤੰਬੂ ਹਟਵਾਏ, ਉਨ੍ਹਾਂ ਦੇ ਸਮਾਨ ਦੀ ਭੰਨਤੋੜ ਕੀਤੀ ਅਤੇ ਹਜ਼ਾਰਾਂ ਕਿਸਾਨਾਂ ‘ਤੇ ਲਾਠੀਚਾਰਜ, ਅੱਥਰੂ ਗੈਸ ਅਤੇ ਗ੍ਰਿਫ਼ਤਾਰੀਆਂ ਕੀਤੀਆਂ।
ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਪੰਜਾਬ ਦਾ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕਰਕੇ, ‘ਆਪ’ ਨੇ ਪੰਜਾਬ ਵਿੱਚ ਦਿੱਲੀ ਸਰਕਾਰ ਦੇ ਵਧਦੇ ਪ੍ਰਭਾਵ ਦੀ ਪੁਸ਼ਟੀ ਕੀਤੀ ਹੈ। ਸਿਸੋਦੀਆ, ਜੋ ਅਜੇ ਵੀ 1,300 ਕਰੋੜ ਰੁਪਏ ਦੇ ਕਲਾਸਰੂਮ ਘੁਟਾਲੇ ਅਤੇ ਪੁਰਾਣੇ ਸ਼ਰਾਬ ਨੀਤੀ ਕੇਸ ਵਿੱਚ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ, ਪੰਜਾਬ ਸਰਕਾਰ ਦੇ ‘ਰੰਗਲੇ ਪੰਜਾਬ’ ਨੂੰ ਦਰਸਾਉਂਦੇ ਹਨ।
ਕਈ ਰਾਜਨੀਤਿਕ ਵਿਦਵਾਨਾਂ ਦਾ ਮੰਨਣਾ ਹੈ ਕਿ ‘ਆਪ’ ਨੇ ਪੰਜਾਬ ਵਿੱਚ ‘ਦਿੱਲੀ’ ਮਾਡਲ ਲਾਗੂ ਕਰਕੇ ਸਥਾਨਕ ਆਗੂਆਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਹੈ। ਵਿਰੋਧੀ ਆਗੂ ਸਵਾਲ ਉਠਾ ਰਹੇ ਹਨ ਕਿ ਕੀ ਪੰਜਾਬ ਚਲਾਉਣ ਲਈ ਪੰਜਾਬੀ ਆਗੂ ਨਹੀਂ ਹਨ?
ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਕਿਹਾ, “ਪੰਜਾਬ ਵਿੱਚ ਲੋਕਾਂ ਨੇ ‘ਆਪ’ ਨੂੰ ਸਵੈ-ਸ਼ਾਸਨ ਦੇ ਵਾਅਦੇ ‘ਤੇ ਚੁਣਿਆ ਸੀ, ਪਰ ਹੁਣ ਕੇਜਰੀਵਾਲ ਨੇ ਦਿੱਲੀ ਦੇ ਹਾਰੇ ਹੋਏ ਆਗੂ ਪੰਜਾਬ ‘ਤੇ ਥੋਪ ਦਿੱਤੇ ਹਨ।”
19 ਮਾਰਚ, 2025 ਨੂੰ, ਪੰਜਾਬ ਪੁਲਿਸ ਨੇ “‘ਅਪਰੇਸ਼ਨ ਕਲੀਨ-ਅੱਪ” ਦੇ ਨਾਂ ‘ਤੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਕੈਂਪਾਂ ਨੂੰ ਹਿੰਸਕ ਢੰਗ ਨਾਲ ਹਟਾ ਦਿੱਤਾ। 300 ਤੋਂ ਵੱਧ ਕਿਸਾਨ ਆਗੂ, ਜਿਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਵੀ ਸ਼ਾਮਲ ਹਨ, ਗ੍ਰਿਫ਼ਤਾਰ ਕਰ ਲਏ ਗਏ। ਪੁਲਿਸ ਨੇ ਬੁਲਡੋਜ਼ਰ, ਲਾਠੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ, ਜਿਸ ਕਰਕੇ ਕਿਸਾਨ ਆਗੂ ਇਸ ਕਾਰਵਾਈ ਨੂੰ “ਕਿਸਾਨਾਂ ਨਾਲ ਵੱਡੀ ਬੇਇਨਸਾਫ਼ੀ” ਕਰਾਰ ਦੇ ਰਹੇ ਹਨ। ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਮ ਆਦਮੀ ਪਾਰਟੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ, ‘ਆਪ’ ਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। 2020-21 ਵਿੱਚ, ਇਹ ਲੋਕ ਕਿਸਾਨਾਂ ਦੇ ਨਾਲ ਖੜ੍ਹੇ ਸਨ, ਹੁਣ ਇਨ੍ਹਾਂ ਨੇ ਉਨ੍ਹਾਂ ਦੇ ਤੰਬੂ ਬੁਲਡੋਜ਼ਰ ਨਾਲ ਹਟਾ ਦਿੱਤੇ।”
ਕਿਸਾਨਾਂ ‘ਤੇ ਕੀਤੀ ਗਈ ਹਿੰਸਕ ਕਾਰਵਾਈ ਨੇ ‘ਆਪ’ ਦੀ ਨਵੀਂ ਰਾਜਨੀਤੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। 2020-21 ਦੇ ਕਿਸਾਨ ਸੰਘਰਸ਼ ਵਿੱਚ ‘ਆਪ’ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ, ਪਰ ਹੁਣ ਉਹ ਉਨ੍ਹਾਂ ‘ਤੇ ਹਮਲੇ ਕਰ ਰਹੀ ਹੈ।
‘ਆਪ’ ਨੇ 2022 ਦੀ ਚੋਣ ਕਿਸਾਨ-ਸਮਰਥਨ, ਆਤਮਨਿਰਭਰ ਪੰਜਾਬ ਅਤੇ ਨੈਤਿਕ ਰਾਜਨੀਤੀ ਦੇ ਨਾਅਰੇ ‘ਤੇ ਜਿੱਤੀ ਸੀ। ਪਰ ਮਨੀਸ਼ ਸਿਸੋਦੀਆ ਦੀ ਨਿਯੁਕਤੀ, ਦਿੱਲੀ ਦੇ ਆਗੂਆਂ ਨੂੰ ਪੰਜਾਬ ਵਿੱਚ ਲਿਆਂਦਾ ਜਾਣਾ ਅਤੇ ਕਿਸਾਨਾਂ ‘ਤੇ ਪੁਲਿਸ ਕਾਰਵਾਈ ਨੇ ਇਸ ਮੈਨੀਫੈਸਟੋ ਨੂੰ ਦਾਗ਼ਦਾਰ ਕਰ ਦਿੱਤਾ ਹੈ। ਜਿਹੜੇ ਪੰਜਾਬ ਵਾਸੀਆਂ ਨੇ ਵੱਡੀ ਜਿੱਤ ਨਾਲ ‘ਆਪ’ ਦੀ ਸਰਕਾਰ ਬਣਾਈ, ਅੱਜ ਓਹੀ ਸਰਕਾਰ ਉਹਨਾਂ ਲੋਕਾਂ ‘ਤੇ ਵੱਖੋ ਵੱਖ ਢੰਗਾਂ ਨਾਲ ਤਸ਼ੱਦਦ ਕਰ ਰਹੀ ਹੈ।