ਕਿਸਾਨ ਅੰਦੋਲਨ-2 ਨੂੰ ਇਕ ਸਾਲ ਪੂਰਾ, ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ, ਜਗਜੀਤ ਸਿੰਘ ਡੱਲੇਵਾਲ 14 ਫਰਵਰੀ ਦੀ ਮੀਟਿੰਗ ਲਈ ਰਾਜ਼ੀ

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ-2 ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮੌਕੇ, ਖਨੌਰੀ ਮੋਰਚੇ ‘ਤੇ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਦਾਖਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਸਰੀਰ ਮੋਰਚੇ ਵਿੱਚ ਹੀ ਰੱਖਿਆ ਜਾਵੇ।

ਇਸੇ ਦੌਰਾਨ, ਅੰਤਰ-ਰਾਜੀ ਬਾਰਡਰਾਂ ‘ਤੇ ਜਾਰੀ ਕਿਸਾਨ ਮੋਰਚਿਆਂ ਦੇ ਇਕ ਸਾਲ ਪੂਰਾ ਹੋਣ ਮੌਕੇ ਢਾਬੀ ਗੁਜਰਾਂ ਬਾਰਡਰ ‘ਤੇ ਵਿਸ਼ਾਲ ਮਹਾਂਪੰਚਾਇਤ ਹੋਈ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। 79 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਉਹ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਕਿਸਾਨ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸੰਘਰਸ਼ ਨੂੰ ਜਿੱਤ ਤੱਕ ਲੈ ਜਾਣਾ ਸਰਵੋਚ ਪ੍ਰਾਥਮਿਕਤਾ ਹੈ।

ਮਹਾਂਪੰਚਾਇਤ ਦੌਰਾਨ ਕਿਸਾਨੀ ਮੰਗਾਂ ਦੀ ਪ੍ਰਾਪਤੀ, ਐਮਐਸਪੀ ਗਾਰੰਟੀ ਕਾਨੂੰਨ, ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਅਤੇ ਵਿਦੇਸ਼ ਡਿਪੋਰਟ ਕੀਤੇ ਗਏ ਭਾਰਤੀਆਂ ਨਾਲ ਹਮਦਰਦੀ ਜਾਹਿਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਮੌਕੇ, ਸ਼ਹੀਦ ਸ਼ੁਭਕਰਨ ਸਿੰਘ ਬੱਲੋ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਹਾਲ ਹੀ ‘ਚ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਪੀਜੀਆਈ ‘ਚ ਦਮ ਤੋੜੇ ਕਿਸਾਨ ਚਰਨਜੀਤ ਸਿੰਘ ਕਾਲਾ ਦੀ ਮੌਤ ‘ਤੇ ਵੀ ਦੁੱਖ ਪ੍ਰਗਟ ਕੀਤਾ ਗਿਆ।

ਉਧਰ, ਏਕਤਾ ਦੇ ਮਤੇ ‘ਤੇ ਐਸਕੇਐਮ ਦੀ ਤਾਲਮੇਲ ਕਮੇਟੀ ਵੱਲੋਂ ਸੱਦੀ ਗਈ ਮੀਟਿੰਗ ‘ਚ ਸ਼ਾਮਲ ਹੋਣ ਕਰਕੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਆਗੂ ਮਹਾਂਪੰਚਾਇਤ ‘ਚ ਸ਼ਾਮਲ ਨਾ ਹੋ ਸਕੇ।