
ਸਰਵਣ ਸਿੰਘ ਪੰਧੇਰ, ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਨ, 8 ਦਿਨਾਂ ਬਾਅਦ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਤੋਂ ਰਿਹਾਅ ਹੋਏ। 19 ਮਾਰਚ ਨੂੰ ਭਗਵੰਤ ਮਾਨ ਸਰਕਾਰ ਨੇ ਕਿਸਾਨ ਆਗੂਆਂ ਨੂੰ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਵਿੱਚ ਸੱਦ ਕੇ, ਗੱਲਬਾਤ ਬੇਸਿੱਟਾ ਹੋਣ ‘ਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ, ਜਿਸ ਦੇ ਤਹਿਤ ਸੈਂਕੜੇ ਕਿਸਾਨ ਆਗੂ ਗ੍ਰਿਫ਼ਤਾਰ ਕੀਤੇ ਗਏ, ਕਿਸਾਨ ਮੋਰਚਿਆਂ ਦੀ ਪੁਲਿਸ ਵੱਲੋਂ ਭੰਨਤੋੜ ਕੀਤੀ ਗਈ ਅਤੇ ਕਿਸਾਨਾਂ ਦੇ ਨਿੱਜੀ ਟਰੈਕਟਰ, ਕੂਲਰ, ਪੱਖੇ ਆਦਿ ਵੀ ਕਥਿਤ ਤੌਰ ‘ਤੇ ਚੋਰੀ ਕੀਤੇ ਗਏ ਸਨ। ਜੇਲ੍ਹ ਤੋਂ ਨਿਕਲਣ ਦੇ ਤੁਰੰਤ ਬਾਅਦ, ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖੇ ਇਲਜ਼ਾਮ ਲਗਾਏ, ਦੱਸਦਿਆਂ ਕਿ: ‘ਆਮ ਆਦਮੀ ਪਾਰਟੀ’ ਅੰਦਰਖਾਤੇ ਭਾਜਪਾ ਨਾਲ ਮਿਲੀ ਹੋਈ ਹੈ।
ਪੰਧੇਰ ਨੇ ਆਪਣੀ ਰਿਹਾਈ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਦੇ ਆਗੂਆਂ ਨੂੰ ਬਚਾਉਣ ਲਈ ਭਾਜਪਾ ਨਾਲ ਡੀਲ ਕਰ ਲਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ 2027 ਦੀ ਚੋਣ ‘ਚ ‘ਆਪ’ ਅਤੇ ਭਾਜਪਾ ਇੱਕ ਹੋਣਗੀਆਂ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਜਾਂ ਆਮ ਜਨਤਾ ਦੀ ਕੋਈ ਪਰਵਾਹ ਨਹੀਂ, ਉਨ੍ਹਾਂ ਨੂੰ ਸਿਰਫ਼ ਮੋਦੀ ਅਤੇ ਅਮਿਤ ਸ਼ਾਹ ਦੀ ਲੋੜ ਹੈ।
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਰੋਕਿਆ ਸੀ ਜਾਂ ਕੇਂਦਰ ਸਰਕਾਰ ਨੇ? ਉਨ੍ਹਾਂ ਨੇ ਡੀਜੀਪੀ ਮਨਦੀਪ ਸਿੰਘ ਸਿੱਧੂ ਤੋਂ ਸਪਸ਼ਟੀਕਰਨ ਮੰਗਿਆ ਕਿ ਜੇ ਉਹ ਕਹਿ ਰਹੇ ਹਨ ਕਿ ਹਰ ਥਾਂ ਕੈਮਰੇ ਹਨ, ਤਾਂ ਕਿਸਾਨਾਂ ਦੀਆਂ ਟਰਾਲੀਆਂ, ਏ.ਸੀ. ਅਤੇ ਹੋਰ ਜ਼ਰੂਰੀ ਸਮਾਨ ਕਿਸਨੇ ਚੋਰੀ ਕੀਤਾ?
ਇਸਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਆਗੂਆਂ ਨੂੰ ਜ਼ਬਰਦਸਤੀ ਫੜ ਰਹੀ ਸੀ, ਪਰ ਹੁਣ ਮਜ਼ਬੂਰੀ ਵਿੱਚ ਰਿਹਾਅ ਕਰ ਰਹੀ ਹੈ। ਉਨ੍ਹਾਂ ਅਗਾਹੀ ਦਿੱਤੀ ਕਿ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ, ਚਾਹੇ ਸਰਕਾਰ ਉਨ੍ਹਾਂ ਨੂੰ ਕਿੰਨਾ ਵੀ ਦਬਾਉਣ ਦੀ ਕੋਸ਼ਿਸ਼ ਕਰੇ।
ਮਾਨ ਸਰਕਾਰ, ਜੋ 2022 ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰਣ ਦੀ ਗੱਲ ਕਰ ਰਹੀ ਸੀ, ਹੁਣ ਆਪਣੇ ਹੀ ਲੋਕਾਂ ‘ਤੇ ਜ਼ੁਲਮ ਕਰ ਰਹੀ ਹੈ। ਕੀ ਇਹੀ ਹੈ ‘ਆਮ ਆਦਮੀ’ ਦੀ ਸਰਕਾਰ? ਜਾਂ ਇਹ ਵੀ ਉਨ੍ਹਾਂ ਹੀ ਪੁਰਾਣੀਆਂ ਤਾਕਤਾਂ ਦੇ ਨਾਲ ਮਿਲੀ ਹੋਈ ਹੈ, ਜਿਨ੍ਹਾਂ ਖਿਲਾਫ ਪੰਜਾਬ ਨੇ ਹਮੇਸ਼ਾ ਅਵਾਜ਼ ਉਠਾਈ?