264 views 28 secs 0 comments

ਕੀ ਆਰ.ਐੱਸ.ਐੱਸ. ਨੇ ਮੁਸਲਿਮ ਲੀਗ ਦੇ ਦੰਗਾਕਾਰੀਆਂ ਕੋਲੋਂ ਸ੍ਰੀ ਦਰਬਾਰ ਸਾਹਿਬ ਨੂੰ ਬਚਾਇਆ?

-ਸ. ਜਸਕਰਨ ਸਿੰਘ*

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ 30 ਮਾਰਚ, 2021 ਨੂੰ ਹੋਏ ਆਪਣੇ ਬਜਟ ਇਜਲਾਸ ਦੌਰਾਨ ਸਿੱਖ ਸਰੋਕਾਰਾਂ ਨਾਲ ਸੰਬੰਧਤ ਕਈ ਅਹਿਮ ਮਤੇ ਪਾਸ ਕੀਤੇ। ਇਨ੍ਹਾਂ ਵਿੱਚੋਂ ਇੱਕ ਅਹਿਮ ਮਤੇ ਰਾਹੀਂ ਭਾਰਤ ਅੰਦਰ ਸਿੱਖਾਂ ਸਮੇਤ ਘੱਟਗਿਣਤੀਆਂ ਨੂੰ ਦਬਾਉਣ ਵਾਲੀਆਂ ਚਾਲਾਂ ਦੀ ਸਖ਼ਤ ਵਿਰੋਧਤਾ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮਤੇ ਵਿਚ ਕਿਹਾ ਗਿਆ ਕਿ, “ਭਾਰਤ ਇੱਕ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਵਰਗੀ ਦੇਸ਼ ਹੈ। ਇਸ ਦੀ ਅਜ਼ਾਦੀ ਵਿਚ ਹਰ ਧਰਮ ਦਾ ਵੱਡਾ ਯੋਗਦਾਨ ਰਿਹਾ ਹੈ, ਖ਼ਾਸਕਰ ਸਿੱਖ ਕੌਮ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਰਾਸ਼ਟ੍ਰੀਯ ਸ੍ਵਯਮਸੇਵਕ ਸੰਘ (ਆਰ.ਐੱਸ.ਐੱਸ.) ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਚਾਲਾਂ ਦੇ ਮੱਦੇਨਜ਼ਰ ਦੂਜੇ ਧਰਮਾਂ ਦੀ ਧਾਰਮਿਕ ਅਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ। ਸਿੱਧੇ ਤੇ ਅਸਿੱਧੇ ਰੂਪ ਵਿਚ ਦਖ਼ਲਅੰਦਾਜ਼ੀ ਕਰ ਕੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।” ਇਸ ਮਤੇ ਰਾਹੀਂ, “ਭਾਰਤ ਸਰਕਾਰ ਨੂੰ ਵੀ ਸੁਚੇਤ ਕੀਤਾ ਗਿਆ ਕਿ ਉਹ ਆਰ.ਐੱਸ.ਐੱਸ ਵੱਲੋਂ ਅਰੰਭੀਆਂ ਕੋਸ਼ਿਸ਼ਾਂ ਨੂੰ ਲਾਗੂ ਕਰਨ ਲਈ ਤੱਤਪਰ ਹੋਣ ਦੀ ਥਾਂ ਹਰ ਧਰਮ ਦੇ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਨੂੰ ਸੁਰੱਖਿਅਤ ਬਣਾਉਣ ਲਈ ਕਾਰਜ ਕਰੇ। ਜਿਹੜੇ ਵੀ ਅਨਸਰ ਘੱਟਗਿਣਤੀਆਂ ਨੂੰ ਦਬਾਉਣ ਦਾ ਯਤਨ ਕਰਦੇ ਹਨ, ਉਨ੍ਹਾਂ ਨੂੰ ਨਕੇਲ ਪਾਈ ਜਾਵੇ।” ਸਮੁੱਚੇ ਭਾਰਤ ਅੰਦਰ ਪੰਜਾਬ ਇਸ ਲਈ ਪ੍ਰਸਿੱਧ ਹੈ ਕਿ ਕਿਵੇਂ ਇੱਥੇ ਹਰ ਧਰਮ ਦੇ ਲੋਕ ਸੁਖਾਵੇਂ ਮਾਹੌਲ ਵਿਚ ਆਪਣਾ ਜੀਵਨ ਬਸਰ ਕਰਦੇ ਹਨ। ਸਮੇਂ-ਸਮੇਂ ਪੰਜਾਬੀ ਲੋਕ ਫਿਰਕੂ ਸਦਭਾਵਨਾ ਦੀ ਮਿਸਾਲਾਂ ਵੀ ਕਾਇਮ ਕਰਦੇ ਰਹਿੰਦੇ ਹਨ।

ਸੰਨ 1947 ਈ. ਦੀਆਂ ਘਟਨਾਵਾਂ ਬਹੁਤ ਦਰਦਨਾਕ ਸਨ ਅਤੇ ਉਸ ਸਮੇਂ ਦੇਸ਼ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਏ ਫਿਰਕੂ ਮਹੌਲ ਕਾਰਨ ਮੁਸਲਿਮ, ਹਿੰਦੂ ਤੇ ਸਿੱਖ ਭਾਈਚਾਰਿਆਂ ਵਿਚਕਾਰ ਬਹੁਤ ਤਲਖ ਮਹੌਲ ਬਣ ਗਿਆ ਸੀ। ਲੇਕਿਨ ਪੰਜਾਬ ਅੰਦਰ ਮੌਜੂਦਾ ਸਮੇਂ ਇਹ ਤਿੰਨੇ ਭਾਈਚਾਰੇ ਅਮਨ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਸਮੇਂ ਨਾਲ ਹਾਲਾਤ ਵਿੱਚ ਬਹੁਤ ਫਰਕ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜ਼ਿਕਰ ਕੀਤੇ ਮਤੇ ਦੇ ਪਾਸ ਹੋਣ ਉਪਰੰਤ ਇਹ ਅਖੌਤੀ ਪ੍ਰਚਾਰ ਅਰੰਭਿਆ ਗਿਆ ਕਿ ਕਿਵੇਂ ਮਾਰਚ 1947 ਵਿਚ ਆਰ.ਐੱਸ.ਐੱਸ. ਨੇ ਸਿੱਖਾਂ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਮੁਸਲਿਗ ਲੀਗ ਦੇ ਦੰਗਾਕਾਰੀਆਂ ਪਾਸੋਂ ਦੋ ਵਾਰ ਬਚਾਉਂਦਿਆਂ ਹਿੰਦੂ-ਸਿੱਖ ਏਕਤਾ ਨੂੰ ਬਰਕਰਾਰ ਰੱਖਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ 75 ਸ੍ਵਯਮਸੇਵਕਾਂ ਦੀ ਨਿਯੁਕਤੀ ਕੀਤੀ। ਇਸ ਗੱਲ ਦਾ ਜ਼ਿਕਰ ਮੁੱਢਲੇ ਰੂਪ ਵਿਚ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਅੰਦਰ ਹਿੰਦੂ ਭਾਈਚਾਰੇ ਨਾਲ ਸਬੰਧਤ ਮੰਤਰੀ ਰਹੇ ‘ਡਾ. ਗੋਕੁਲ ਚੰਦ ਨਾਰੰਗ’ ਵੱਲੋਂ ਆਪਣੀ ਪੁਸਤਕ ‘ਟ੍ਰਾਂਸਫੋਰਮੇਸ਼ਨ ਆਫ਼ ਸਿੱਖੀਜ਼ਮ’ ਵਿਚ ਕੀਤਾ ਗਿਆ। ਇਹ ਪੁਸਤਕ ਦਾ ਪਹਿਲਾਂ ਐਡੀਸ਼ਨ ਸੰਨ 1912 ਵਿਚ ਛਪਿਆ, ਦੂਜਾ 1945, ਤੀਜਾ 1946, ਚੌਥਾ 1956 ਤੇ ਪੰਜਵਾਂ 1960। ਇਸ ਮਗਰੋਂ ਇਹ ਪੁਸਤਕ ਕਈ ਵਾਰ ਦੁਬਾਰਾ ਪ੍ਰਕਾਸ਼ਿਤ ਹੁੰਦੀ ਰਹੀ। ਸੰਨ 1956 ਵਾਲੇ ਐਡੀਸ਼ਨ ਵਿਚ ਡਾ. ਗੋਕੁਲ ਚੰਦ ਨਾਰੰਗ ਨੇ ‘ਦ ਸਟ੍ਰਗਲ ਫਾਰ ਖ਼ਾਲਿਸਤਾਨ’ ਨਾਮ ਦਾ ਇੱਕ ਅਧਿਆਇ ਇਸ ਪੁਸਤਕ ਵਿਚ ਸ਼ਾਮਲ ਕੀਤਾ, ਜਿਸ ਦੇ ਅੰਦਰ ਬਿਨਾਂ ਕਿਸੇ ਹਵਾਲੇ ਦੇ ਇਹ ਗੱਲ ਦਰਜ ਕਰ ਦਿੱਤੀ ਗਈ ਕਿ “2 ਮਾਰਚ, 1947 ਈ. ਨੂੰ ਮਾਸਟਰ ਤਾਰਾ ਸਿੰਘ ਇੱਕ ਜਥੇ ਨਾਲ (ਲਾਹੌਰ) ਅਸੈਂਬਲੀ ਹਾਲ ਪੁੱਜੇ, ਜਿੱਥੇ ਉਨ੍ਹਾਂ ਨੇ ਆਪਣੀ ਕਿਰਪਾਨ ਖਿੱਚ ਕੇ ਇਹ ਐਲਾਨ ਕੀਤਾ ਕਿ ਉਹ ਮੁਸਲਿਮ ਲੀਗ ਨੂੰ ਕੰਮ ਨਹੀਂ ਕਰਨ ਦੇਣਗੇ। ਮਾਸਟਰ ਤਾਰਾ ਸਿੰਘ ਵੱਲੋਂ ਕੀਤੇ ਇਸ ਐਲਾਨ ਨੇ ਬਰੂਦ ਨੂੰ ਚੰਗਿਆੜੀ ਲਾਉਣ ਦਾ ਕੰਮ ਕੀਤਾ। ਮੁਸਲਿਮ ਲੀਗ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦੇ ਹਿੰਦੂ ਸਿੱਖ ਵਿਿਦਆਰਥੀਆਂ ਦੇ ਮਾਰਚ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ। ਇਸ ਮਗਰੋਂ ਪੰਜਾਬ ਅੰਦਰ ਹਿੰਸਾ ਦਾ ਭਾਂਬੜ ਮੱਚ ਗਿਆ। ਹਿੰਦੂਆਂ ਤੇ ਸਿੱਖਾਂ ਦੇ ਕਤਲ ਤੇ ਉਨ੍ਹਾਂ ਦੇ ਘਰ ਸਾੜਨਾ ਆਮ ਹੋ ਗਿਆ। ਸ੍ਰੀ ਅੰਮ੍ਰਿਤਸਰ ਦੇ ਸਾਰੇ ਬਜ਼ਾਰ ਵੀ ਸਾੜੇ ਗਏ ਅਤੇ ਇੱਥੋਂ ਤਕ ਕਿ ਜਦੋਂ ਬਹੁਤੇ ਸਿੱਖ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਤਾਂ ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ) ਉੱਤੇ ਵੀ ਇੱਕ ਕੋਸ਼ਿਸ਼ ਕੀਤੀ ਗਈ ਪਰ ਆਰ.ਐੱਸ.ਐੱਸ ਸੰਘ ਦੇ ਨੌਜਵਾਨਾਂ ਵੱਲੋਂ ਖੁਸ਼ਕਿਸਮਤੀ ਨਾਲ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਟੈਂਪਲ (ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ) ਨੂੰ ਬੇਅਦਬੀ ਅਤੇ ਸੰਭਵ ਤਬਾਹੀ ਤੋਂ ਬਚਾਇਆ ਗਿਆ ਸੀ।”

ਗੋਕੁਲ ਚੰਦ ਨਾਰੰਗ ਦੀ ਪੁਸਤਕ ਤੋਂ ਇਲਾਵਾ ਇਸ ਗੱਲ ਦਾ ਜ਼ਿਕਰ ਇੱਕ ਹੋਰ ਆਰ.ਐੱਸ.ਐੱਸ ਪੱਖੀ ਪੁਸਤਕ “ਫੳਰਟਟਿਿੋਨ ਧੳੇਸ: ਠਹੲ ਢਇਰੇ ਸ਼ੳਗੳ ੋਡ ੍ਰਸ਼ਸ਼” ਵਿਚ ਕੀਤਾ ਗਿਆ ਹੈ ਜੋ ਕਿ ਮਾਨਿਕਚੰਦਰਾ ਵਾਜਪਈ ਤੇ ਸ਼੍ਰੀਧਰ ਪਾਰਡਕਰ ਵੱਲੋਂ ਲਿਖੀ ਗਈ ਹੈ, ਜਿਸ ਦਾ ਅੰਗਰੇਜ਼ੀ ਤਰਜਮਾ ਸੁਧਾਕਰ ਰਾਜੇ ਨੇ ਕੀਤਾ ਅਤੇ ਇਸ ਪੁਸਤਕ ਦਾ ਅੰਗ੍ਰੇਜ਼ੀ ਵਿਚ ਪਹਿਲਾ ਐਡੀਸ਼ਨ ਅਗਸਤ 2002 ਵਿਚ ਨਵੀਂ ਦਿੱਲੀ ਤੋਂ ਛਪਿਆ ਅਤੇ ਪ੍ਰਕਾਸ਼ਕ ਸੁਰੁਚੀ ਪ੍ਰਕਾਸ਼ਨ ਸੀ।

ਇਸ ਖੋਜ ਦੌਰਾਨ ਅਜੇ ਤਕ ਉਕਤ ਦੋ ਪੁਸਤਕਾਂ ਤੋਂ ਇਲਾਵਾ ਕਿਸੇ ਹੋਰ ਇਤਿਹਾਸਿਕ ਤੇ ਭਰੋਸੇਯੋਗ ਦਸਤਾਵੇਜ਼, ਵਿਸ਼ੇ ਨਾਲ ਸੰਬੰਧਿਤ ਪੁਸਤਕਾਂ, ਉਸ ਸਮੇਂ ਦੀਆਂ ਜ਼ਰੂਰੀ ਅਖ਼ਬਾਰਾਂ, ਰਸਾਲਿਆਂ ਆਦਿ ਵਿਚ ਇਹ ਜਾਣਕਾਰੀ ਨਹੀਂ ਮਿਲਦੀ ਕਿ ਆਰ.ਐੱਸ.ਐੱਸ ਨੇ ਸ੍ਵਯਮਸੇਵਕਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਲਗਾ ਕੇ ਮੁਸਲਿਮ-ਲੀਗੀਆਂ ਤੋਂ ਦੋ ਵਾਰ ਬਚਾਇਆ ਹੋਵੇ ਅਤੇ ਸਿੱਖ ਆਪਣੇ ਕੇਂਦਰੀ ਧਰਮ ਅਸਥਾਨ ਦੀ ਸੁਰੱਖਿਆ ਪ੍ਰਤੀ ਇਤਨੇ ਅਵੇਸਲੇ ਹੋਣ ਕਿ ਉਨ੍ਹਾਂ ਨੂੰ ਅਜਿਹਾ ਸਮਾਂ ਦੇਖਣਾ ਪਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼-ਵੰਡ ਤੋਂ ਪਹਿਲਾਂ 1920 ਈ. ਦੀ ਕਾਰਜਸ਼ੀਲ ਸੰਸਥਾ ਹੈ ਅਤੇ 1947 ਈ. ਵਿਚ ਸ੍ਰੀ ਦਰਬਾਰ ਸਾਹਿਬ ਇਸ ਦੇ ਪ੍ਰਬੰਧ ਅਧੀਨ ਹੀ ਸੀ, ਜਿਸ ਤੋਂ ਭਾਵ ਹੈ ਕਿ ਸੰਸਥਾ ਦਾ ਆਪਣਾ ਸੁਰੱਖਿਆ ਦਸਤਾ, ਮੁਲਾਜ਼ਮ ਆਦਿ ਅਮਲਾ ਫੈਲਾ ਵੀ ਇੱਥੇ ਤਾਇਨਾਤ ਜ਼ਰੂਰ ਹੋਵੇਗਾ। ਇਸ ਵਿਸ਼ੇ ਬਾਰੇ ਹੋਰ ਡੂੰਘਾਈ ਨਾਲ ਜਾਣਨ ਲਈ ਅੱਗੇ ਤੱਥਾਂ ਦੀ ਪੜਚੋਲ ਕਰਦੇ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰ.ਐੱਸ.ਐੱਸ. ਦੀ ਹਿੰਦੂ ਰਾਸ਼ਟਰ ਬਣਾਉਣ ਦੀ ਵਿਚਾਰਧਾਰਾ ਦੇ ਵਿਰੁੱਧ ਪਾਸ ਕੀਤੇ ਮਤੇ ਤੋਂ ਬਾਅਦ ਸਿੱਖਾਂ ਵਿਰੁੱਧ ਅਜਿਹੇ ਅਖੌਤੀ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਇਸ ਨੂੰ ਬਲ ਦੇਣ ਲਈ ‘ਦ ਪ੍ਰਿੰਟ’ ਨਾਮੀ ਆਨਲਾਈਨ ਪੋਰਟਲ ਉੱਤੇ 2002 ਦੀ ਸੁਰੁਚੀ ਪ੍ਰਕਾਸ਼ਨ ਵਾਲੀ ਪੁਸਤਕ ਨੂੰ ਆਧਾਰ ਬਣਾ ਕੇ ਦਿੱਲੀ ਸਥਿਤ ਸੰਘ ਨਾਲ ਜੁੜੇ ਥਿੰਕ ਟੈਂਕ ‘ਵਿਚਾਰ ਵਿਨੀਮਯ ਕੇਂਦਰ’ ਦੇ ਰੀਸਰਚ ਡਾਇਰੈਕਟਰ ਅਰੁਣ ਅਨੰਦ ਵੱਲੋਂ ਲਿਿਖਆ ਇੱਕ ਲੇਖ ‘੍ਹੋਾ ੍ਰਸ਼ਸ਼ ਹੲਲਪੲਦ ਸੳਵੲ ‘ਧੳਰਬੳਰ ਸ਼ੳਹਬਿ’ ਟਾਚਿੲ ੳਨਦ ੁਪਹੲਲਦ ੍ਹਨਿਦੁ-ਸ਼ਕਿਹ ੁਨਟਿੇ’ ਮਿਤੀ 5 ਅਪ੍ਰੈਲ, 2021 ਈ. ਨੂੰ ਪ੍ਰਕਾਸ਼ਿਤ ਕੀਤਾ ਗਿਆ। ਜਿਸ ਦਾ ਮੰਤਵ ਇਹ ਜਾਪਦਾ ਹੈ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਤੋਂ ਬਾਅਦ ਸਿੱਖਾਂ ਨੂੰ ਚਿੜ੍ਹਾਉਣਾ ਜਾਂ ਨੀਵੇਂ ਦਿਖਾਉਣਾ ਹੋਵੇ, ਕਿ ਤੁਸੀਂ ਸੰਘ ਦੀ ਹਿੰਦੂ ਰਾਸ਼ਟਰ ਬਣਾਉਣ ਵਾਲੀ ਵਿਚਾਰਧਾਰਾ ਦਾ ਵਿਰੋਧ ਕੀਤਾ ਹੈ ਪਰ ਸੰਘ ਤਾਂ ਉਹ ਸੰਸਥਾ ਹੈ ਜਿਸ ਨੇ ਤੁਹਾਡੇ ਕੇਂਦਰੀ ਧਰਮ ਅਸਥਾਨ ਨੂੰ ਬਚਾਇਆ ਹੈ। ‘ਦ ਪ੍ਰਿੰਟ’ ਆਨਲਾਈਨ ਪੋਰਟਲ ਦੇ ਸੰਸਥਾਪਕ ਸ਼ੇਖਰ ਗੁਪਤਾ ਹਨ, ਜੋ ਕਿ 8 ਜੂਨ, 2018 ਈ. ਨੂੰ ਪ੍ਰਕਾਸ਼ਿਤ ਕੀਤੇ ਆਪਣੇ ਲੇਖ ਵਿਚ ਖੁਦ ਲਿਖਦੇ ਹਨ ਕਿ ਉਹ ਆਪਣੇ ਸਕੂਲੀ ਦੌਰ ਵਿਚ ਆਰ.ਐੱਸ.ਐੱਸ. ਨਾਲ ਜੁੜੇ ਰਹੇ ਹਨ, ਜਿਸ ਤੋਂ ਇਨ੍ਹਾਂ ਦਾ ਵੀ ਸੰਘ ਨਾਲ ਸੰਬੰਧਿਤ ਪਿਛੋਕੜ ਸਿੱਧ ਹੁੰਦਾ ਹੈ।

ਅਰੁਣ ਅਨੰਦ ਵੱਲੋਂ ਦਾਅਵਾ

{ਅਰੁਣ ਅਨੰਦ ਵੱਲੋਂ ਲੇਖ ਵਿਚ ਇਹ ਦਾਅਵਾ ਕੀਤਾ ਗਿਆ ਕਿ 6 ਮਾਰਚ, 1947 ਈ. ਦੀ ਰਾਤ ਨੂੰ ਜਦੋਂ ਮੁਸਲਿਮ ਲੀਗੀਆਂ ਨੇ ਅੰਮ੍ਰਿਤਸਰ ਵਿਚ ਹਮਲੇ ਕੀਤੇ ਅਤੇ ਉਨ੍ਹਾਂ ਨੇ ਕ੍ਰਿਸ਼ਨਾ ਕੱਪੜਾ ਮਾਰਕੀਟ ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਸਾਜ਼ਿਸ਼ ਘੜੀ ਹੋਈ ਸੀ ਤਾਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਵਿਚ ਆਰ.ਐੱਸ.ਐੱਸ ਨੇ 75 ਸ੍ਵਯਮਸੇਵਕਾਂ ਨੂੰ ਨਿਯੁਕਤ ਕੀਤਾ ਹੋਇਆ ਸੀ। ਉਪਰੰਤ 9 ਮਾਰਚ, 1947 ਈ. ਨੂੰ ਜਦੋਂ ਮੁਸਲਿਮ ਲੀਗੀਆਂ ਦੇ ਸਮੂਹ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਤਿੰਨ (ਕਟੜਾ ਕਰਮ ਸਿੰਘ, ਨਮਕ ਮੰਡੀ ਤੇ ਸ਼ੇਰਾਂਵਾਲਾ ਦਰਵਾਜ਼ਾ) ਪਾਸਿਓਂ ਆ ਰਹੇ ਸਨ ਤਾਂ ਵੀ ਉਨ੍ਹਾਂ ਨੂੰ ਰੋਕਣ ਲਈ ਆਰ.ਐੱਸ.ਐੱਸ ਦੇ ਸ੍ਵਯਮਸੇਵਕਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ। ਇਹ ਵੀ ਦਾਅਵਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬਹੁਤ ਥੋੜੇ ਸੇਵਾਦਾਰ ਸਨ, ਉਹ ਵੀ ਡਰੇ ਹੋਏ ਸਨ ਤੇ ਨਾਲ ਹੀ ਲਗਪਗ 100 ਨਿਹੱਥੇ ਸ਼ਰਧਾਲੂ ਅੰਦਰ ਫਸੇ ਹੋਏ ਸਨ।}

ਸੰਘ-ਪੱਖੀ ਪੁਸਤਕਾਂ ਤੇ ਇਸਦੀ ਵਿਚਾਰਧਾਰਾ ਵਾਲੇ ਵਿਅਕਤੀ ਵੱਲੋਂ ਲਿਖੇ ਤੇ ਪ੍ਰਕਾਸ਼ਿਤ ਕੀਤੇ ਲੇਖ ਰਾਹੀਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਿਚ ਸਿੱਖਾਂ ਦੀ ਢਿੱਲੀ ਕਾਰਗੁਜਾਰੀ, ਢਹਿੰਦੀ ਕਲਾ ਤੇ ਲੋੜੀਂਦੇ ਪ੍ਰਬੰਧ ਦੀ ਗੈਰਹਾਜ਼ਰੀ ਦਰਸਾਉਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ। ਇਸ ਲਈ 6 ਤੋਂ 10 ਮਾਰਚ, 1947 ਈ. ਦਰਮਿਆਨ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਇਨ੍ਹਾਂ ਦਾਅਵਿਆਂ ਦੀ ਖੋਜ ਕੀਤੀ ਗਈ, ਜਿਸ ਤੋਂ ਬਹੁਤ ਕੁਝ ਸਪੱਸ਼ਟ ਹੋਇਆ ਹੈ। ਖੋਜ ਕੀਤੇ ਤੱਥਾਂ ਤੋਂ ਦਾਅਵਿਆਂ ਦੇ ਉਲਟ ਇਹ ਗੱਲ ਸਾਹਮਣੇ ਆਈ ਹੈ ਕਿ 6 ਮਾਰਚ ਦੀ ਸ਼ਾਮ ਤਕ ਕਈ ਸਿੱਖ ਆਗੂ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਸਨ ਅਤੇ 9 ਮਾਰਚ ਨੂੰ ਜਿਹੜਾ ਮੁਸਲਿਮ ਲੀਗੀਆਂ ਵੱਲੋਂ ਹਮਲਾ ਸ੍ਰੀ ਦਰਬਾਰ ਸਾਹਿਬ ਵੱਲ ਹੋਣਾ ਘੜਿਆ ਗਿਆ ਹੈ ਅਜਿਹੀ ਕੋਈ ਘਟਨਾ ਸਮੇਂ ਦੇ ਦਸਤਾਵੇਜ਼ਾਂ ਵਿਚ ਨਹੀਂ ਮਿਲਦੀ।

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਤੇ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਹੀ ਸੰਵੇਦਨਸ਼ੀਲ ਅਤੇ ਤਿਆਰ ਬਰ ਤਿਆਰ ਰਹੀ ਹੈ। ਸਮੁੱਚੇ ਵਿਸ਼ਵ ਨੂੰ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਇਸ ਮਹਾਨ ਅਤੇ ਪਾਵਨ ਅਸਥਾਨ ਉੱਤੇ ਹਮਲਾ ਕਰਨ ਵਾਲੇ ਧਾੜਵੀਆਂ ਨੂੰ ਸਿੱਖਾਂ ਨੇ ਹਮੇਸ਼ਾ ਹੀ ਆਪਣੀ ਸਮਰੱਥਾ ਅਨੁਸਾਰ ਮੂੰਹ ਤੋੜ ਜਵਾਬ ਦਿੱਤਾ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਸੰਨ 1947 ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਭੜਕੇ ਦੰਗਿਆਂ ਦੌਰਾਨ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਿਚ ਢਿੱਲ ਵਰਤਦੇ। ਸੰਘ-ਪੱਖੀ ਦਾਅਵੇ ਦੀ ਵੱਖ-ਵੱਖ ਸਰੋਤਾਂ ਤੋਂ ਡੂੰਘੀ ਘੋਖ ਕਰਨ ਉਪਰੰਤ ਸਾਹਮਣੇ ਆਇਆ ਹੈ ਕਿ ਇਹ ਸਰਾਸਰ ਗ਼ਲਤ ਪ੍ਰਚਾਰ ਹੈ।

