
-ਡਾ. ਬ੍ਰਿਜਪਾਲ ਸਿੰਘ
ਇਹ ਪ੍ਰਸ਼ਨ ਮੈਨੂੰ, ਮੇਰੀ ਜ਼ਮੀਰ ਨੂੰ ਤੇ ਮੇਰੇ ਅੰਤਹਕਰਣ ਨੂੰ ਬੜਾ ਤੰਗ ਕਰਦਾ ਹੈ!
ਜਿਹੜੇ ਆਪ ਹੀ ਕਹਿੰਦੇ ਨੇ, ਆਪਣੇ ਆਪ ਨੂੰ ਤੇ ਲੋਕਾਂ ਨੂੰ ਖੁਲ੍ਹ ਕੇ ਦੱਸਦੇ ਹਨ ਕਿ ਉਹ ਸਿੱਖ ਨਹੀਂ ਹਨ ਤੇ ਨਾਂ ਹੀ ਸਿੱਖ ਬਣਨਾ ਚਾਹੁੰਦੇ ਹਨ- ਉਹ ਤਾਂ ਸਾਰਿਆਂ ਲਈ ਸਪਸ਼ਟ ਰੂਪ ਵਿੱਚ ਸਿਖ ਨਹੀਂ ਹਨ।
ਪਰ ਸਮਸਿਆ ਤਾਂ ਉਨ੍ਹਾਂ ਤੋਂ ਉਤਪੰਨ ਹੁੰਦੀ ਹੈ, ਜੋ ਦਾਅਵਾ ਕਰਦੇ ਹਨ ਕਿ ਉਹ ਸਿੱਖ ਹਨ। ਇਹ ਸਾਰੇ ਇੱਕੋ ਜਿਹੇ ਨਹੀਂ ਹਨ — ਦੇਖਣ ਵਿੱਚ, ਚਲਨ ਵਿੱਚ, ਵਿਹਾਰ ਵਿੱਚ, ਬੋਲਾ ਵਿੱਚ, ਮਨ ਅੰਦਰ ਦੀ ਸਥਿਤੀ ਵਿੱਚ, ਤੇ ਲੋਕਾਂ ਦੀ ਸਰਬ ਸੰਮਤੀ ਦੀ ਰਾਇ ਵਿੱਚ! ਮੈਂ ਆਪਣੇ ਅੰਦਰ ਇਹ ਪ੍ਰਸ਼ਨ ਕਰਕੇ ਆਪਣੇ ਅੰਦਰਲੇ ਮਨ ਨੂੰ ਤੇ ਸਤਿਗੁਰੂ ਨੂੰ ਪੁੱਛਣ ਦਾ ਯਤਨ ਕਰ ਰਿਹਾ ਹਾਂ।
ਅਸਲ ਵਿੱਚ “ਸਿੱਖ ਹੋਣਾ ਸ਼ੁਰੂਆਤ ਵੀ ਹੈ, ਅਧ ਵਿਚਾਲੇ ਦੀ ਕੋਈ ਵੀ ਸਟੇਜ ਹੋ ਸਕਦੀ ਹੈ ਤੇ ਅੰਤਮ ਸਟੇਜ ਤਾਂ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਖ ਕਰਕੇ ਪਰਗਟ ਕੀਤੀ ਸੀ- ਪੰਜ ਪਿਆਰਿਆਂ ਦੀ ਸਾਜਨਾ ਕਰਕੇ। ਆਓ ਅੰਤਮ ਸਟੇਜ ਤੋਂ ਹੀ ਸ਼ੁਰੂ ਕਰਦਾ ਹਾਂ, ਕੀ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ ਹੈ? ਕੀ ਪੰਜ ਬਾਣੀਆਂ ਦਾ ਨਿਤਨੇਮ (ਜੋ ਅੰਮ੍ਰਿਤ ਛਕਾਣ ਵੇਲੇ ਪੜ੍ਹੀਆਂ ਗਈਆਂ ਤੇ ਅੱਜ ਵੀ ਪੜ੍ਹੀਆਂ ਜਾਦੀਆਂ ਹਨ) ਬਿਨਾਂ ਕਿਸੇ ਬਹਾਨੇ ਜਾਂ ਕਿਸੇ ਨਾਗੇ ਦੇ ਕਰਦਾ ਹਾਂ? ਕੀ ਪੰਜ ਬਾਣੀਆਂ ਕੇਵਲ ਪੜ੍ਹ ਕੇ ਮੁਕਾਣ, ਮਗਰੋਂ ਲਾਹਣ ਵਾਂਗ ਕਰਦਾ ਹਾਂ ਕਿ 1699 ਦੀ ਵਿਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸਹਿਜ, ਪਿਆਰ, ਸਮਝ ਤੇ ਸਰਣ ਪੈ ਕੇ ਕਰਦਾ ਹਾਂ? ਕੀ ਗੁਰਬਾਣੀ ਦਾ ਰੱਸ ਲੈਂਦਾ ਹਾਂ? ਕੀ ਗੁਰਬਾਣੀ ਨੂੰ – ਗੁਰਬਾਣੀ ਉਪਦੇਸ਼ ਨੂੰ ਤੇ ਉਸਦੇ ਅਰਥ ਭਾਵ ਨੂੰ ਸਵੀਕਾਰ ਕਰਦਾ ਹਾਂ? ਕੀ ਗੁਰ ਉਪਦੇਸ਼ ਦੇ ਉਸਦੇ ਅੰਤਰੀਵ ਭਾਵ ਵਾਂਗ ਹੀ ਰੋਜ਼ ਦਾ ਜੀਵਨ ਜੀਦਾ ਹਾਂ? ਕੀ ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਮੇਰੇ ਨਿਤਨੇਮ ਦਾ ਅਨਿਖੜਵਾਂ ਅੰਗ ਹਨ ਕਿ ਨਹੀਂ? ਕੀ ਮੇਰਾ ਜੀਵਨ, ਕਰਮ ਮਨ ਤੇ ਬਚਨ ਸਮੇਤ, ਗੁਰਬਾਣੀ ਅਨੁਸਾਰ ਨਾਮ ਰੱਸ ਹੋਇਆ ਹੈ ਕਿ ਨਹੀਂ? ਕੀ ਮੈਂ ਇਸ ਪਾਸੇ ਯਤਨਸ਼ੀਲ ਹਾਂ ਕਿ ਰੱਬ, ਨਾਮ ਤੇ ਸਾਰੀ ਖਲਕਤ ਨੂੰ ਪਿਆਰ ਕਰਦਾ ਹਾਂ? ਕੀ ਪੰਜ ਕਕਾਰ ਮੇਰੇ ਸਰੀਰ ਮਨ ਤੇ ਕਰਮ ਕਰਕੇ ਅਨਿਖੜਵੇਂ ਅੰਗ ਬਣੇ ਹਨ ਕਿ ਨਹੀਂ? ਕੀ ਮੈਂ ਸਤਸੰਗ, ਗੁਰਦੁਆਰਾ ਸੇਵਾ, ਸਿੱਖੀ ਸੇਵਾ ਤੇ ਪੰਥਕ ਸੇਵਾ ਨਾਲ ਸੰਪੂਰਨ ਹੋ ਕੇ ਜੀਵਨ ਜੀਅ ਰਿਹਾ ਹਾਂ ਕਿ ਨਹੀਂ? ਕੀ ਮੈਂ ਆਪਣੇ ਪਰਿਵਾਰ ਬੱਚਿਆਂ ਪਤਨੀ ਤੇ ਬਜੁਰਗਾਂ ਨਾਲ ਮਿਠੀ ਗੁਰਬਾਣੀ, ਪਾਠ ਤੇ ਕੀਰਤਨ ਦਾ ਸਤਸੰਗ ਕਰਦਾ ਹਾਂ ਕਿ ਨਹੀਂ? ਕੀ ਮੈਂ ਅਜਿਹੇ ਸਿੱਖੀ ਜੀਵਨ ਲਈ ਸੀਸ ਭੇਟ ਕਰਨ ਲਈ ਸਦਾ ਤੱਤਪਰ ਤੇ ਤਿਆਰ ਹਾਂ ਕਿ ਨਹੀਂ? ਕੀ ਮੈਂ ਸਦਾਚਾਰ ਤੇ ਚਰਿੱਤਰ ਵਿੱਚ ਵੀ ਸੱਚਾ ਹਾਂ? ਕੀ ਮੈਂ ਅਜਿਹਾ ਸੱਚਾ ਸਿੱਖ ਹਾਂ?
ਮੇਰੇ ਆਪਣੇ ਲਈ ਇਹ ਪ੍ਰਸ਼ਨ ਬੜੇ ਔਖੇ ਤੇ ਅਣਸੁਖਾਵੇ ਹਨ ਕਿਉਂਕਿ ਮੈਂ ਕਿਸੇ ਪਾਸਿਓਂ ਵੀ ਹਾਲੇ ਪੂਰਨ ਸਿੱਖ ਜਾਂ ਖਾਲਸਾ ਜੀਵਨ ਵਾਲਾ ਸਿੱਖ ਨਹੀਂ ਬਣਿਆ!
ਫਿਰ ਆਦਰਸ਼ਕ ਸਿੱਖੀ ਕੀ ਹੈ?
