ਕਿਸਾਨ ਏਕਤਾ ਵਲੋਂ ਵੱਡਾ ਕਦਮ, ਤਿੰਨ ਜਥੇਬੰਦੀਆਂ ਵਿਚਾਲੇ ਸੰਯੁਕਤ ਪ੍ਰੋਗਰਾਮ ’ਤੇ ਸਹਿਮਤੀ

ਮਿਤੀ 26 ਫਰਵਰੀ ਨੂੰ ਕਿਸਾਨ ਭਵਨ, ਪੰਜਾਬ ਵਿੱਚ ਹੋਈ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਤਿੰਨ ਕਿਸਾਨ ਜਥੇਬੰਦੀਆਂ ਨੇ ਏਕਤਾ ਵਲੋਂ ਇੱਕ ਵੱਡਾ ਕਦਮ ਚੁੱਕਦੇ ਹੋਏ ‘ਘੱਟੋ-ਘੱਟ ਸਾਂਝੇ ਪ੍ਰੋਗਰਾਮ’ ’ਤੇ ਸਹਿਮਤੀ ਦਰਜ ਕਰ ਲਈ। ਹਾਲਾਂਕਿ ਪੂਰੀ ਕਿਸਾਨ ਏਕਤਾ ਅਜੇ ਵੀ ਕੁਝ ਕਦਮ ਦੂਰ ਹੈ ਪਰ ਮੀਟਿੰਗ ਦੌਰਾਨ ਸੰਯੁਕਤ ਲੜਾਈ ਦੀ ਬੁਨਿਆਦ ਰੱਖੀ ਗਈ।

ਇਸ ਮੀਟਿੰਗ, ਜੋ ਕਿ ਕਈ ਘੰਟਿਆਂ ਤੱਕ ਚੱਲੀ, ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੀਆਂ 66 ਜਥੇਬੰਦੀਆਂ ਸ਼ਾਮਲ ਹੋਈਆਂ। ਸ਼ੰਭੂ ਅਤੇ ਖਨੌਰੀ ’ਚ ਸੰਘਰਸ਼ ਕਰ ਰਹੀਆਂ ਧਿਰਾਂ ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਰੜਾ ਸਾਂਝਾ ਕੀਤਾ ਗਿਆ ਜਿਸ ‘ਤੇ ਕੁਝ ਸੋਧਾਂ ਮਗਰੋਂ ਸਹਿਮਤੀ ਬਣੀ।

ਮੀਟਿੰਗ ਦੇ ਮੁੱਖ ਮੁੱਦੇ:
-ਕਿਸਾਨ ਜਥੇਬੰਦੀਆਂ ਨੇ ਸਾਂਝੇ ਸੰਘਰਸ਼ ਲਈ ਬੁਨਿਆਦ ਤਿਆਰ ਕੀਤੀ।
-ਅਗਲੇ ਪੜਾਅ ਵਾਸਤੇ ਹਰ ਜਥੇਬੰਦੀ ਆਪਣੇ ਪੱਧਰ ’ਤੇ ਵਿਚਾਰ-ਵਟਾਂਦਰਾ ਕਰੇਗੀ।
-ਅਭਿਮੰਨਿਊ ਕੋਹਾੜ ਦੀ ਆਡੀਓ ਅਤੇ ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ’ਤੇ ਵੀ ਵਿਚਾਰ-ਚਰਚਾ ਹੋਈ।
-ਫੈਸਲਾ ਲਿਆ ਗਿਆ ਕਿ ਕੋਈ ਵੀ ਧਿਰ ਇਕ-ਦੂਸਰੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗੀ।
-5 ਮਾਰਚ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਾਉਣ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ।

ਬੀਕੇਯੂ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨੀ ਏਕਤਾ ਦੀ ਲੋੜ ਬਹੁਤ ਮਹਿਸੂਸ ਕੀਤੀ ਜਾ ਰਹੀ ਹੈ, ਇਸ ਲਈ ‘ਘੱਟੋ-ਘੱਟ ਸਾਂਝੇ ਪ੍ਰੋਗਰਾਮ’ ’ਤੇ ਸਹਿਮਤੀ ਇਕ ਵੱਡਾ ਕਦਮ ਹੈ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਆਗੂ ਪੂਰੀ ਇਮਾਨਦਾਰੀ ਨਾਲ ਅੱਗੇ ਵਧ ਰਹੇ ਹਨ, ਅਤੇ ਨਿੱਕੇ-ਮੋਟੇ ਵਿਅਕਤੀਗਤ ਮੱਤਭੇਦ ਖਤਮ ਕੀਤੇ ਜਾ ਰਹੇ ਹਨ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਹੋਈ ਚਰਚਾ ਹਰ ਜਥੇਬੰਦੀ ਆਪਣੇ ਮੰਚ ‘ਤੇ ਲੈ ਕੇ ਜਾਵੇਗੀ, ਅਤੇ ਇਸ ਤੋਂ ਬਾਅਦ ਅਗਲੀ ਮੀਟਿੰਗ ਹੋਵੇਗੀ।

ਤਿੰਨੋਂ ਕਿਸਾਨ ਜਥੇਬੰਦੀਆਂ ਹੁਣ ਆਪਣੀਆਂ ਧਿਰਾਂ ਨਾਲ ਚਰਚਾ ਕਰਨ ਮਗਰੋਂ ਜਲਦੀ ਹੀ ਮੁੜ ਮਿਲਣਗੀਆਂ ਤਾਂ ਜੋ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।