ਉਸ ਸਮੇਂ ਦੇ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਨਿੱਜੀ ਡਾਇਰੀ ਵਿੱਚੋਂ ਉਨ੍ਹਾਂ ਦੀ ਹੱਥਲਿਖਤ ਗਵਾਹੀ, ਸੰਨ 1947 ਵਿਚ ਵੰਡ ਸੰਬੰਧੀ ਵਿਿਸ਼ਆਂ ਉੱਤੇ ਲਿਖੀਆਂ ਜ਼ਰੂਰੀ ਪੁਸਤਕਾਂ (ਪੰਜਾਬ ਦਾ ਉਜਾੜਾ – ਗਿਆਨੀ ਸੋਹਣ ਸਿੰਘ ਸੀਤਲ; ਮੁਸਲਿਮ ਲੀਗੀਆਂ ਦੇ ਹਮਲੇ ਦੀ ਵਿਿਥਆ 1947 – ਸ. ਗੁਰਬਚਨ ਸਿੰਘ ਤਾਲਿਬ; ਲਹੂ-ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ – ਇਸ਼ਤਿਆਕ ਅਹਿਮਦ; ਪਾਕਿਸਤਾਨੀ ਘੱਲੂਘਾਰਾ – ਗਿਆਨੀ ਪ੍ਰਤਾਪ ਸਿੰਘ, ਰਿਪੋਰਟਿੰਗ ਪਾਰਟੀਸ਼ਨ ਆਫ ਪੰਜਾਬ 1947 – ਪ੍ਰੋ ਰਘੂਵੇਂਦਰ ਤੰਵਰ), ਅਖ਼ਬਾਰਾਂ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ ’ਤੇ ਸਪੱਸ਼ਟ ਹੁੰਦਾ ਹੈ ਕਿ ਸਥਾਨਕ ਸਿੱਖਾਂ ਅਤੇ ਹਿੰਦੂਆਂ ਨੇ ਰਲ ਕੇ ਸਾਂਝੇ ਤੌਰ ’ਤੇ ਮੁਸਲਿਮ ਲੀਗ ਦੇ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ। ਸੰਨ 1947 ਈ. ਦਾ ਸੰਘਰਸ਼ ਹਿੰਦੂ ਅਤੇ ਸਿੱਖਾਂ ਦਾ ਸਾਂਝਾ ਸੰਘਰਸ਼ ਸੀ, ਜਿਸ ਵਿੱਚ ਦੋਵਾਂ ਨੇ ਰਲਕੇ ਮੁਕਾਬਲਾ ਕੀਤਾ ਪਰ ਆਰ.ਐੱਸ.ਐੱਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਆਪਣੇ ਸ੍ਵਯਮਸੇਵਕਾਂ ਦੀ ਨਿਯੁਕਤੀ ਕਰ ਕੇ ਇਸ ਪਾਵਨ ਸਿੱਖ ਅਸਥਾਨ ਨੂੰ ਬਚਾਉਣ ਸੰਬੰਧੀ ਕੋਈ ਨਿਰਪੱਖ ਤੇ ਭਰੋਸੇਯੋਗ ਹਵਾਲਾ ਨਹੀਂ ਮਿਲਦਾ। ਸਾਹਮਣੇ ਆਉਂਦਾ ਹੈ ਕਿ ਇਹ ਮਨਘੜਨ ਤੇ ਗ਼ਲਤ ਪ੍ਰਚਾਰ ਕੀਤਾ ਗਿਆ ਹੈ ਅਤੇ ਇਸ ਨੂੰ ਤੱਥ ਵਜੋਂ ਪੇਸ਼ ਕਰਨ ਲਈ ਆਰ.ਐੱਸ.ਐੱਸ ਦੀ ਵਿਚਾਰਧਾਰਾ ਵਾਲੇ ਅਤੇ ਇਸ ਦਾ ਪ੍ਰਚਾਰ ਕਰਨ ਵਾਲੇ ਲੇਖਕਾਂ ਵੱਲੋਂ ਲਿਖੀ ਪੁਸਤਕਾਂ ਅੰਦਰ ਇਹ ਗੱਲ ਬਿਨਾਂ ਕਿਸੇ ਠੋਸ ਹਵਾਲਿਆਂ ਦੇ ਦਰਜ ਕਰ ਦਿੱਤੀ ਗਈ ਹੈ। ਸੱਚ ਇਹ ਸਾਹਮਣੇ ਆਇਆ ਹੈ ਕਿ ਮਾਰਚ 1947 ਦੀ ਗੜਬੜ ਮੌਕੇ ਸ੍ਰੀ ਦਰਬਾਰ ਸਾਹਿਬ ਉੱਤੇ ਮੁਸਲਿਮ ਲੀਗੀਆਂ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਅਤੇ 5 ਤੋਂ 10 ਮਾਰਚ ਦੇ ਦਰਮਿਆਨ ਇੱਥੇ ਵੱਡੀ ਗਿਣਤੀ ਵਿਚ ਸਿੱਖ ਮੌਜੂਦ ਸਨ। ਸਿੱਖ ਆਗੂਆਂ ਨੇ ਇਹਤਿਆਤ ਦੇ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹਾ ਪ੍ਰਬੰਧ ਜ਼ਰੂਰ ਕੀਤਾ ਹੋਇਆ ਸੀ ਕਿ ਜੇਕਰ ਮੁਸਲਿਮ ਲੀਗੀਏ ਹਮਲਾ ਕਰਦੇ ਤਾਂ ਉਨ੍ਹਾਂ ਦਾ ਬੁਰਾ ਹਾਲ ਹੋਣਾ ਸੀ, ਇਸ ਦੀ ਗਵਾਹੀ ਮਾਸਟਰ ਤਾਰਾ ਸਿੰਘ ਖੁਦ ਭਰਦੇ ਹਨ।

ਇਸ ਮਨਘੜਤ ਕਹਾਣੀ ਸੰਬੰਧੀ ਸੱਚ ਜਾਣਨ ਲਈ ਸਭ ਤੋਂ ਪਹਿਲਾਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਾਸਟਰ ਤਾਰਾ ਸਿੰਘ ਵੱਲੋਂ ਧਰਮਸ਼ਾਲਾ ਵਿਖੇ ਆਪਣੀ ਜੇਲ੍ਹ ਯਾਤਰਾ ਦੌਰਾਨ ਲਿਖੀ ਗਈ ਨਿੱਜੀ ਡਾਇਰੀ ਦੀ ਗਵਾਹੀ ਵਿੱਚੋਂ ਅੰਸ਼ ਅਤਿ-ਅਹਿਮ ਹਨ। ਡਾ. ਗੋਕੁਲ ਚੰਦ ਨਾਰੰਗ ਵੱਲੋਂ ਲਿਖੀ ਪੁਸਤਕ ‘ਠਰੳਨਸਡੋਰਮੳਟੋਿਨ ੋਡ ਸ਼ਕਿਹਸਿਮ’ ਦਾ ਨਵਾਂ ਐਡੀਸ਼ਨ ਸੰਨ 1960 ਵਿਚ ਜੇਲ੍ਹ ਅੰਦਰ ਪੜ੍ਹਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਆਪਣੀ ਡਾਇਰੀ ਵਿੱਚ ਲਿਖਦੇ ਹਨ, “ਇਸ ਐਡੀਸ਼ਨ ਵਿਚ ਡਾਕਟਰ ਸਾਹਿਬ (ਨੇ) ਮੌਜੂਦਾ ਸਿੱਖ ਪੋਜ਼ੀਸ਼ਨ ਤੇ ਸਿੱਖ ਹਿੰਦੂ ਖਿਚਾਓ ਤੇ ਮੋਰਚਿਆਂ ਦਾ ਜ਼ਿਕਰ ਕੀਤਾ ਹੈ। ਇਸ ਪੁਸਤਕ ਦਾ ਇਕ ਇਕ ਫਿਕਰਾ ਕੱਟੜ ਹਿੰਦੂ ਤਅਸਬ ਦੇ ਜ਼ਹਰ ਨਾਲ ਭਰਿਆ ਗਿਆ ਹੈ। ਵਿਸਥਾਰ ਨਾਲ ਖੋਜ ਕੇ ਹਰ ਗੱਲ ਦਾ ਜਵਾਬ ਲਿਖਣ ਨਾਲ ਤਾਂ ਇਹ ਪੁਸਤਕ ਬਹੁਤ ਵੱਡੀ ਹੋ ਜਾਂਦੀ ਹੈ। ਇਸ ਵਾਸਤੇ ਮੈਂ ਕੇਵਲ ਉਨ੍ਹਾਂ ਗਲਤ ਬਿਆਨੀਆਂ, ਝੂਠ, ਮਨਘੜਤ ਕਹਾਣੀਆਂ ਦਾ ਹੀ ਜ਼ਿਕਰ ਕਰਾਂਗਾ ਜੋ ਵਿਚ ਲਿਆਂਦੇ ਗਏ ਹਨ। ਮੈਂ ਹੈਰਾਨ ਹਾਂ ਕਿ ਡਾਕਟਰ ਸਾਹਿਬ ਵਰਗਾ ਸਿਆਣਾ ਆਦਮੀ ਕਿਸ ਤਰ੍ਹਾਂ ਤੁਅੱਸਬ ਦੇ ਹੇਠਾਂ ਆ ਕੇ ਸਚਾਈ ਵੱਲੋਂ ਅੰਨ੍ਹਾ ਹੋ ਜਾਂਦਾ ਹੈ। ਮੈਨੂੰ ਤਾਂ ਸ਼ੱਕ ਹੈ ਕਿ ਇਤਨੇ ਮਨਘੜਤ ਝੂਠ ਡਾਕਟਰ ਸਾਹਿਬ ਨੇ ਆਪ ਨਹੀਂ ਘੜੇ। ਹੋਰਾਂ ਨੇ ਘੜੇ ਹਨ ਤੇ ਡਾਕਟਰ ਸਾਹਿਬ ਦੇ ਤੁਅੱਸਬ ਨੂੰ ਪਸੰਦ ਆਏ ਹਨ ਤੇ ਉਨ੍ਹਾਂ ਪਤਾ ਕਰਨ ਦੀ ਲੋੜ ਹੀ ਨਹੀਂ ਸਮਝੀ ਤੇ ਲਿਖ ਮਾਰੇ ਹਨ। ਸੱਚ ਪੁੱਛੋ ਤਾਂ ਕੋਈ ਜ਼ਿੰਮੇਵਾਰ ਇਤਿਹਾਸਕਾਰ ਇਸ ਤਰ੍ਹਾਂ ਆਪਣੀ ਪਿਛਲੀ ਲਿਖੀ ਪੁਸਤਕ ਦਾ ਜਾਣਬੁਝ ਕੇ ਨਾਸ਼ ਨਹੀਂ ਕਰਦਾ। ਇਹ ਨਵੇਂ ਵਧਾਏ ਹੋਏ ਲੇਖ ਸਿਰਫ਼ ਕੱਟੜ ਹਿੰਦੂ ਫਿਰਕਾਪ੍ਰਸਤੀ ਪ੍ਰਚਾਰ ਹੀ ਹਨ। ਬੇਸ਼ਕ ਡਾਕਟਰ ਸਾਹਿਬ ਨੂੰ ਹੱਕ ਹੈ ਕਿ ਓਹ ਆਪਣੀਆਂ ਦਲੀਲਾਂ ਨਾਲ ਆਪਣੇ ਪੱਖ ਨੂੰ ਸਿੱਧ ਕਰਨ ਦਾ ਜਤਨ ਕਰਨ। ਪਰ ਉਨ੍ਹਾਂ ਨੂੰ ਇਹ ਹੱਕ ਨਹੀਂ ਹੈ ਕਿ ਹਿੰਦੂਆਂ ਦੀ ਤਾਰੀਫ਼ ਜਾਂ ਪੱਖ ਵਿਚ ਤੇ ਸਿੱਖ ਦੇ ਵਿਰੁੱਧ ਝੂਠੀਆਂ ਘੜੀਆਂ ਹੋਈਆਂ ਕਹਾਣੀਆਂ ਲਿਖਣ। ਇਸ ਝੂਠ ਤੇ ਤੁਅੱਸਬ ਦੇ ਪਲੰਦੇ ਵਿੱਚੋਂ ਮੈਂ ਕੁਝ ਉਤੇ ਉਸੇ ਤਰਤੀਬ ਵਿਚ ਨੋਟ ਲਿਖਦਾ ਹਾਂ ਜਿਸ ਵਿਚ ਇਸ ਪੁਸਤਕ ਵਿਚ ਲਿਖੇ ਗਏ ਹਨ:-

ਇਸ ਲੇਖ ਵਿਚ ਲਿਿਖਆ ਹੈ ਕਿ 2 ਮਾਰਚ, 1947 ਈ. ਨੂੰ “ਮਾਸਟਰ ਤਾਰਾ ਸਿੰਘ ਆਪਣੇ ਸਾਥੀਆਂ ਦਾ ਜਥਾ ਲੈ ਕੇ ਅਸੈਂਬਲੀ ਹਾਲ ਨੂੰ ਗਿਆ ਤੇ ਕਿਰਪਾਨ ਖਿੱਚ ਕੇ ਕਹਿਣ ਲੱਗਾ ਕਿ ਉਹ ਮੁਸਲਿਮ ਲੀਗ ਦਾ ਕੰਮ ਨਹੀਂ ਚੱਲਣ ਦੇਵੇਗਾ।” ਇਹ ਗੱਲ ਬਿਲਕੁਲ ਗਲਤ ਹੈ। ਨਾ ਮੈਂ ਜਥਾ ਲੈ ਕੇ ਗਿਆ ਤੇ ਨਾ ਮੈਂ ਕਿਰਪਾਨ ਹੀ ਨੰਗੀ ਕੀਤੀ ਹੈ। ਹਾਂ ਅਸੈਂਬਲੀ ’ਚ ਅਕਾਲੀ ਮੈਂਬਰਾਂ ਦੀ ਅਗਵਾਈ ਕਰ ਕੇ ਮੈਂ, “ਪਾਕਿਸਤਾਨ ਮੁਰਦਾਬਾਦ ਦੇ ਨਾਹਰੇ ਮੁਸਲਮ ਹਜੂਮ ਦੇ ਸਾਹਮਣੇ ਜ਼ਰੂਰ ਲਾਏ ਸਨ।” ਡਾਕਟਰ ਸਾਹਿਬ ਦੀ ਇਹ ਭੁਲ ਕੋਈ ਵਜ਼ਨਦਾਰ ਨਹੀਂ ਹੈ ਕਿਉਂਕਿ ਮੇਰੇ ਕਿਰਪਾਨ ਕੱਢ ਕੇ ਮੁਸਲਮ ਲੀਗ ਦਾ ਝੰਡਾ ਪਾੜ ਸੁੱਟਣ ਦੀ ਗ਼ਲਤ ਗੱਲ ਉਸ ਵੇਲੇ ਪ੍ਰੈੱਸ ਵਿਚ ਬਹੁਤ ਲਿਖੀ ਗਈ ਸੀ ਤੇ ਹੁਣ ਤਕ ਲੋਕ ਇਸ ਗ਼ਲਤ ਗੱਲ ਨੂੰ ਠੀਕ ਸਮਝੀ ਬੈਠੇ ਹਨ। ਮੈਂ ਇਸ ਦੀ ਤਰਦੀਦ (ਖੰਡਨ) ਤਾਂ ਕੇਵਲ ਇਸ ਲਈ ਕਰ ਰਿਹਾ ਹਾਂ ਕਿ ਇਹ ਮੇਰੀ ਜਾਤ ਨਾਲ ਸੰਬੰਧ ਰੱਖਦੀ ਹੈ ਤੇ ਡਾਕਟਰ ਸਾਹਿਬ ਦੀ ਲਾਪ੍ਰਵਾਹੀ ਪ੍ਰਗਟ ਕਰਦੀ ਹੈ।

ਡਾਕਟਰ ਸਾਹਿਬ ਲਿਖਦੇ ਹਨ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਹੁਤ ਸਾਰੇ ਸਿੱਖ ਬਾਹਰ ਗਏ ਹੋਏ ਸਨ ਤੇ ਮੁਸਲਮਾਨਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਜਤਨ ਕੀਤਾ, ਉਸ ਵੇਲੇ ਰਾਸ਼ਟਰੀਆ ਸਵੇਯਮ ਸੰਘ (ਆਰ.ਐੱਸ.ਐੱਸ.) ਦੇ ਮੁੰਡਿਆਂ ਨੇ ਦਰਬਾਰ ਸਾਹਿਬ ਨੂੰ ਬੇਇੱਜ਼ਤੀ ਤੇ ਤਬਾਹੀ ਤੋਂ ਬਚਾਇਆ। ਇਹ ਨਿਰੋਲ ਮਨਘੜਤ ਝੂਠ ਹੈ। ਨਾ ਅੰਮ੍ਰਿਤਸਰ ਸ਼ਹਿਰ ਦੇ ਸਿੱਖ ਬਹੁਤ ਸਾਰੇ ਕਦੀ ਬਾਹਰ ਗਏ, ਨਾ ਮੁਸਲਮਾਨਾਂ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਤੇ ਨਾ ਸੰਘ ਦੇ ਮੁੰਡਿਆਂ ਨੇ ਬਚਾਇਆ। ਇਹ ਨਿਰੋਲ ਮਨਘੜਤ ਝੂਠੀ ਕਹਾਣੀ ਕੇਵਲ ਸੰਘ ਦੇ ਮੰਡਿਆਂ ਦੀ ਤਾਰੀਫ਼ ਦੇ ਵਿਚ ਘੜੀ ਗਈ ਹੈ। ਇਹ ਕਹਾਣੀ ਅੱਜ ਤਕ ਨਾ ਮੈਂ ਕਿਧਰੇ ਪੜ੍ਹੀ ਤੇ ਨਾ ਸੁਣੀ। ਇਹ ਠੀਕ ਹੈ ਕਿ ਅੰਮ੍ਰਿਤਸਰ ਸ਼ਹਿਰ ਵਿਚ ਪੁਲਸ ਮੁਸਲਮਾਨਾਂ ਤੇ ਉਨ੍ਹਾਂ ਦੀ ਮਦਦ ਨਾਲ ਮੁਸਲਮਾਨਾਂ ਦਾ ਕਾਫੀ ਜ਼ੋਰ ਪੈ ਗਿਆ ਸੀ। ਇਹ ਜ਼ੋਰ ਉਸ ਵੇਲੇ ਟੁੱਟਾ ਜਦ ਅਕਾਲੀਆਂ ਨੇ ਪੁਲਸ ਦਾ ਥਾਂ-ਥਾਂ ਮੁਕਾਬਲਾ ਕਰਕੇ ਉਨ੍ਹਾਂ ਨੂੰ ਘਬਰਾ ਦਿੱਤਾ ਤੇ ਜਦ ਪਿੰਡਾਂ (’ਚ) ਸੈਂਕੜੇ ਮਾਰੇ ਗਏ ਮੁਸਲਮਾਨਾਂ ਦੀਆਂ ਲਾਸ਼ਾਂ ਸ਼ਹਿਰ ਵਿਚ ਆਉਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਲਾਸ਼ਾਂ ਨੂੰ ਵੇਖ ਵੇਖਕੇ ਮੁਸਲਮਾਨ ਘਬਰਾਏ ਸਨ। ਦਰਬਾਰ ਸਾਹਿਬ ਨੂੰ ਤਾਂ ਕਦੀ ਖਤਰਾ ਪਿਆ ਹੀ ਨਹੀਂ ਸੀ। ਹਾਂ, ਇਹਤਿਆਤ ਦੇ ਤੌਰ ’ਤੇ ਦਰਬਾਰ ਸਾਹਿਬ ਅਜਿਹਾ ਪ੍ਰਬੰਧ ਜ਼ਰੂਰ ਕੀਤਾ ਹੋਇਆ ਸੀ ਕਿ ਜੇ ਮੁਸਲਮਾਨ ਆਉਂਦੇ ਤਾਂ ਉਨ੍ਹਾਂ ਦਾ ਬਹੁਤ ਬੁਰਾ ਹਾਲ ਹੁੰਦਾ।

ਉਸ ਵੇਲੇ ਹਿੰਦੂ ਤੇ ਸਿੱਖ ਇਕ ਜਾਨ ਹੋ ਕੇ ਲੜ ਰਹੇ ਸਨ। ਇਸ ਕਰਕੇ ਮੈਂ ਇਹੋ ਜੇਹੀ (ਲਿਖਤ) ਸੰਬੰਧੀ ਵਧੇਰੇ ਕੁਝ ਨਹੀਂ ਲਿਖਣਾ ਚਾਹੁੰਦਾ। ਇਤਨਾ ਹੀ ਕਹਿੰਦਾ ਹਾਂ ਕਿ ਉਸ ਸਮੇਂ ਸਭ ਹਿੰਦੂਆਂ ਸਣੇ ਸੰਘੀਆਂ ਨੇ “ਸਤਿ ਸ੍ਰੀ ਅਕਾਲ” ਦੇ ਨਾਹਰੇ ਨੂੰ ਹੀ ਅਪਣਾਅ ਲਿਆ ਸੀ, ਤਾਂਕਿ ਹਮਲਾ ਕਰਨ ਵਾਲੇ ਮੁਸਲਮਾਨ ਇਹ ਸਮਝਣ ਕਿ ਜਿੱਥੇ ਹਮਲਾ ਹੋ ਰਿਹਾ ਹੈ ਉਥੇ ਸਿੱਖ ਹਨ ਨਾਕਿ ਹਿੰਦੂ।

ਡਾਕਟਰ ਗੋਕੁਲ ਚੰਦ ਜੀ ਪੱਛਮੀ ਪੰਜਾਬ ਦੇ ਹਿੰਦੂ ਸਿੱਖਾਂ ਦੇ ਕਤਲ-ਏ-ਆਮ ਦਾ ਜਿਕਰ ਤਾਂ ਖੁਲ੍ਹ ਕੇ ਕਰਦੇ ਹਨ ਤੇ ਮੁਸਲਮਾਨਾਂ ਦੇ ਇਸ ਪਾਸੇ ਦੇ ਕਤਲ-ਏ-ਆਮ ਨੂੰ ਦੋ ਫਿਕਰਿਆਂ ਵਿਹ ਹੀ ਲਾਂਭੇ ਕਰ ਸੁਟਦੇ ਹਨ। ਇਤਿਹਾਸਕਾਰ ਨੂੰ ਇਹ ਤੁਅੱਸਬ ਨਹੀਂ ਚਾਹੀਦਾ। ਇਹ ਠੀਕ ਹੈ ਕਿ ਇਸ ਤਰ੍ਹਾਂ ਕਤਲ-ਏ-ਆਮ ਦੀ ਪਹਿਲ ਪੱਛਮੀ ਪੰਜਾਬ ਵਿਚ ਮੁਸਲਮਾਨਾਂ ਨੇ ਹੀ ਕੀਤੀ ਸੀ। ਪਰ ਮਗਰੋਂ ਪੂਰਬੀ ਪੰਜਾਬ ਤੇ ਦਿੱਲੀ ਤੇ ਪੱਛਮੀ ਯੂ.ਪੀ. ਵਿਚ ਮੁਸਲਮਾਨਾਂ ਦਾ ਕਤਲ-ਏ-ਆਮ ਬਹੁਤ ਹੋਇਆ ਸੀ। ਠੀਕ ਅੰਦਾਜ਼ਾ ਲਾਣਾ ਤਾਂ ਔਖਾ ਹੈ ਪਰ ਮਾਰੇ ਗਏ ਮੁਸਲਮਾਨਾਂ ਦੀ ਗਿਣਤੀ ਮਾਰੇ ਗਏ ਸਿੱਖ ਹਿੰਦੂਆਂ ਦੀ ਗਿਣਤੀ ਨਾਲੋਂ ਜੇ ਤਿਗਨੀ ਨਹੀਂ ਤਾਂ ਦੁਗਨੀ ਜ਼ਰੂਰ ਸੀ।

ਗਿਆਨੀ ਪ੍ਰਤਾਪ ਸਿੰਘ, ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਆਪਣੀ ਪੁਸਤਕ ‘ਪਾਕਿਸਤਾਨੀ ਘੱਲੂਘਾਰਾ’ (ਪੰਨਾ 138 ਤੋਂ 142) ਵਿਚ 4 ਤੋਂ 7 ਮਾਰਚ ਦਰਮਿਆਨ ਸ੍ਰੀ ਅੰਮ੍ਰਿਤਸਰ ਵਿਚ ਵਾਪਰੀਆਂ ਘਟਨਾਵਾਂ ਅਤੇ ਤਲਖ ਮਹੌਲ ਬਾਰੇ ਬਹੁਤ ਹੀ ਜ਼ਰੂਰੀ ਜਾਣਕਾਰੀ ਦਰਜ ਕੀਤੀ ਹੈ। ਉਹ ਲਿਖਦੇ ਹਨ ਕਿ ਲਾਹੌਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਿੰਦੂ ਸਿੱਖ ਵਿਿਦਆਰਥੀਆਂ ਉੱਤੇ ਗੋਲੀ ਚੱਲਣ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ 4 ਮਾਰਚ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੜਾ ਭਾਰੀ ਦੀਵਾਨ ਹੋਇਆ, ਜਿਸ ਵਿਚ ਹਜ਼ਾਰਾਂ ਸਿੱਖ-ਹਿੰਦੂ ਸ਼ਾਮਲ ਹੋਏ। ਜਥੇਦਾਰ ਊਧਮ ਸਿੰਘ ਨਾਗੋਕੇ (ਐੱਮ.ਐੱਲ.ਏ.) ਜੋ ਕਿ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਨੇ ਅਪੀਲ ਕੀਤੀ ਕਿ ਰੋਸ ਵਜੋਂ 5 ਮਾਰਚ ਨੂੰ ਸ਼ਹਿਰ ਵਿਚ ਸ਼ਾਂਤਮਈ ਰਹਿੰਦਿਆਂ ਮੁਕੰਮਲ ਹੜਤਾਲ ਕੀਤੀ ਜਾਵੇ। ਇਸ ਅਨੁਸਾਰ 5 ਮਾਰਚ ਦਿਨ ਬੁੱਧਵਾਰ ਨੂੰ ਹੜਤਾਲ ਹੋਈ, ਗੁਰਦੁਆਰਾ ਮੰਜੀ ਸਾਹਿਬ ਫਿਰ ਦੀਵਾਨ ਕਰਨ ਦਾ ਐਲਾਨ ਕੀਤਾ ਗਿਆ ਸੀ। ਭਾਈ ਮੰਗਲ ਸਿੰਘ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਕਮੇਟੀ ਇੱਕ ਟਾਂਗੇ ਵਿਚ ਬੈਠਾ ਇਸ ਦੀਵਾਨ ਦਾ ਢੰਡੋਰਾ ਦੇ ਰਿਹਾ ਸੀ, ਕਿ ਚੌਂਕ ਮੋਨੀ ਵਿਚ ਮੁਸਲਮਾਨਾਂ ਨੇ ਇੱਟਾਂ ਮਾਰ ਕੇ ਉਨ੍ਹਾਂ ਨੂੰ ਮਾਰ ਦਿੱਤਾ। ਇਸ ਨਾਲ ਸਾਰੇ ਅੰਮ੍ਰਿਤਸਰ ਵਿਚ ਬੇਚੈਨੀ ਫੈਲ ਗਈ ਅਤੇ ਗੜਬੜ ਸ਼ੁਰੂ ਹੋ ਗਈ। ਹੋਲਾ ਮਹੱਲਾ ਹੋਣ ਕਰਕੇ ਬਹੁਤ ਸਾਰੀ ਸੰਗਤ ਤੇ ਸਿੱਖ ਆਗੂ ਸ੍ਰੀ ਅਨੰਦਪੁਰ ਸਾਹਿਬ ਗਏ ਹੋਏ ਸਨ। ਅੰਮ੍ਰਿਤਸਰ ਵਿਚ ਸਰਦਾਰ ਸੋਹਣ ਸਿੰਘ ਜਲਾਲ ਉਸਮਾਂ, ਸਰਦਾਰ ਈਸ਼ਰ ਸਿੰਘ ਮਝੈਲ ਮੌਜੂਦ ਸਨ ਅਤੇ ਜਥੇਦਾਰ ਊਧਮ ਸਿੰਘ ਨਾਗੋਕੇ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਆਏ। ਸ਼ਹਿਰ ਵਿਚ ਮੁਸਲਿਮ ਲੀਗੀਆਂ ਨਾਲ ਹਿੰਦੂ ਅਤੇ ਸਿੱਖਾਂ ਦੀਆਂ ਕਈ ਝੜਪਾਂ ਹੋਈਆਂ ਜਿਸ ਵਿਚ ਦੋਵਾਂ ਪਾਸਿਆਂ ਦੇ ਕਈ ਲੋਕ ਮਾਰੇ ਗਏ। ਹਿੰਦੂ ਸਿੱਖ ਮੁਸਲਮਾਨੀ ਮੁਹੱਲਿਆਂ ਵਿੱਚੋਂ ਨਿਕਲ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਚ ਇਕੱਠੇ ਹੋ ਰਹੇ ਸਨ, ਕਿਉਂਕਿ ਸ਼ਹਿਰ ਵਿਚ ਸਖ਼ਤ ਗੜਬੜ ਸੀ। ਗੁਰੂ ਦੀ ਨਗਰੀ ਅਤੇ ਸ੍ਰੀ ਦਰਬਾਰ ਸਾਹਿਬ ਤੇ ਆਲੇ-ਦੁਆਲੇ ਦੀ ਸੁਰੱਖਿਆ ਲਈ ਜਥੇਦਾਰ ਸੋਹਣ ਸਿੰਘ ਜਲਾਲ ਉਸਮਾਂ ਨੇ ਬਹੁਤ ਸਾਰੀਆਂ ਲਾਰੀਆਂ ਪਿੰਡਾਂ ਵਿੱਚੋਂ ਸਿੰਘਾਂ ਨੂੰ ਲਿਆਉਣ ਲਈ ਇਲਾਕਾ ਤਰਨ ਤਾਰਨ ਅਤੇ ਥਾਣਾ ਬਿਆਸ ਵੱਲ ਭੇਜੀਆਂ, ਸਿੰਘਾਂ ਨੂੰ ਸੰਦੇਸ਼ ਇਹ ਭੇਜਿਆ, “ਗੁਰੂ ਦੀ ਨਗਰੀ ਸਖ਼ਤ ਖ਼ਤਰੇ ਵਿਚ ਹੈ। ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਛੇਤੀ ਪੁੱਜੋ।” ਇਸ ਅਨੁਸਾਰ 6 ਮਾਰਚ ਸ਼ਾਮ ਨੂੰ ਚਾਰ-ਪੰਜ ਹਜ਼ਾਰ ਸਿੰਘ ਸ੍ਰੀ ਅੰਮ੍ਰਿਤਸਰ ਪੁੱਜ ਗਿਆ। 7 ਮਾਰਚ ਨੂੰ ਸਵੇਰੇ ਪਿੰਡਾਂ ਵਿੱਚੋਂ ਆਏ ਸਿੰਘਾਂ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹਮਲਾਵਰਾਂ ਨੂੰ ਰੋਕਣ ਦਾ ਜਤਨ ਕੀਤਾ, ਉਨ੍ਹਾਂ ਦੇ ਦੰਦ ਖੱਟੇ ਕੀਤੇ। ਗਿਆਨੀ ਪ੍ਰਤਾਪ ਸਿੰਘ ਨੇ ਉਸ ਸਮੇਂ ਦਾ ਹਾਲ ਬਾਖੂਬੀ ਦਰਸਾਇਆ ਹੈ ਪਰ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਮੁਸਲਿਮ ਲੀਗ ਦੇ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਂ ਨੇੜ੍ਹੇ ਵੀ ਪਹੁੰਚੇ ਹੋਣ। ਜੇਕਰ ਅਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਉਨ੍ਹਾਂ ਜ਼ਰੂਰ ਜ਼ਿਕਰ ਕਰਨਾ ਸੀ, ਕਿਉਂਕਿ ਇਹ ਇੱਕ ਅਹਿਮ ਘਟਨਾ ਹੁੰਦੀ ਜਿਸ ਨੂੰ ਸਿੱਖਾਂ ਨੇ ਇਤਿਹਾਸ ਦਾ ਹਿੱਸਾ ਜ਼ਰੂਰ ਬਣਾਉਣਾ ਸੀ।