(1) ਸੋ ਸਾਰਥਕ ਸਹਿਜ ਤੇ ਆਤਮ ਰੰਗ ਨਾਲ ਰੰਗਿਆ ਹੋਇਆ, ਬਗੈਰ ਨਾਗਾ ਵਾਲੇ ਪੰਜ ਬਾਣੀ ਪਾਠ ਸਵੇਰ + ਸੰਧਿਆ ਵੇਲੇ ਰਹਿਰਾਸ + ਰਾਤ ਵੇਲੇ ਸੋਹਿਲਾ ਜ਼ਰੂਰੀ ਪਾਠ ਹਨ। ਮੈਂ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦਾ ਸਦਾ ਲਈ ਸਹਿਜ ਪਾਠੀ ਹਾਂ। ਨਾਲ ਹੀ ਸਿਮਰਨ ਅਥਵਾ ਵਾਹਿਗੁਰੂ ਜਾਪ ਕਰਨ ਵਾਲਾ ਗੁਰਸਿੱਖ ਹਾਂ।
(2) ਸਾਬਤ ਸੂਰਤ, ਪੰਜ ਕਕਾਰੀ ਤੇ ਅੰਮ੍ਰਿਤਧਾਰੀ ਰਹਿਤ ਵਾਲੇ ਤੇ ਦਸਵੰਧ ਕਢਣ ਵਾਲਾ ਹਾਂ।
(3) ਗੁਰਬਾਣੀ ਤੇ ਗੁਰੂ-ਜੀਵਨ ਅਨੁਸਾਰ ਹੀ ਆਪਣਾ ਜੀਵਣ ਢਾਲਣਾ ਮੇਰੇ ਜੀਵਨ ਦਾ ਨਿੱਤ ਦਾ ਅਨਿਖੜਵਾਂ ਅੰਗ ਹੋਣ। ਸੱਚ, ਇਮਾਨਦਾਰੀ, ਮਨ, ਬਚਨ ਤੇ ਕਰਮ ਦਾ ਸੱਚਾ, ਮਿੱਠ ਬੋਲੜਾ, ਮਿੱਠ ਕਰਮੜਾ ਜੀਵਨ ਕਰਦਾਰ ਵਾਲਾ ਹਾਂ। ਇਸਦੇ ਨਾਲ ਤੇ ਜਾਂ ਇਸ ਤੋਂ ਬਾਦ ਸੰਸਾਰੀ ਜੀਵਨ ਦੀ ਸਫਲਤਾ ਲਈ ਤਾਂਘ ਤੇ ਯਤਨਸ਼ੀਲਤਾ ਵਿੱਚ ਹਾਂ
(4) ਸਿੱਖ ਜੀਵਨ ਤੇ ਸਾਂਝੇ ਪੰਥਕ ਸਿੱਖੀ ਜੀਵਨ ਲਈ ਆਪਣੇ ਨਿੱਜੀ ਤੇ ਪਰਿਵਾਰਕ ਹਿੱਤਾਂ ਦੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।
(5) ਆਪਣੇ ਪਰਿਵਾਰ ਨੂੰ ਸੱਚੇ ਯਤਨਾਂ ਨਾਲ ਤੇ ਸਖਤ ਯਤਨਾਂ ਨਾਲ ਸਿੱਖੀ ਜੀਵਨ ਵੱਲ ਪ੍ਰੇਰਨਾ ਤੇ ਤੋਰਨਾ ਮੇਰਾ ਕਰਮ ਹੈ।
ਇਹ ਪੰਜ ਕਾਰਜ ਤੇ ਜੀਵਨ ਸੰਪੂਰਨ ਸਿੱਖ ਦੇ ਸੰਕੇਤ ਹਨ।
ਅਸੀਂ ਸਾਰੇ ਕਿਥੇ ਹਾਂ?