ਗਿਆਨੀ ਸੋਹਣ ਸਿੰਘ ਸੀਤਲ ਆਪਣੀ ਪੁਸਤਕ ਪੰਜਾਬ ਦਾ ਉਜਾੜਾ (ਪੰਨਾ 38 ਤੋਂ 44) ਵਿਚ ਅੰਮ੍ਰਿਤਸਰ ਨਾਲ ਸੰਬੰਧਤ 5 ਮਾਰਚ ਦੀਆਂ ਘਟਨਾਵਾਂ ਬਾਰੇ ਲਿਖਦੇ ਹਨ ਕਿ ਇਸ ਦਿਨ ਸਿੱਖਾਂ ਹਿੰਦੂਆਂ ਦਾ ਨੁਕਸਾਨ ਤਾਂ ਵਧੇਰੇ ਹੋਇਆ ਕਿਉਂਕਿ ਉਨ੍ਹਾਂ ਉੱਤੇ ਬੇਖ਼ਬਰੀ ਵਿਚ ਹਮਲਾ ਹੋਇਆ ਸੀ, ਪਰ ਲੀਗੀਆਂ ਨੂੰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਤਕ ਨਹੀਂ ਪਹੁੰਚਣ ਦਿੱਤਾ। ਉਨ੍ਹਾਂ 5 ਮਾਰਚ ਨੂੰ ਅੰਮ੍ਰਿਤਸਰ ਵਿਚ 70 ਦੇ ਲਗਪਗ ਮੌਤਾਂ ਹੋਈਆਂ ਲਿਖੀਆਂ ਹਨ। ਉਨ੍ਹਾਂ ਅਨੁਸਾਰ ਅਗਲੇ ਦਿਨ 6 ਮਾਰਚ ਨੂੰ ਦੋ ਵਜੇ ਦੁਪਹਿਰ ਤਕ ਸ੍ਰੀ ਅੰਮ੍ਰਿਤਸਰ ਅੰਦਰ ਮੁਸਲਿਮ ਲੀਗ ਦੇ ਲੋਕ ਅੱਗੇ ਵੱਧਦੇ ਰਹੇ, ਲੇਕਿਨ ਬਾਅਦ ਦੁਪਹਿਰ ਪਿੰਡਾਂ ਤੋਂ ਬਹੁਤ ਸਾਰੇ ਸਿੰਘ ‘ਮਰਉ ਤ ਹਰਿ ਕੈ ਦੁਆਰ’ ਦੇ ਪੁਜਾਰੀ ਅੰਮ੍ਰਿਤਸਰ ਪਹੁੰਚ ਚੁੱਕੇ ਸਨ। ਜਥੇਦਾਰ ਊਧਮ ਸਿੰਘ ਨਾਗੋਕੇ, ਮਾਸਟਰ ਤਾਰਾ ਸਿੰਘ, ਸ. ਸੋਹਣ ਸਿੰਘ ਜਲਾਲ ਉਸਮਾਂ ਤੇ ਸ. ਈਸ਼ਰ ਸਿੰਘ ਮਝੈਲ ਤੇ ਹੋਰ ਸਿੱਖ ਆਗੂਆਂ ਨੇ ਮੂਹਰੇ ਹੋ ਕੇ ਮੁਸਲਿਮ ਲੀਗੀਆਂ ਦਾ ਟਾਕਰਾ ਕੀਤਾ ਪਰ ਕਿਸੇ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਨਹੀਂ ਪਹੁੰਚਣ ਦਿੱਤਾ। ਸਭ ਤੋਂ ਵੱਡੀ ਟੱਕਰ ਫੁਹਾਰੇ ਵਾਲੇ ਚੌਕ ਵਿਚ ਹੋਈ। ਲੀਗੀਆਂ ਉੱਤੇ ਤਿੰਨ ਪਾਸਿਓਂ ਹਮਲਾ ਹੋਇਆ ਸੀ। ਇੱਕ ਪਾਸਿਓਂ ਜਥੇਦਾਰ ਊਧਮ ਸਿੰਘ ਨਾਗੋਕੇ ਜੀ ਆਪ ਗੋਲੀਆਂ ਚਲਾ ਰਹੇ ਸਨ, ਦੂਜੇ ਪਾਸਿਓਂ ਕੁਝ ਹੋਰ ਸਿੱਖ ਗੱਭਰੂਆਂ ਨੇ ਹਮਲਾ ਕੀਤਾ ਤੇ ਤੀਜੇ ਪਾਸਿਓਂ ਬਿਜਲੀ ਪਹਿਲਵਾਨ ਹਿੰਦੂ ਗੱਭਰੂਆਂ ਨੂੰ ਨਾਲ ਲੈ ਕੇ ਰਾਹ ਰੋਕੀ ਖੜਾ ਸੀ। ਜਿੰਨਾ ਪਿਆਰ ਤੇ ਇਤਫ਼ਾਕ ਹਿੰਦੂ ਸਿੱਖਾਂ ਵਿੱਚ ਓਸ ਵੇਲੇ ਸੀ, ਗੁਰੂ ਕਰੇ ਸਦਾ ਰਹੇ। ਚੌਥੀ ਬਾਹੀ ਖਾਲੀ ਸੀ ਜਿੱਥੇ ਪਿਛਲੇ ਪਾਸੇ ਮੁਸਲਿਮ ਪੁਲਿਸ ਲੀਗੀਆਂ ਦੀ ਮਦਦ ਲਈ ਖੜੀ ਸੀ। ਇੱਥੇ ਲੀਗੀਏ ਸਿੱਖਾਂ ਤੇ ਹਿੰਦੂਆਂ ਦੇ ਜੋਸ਼ ਅੱਗੇ ਟਿਕ ਨਾ ਸਕੇ ਤੇ ਨੱਸ ਉੱਠੇ। ਅਗਲੇ ਦਿਨ 7 ਮਾਰਚ ਨੂੰ ਦੋ ਵਜੇ 24 ਘੰਟੇ ਲਈ ਕਰਫਿਊ ਲਗਾ ਦਿੱਤਾ ਗਿਆ ਅਤੇ ਬਾਹਰ ਨਜ਼ਰ ਆਉਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਂਦੀ। ਗਿਆਨੀ ਸੋਹਣ ਸਿੰਘ ਸੀਤਲ ਅਨੁਸਾਰ ਇਸ ਪਿੱਚੋਂ 10 ਦਿਨ ਵਾਸਤੇ ਅੱਠ ਵਜੇ ਸ਼ਾਮ ਤੋਂ ਲੈ ਕੇ ਸੱਤ ਵਜੇ ਸਵੇਰ ਤਕ ਕਰਫਿਊ ਲਗਾ ਦਿੱਤਾ ਗਿਆ। ਇਨ੍ਹਾਂ ਦੀ ਲਿਖਤ ਤੋਂ ਸਿੱਧ ਹੁੰਦਾ ਹੈ ਕਿ 9 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਕੋਈ ਘਟਨਾ ਨਹੀਂ ਵਾਪਰੀ, ਕਿਉਂਕਿ ਉਸ ਸਮੇਂ ਸ਼ਹਿਰ ਅੰਦਰ ਕਰਫਿਊ ਲੱਗੇ ਨੂੰ ਦੋ ਦਿਨ ਹੋ ਚੁੱਕੇ ਸੀ ਅਤੇ 6 ਮਾਰਚ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਮੌਜੂਦ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਗੁਰਬਚਨ ਸਿੰਘ ਤਾਲਿਬ ਦੀ ਪੁਸਤਕ- ਮੁਸਲਿਮ ਲੀਗ ਦੇ ਹਮਲੇ ਦੀ ਵਿਿਥਆ ਵਿਚ (ਪੰਨਾ- 85 ਤੋਂ 102) ਲੇਖਕ ਨੇ ਵੰਡ ਦੇ ਸਮੇਂ ਸ੍ਰੀ ਅੰਮ੍ਰਿਤਸਰ ਵਿਚ ਹੋਈਆਂ ਘਟਨਾਵਾਂ ਦੇ ਤੱਥ ਬਹੁਤ ਹੀ ਵਿਸਥਾਰ ਵਿਚ ਦਰਜ ਕੀਤੇ ਹਨ। ਮਾਰਚ 1947 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਹਿੰਦੂ ਤੇ ਸਿੱਖਾਂ ਨਾਲ ਮੁਸਲਿਮ ਲੀਗੀਆਂ ਦੀਆਂ ਜੋ ਝੜਪਾਂ ਹੋਈਆਂ ਉਨ੍ਹਾਂ ਬਾਰੇ ਤਾਲਿਬ ਲਿਖਦੇ ਹਨ ਕਿ ਇੱਥੇ ਲੀਗ ਨੇ ਆਪਣੀ ਪੂਰੀ ਤਾਕਤ ਖ਼ਰਚ ਕਰਦਿਆਂ ਮਾਰਚ ਤੋਂ ਅਗਸਤ ਤਕ ਇੱਕ-ਪੱਖੀ ਲੜਾਈ ਕੀਤੀ, ਜਿਸ ਵਿਚ ਮੁਸਲਮਾਨਾਂ ਪਾਸ ਭਾਰੀ ਤਾਕਤ ਸੀ, ਸਿੱਖਾਂ ਨੇ ਸਿਰ-ਧੜ ਦੀ ਬਾਜ਼ੀ ਲਾਈ। ਉਨ੍ਹਾਂ ਸ੍ਰੀ ਅੰਮ੍ਰਿਤਸਰ ਨੂੰ ਇੱਕ ਤਰ੍ਹਾਂ ਦਾ ਸਟਾਲਿਨ ਗਰਾਡ ਕਿਹਾ। ਸਿੱਖਾਂ ਨੇ ਇਸ ਲੜਾਈ ਨੂੰ ਆਪਣਿਆਂ ਸਿਰਾਂ ਉੱਪਰ ਜਰਿਆ ਤੇ ਹਮਲੇ ਨੂੰ ਇੰਝ ਹੀ ਸਹਾਰਿਆ ਜਿਵੇਂ ਲੰਡਨ ਨੇ 1940-41 ਵਿਚ ਤੇ ਸਟਾਲਿਨ ਗਰਾਡ ਨੇ 1944 ਤੀਕ ਸਹਾਰਿਆ ਸੀ। ਸਮੁੱਚੀ ਪੁਸਤਕ ਵਿਚ ਕਿਤੇ ਵੀ ਜ਼ਿਕਰ ਨਹੀਂ ਆਇਆ ਕਿ ਲੀਗੀਏ ਸ੍ਰੀ ਦਰਬਾਰ ਸਾਹਿਬ ਦੇ ਨੇੜ੍ਹੇ ਪਹੁੰਚੇ ਜਾਂ ਹਮਲਾ ਕੀਤਾ ਜਾਂ ਆਰ.ਐੱਸ.ਐੱਸ. ਵੱਲੋਂ ਇੱਥੇ ਸੁਰੱਖਿਆ ਲਈ ਆਪਣੇ ਸ੍ਵਯਮਸੇਵਕ ਨਿਯੁਕਤ ਕੀਤੇ ਗਏ ਹੋਣ। ਪੰਜ ਮਾਰਚ ਨੂੰ ਰਾਤ ਵੇਲੇ ਮੁਸਲਮਾਨਾਂ ਨੇ ਕ੍ਰਿਸ਼ਨਾ ਮਾਰਕੀਟ (ਸ੍ਰੀ ਦਰਬਾਰ ਸਾਹਿਬ ਤੋਂ 500 ਮੀਟਰ ਦੀ ਦੂਰੀ ’ਤੇ ਸਥਿਤ) ਅਤੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦੀ ਵਿਉਂਤ ਬਣਾਈ ਪਰ ਮਲਕਾ ਦੇ ਬੁੱਤ ਤੇ ਚੌਂਕ ਫੁਵਾਰੇ ਦੀ ਸੜਕ ਉੱਪਰ ਆਹਮੋ-ਸਾਹਮਣੇ ਲੜਾਈ ਹੋਈ, ਜਿਸ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਹੌਂਸਲੇ ਤੇ ਦਮ ਨੇ ਮੁਸਲਮਾਨ ਹਮਲਾਵਰਾਂ ਨੂੰ ਨਸਾ ਦਿੱਤਾ ਤੇ ਸ੍ਰੀ ਦਰਬਾਰ ਸਾਹਿਬ ਨੂੰ ਜੋ ਖ਼ਤਰਾ ਸੀ, ਉਹ ਹੱਟ ਗਿਆ ਅਤੇ ਲੀਗੀਏ ਦੁਬਾਰਾ ਇਸ ਪਾਸੇ ਵੱਲ ਨਹੀਂ ਆਏ। ਇਨ੍ਹਾਂ ਦੀ ਪੁਸਤਕ ਅਨੁਸਾਰ 5 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕਮੇਟੀ ਦੇ ਦੋ ਦਰਜਨ ਦੇ ਕਰੀਬ ਸੇਵਾਦਾਰ ਸਨ, ਜਿਨ੍ਹਾਂ ਪਾਸ ਕਿਰਪਾਨਾਂ ਸਨ ਅਤੇ ਕਰੀਬ ਦੋ ਕੁ ਹਜ਼ਾਰ ਨਿਹੱਥੇ ਯਾਤਰੂ ਵੀ ਮੌਜੂਦ ਸਨ। ਇਸ ਤੋਂ ਸਿੱਧ ਹੁੰਦਾ ਹੈ ਕਿ ਜੇਕਰ ਉਸ ਰਾਤ ਜਾਂ ਅਗਲੇ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਹਮਲਾ ਹੁੰਦਾ ਤਾਂ ਇੱਥੇ ਇਤਨੇ ਸਿੱਖ ਮੌਜੂਦ ਸਨ ਕਿ ਉਹ ਮੁਕਾਬਲਾ ਕਰ ਸਕਦੇ, ਫਿਰ ਆਰ.ਐੱਸ.ਐੱਸ-ਪੱਖੀ ਘੜੇ ਜਾ ਰਹੇ ਗ਼ਲਤ ਬਿਰਤਾਂਤ ਨੂੰ ਸਹੀ ਕਿਵੇਂ ਮੰਨਿਆ ਜਾਵੇ? ਤਾਲਿਬ ਵੱਲੋਂ ਦਰਜ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ 5 ਮਾਰਚ ਤੋਂ ਲੈ ਕੇ 22 ਮਈ, 1947 ਈ. ਤਕ ਇਕੱਲੇ ਸ੍ਰੀ ਅੰਮ੍ਰਿਤਸਰ ਵਿਚ ਤਕਰੀਬਨ 174 ਸਿੱਖਾਂ, 69 ਹਿੰਦੂਆਂ ਤੇ 85 ਮੁਸਲਮਾਨਾਂ ਦੀਆਂ ਮੌਤਾਂ ਹੋਈਆਂ।

ਪਦਮ ਸ਼੍ਰੀ ਪ੍ਰੋਫੈਸਰ ਰਘੂਵੇਂਦਰ ਤੰਵਰ ਜੋ ਕਿ ਮੌਜੂਦਾ ਸਮੇਂ ਭਾਰਤੀ ਇਤਿਹਾਸ ਰੀਸਰਚ ਕੌਂਸਲ ਦੇ ਚੇਅਰਮੈਨ ਹਨ, ਉਨ੍ਹਾਂ ਨੇ ਵੰਡ ਨਾਲ ਸੰਬੰਧਿਤ ਆਪਣੀ ਬਹੁਤ ਹੀ ਮਹੱਤਵਪੂਰਨ ਪੁਸਤਕ ‘ਰਿਪੋਰਟਿੰਗ ਦ ਪਾਰਟੀਸ਼ਨ ਆਫ ਪੰਜਾਬ 1947 ਪ੍ਰੈੱਸ, ਪਬਲਿਕ ਐਂਡ ਅਦਰ ਓਪੀਨੀਅਨ’ (ਪੰਨਾ 122) ਉੱਤੇ ਲਿਿਖਆ ਹੈ ਕਿ 6 ਮਾਰਚ ਨੂੰ ਅੰਮ੍ਰਿਤਸਰ ਦੇ ਫਸਾਦ ਵਿਚ 27 ਮੌਤਾਂ ਤੇ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਅਤੇ 7 ਮਾਰਚ ਨੂੰ ਇੱਥੇ ਫੌਜ ਤਾਇਨਾਤ ਹੋ ਗਈ ਸੀ। ਇਨ੍ਹਾਂ ਵੀ ਆਪਣੀ ਪੁਸਤਕ ਵਿਚ ਕਿਤੇ ਜ਼ਿਕਰ ਨਹੀਂ ਕੀਤਾ ਕਿ ਮੁਸਲਿਮ ਲੀਗੀਆਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਕੋਈ ਹਮਲਾ ਕੀਤਾ ਹੋਵੇ ਜਾਂ ਆਰ.ਐੱਸ.ਐੱਸ. ਨੇ ਇੱਥੋਂ ਦੀ ਸੁਰੱਖਿਆ ਲਈ ਆਪਣੇ ਸ੍ਵਯਮਸੇਵਕਾਂ ਦੀਆਂ ਕੋਈ ਨਿਯੁਕਤੀਆਂ ਕੀਤੀਆਂ ਹੋਣ।

ਉਸ ਸਮੇਂ ਦੇ ਅੰਗਰੇਜ਼ੀ ਅਖ਼ਬਾਰ ‘ਸਿਵਲ ਐਂਡ ਮਿਲਟਰੀ ਗਜ਼ਟ’ (ਸੀ.ਐੱਮ.ਜੀ.) ਵਿਚ 8 ਮਾਰਚ, 1947 ਈ. ਨੂੰ ਪਹਿਲੇ ਪੰਨੇ ਉੱਤੇ ਅੰਮ੍ਰਿਤਸਰ ਦੀਆਂ ਘਟਨਾਵਾਂ ਬਾਰੇ ਖ਼ਬਰ ਛਪੀ ਹੈ, 7 ਮਾਰਚ ਨੂੰ ਭੇਜੀ ਗਈ ਇਹ ਖ਼ਬਰ ਦੱਸਦੀ ਹੈ ਕਿ ਸ਼ਹਿਰ ਵਿਚ ਭਾਰੀ ਗੜਬੜ ਹੋਣ ਕਾਰਨ ਮੁਸਲਿਮ ਮੁਹੱਲਿਆਂ ਵਿੱਚੋਂ ਹਿੰਦੂਆਂ ਤੇ ਸਿੱਖਾਂ ਨੂੰ ਬਚਾ ਕੇ ਸ੍ਰੀ ਦਰਬਾਰ ਸਾਹਿਬ ਜਾਂ ਸਿਵਲ ਲਾਈਨ ਵਿਖੇ ਲਿਆਂਦਾ ਗਿਆ। ਅਗਲੇ ਦਿਨ 9 ਮਾਰਚ, 1947 ਈ. ਨੂੰ ਸੀ.ਐੱਮ.ਜੀ. ਦੇ ਪਹਿਲੇ ਪੰਨੇ ਉੱਤੇ ਛਪਿਆ ਹੈ ਕਿ ਅੰਮ੍ਰਿਤਸਰ ਵਿਚ 1,000 ਅੰਗਰੇਜ਼ ਫੌਜੀ ਅਤੇ 600 ਹਥਿਆਰਬੰਦ ਪੁਲਿਸ ਵਾਲੇ ਸ਼ੁੱਕਰਵਾਰ (7 ਮਾਰਚ) ਦੀ ਦੁਪਹਿਰ ਨੂੰ ਪਹੁੰਚ ਗਏ ਸਨ। ਇਸ ਸਮੇਂ ਦੌਰਾਨ 6, 8, 9 ਤੇ 11 ਮਾਰਚ ਨੂੰ ਛਪੇ ਸੀ.ਐੱਮ.ਜੀ. ਵਿਚ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਿਤ ਰਿਪੋਰਟਾਂ ਵਿਚ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿ ਮੁਸਲਿਮ ਲੀਗੀਆਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੋਵੇ ਜਾਂ ਉਹ ਇਸ ਪਾਵਨ ਅਸਥਾਨ ਦੇ ਨੇੜ੍ਹੇ ਵੀ ਪਹੁੰਚੇ ਹੋਣ ਜਾਂ ਆਰ.ਐੱਸ.ਐੱਸ. ਨੇ ਆਪਣੇ ਸ੍ਵਯਮਸੇਵਕ ਇੱਥੇ ਨਿਯੁਕਤ ਕੀਤੇ ਹੋਣ। ਜਦਕਿ ਅਖ਼ਬਾਰ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ’ਚ ਹੋਈ ਗੜਬੜੀ ਦੇ ਬਾਕੀ ਹਾਲ ਤੇ ਸਰਕਾਰੀ ਪੱਖ ਚੰਗੀ ਤਰ੍ਹਾਂ ਦਰਜ ਕੀਤੇ ਹਨ। ਸ੍ਰੀ ਅੰਮ੍ਰਿਤਸਰ ਬਾਰੇ 11 ਮਾਰਚ ਨੂੰ ਸੀ.ਐੱਮ.ਜੀ. ਵਿਚ ਛਪਿਆ ਹੈ ਕਿ 8 ਮਾਰਚ ਤਕ 88 ਮੌਤਾਂ ਤੇ 149 ਵਿਅਕਤੀ ਫੱਟੜ ਹੋਏ ਅਤੇ 9 ਮਾਰਚ ਦੀ ਰਾਤ ਬਿਨਾਂ ਕਿਸੇ ਗੜਬੜੀ ਦੇ ਲੰਘੀ।

ਸਿੱਟਾ: ਸੀ.ਐੱਮ.ਜੀ. ਦੀ ਰਿਪਰੋਟ ਤੋਂ ‘ਦ ਪ੍ਰਿੰਟ’ ਵੱਲੋਂ ਪ੍ਰਕਾਸ਼ਿਤ ਕੀਤੇ ਅਰੁਣ ਆਨੰਦ ਦੇ ਲੇਖ ਦਾ ਪਰਦਾਫਾਸ਼ ਹੁੰਦਾ ਹੈ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਮਾਰਚ ਨੂੰ ਮੁਸਲਿਮ ਲੀਗੀਆਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਤਿੰਨ ਪਾਸਿਓਂ ਹਮਲਾ ਕੀਤਾ, ਜਦਕਿ ਅਖ਼ਬਾਰ ਸਪੱਸ਼ਟ ਲਿਖ ਰਿਹਾ ਹੈ ਕਿ ਇਹ ਰਾਤ ਬਿਨਾਂ ਕਿਸੇ ਗੜਬੜੀ ਦੇ ਲੰਘੀ। ਇਸ ਅਖ਼ਬਾਰ ਵਿਚ ਵੀ ਆਨੰਦ ਵੱਲੋਂ 6 ਮਾਰਚ ਸੰਬੰਧੀ ਕੀਤੇ ਦਾਅਵੇ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ।

ਭਾਰਤ ਦੇ ਉੱਘੇ ਰਾਸ਼ਟਰੀ ਅਖ਼ਬਾਰ ‘ਦ ਟਾਈਮਸ ਆਫ ਇੰਡੀਆ’ (ਟੀ.ਓ.ਆਈ.) ਵਿਚ 6 ਮਾਰਚ, 1947 ਈ. ਨੂੰ ਪਹਿਲੇ ਤੇ ਸੱਤਵੇਂ ਸਫ਼ੇ ਉੱਤੇ ਰਿਪੋਰਟ ਛਪੀ ਹੈ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ 5 ਮਾਰਚ ਨੂੰ ਭਾਰੀ ਗੜਬੜ ਹੋਣ ਕਾਰਨ ਇੱਥੇ ਅੰਗਰੇਜ਼ ਫੌਜ ਸੱਦਣ ਦੇ ਨਾਲ-ਨਾਲ ਜ਼ਿਲ੍ਹਾ ਮਜਿਸਟ੍ਰੇਟ ਜੇ.ਡੀ. ਫ੍ਰੇਜ਼ਰ ਨੇ 10 ਦਿਨਾਂ ਲਈ ਸ਼ਾਮ 8:00 ਵਜੇ ਤੋਂ ਸਵੇਰ 7:00 ਵਜੇ ਤਕ ਕਰਫਿਊ ਲਗਾ ਦਿੱਤਾ। ਸ਼ਹਿਰ ਵਿਚ ਇਹ ਗੜਬੜ ਚੌਕ ਮੋਨੀ ਵਿਖੇ ਇੱਕ ਸਿੱਖ ਦੇ ਕਤਲ ਤੋਂ ਬਾਅਦ ਫੈਲੀ। ਉਪਰੰਤ ਗੜਬੜ ਕਟੜਾ ਕਰਮ ਸਿੰਘ, ਲੋਹਗੜ੍ਹ ਗੇਟ, ਹਾਲ ਬਜ਼ਾਰ ਆਦਿ ਥਾਵਾਂ ਉੱਤੇ ਵੀ ਫੈਲ ਗਈ। 7 ਮਾਰਚ ਦੇ ਟੀ.ਓ.ਆਈ. ਅਨੁਸਾਰ ਸ੍ਰੀ ਅੰਮ੍ਰਿਤਸਰ ਵਿਚ ਗੜਬੜ 6 ਮਾਰਚ ਨੂੰ ਦੂਜੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਹਾਲ ਬਜ਼ਾਰ, ਕਟੜਾ ਜੈਮਲ ਸਿੰਘ ਅਤੇ ਨੇੜ੍ਹਲੇ ਇਲਾਕਿਆਂ ਅੰਦਰ ਦੁਕਾਨਾਂ ਸਾੜੀਆਂ ਗਈਆਂ। ਇਸੇ ਤਰ੍ਹਾਂ 8 ਮਾਰਚ ਦਾ ਟੀ.ਓ.ਆਈ. ਛਾਪਦਾ ਹੈ ਕਿ 6 ਮਾਰਚ ਨੂੰ ਗੜਬੜ ਨਾ ਰੁਕਣ ਕਰਕੇ 7 ਮਾਰਚ ਬਾਅਦ ਦੁਪਹਿਰ 2:00 ਵਜੇ ਤੋਂ 24 ਘੰਟੇ ਲਈ ਕਰਫਿਊ ਲਗਾ ਦਿੱਤਾ ਗਿਆ ਸੀ, ਜਿਸ ਮਗਰੋਂ ਹਾਲਾਤ ਕੁਝ ਕਾਬੂ ਵਿਚ ਆਏ। ਕਰਫਿਊ ਸਮੇਂ ਲੁੱਟ-ਖੋਹ ਕਰਨ ਵਾਲੇ ਜਾਂ ਬਾਹਰ ਦਿਖਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਂਦੀ। 8 ਮਾਰਚ ਦਾ ਟੀ.ਓ.ਆਈ. ਲਿਖਦਾ ਹੈ ਕਿ, “7 ਮਾਰਚ ਨੂੰ ਅੰਮ੍ਰਿਤਸਰ ਦੇ ਹਾਲਾਤ ਕਾਫੀ ਕਾਬੂ ਵਿਚ ਆ ਗਏ ਸਨ ਹਾਲਾਂਕਿ ਸ਼ਹਿਰ ਵਿਚ ਕਿਤੇ-ਕਿਤੇ ਅੱਗਾਂ ਲੱਗਦੀਆਂ ਰਹੀਆਂ। 7 ਮਾਰਚ ਨੂੰ ਬਾਅਦ ਦੁਪਹਿਰ ਦੋ ਵਜੇ ਤਕ ਸ੍ਰੀ ਅੰਮ੍ਰਿਤਸਰ ਦੇ 12 ਵੱਖ-ਵੱਖ ਗੇਟਾਂ ਤੋਂ ਅੰਗਰੇਜ਼ ਸਿਪਾਹੀਆਂ ਦੀਆਂ ਦੋ ਕੰਪਨੀਆਂ ਸ਼ਹਿਰ ਅੰਦਰ ਦਾਖ਼ਲ ਹੋ ਚੁੱਕੀਆਂ ਸਨ। 24 ਘੰਟੇ ਕਰਫਿਊ ਨੂੰ 68 ਘੰਟਿਆਂ ਲਈ ਵਧਾ ਦਿੱਤਾ ਗਿਆ, ਜਿਸ ਮਗਰੋਂ ਚਾਰ ਘੰਟਿਆਂ ਦੀ ਰਿਆਇਤ ਦੇਣ ਦੇ ਆਦੇਸ਼ ਸਨ। ਇਸ ਤੋਂ ਬਾਅਦ ਕਰਫਿਊ 5 ਦਿਨਾਂ ਲਈ 20 ਘੰਟੇ ਦਾ ਕਰ ਦਿੱਤਾ ਗਿਆ। ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਵਾਲੇ ਜਾਂ ਲੁੱਟਾਂ ਵਿਚ ਸ਼ਾਮਲ ਗੁੰਡਾ ਅਨਸਰਾਂ ਨੂੰ ਬਿਨਾਂ ਚੇਤਾਵਨੀ ਦੇ ਗੋਲੀ ਮਾਰਨ ਦੇ ਆਦੇਸ਼ ਸਨ। 7 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਉੱਤੋਂ ਇੱਕ ਜਹਾਜ਼ ਦੀ ਫੇਰੀ ਰਾਹੀਂ ਲੋਕਾਂ ਨੂੰ ਕਰਫਿਊ ਸਮੇਂ ਘਰਾਂ ਦੇ ਅੰਦਰ ਰਹਿਣ ਦੀ ਚੇਤਾਵਨੀ ਵਾਲੇ ਪਰਚੇ ਸੁੱਟੇ ਗਏ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਇਸ ਪਵਿੱਤਰ ਨਗਰੀ ਦੇ ਇਤਿਹਾਸ ਵਿਚ ਅਜਿਹੇ ਫਿਰਕੂ ਫ਼ਸਾਦ ਵਿਚ ਪਿਛਲੇ 46 ਘੰਟਿਆਂ, ਭਾਵ ਬੁੱਧਵਾਰ (5 ਮਾਰਚ) ਦੁਪਹਿਰ ਤੋਂ ਲੈ ਕੇ ਅੱਜ (7 ਮਾਰਚ) ਦੁਪਹਿਰ 2:00 ਵਜੇ ਤਕ 40 ਦੇ ਕਰੀਬ ਮੌਤਾਂ ਅਤੇ 121 ਹੋਰ ਜ਼ਖ਼ਮੀ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਕਟੜਾ ਆਹਲੂਵਾਲੀਆ ਸਿੱਖਾਂ ਅਤੇ ਹਿੰਦੂਆਂ ਲਈ ਦੋ ਮਹੱਤਵਪੂਰਨ ਸ਼ਰਨਾਰਥੀ ਕੈਂਪ ਬਣ ਗਏ ਹਨ… 50 ਹਜ਼ਾਰ ਲੋਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਚ ਰਹਿ ਰਹੇ ਹਨ।”