ਇਹ ਸਾਡੇ ਸਾਰਿਆਂ ਲਈ ਸਿੱਖੀ ਦੀ ਇਸ ਉੱਚੀ ਮੰਜ਼ਲ ਤੇ ਪਹੁੰਚਣ ਦੀ ਤੀਬਰ ਅਰਦਾਸ ਹੋਵੇ ਤੇ ਸਦਾ ਅਸੀਂ ਇਸ ਲਈ ਯਤਨਸ਼ੀਲ ਹੋਈਏ। ਇਹ ਸਾਡਾ ਆਦਰਸ਼ ਹੋਵੇ।
ਪਰ ਅਸਲ ਪ੍ਰਸ਼ਨ ਹੈ ਕਿ ਅਣਸਿਖੀ ਜਾਂ ਜ਼ੀਰੋ ਸਿੱਖੀ ਤੇ ਆਦਰਸ਼ਕ ਸਿੱਖੀ ਦੇ ਵਿਚਕਾਰ ਇਕ ਵੱਡੀ ਲੰਬੀ ਕਤਾਰ ਹੈ।
ਅਸੀਂ, ਮੈਂ ਤੇ ਮੇਰਾ ਛੋਟਾ ਪਰਿਵਾਰ ਤੇ ਵੱਡਾ ਪਰਿਵਾਰ, ਕਿਥੇ ਖੜੇ ਹਾਂ? ਮੈਂ, ਬ੍ਰਿਜਪਾਲ ਸਿੰਘ, ਆਦਰਸ਼ਕ ਸਿੱਖ ਨਹੀਂ ਹਾਂ। ਇਸ ਤੋਂ ਬਹੁਤ ਹੇਠਾਂ ਹਾਂ। ਮੈਂ ਜ਼ੀਰੇ ਸਿੱਖ ਵੀ ਨਹੀਂ ਹਾਂ। ਮੈਂ ਆਪਣੇ ਗੁਰੂ ਕੋਲ ਤੇ ਗੁਰਬਾਣੀ ਕੋਲ ਤੇ ਸਚਿਆਰ ਸਿੱਖ ਜੀਵਨ ਦੇ ਨੇੜੇ ਤੇੜੇ ਤੱਕ ਪਹੁੰਚਣਾ ਚਾਹੁੰਦਾ ਹਾਂ। ਅਰਦਾਸ ਵੀ ਇਹੀ ਕਰਦਾ ਹਾਂ — “ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ —” ਅਸੀਂ ਸਾਰੇ ਇਹ ਅਰਦਾਸ ਕਰਦੇ ਹਾਂ।
ਕਿਵੇਂ ਲੱਭੀਏ, ਮੈਂ ਕਿਥੇ ਹਾਂ? ਕਿਥੋਂ ਸੁਰੂ ਕਰੀਏ? ਕੀ ਸਭ ਤੋਂ ਜ਼ਰੂਰੀ ਹੈ? ਸਿੱਖੀ ਵਿੱਚ ਸੱਭ ਤੋਂ ਜ਼ਰੂਰੀ ਤੇ ਮਹੱਤਵਪੂਰਨ ਕੀ ਹੈ? ਰੱਬ ਦੀ ਨੇੜਤਾ ਦੀ ਅਧਿਆਤਮਕਤਾ ਤੇ ਸ੍ਵੈ ਅਨੁਭਵ। ਇਸੇ ਲਈ ਅੰਮ੍ਰਿਤ ਵੇਲੇ ਦਾ ਨਾਮ – ਜਾਪ -ਸਿਮਰਨ ਤੇ ਪਾਠ ਹੈ। ਕੀ ਮੇਰੀ ਸ਼ੁਰੂਆਤ ਰੱਬ, ਗੁਰੂ ਤੇ ਗੁਰਬਾਣੀ ਤੋਂ ਹੋਈ ਸੱਭ ਤੋਂ ਜ਼ਰੂਰੀ ਹੈ ਕਿ ਨਹੀਂ? ਹੈ, ਤਾਂ ਇਹ ਪਹਿਲਾਂ ਪ੍ਰਮੁੱਖ ਕਦਮ ਹੈ। ਮੈਂ ਕਿਥੇ ਹਾਂ? -ਕਿਥੋਂ ਸੁਰੂ ਹੋਣਾ ਹੈ ਜੀ? ਘੱਟੋ ਘੱਟ, ਚਲੋ ਪੰਜ ਵਾਰੀ ਮੂਲਮੰਤਰ ਦਾ ਜਾਪ। ਘੱਟੋ ਘੱਟ, 5 ਮਿੰਟ ਵਾਹਿਗੁਰੂ ਦਾ ਜਾਪ। ਇਸ ਤੋਂ ਬਾਦ, ਇਸ਼ਨਾਨ-ਪਾਣੀ। ਫਿਰ ਨਿਤਨੇਮ ਬਾਣੀਆਂ ਦਾ ਪਾਠ। ਉਸ ਤੋਂ ਛੋਟਾ ਤਾਂ ਛੋਟੇ ਬੱਚੇ ਲਈ ਜਪੁਜੀ ਸਾਹਿਬ ਦਾ ਪਾਠ : 5-10 ਪਉੜੀਆਂ। ਛੋਟੇ ਨੌਜੁਆਨਾਂ ਲਈ ਜਪੁਜੀ ਸਾਹਿਬ ਜੀ ਦਾ ਪਾਠ। ਵੱਡੇ ਨੌਜੁਆਨਾਂ ਲਈ ਜਪੁਜੀ ਸਾਹਿਬ + ਜਾਪ ਸਾਹਿਬ ਸ੍ਵਯੇ ਸਾਹਿਬ ਦਾ ਪਾਠ। ਮੈਂ ਕਿੱਥੇ ਖੜਾ ਹਾਂ? ਕਿਤਨਾ ਗੁਰੂ ਦੇ ਨੇੜੇ ਹਾਂ, ਇਸੇ ਤੇ ਹੀ ਨਿਰਭਰ ਕਰਦਾ ਹੈ। ਕੀ ਮੈਂ 40-50 ਸਾਲਾਂ ਦਾ ਹਾਲੇ ਸਿੱਖੀ ਵਿੱਚ ਬੱਚਾ ਹਾਂ? ਮੇਰਾ ਖਿਆਲ ਹੈ – ਜਪੁ ਜੀ ਸਾਹਿਬ ਸੱਭ ਲਈ ਘੱਟੋ ਘੱਟ ਜ਼ਰੂਰੀ ਹੋਵੇ ਤੇ 10 ਮਿੰਟ ਦਾ ਪਹਿਲਾਂ ਹੀ ਮੂਲ ਮੰਤਰ ਤੇ ਵਾਹਿਗੁਰੂ – ਜਾਪ ਹੋ ਚੁੱਕਿਆ ਹੋਵੇ। ਇਹ ਸਾਡੇ ਦਿਨ ਦੀ ਸਿੱਖ ਜੀਵਨ ਦੀ ਹਾਲੇ ਸ਼ੁਰੂਆਤ ਹੀ ਹੈ। ਇਹ ਅਸੀਂ ਘੱਟੋ ਘੱਟ ਭਾਵ ਸਭ ਤੋਂ ਘੱਟ ਤੇ ਸਭ ਤੋਂ ਜ਼ਰੂਰੀ ਸਮਝੀਏ।
ਹੁਣ ਇਸ ਵਿਚਾਰ ਨੂੰ ਦਾਰਸ਼ਨਕ ਨਾਂਹ ਸਮਝੀਏ। ਆਪਣੇ ਲਈ ਆਪਣੇ ਬੱਚਿਆਂ ਲਈ ਤੇ ਆਪਣੇ ਮਾਪਿਆਂ ਲਈ ਕਰਨ ਦਾ ਪ੍ਰਣ ਕਰਕੇ ਬਸ ਸ਼ੁਰੂ ਹੋ ਜਾਈਏ।
ਇਹ ਹਾਲੇ ਸਾਡੇ ਦਿਨ ਦੀ ਸ਼ੁਰੂਆਤ ਹੈ। ਭਾਵ ਘਰ ਦੇ ਕੰਮ, ਬਾਹਰ ਦੇ ਕੰਮ, ਪੜ੍ਹਾਈ (ਸਕੂਲ-ਕਾਲਜ-ਭਾਵੇਂ ਪੀ.ਐਚ.ਡੀ) ਤੋਂ ਵੀ ਪਹਿਲੇ ਤੇ ਜ਼ਰੂਰੀ ਹੈ। ਦਿਨ ਦੇ ਦਫ਼ਤਰ, ਦੁਕਾਨ, ਸਕੂਲ, ਕਾਲਜ ਦੇ ਕੰਮ ਸਾਡੇ ਜੀਣ ਤੇ ਜੀਵਨ ਗੁਜ਼ਾਰਨ ਦੇ ਧੰਦੇ ਹਨ। ਇਹ ਕਰੋ, ਬੇਸ਼ਕ ਕਰੋ, ਜ਼ਰੂਰ ਕਰੋ। ਪਰ ਪਾਠ ਤੋਂ ਬਾਦ।
ਸ਼ਾਮ ਤੇ ਰਾਤ ਵਿੱਚ ਸੋਦਰ (ਰਹਿਰਾਸ ਸਾਹਿਬ) ਤੇ (ਆਰਤੀ) ਸੋਹਿਲਾ ਸਾਹਿਬ ਦਾ ਪਾਠ ਆਂਦੇ ਹਨ। ਭਾਈ ਗੁਰਦਾਸ ਅਨੁਸਾਰ ਇਹ ਨਿਤਨੇਮ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਤੋਂ ਬਾਦ ਕਰਤਾਰਪੁਰ ਵੱਸ ਕੇ ਆਪ ਸ਼ੁਰੂ ਕਰ ਦਿੱਤੇ ਸਨ। ਸਾਡੇ ਲਈ ਇਹ ਵੀ ਘੱਟੋ ਘੱਟ ਪਾਠ ਜਾਂ ਅਧਿਆਤਮਿਕਤਾ ਵਿਚ ਹੀ ਸ਼ਾਮਲ ਹੋਏ ਜ਼ਰੂਰੀ ਹਨ। ਇਵੇਂ ਰਾਤ ਸੌਣ ਸਮੇਂ ਮੂਲ ਮੰਤਰ ਤੇ ਵਾਹਿਗੁਰੂ ਜਾਪ ਵੀ।