10 ਮਾਰਚ ਦੇ ਟੀ.ਓ.ਆਈ. ਦੀ ਪਹਿਲੇ ਸਫ਼ੇ ਉੱਤੇ ਛਪੀ ਖ਼ਬਰ ਅਨੁਸਾਰ ਜਦੋਂ 9 ਮਾਰਚ ਨੂੰ ਸਵੇਰੇ 10:00 ਵਜੇ ਤੋਂ 2:00 ਵਜੇ ਤਕ ਚਾਰ ਘੰਟਿਆਂ ਲਈ ਕਰਫਿਊ ਹਟਿਆ ਤਾਂ ਏਪੀਆਈ ਦੇ ਪੱਤਰਕਾਰ ਨੇ ਸ਼ਹਿਰ ਵਿਚ ਦੌਰਾ ਕੀਤਾ ਤੇ ਦੇਖਿਆ ਕਿ ਕਟੜਾ ਜੈਮਲ ਸਿੰਘ, ਬਜ਼ਾਰ ਪਸ਼ਮ ਵਾਲਾ, ਕੂਚਾ ਛੱਜੂ ਮਿਸਰ, ਚੌਕ ਢੋਲਾਂ, ਆਦਿ ਥਾਵਾਂ ਉੱਤੇ ਅੱਗਾਂ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹੋਈਆਂ ਸਨ।

ਸਿੱਟਾ: ਸੋ ਟੀ.ਓ.ਆਈ. ਵਰਗੇ ਅਹਿਮ ਅਖ਼ਬਾਰ ਵਿਚ 6 ਤੋਂ 10 ਮਾਰਚ ਦੇ ਦਰਮਿਆਨ ਛਪੀਆਂ ਰਿਪੋਰਟਾਂ ਵਿਚ ਕਿਤੇ ਵੀ ਜ਼ਿਕਰ ਨਹੀਂ ਆਇਆ ਕਿ 6 ਮਾਰਚ ਜਾਂ 9 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉੱਤੇ ਮੁਸਲਿਮ ਲੀਗੀਆਂ ਨੇ ਹਮਲਾ ਕੀਤਾ ਹੋਵੇ ਜਾਂ ਆਰ.ਐੱਸ.ਐੱਸ. ਵੱਲੋਂ ਕਾਰਕੁੰਨ ਇੱਥੇ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹੋਣ।

ਇਸ ਸਮੇਂ ਸਿੱਖਾਂ ਦਾ ਆਪਣਾ ਅਖ਼ਬਾਰ ‘ਖਾਲਸਾ ਸਮਾਚਾਰ’ ਵੀ ਛਪਦਾ ਸੀ। ਹਾਲਾਂਕਿ ਜਿਹੜੀ ਖੋਜ ਅਸੀਂ ਕਰ ਰਹੇ ਹਾਂ ਉਸ ਕਾਲ (ਮਾਰਚ 1947) ਵਿਚ ਅੰਗਰੇਜ਼ ਸਰਕਾਰ ਵੱਲੋਂ ‘ਖਾਲਸਾ ਸਮਾਚਾਰ’ ਉੱਤੇ 30 ਦਿਨਾਂ ਦੀ ਇਹ ਪਾਬੰਦੀ ਲਗਾਈ ਗਈ ਸੀ ਕਿ ਪਰਚਾ ਪੰਜਾਬ ਅੰਦਰ ਫੈਲੀ ਫਿਰਕੂ ਗੜਬੜੀ ਦੇ ਸੰਬੰਧ ਵਿਚ ਕੋਈ ਵੀ ਐਸਾ ਬਿਆਨ ਜਾਂ ਰਿਪੋਰਟ ਪ੍ਰਕਾਸ਼ਿਤ ਨਹੀਂ ਕਰੇਗਾ ਜੋ ਅਧਿਕਾਰਤ ਭਾਵ ਸਰਕਾਰੀ ਨਾ ਹੋਵੇ। ਇਹ ਵੀ ਪਾਬੰਦੀ ਲਗਾਈ ਗਈ ਕਿ ਕੋਈ ਵੀ ਐਸੀ ਤਸਵੀਰ, ਟਿੱਪਣੀ, ਪੱਤਰ ਜਾਂ ਅਜਿਹੀ ਸਮੱਗਰੀ ਪ੍ਰਕਾਸ਼ਿਤ ਨਹੀਂ ਕਰੇਗਾ ਜੋ ਪੰਜਾਬ ਅੰਦਰ ਫਿਰਕੂ ਗੜਬੜੀ ਨਾਲ ਸੰਬੰਧਿਤ ਹੋਵੇ। ਇਸ ਸੰਬੰਧੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪੰਜਾਬ ਦੇ ਰਾਜਪਾਲ ਦੇ ਆਦੇਸ਼ ਦਾ ਹਵਾਲਾ ਦਿੰਦਿਆਂ ‘ਖਾਲਸਾ ਸਮਾਚਾਰ’ ਦੇ ਪ੍ਰਿੰਟਰ, ਪ੍ਰਕਾਸ਼ਕ ਤੇ ਸੰਪਾਦਕ ਨੂੰ ਆਦੇਸ਼ ਜਾਰੀ ਹੋਇਆ ਜੋ ਕਿ ਮਿਤੀ 27 ਮਾਰਚ, 1947 ਈ. ਨੂੰ ਛਪੇ ਪਰਚੇ ਦੀ ਜਿਲਦ 48 ਦੇ 16ਵੇਂ ਅੰਕ ਦੇ ਪਹਿਲੇ ਪੰਨੇ ਉੱਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸੇ ਜਿਲਦ ਦਾ 15ਵਾਂ ਅੰਕ ਇਸ ਤੋਂ ਪਹਿਲਾਂ 27 ਫ਼ਰਵਰੀ, 1947 ਈ. ਨੂੰ ਪ੍ਰਕਾਸ਼ਿਤ ਹੋਇਆ। ਭਾਵ ਕਿ 27 ਫ਼ਰਵਰੀ, 1947 ਈ. ਤੋਂ ਤਕਰੀਬਨ 30 ਦਿਨਾਂ ਬਾਅਦ ਖਾਲਸਾ ਸਮਾਚਾਰ ਲਗਾਤਾਰਤਾ ਵਿਚ ਫਿਰ 27 ਮਾਰਚ, 1947 ਈ. ਨੂੰ ਛਪਿਆ, ਜਦੋਂ ਇਸ ਸੰਬੰਧ ਵਿਚ ਅਖ਼ਬਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਵਿਚ ਵਰਤੀ ਭੈਜਲ ਕਾਰਨ ਛਾਪਾਖਾਨਾ 3 ਮਾਰਚ ਪਿੱਛੋਂ 15 ਦਿਨਾਂ ਤੋਂ ਬਾਅਦ ਕੁਝ ਚਲਣਾ ਸ਼ੁਰੂ ਹੋਇਆ ਤਾਂ ਇਸ ਹਫਤੇ ਦਾ ਪਰਚਾ ਤਿਆਰ ਕਰ ਕੇ ਭੇਜਿਆ ਜਾ ਰਿਹਾ ਹੈ। ਇਸ ਪਾਬੰਦੀ ਦੇ ਬਾਵਜੂਦ ਵੀ ‘ਖਾਲਸਾ ਸਮਾਚਾਰ’ ਦੇ 27 ਮਾਰਚ, 1947 ਈ. ਨੂੰ ਛਪੇ ਅੰਕ ਵਿਚ ਬਾਖੂਬੀ ਤਰੀਕੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਅੰਦਰ 1947 ਦੇ ਮਾਰਚ ਮਹੀਨੇ ਵਿਚ ਵਾਪਰੀਆਂ ਘਟਨਾਵਾਂ ਦੇ ਤਕਰੀਬਨ ਹਰ ਜ਼ਰੂਰੀ ਦਿਨ ਬਾਰੇ ਵੇਰਵੇ ਪ੍ਰਕਾਸ਼ਿਤ ਕੀਤੇ ਹਨ। ਇਸ ਦਿਨ ਖਾਲਸਾ ਸਮਾਚਾਰ ਨੇ ਪੰਨੇ 2 ਤੇ 3 ਉੱਤੇ ‘ਪੰਜਾਬ ਵਿਚ ਬੇਚੈਨੀ – ਸਰਕਾਰੀ ਖ਼ਬਰਾਂ ਦਾ ਸਾਰ – ਮੁੱਢ ਤੋਂ’ ਸਿਰਲੇਖ ਹੇਠ ਮਾਰਚ 1947 ਅੰਦਰ ਸੂਬੇ ਅੰਦਰ ਵਾਪਰੀਆਂ ਘਟਨਾਵਾਂ ਦੇ ਜ਼ਰੂਰੀ ਵੇਰਵੇ ‘ਦ ਟ੍ਰਿਿਬਊਨ’,‘ਹਿੰਦੁਸਤਾਨ ਟਾਈਮਸ’,‘ਸਟੇਟਸਮੈਨ’ ਆਦਿ ਅਖ਼ਬਾਰਾਂ ਦੇ ਹਵਾਲਿਆਂ ਨਾਲ ਦਿੱਤੇ ਹਨ। ਸਟੇਟਸਮੈਨ ਦੇ ਹਵਾਲੇ ਨਾਲ 6 ਮਾਰਚ ਬਾਰੇ ਲਿਿਖਆ ਹੈ ਕਿ ਅੰਮ੍ਰਿਤਸਰ ਵਿਚ ਹਾਲਤ ਵਿਗੜ ਗਈ, ਲੱੁਟਮਾਰ ਭਾਰੀ ਹੋਈ। (ਅਗਲੇ ਦਿਨ) ਫੌਜ ਘੱਲੀ ਗਈ ਤੇ 2:00 ਵਜੇ ਤੋਂ 24 ਘੰਟੇ ਦਾ ਕਰਫਿਊ ਲਾ ਦਿੱਤਾ ਗਿਆ, ਜਿਸ ਨੇ ਅੰਮ੍ਰਿਤਸਰ ਵਿਚ ਚੈਨ ਲੈ ਆਂਦਾ। 6 ਮਾਰਚ ਦੀ ਸ਼ਾਮ ਤਕ 27 ਮਰੇ, 90 ਜ਼ਖ਼ਮੀ ਹੋਏ, ਅੱਗ ਨਾਲ ਬਿਜਲੀ ਦੀਆਂ ਤਾਰਾਂ ਬੀ ਸੜ ਗਈਆਂ।

‘ਖਾਲਸਾ ਸਮਾਚਾਰ’ ਵਿਚ ਦ ਟ੍ਰਿਿਬਊਨ ਦੀ 12 ਮਾਰਚ, 1947 ਈ. ਨੂੰ ਛਪੀ ਖ਼ਬਰ ਦੇ ਹਵਾਲੇ ਨਾਲ ਛਪਿਆ ਕਿ ਅੰਮ੍ਰਿਤਸਰ ਵਿਚ ਜੋ 5 ਤੋਂ 6 ਮਾਰਚ ਨੂੰ ਫਸਾਦੀਆਂ ਨੇ ਤਬਾਹੀ ਮਚਾਈ, ਉਤਨਾ ਜਾਨੀ ਤੇ ਮਾਲੀ ਨੁਕਸਾਨ ਸ਼ਾਇਦ ਕਿਸੇ ਦੁਸ਼ਮਣ ਦੇ ਹਵਾਈ ਹਮਲੇ ਨਾਲ ਬੀ ਨਾ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਲਗਪਗ 18 ਹਜ਼ਾਰ ਸ਼ਰਨਾਗਤ ਜੀਆਂ ਨੂੰ ਰੋਟੀ ਮਿਲਦੀ ਰਹੀ ਤੇ 110 ਮਣ ਆਟਾ ਰੋਜ਼ ਗੁਰੂ ਕੇ ਲੰਗਰ ਵਿਚ ਪਕਦਾ ਰਿਹਾ। ਅਜੇ ਸੈਂਕੜੇ ਟੱਬਰ ਬੁੰਗਿਆਂ ਵਿਚ ਤੇ ਗੁਰੂ ਰਾਮਦਾਸ ਨਿਵਾਸ ਵਿਚ ਰਹਿ ਰਹੇ ਹਨ। ਮਿ: ਡੀਨ ਸੁਪ੍ਰਡੰਟ ਪੁਲਸ ਅੰਮ੍ਰਿਤਸਰ ਨੇ ਦੱਸਿਆ ਕਿ ਮੁਸਲਮਾਨ ਇਸਤ੍ਰੀਆਂ ਤੇ ਬੱਚਿਆਂ ਦੀ ਇਕ ਭਾਰੀ ਗਿਣਤੀ ਦਰਬਾਰ ਸਾਹਿਬ ਰੱਖਿਆ ਵਿਚ ਰਹੀ ਤੇ ਫਿਰ ਮੁਸਲਮਾਨਾਂ ਦੇ ਰੱਖਿਆ ਟਿਕਾਣੇ ਪੁਚਾਈ ਗਈ। ਐਸੇ ਕੇਸ ਬੀ ਹਨ ਜਿੱਥੇ ਮੁਸਲਮਾਨ ਹਮਸਾਇਆਂ ਨੇ ਅਪਣੇ ਹਿੰਦੂ ਹਮਸਾਇਆਂ ਦੀ ਰੱਖਿਆ ਕੀਤੀ। ਜ਼ਿਕਰ ਕੀਤਾ ਗਿਆ ਹੈ ਕਿ ਬਾਜ਼ਾਰ ਹਰਚਰਨ ਦਾਸ, ਕਟੜਾ ਘਨੱਈਆ, ਕੂਚਾ ਛੱਜੂ ਮਿਸਰ, ਹਾਲ ਬਾਜ਼ਾਰ ਦਾ ਕੁਝ ਹਿੱਸਾ, ਚੌਕ ਫਰੀਦ, ਗਲੀ ਖੋਜਿਆਂ, ਬਾਜ਼ਾਰ ਕਾਠੀਆਂ ਵਾਲਾ, ਕੂਚਾ ਮੋਹਰ ਸਿੰਘ, ਕਣਕ ਮੰਡੀ, ਲੋਹਗੜ੍ਹ, ਕਟੜਾ ਦੂਲੋ, ਕੂਚਾ ਦੇਵੀ, ਨੀਵਾਂ ਸ਼ਿਵਾਲਾ, ਗੋਲ ਹੱਟੀ, ਪਸ਼ਮ ਵਾਲਾ ਬਾਜ਼ਾਰ, ਰਾਇਲ ਟਾਕੀ, ਅੰਮ੍ਰਤ ਟਾਕੀ, ਡਾ. ਚੁਨੀ ਲਾਲ ਚਤਰਥ ਦਾ ਮਕਾਨ ਆਦਿ ਇਲਾਕੇ ਸੜੇ ਹੋਏ ਸਨ। ਹੋਰਨਾਂ ਇਲਾਕਿਆਂ ਵਿਚ ਕੁਝ ਘਰ ਸੜੇ ਉਹ ਹਨ: ਚੌਕ ਪਰਾਗਦਾਸ, ਚੌਕ ਫਰੀਦ, ਲੋਹਗੜ ਦਰਵਾਜ਼ੇ ਅੰਦਰ, ਚੁਰਸਤੀ ਅਟਾਰੀ ਤੇ ਕਟੜਾ ਮੋਹਰ ਸਿੰਘ।

‘ਖਾਲਸਾ ਸਮਾਚਾਰ’ ਦੀ ਰਿਪੋਰਟਾਂ ਸੰਬੰਧੀ ਸਿੱਟਾ:- ਇਹ ਅਖ਼ਬਾਰ ਉਸ ਸਮੇਂ ਭਾਈ ਮਹਾਂ ਸਿੰਘ ਗਿਆਨੀ ਪ੍ਰਿੰਟਰ ਤੇ ਪਬਲਿਸ਼ਰ ਤੇ ਸੰਪਾਦਕ ਵੱਲੋਂ ਵਜ਼ੀਰ ਹਿੰਦ ਪ੍ਰੈਸ, ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਵਿਚ ਛਪਦਾ ਸੀ ਤੇ ਦਫ਼ਤਰ ‘ਖਾਲਸਾ ਸਮਾਚਾਰ’ ਹਾਲ ਬਾਜ਼ਾਰ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਜੇਕਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉੱਤੇ ਮੁਸਲਿਮ ਲੀਗੀਆਂ ਵੱਲੋਂ 6 ਤੋਂ 9 ਮਾਰਚ, 1947 ਈ. ਦੇ ਦਰਮਿਆਨ ਹਮਲੇ ਜਿਹੀ ਕੋਈ ਘਟਨਾ ਹੋਈ ਹੁੰਦੀ ਤਾਂ ‘ਖਾਲਸਾ ਸਮਾਚਾਰ’ ਨੇ ਇਸ ਬਾਰੇ ਜ਼ਰੂਰ ਰਿਪੋਰਟ ਪ੍ਰਕਾਸ਼ਿਤ ਕੀਤੀ ਹੁੰਦੀ, ਕਿਉਂਕਿ ਇਹ ਸਿੱਖਾਂ ਦੇ ਕੇਂਦਰੀ ਧਰਮ ਅਸਥਾਨ ਨਾਲ ਸੰਬੰਧਿਤ ਹੋਣੀ ਸੀ। ਇਹ ਸੰਭਵ ਨਹੀਂ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਮੁਸਲਿਮ ਲੀਗੀਆਂ ਦੇ ਹਮਲੇ ਜਿਹੀ ਵੱਡੀ ਖ਼ਬਰ ਛੱਡ ਕੇ ਖ਼ਾਲਸਾ ਸਮਾਚਾਰ ਉਸ ਵੇਲੇ ਬਾਕੀ ਸ਼ਹਿਰ ਦੇ ਸਾਰੇ ਪ੍ਰਭਾਵਿਤ ਬਾਜ਼ਾਰਾਂ, ਇਲਾਕਿਆਂ, ਕੂਚਿਆਂ ਆਦਿ ਦੇ ਵੇਰਵੇ ਨਾਮ ਲਿਖ ਕੇ ਜਿਵੇਂ ਛਾਪੇ ਹਨ ਉਵੇਂ ਛਾਪਦਾ। ਇਹ ਪਰਚਾ ਸਿੱਖਾਂ ਦਾ ਆਪਣਾ ਅਖ਼ਬਾਰ ਸੀ ਤੇ ਛਪਦਾ ਵੀ ਸ੍ਰੀ ਅੰਮ੍ਰਿਤਸਰ ਤੋਂ ਹੀ ਸੀ, ਇਸ ਲਈ ਇਹ ਮੰਨਣਾ ਮੁਸ਼ਕਿਲ ਹੈ ਕਿ ਅਜਿਹੀ ਜ਼ਰੂਰੀ ਘਟਨਾ ‘ਖਾਲਸਾ ਸਮਾਚਾਰ’ ਪ੍ਰਕਾਸ਼ਿਤ ਨਾ ਕਰਦਾ। ਹਾਲ ਬਾਜ਼ਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਲਗਪਗ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੀ ਸਥਿਤ ਹੈ।

ਆਰ.ਐੱਸ.ਐੱਸ. ਵੱਲੋਂ 29 ਜਨਵਰੀ, 2003 ਈ. ਨੂੰ ਅੰਮ੍ਰਿਤਸਰ ਵਿਖੇ ਇੱਕ ਸਮਾਗਮ ਕਰਕੇ 1947 ਈ. ਵਿਚ ਮੁਸਲਿਮ ਲੀਗ ਦੇ ਦੰਗਾਕਾਰੀਆਂ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਹਿੰਦੂ ਸਿੱਖਾਂ ਨੂੰ ਬਚਾਉਣ ਵਾਲੇ ਸ੍ਵਯਮਸੇਵਕਾਂ ਨੂੰ ਸਨਮਾਨ ਕੀਤਾ ਗਿਆ। ਇਸ ਉਪਰੰਤ ਇਸ ਘਟਨਾ ਦੀ ਘੋਖ ਕਰਨ ਲਈ ‘ਸੰਤ ਸਿਪਾਹੀ’ ਰਸਾਲੇ ਵੱਲੋਂ ਆਪਣੇ ਜਨਵਰੀ-ਫ਼ਰਵਰੀ 2003 ਅੰਕ ਵਿਚ ਸਫ਼ਾ ਨੰਬਰ 15 ਉੱਤੇ ਮਾਰਚ 1947 ਦੀਆਂ ਘਟਨਾਵਾਂ ਦੇ ਗਵਾਹ ਨਾਲ ਗੱਲ ਕਰ ਕੇ ਆਰ.ਐੱਸ.ਐੱਸ. ਵੱਲੋਂ ਸਿਰਜੇ ਗਏ ਗ਼ਲਤ ਬਿਰਤਾਂਤ ਦੀ ਸੱਚਾਈ ਪੇਸ਼ ਕੀਤੀ। ਇਹ ਤੱਥ ਸ੍ਰੀ ਅੰਮ੍ਰਿਤਸਰ ਵਾਸੀ ਸ. ਮਹਿਤਾਬ ਸਿੰਘ ਦੀ ਰਸਾਲੇ ਵਿਚ ਛਪੀ ਗਵਾਹੀ ਤੋਂ ਵੀ ਸਪੱਸ਼ਟ ਹੁੰਦਾ ਹੈ। ਸੰਨ 1947 ਵਿਚ ਸ. ਮਹਿਤਾਬ ਸਿੰਘ ਅੰਮ੍ਰਿਤਸਰ ਸਥਿਤ ਅੰਗਰੇਜ਼ਾਂ ਦੇ ਲੌਇਡ ਬੈਂਕ ਵਿਚ ਮੁਲਾਜ਼ਮ ਸਨ, ਜਿਨ੍ਹਾਂ ਨੂੰ ਦੰਗਿਆਂ ਸਮੇਂ ਕਰਫਿਊ ਪਾਸ ਮਿਿਲਆ ਹੋਇਆ ਸੀ ਅਤੇ ਉਹ ਮਾਰਚ 1947 ਵਿਚ ਵਾਪਰੀਆਂ ਘਟਨਾਵਾਂ ਦੇ ਚਸ਼ਮਦੀਦ ਸਨ। ਉਨ੍ਹਾਂ ਦੇ ਹਵਾਲੇ ਤੋਂ ‘ਸੰਤ ਸਿਪਾਹੀ, ਵਿਚ ਇਹ ਤੱਥ ਛਪੇ ਹਨ ਕਿ, “4 ਮਾਰਚ, 1947 ਈ. ਨੂੰ ਹੜਤਾਲ ਹੋਈ ਅਤੇ 5 ਮਾਰਚ ਤੋਂ ਛੁਰਾ-ਮਾਰਣ ਦੀ ਇੱਕਾ-ਦੁੱਕਾ ਵਾਰਦਾਤਾਂ ਸ਼ੁਰੂ ਹੋ ਗਈਆਂ। ਲਾਹੌਰ, ਮੁਲਤਾਨ, ਸ੍ਰੀ ਅੰਮ੍ਰਿਤਸਰ, ਰਾਵਲਪਿੰਡੀ ਸਭ ਹਿੰਸਾ ਦੇ ਘੇਰੇ ਵਿਚ ਆ ਗਏ। ਪਰ 3 ਮਾਰਚ ਤੋਂ 15 ਅਗਸਤ, 1947 ਈ. ਤਕ ਕੋਈ ਮੁਸਲਿਮ ਹਜੂਮ ਕ੍ਰਿਸ਼ਨਾ ਮਾਰਕੀਟ (ਸ੍ਰੀ ਦਰਬਾਰ ਸਾਹਿਬ ਤੋਂ 500 ਮੀਟਰ ਦੂਰ ਸਥਿਤ ਹੈ) ਤਕ ਨਹੀਂ ਆਇਆ। ਮਾਰਚ ਵਿਚ ਕਟੜਾ ਜੈਮਲ ਸਿੰਘ ਦੀਆਂ ਦੁਕਾਨਾਂ ਮੁਸਲਿਮ ਲੀਗੀਆਂ ਨੇ ਸਾੜੀਆਂ। ਇਸ ਖੇਤਰ ਵਿਚ ਜ਼ਿਆਦਾਤਰ ਹਿੰਦੂ ਦੁਕਾਨਦਾਰ ਸਨ। ਬੜੀ ਜ਼ੋਰ ਦੀ ਅਫ਼ਵਾਹ ਉੱਡੀ ਕਿ ਮੁਸਲਿਮ ਲੀਗੀਏ ਕਰਮੋਂ ਡਿਊਢੀ ਅਤੇ ਗੁਰੂ ਬਜ਼ਾਰ ਲੁੱਟਣ ਆ ਰਹੇ ਹਨ। ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਨਾਗੋਕੇ ਦੀ ਅਗਵਾਈ ਵਿਚ ਸਿੱਖ – ਬਜ਼ਾਰ ਬਚਾਉਣ ਤੁਰ ਪਏ। ਉਨ੍ਹਾਂ ਬਜ਼ਾਰਾਂ ਵਿਚ ਮਾਰਚ ਕੀਤਾ ਅਤੇ ਦੁਕਾਨਦਾਰਾਂ ਵਿਚ ਸੁਰੱਖਿਆ ਭਾਵਨਾ ਕਾਇਮ ਕੀਤੀ।”

ਪੱਛਮੀ ਬੰਗਾਲ ਕਲਕੱਤੇ ਤੋਂ ਛਪਦੇ ਇੱਕ ਅਹਿਮ ਰੈਫ਼ਰੈਂਸ ਦਸਤਾਵੇਜ਼ ‘ਦ ਇੰਡੀਅਨ ਐਨੁਅਲ ਰਜਿਸਟਰ’, ਜਿਸ ਵਿਚ ਭਾਰਤ ਅੰਦਰ ਸਮੇਂ-ਸਮੇਂ ਹੋਈਆਂ ਘਟਨਾਵਾਂ ਦਰਜ ਹਨ, ਦੇ ਜਨਵਰੀ-ਜੂਨ 1947 ਦੇ ਅੰਕ ਵਿਚ ਮਾਰਚ 1947 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਘਟਨਾ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਨਾ ਹੀ ਇੱਥੇ ਆਰ.ਐੱਸ.ਐੱਸ. ਦੇ ਕਾਰਕੁੰਨਾਂ ਦੀ ਨਿਯੁਕਤੀ ਬਾਰੇ ਕੁਝ ਲਿਿਖਆ ਹੈ। ਇਸ ਦਸਤਾਵੇਜ਼ ਅਨੁਸਾਰ ਮਾਸਟਰ ਤਾਰਾ ਸਿੰਘ 5 ਮਾਰਚ, 1947 ਈ. ਨੂੰ ਅੰਮ੍ਰਿਤਸਰ ਵਿੱਚ ਸਨ ਅਤੇ ਉਨ੍ਹਾਂ ਨੇ ਇੱਥੋਂ ਪਾਕਿਸਤਾਨ ਅਤੇ ਮੁਸਲਿਮ ਲੀਗ ਦੀਆਂ ਸ਼ਰਾਰਤਾਂ ਦਾ ਵਿਰੋਧ ਕਰਨ ਵਾਲੀਆਂ ਸਮੂਹ ਧਿਰਾਂ ਨੂੰ 11 ਮਾਰਚ ਨੂੰ ਪਾਕਿਸਤਾਨ ਵਿਰੋਧੀ ਦਿਨ ਵਜੋਂ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ।

ਇਸ ਦਾਅਵੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਵੀ ਰਿਪੋਰਟ ਪ੍ਰਾਪਤ ਕੀਤੀ ਗਈ ਹੈ, ਜਿਸ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਆਰ.ਐੱਸ.ਐੱਸ. ਸੰਬੰਧੀ ਇਹ ਬਿਰਤਾਂਤ ਗ਼ਲਤ ਹੈ। ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਤਪਰ ਰਹਿੰਦੇ ਹਨ। ਮਾਰਚ 1947 ਵਿਚ ਵੀ ਜਦੋਂ ਗੜਬੜ ਤੇ ਹਿੰਸਾ ਹੋਈ ਤਾਂ ਵੀ ਚੰਗੀ ਗਿਣਤੀ ਵਿਚ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਮੌਜੂਦ ਸਨ।

ਉਕਤ ਸਾਰੀ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਆਰ.ਐੱਸ.ਐੱਸ. ਪੱਖੀ ਲੋਕਾਂ ਵੱਲੋਂ ਪੈਦਾ ਕੀਤਾ ਗਿਆ ਬਿਰਤਾਂਤ ਸਚਾਈ ਤੋਂ ਕੋਹਾਂ ਦੂਰ ਹੈ, ਜਦਕਿ ਸਿੱਖਾਂ ਵੱਲੋਂ ਆਪਣੇ ਮੁਕੱਦਸ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਲਈ ਆਪਣੀ ਜ਼ਿੰਮੇਵਾਰੀ ਸਮਝਦਿਆਂ ਔਖੇ ਸਮੇਂ ਵਿਚ ਵੀ ਸੇਵਾ-ਸੰਭਾਲ ਨਿਭਾਈ ਗਈ ਅਤੇ ਇੱਥੋਂ ਦੀ ਮਰਯਾਦਾ ਨੂੰ ਕਾਇਮ ਰੱਖਿਆ ਹੈ।

* ਲੇਖਕ, ਸੂਚਨਾ ਤਕਨਾਲੋਜੀ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ-143001; ਮੋ. 98766-89930