ਇਹ ਸਾਰੇ ਪਾਠ ਅਸੀਂ ਮੁਕਾਣੇ ਜਾਂ ਮਗਰੋਂ ਲਾਹਣ ਵਾਲੇ ਤਰੀਕੇ ਨਾਲ ਨਹੀਂ ਕਰਨੇ। ਸਗੋਂ ਅਧਿਆਤਮਕਤਾ ਅਥਵਾ ਰੱਬ-ਗੁਰੂ ਦੀ ਨੇੜਤਾ ਤੇ ਪਿਆਰ ਤੇ ਸ਼ਰਣ ਆਣ ਲਈ ਕਰਨੇ ਹਨ। ਮੇਰੇ ਹਿਸਾਬ ਵਿਚ ਸਵੇਰੇ ਅੱਧਾ ਘੰਟਾ ਸਮਾਂ ਤੇ ਸ਼ਾਮ ਰਾਤ ਨੂੰ ਅੱਧਾ ਘੰਟਾ ਦੇਣ ਨਾਲ ਇਹ ਸਹਜ ਅਵਸਥਾ ਵਿੱਚ ਸਾਨੂੰ ਲੈ ਆਂਦੇ ਹਨ। ਗੁਰੂ ਦੇ ਜੋੜ ਜੁੜਨ ਤੇ ਪਿਆਰ ਨਾਲ ਕਰਨ ਨਾਲ ਸਾਨੂੰ ਸਿੱਖੀ ਦੇ ਰਾਹ ਦੀ ਸ਼ੁਰੂਆਤ ਦਿੰਦੇ ਹਨ। 24 ਘੰਟੇ ਦੇ ਦਿਨ ਦੇ ਅਸੀਂ ਸਮੇਂ ਵਿੱਚ ਸਿਰਫ ਇੱਕ ਘੰਟਾ। ਜੇ ਅਸੀਂ ਇਸ ਘੱਟੋ-ਘੱਟ ਤੋਂ ਵੀ ਅਸੀਂ ਹੇਠਾਂ ਹਾਂ ਤੇ ਇਹ ਸਾਡੇ ਲਈ ਬੜੀ ਵੱਡੀ ਸ਼ਰਮ ਦੀ ਗੱਲ ਹੈ। ਇਹ ਕਰਨ ਨਾਲ ਜੋ ਸਹਿਜ ਤੇ ਜੋ ਪਿਆਰ ਤੇ ਗੁਰੂ ਨੇੜਤਾ ਤੇ ਗੁਰੂ ਅਸੀਸ ਮਿਲ ਸਕਦੇ ਹਨ, ਅਸੀਂ ਬਿਨਾਂ ਮਤਲਬ ਤੇ ਆਲਸ ਵਿਚ ਗੁਆ ਰਹੇ ਹਾਂ।
ਹੁਣ ਅਸੀਂ ਪੰਜ ਬਾਣੀਆਂ ਤੇ ਅੰਮ੍ਰਿਤ ਛਕਣ ਵਾਲੇ ਖਾਲਸਾ ਜੀਵਨ ਦੀ ਗੱਲ ਹਾਲੇ ਆਪਣੇ ਜੀਵਨ ਦੇ ਲੰਬੇ ਸਫ਼ਰ ਤੇ ਛੱਡਦੇ ਹਾਂ। ਆਦਰਸ਼ਕ ਸਿੱਖੀ ਦੀ ਪਹਿਲੀ ਪਉੜੀ ਕੋਲ ਹਾਲੇ ਖੜੇ ਹਾਂ।
ਪਰ ਪਹਿਲੀ ਪਉੜੀ ਚੜ੍ਹਨ ਲਈ ਇਕ ਹੋਰ ਬੜੀ ਜ਼ਰੂਰੀ ਤੇ ਪਿਆਰੀ ਸ਼ੁਰੂਆਤ ਦੀ ਲੋੜ ਹੈ, ਕਿ ਅਸੀਂ ਸਵੀਕਾਰ ਕਰੀਏ ਕਿ ਗੁਰੂ ਦੇ ਸਿੱਖ ਬਣ ਕੇ. ਗੁਰੂ ਦੇ ਮਾਣ ਤੇ ਪਿਆਰ ਵਿਚ ਜੀਣ ਤੇ ਵਿਚਰਨ ਲਈ ਪੰਜ ਕਰਾਰੀ ਸਿੱਖ ਬਣੇ ਹਾਂ। ਕੇਸ ਸਿੱਖ ਹੋਣ ਦਾ ਐਲਾਨ ਹੈ। ਗੁਰੂ ਦੇ ਹੁਕਮ ਵਿੱਚ ਜੀਵਨ ਬਿਤਾਣ ਦਾ ਮੇਰਾ ਪਿਆਰਾ ਪ੍ਰਣ ਹੈ। ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਧਾਰੀ ਹੋਣਾ ਜ਼ਰੂਰੀ ਹੈ। ਹੁਣੇ ਹੀ, ਪਹਿਲ ਕਦਮ ਤੇ ਪਹਿਲੀ ਸ਼ੁਰੂਆਤ ਲਈ ॥ ਨਹੀਂ ਕਰਦਾ ਤਾਂ ਮੈਂ ਬੇਸ਼ਰਮ ਤੇ ਮੂਰਖ ਹਾਂ। ਪੰਜ ਕਕਾਰ ਭੇਖ ਨਹੀਂ ਹਨ। ਸ਼ੁਰੂਆਤ ਦਾ ਪਹਿਲਾ ਐਲਾਨ ਹੈ ਗੁਰੂ ਨੂੰ ਬਾਂਹ ਪਕੜਾਣ ਲਈ ਬਾਂਹ ਅੱਗੇ ਕਰਨੀ ਹੈ। ਸਿਰਫ਼ ਘੱਟੋ ਘੱਟ ਬਾਣੀ ਤੇ ਸਿਰਫ਼ ਕੇਸ-ਕਕਾਰ ਸਾਡੀ ਸਿੱਖ ਵੱਲ ਪਹਿਲਾ ਕਦਮ ਹੈ। ਪਹਿਲੀ ਪੌੜੀ ਹੈ। ਇਸ ਤੋਂ ਹੇਠਾਂ ਤੇ ਇਸ ਤੋਂ ਘੱਟ, ਮੈਂ ਸਿੱਖ ਨਹੀਂ ਹਾਂ ਤੇ ਨਾਂਹ ਹੀ ਮੈਂ ਕਹਿਲਾਣ ਦੇ ਯੋਗ ਹਾਂ।
ਸਿੱਖੀ ਲਈ ਸਿਰਫ਼ ਬਾਹਰਲੀ ਤੇ ਅੰਦਰਲੀ ਰਹਿਤ ਭਾਵ ਰੱਬ ਨਾਲ ਜੋੜ ਤੇ ਦਿਖ ਤੋਂ ਇਲਾਵਾ ਕੁਝ ਘੱਟੋ ਘੱਟ ਜੀਵਨ-ਚਰਿਤਰ ਵਾਲਾ ਹੋਣਾ ਵੀ ਜ਼ਰੂਰੀ ਹੈ। ਇਹ ਜੀਵਨ ਗੁਜ਼ਾਰਨ ਦੇ ਉਹ ਜ਼ਰੂਰੀ ਨਿਯਮ-ਨਿਰਬਾਹ ਹਨ ਜੋ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਖੋਲ੍ਹ ਕੇ ਸਪਸ਼ਟ ਕੀਤੇ ਹਨ ਤੇ ਆਸਾ ਦੀ ਵਾਰ ਅੰਮ੍ਰਿਤ ਵੇਲੇ ਦਾ ਸੰਗਤੀ ਕੀਰਤਨ ਵੀ ਹੈ ਤੇ ਇਹ ਸਰਸਾ ਨਦੀ ਪਾਰ ਕਰਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਮੁਗਲ ਫੌਜ ਦੇ ਪਿੱਛੇ ਲੱਗੇ ਹੋਏ ਵੀ, ਸਿਪਾਹਸਾਲਾਰ ਗੁਰੂ ਗੋਬਿੰਦ ਸਿੰਘ ਨੇ ਸੰਗਤੀ ਕੀਰਤਨ ਕਰਕੇ ਗੁਰੂ ਨਾਨਕ ਦਾ ਦਿੱਤਾ ਜੀਵਨ ਨਿਭਾਇਆ।
ਮੁੱਖ ਰੂਪ ਵਿੱਚ ਇਹ ਦਸਣ ਲਈ ਸੀ ਕਿ ਯੁੱਧ ਵਿੱਚ ਵੀ ਇਹ ਸਦਾਚਾਰਕ ਜੀਵਣ ਨਿਭਾਣਾ ਹੈ। ਗੁਰੂ-ਚੇਤਨ ਦਾ ਪਹਿਲਾਂ ਅਸੂਲ ਮਨ ਨੂੰ ਅਹੰਕਾਰ ਤੋਂ ਹਟਾ ਕੇ ਮਨ ਨੂੰ ਰੱਬ-ਗੁਰੂ ਵੱਲ ਲਾਣਾ ਹੈ। ਸੋ ਅਸੀਂ ਰੱਬ ਵੱਲ ਲੱਗਣ ਨੂੰ ਹੀ ਆਪਣਾ ਹੰਕਾਰ ਨਾਂਹ ਬਣਾ ਬੈਠੀਏ। ਇਹ ਅਤਿ ਜ਼ਰੂਰੀ ਸਦਾਚਾਰ ਦੀ ਪਹਿਲ ਹੈ। ਪਾਠ-ਕੀਰਤਨ-ਨਾਮ ਜਪਣ ਨਾਲ ਮਾਣ ਨਹੀਂ, ਨਿਮਰਤਾ ਹੀ ਜ਼ਰੂਰੀ ਹੈ। ਹਉਮੈਂ ਦੀਰਘ ਰੋਗ ਹੈ। ਪਰ ਇਲਾਜ ਸ਼ਬਦ ਤੇ ਪਾਠ ਹੈ। ਜੇ ਹਾਲੇ ਹਉਮੈਂ ਭਰੀ ਹੈ ਤਾਂ ਅਧਿਆਤਮਕਤਾ ਤੇ ਰੱਬ ਨਾਲ ਜੋੜ ਹਾਲੇ ਕੱਚਾ ਹੈ। ਇਸੇ ਲਈ ਸਤਸੰਗਤ ਵਿਚ ਜਾਣਾ ਜ਼ਰੂਰੀ ਹੈ। ਇਵੇਂ ਮਿਠਤ, ਸੱਚ, ਸੰਤੋਖ ਆਦਿ ਗੁਣ ਵੀ ਜ਼ਰੂਰੀ ਹਨ। ਘੱਟੋ ਘੱਟ ਦਾ ਫੈਸਲਾ ਅਸੀਂ ਕਰਨਾ ਹੈ, ਪਰ ਭਗਤੀ ਤੇ ਸਦਾਚਾਰਕ ਚਰਿਤਰ, ਦੋਨੋ ਚਲਨੇ ਜ਼ਰੂਰੀ ਹਨ।
ਅਸੀਂ ਸਾਰੇ ਕਾਰੋਬਾਰੀ ਤੇ ਵਿਹਾਰੀ ਲੋਕ ਹਾਂ। ਆਪਣੇ ਕਾਰੋਬਾਰ ਤੇ ਆਮਦਨ ਸਾਧਨ, ਸਿੱਖ ਸਿਧਾਂਤਾਂ ਵਿੱਚ ਜੀਵਨ ਦਾ ਅਲੱਗ ਥਲੱਗ ਵੱਖਰਾ ਪਹਿਲੂ ਨਹੀਂ ਹੈ। ਇਹ ਵੀ ਸਮੁੱਚੇ ਸਿੱਖੀ ਜੀਵਨ ਦਾ ਹੀ ਇਕ ਹਿੱਸਾ ਹਨ। ਇਸ ਲਈ “ਕਰਤ ਵਿਰਤ ਕਰ ਧਰਮ ਦੀ” ਵੀ ਵੱਡਾ ਅਸੂਲ ਹੈ। ਕਿਰਤ ਧਰਮ- ਆਧਾਰਿਤ ਹੋਵੇ ਇਸ ਵਿੱਚੋਂ ਦਸਵੰਧ ਜਾਂ 10% ਗੁਰੂ, ਰੱਬ ਤੇ ਆਪਣੇ ਤੋਂ ਗਰੀਬ ਦੇ ਲੇਖੇ ਹੈ। ਦਸਵੰਧ ਘੱਟੋ ਘੱਟ ਹੈ। ਕਈ ਪਰਉਪਕਾਰੀ ਵੱਧ ਵੀ – 90% ਤੱਕ ਧਰਮ ਖਾਤੇ ਲਈ ਕੱਢਦੇ ਹਨ। ਮੇਰੇ ਅਨੁਭਵ ਵਿਚ ਅਜਿਹੇ ਸਿੱਖ ਵੀ ਕਈ ਹਨ।
ਆਓ ਸਮੇਟੀਏ। ਸਿੱਖੀ ਦਾ ਘੱਟੋ ਘੱਟ ਕੀ ਹੈ:-
(1) ਰੱਬ ਨਾਲ ਆਤਮਾ ਦਾ ਜੋੜ -ਅੰਮ੍ਰਿਤ ਵੇਲੇ ਦਾ ਸਿਮਰਨ, ਨਿਤਨੇਮ (ਘੱਟੋ ਘੱਟ ਜਪੁਜੀ ਸਾਹਿਬ) ਸਤਸੰਗ, ਸ਼ਾਮ ਦਾ ਰਹਿਰਾਸ ਸਾਹਿਬ ਤੇ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ।
(2) ਪੰਜ ਕਕਾਰੀ, ਦਸਤਾਰਧਾਰੀ ਤੇ ਅੰਮ੍ਰਿਤ ਦਾ ਅਭਿਲਾਸ਼ੀ।
(3) ਹੰਕਾਰ-ਰਹਿਤ ਹੋਣ ਦੇ ਯਤਨ ਵਿੱਚ, ਨਿੰਮ੍ਰਤਾ, ਮਿਠਾਸ, ਸਾਦਗੀ ਤੇ ਸੰਤੋਖ ਵਿੱਚ ਰੱਬ ਨਾਲ ਜੋੜ।
(4) ਕਾਰੋਬਾਰ, ਵਿਹਾਰ, ਨੌਕਰੀ, ਪੈਨਸ਼ਨ ਦਾ ਦਸਵੰਧ ਜ਼ਰੂਰੀ ਹੈ।
(5) ਪੂਰਨ ਗੁਰਸਿੱਖੀ ਤੱਕ ਪਹੁੰਚਣ ਦਾ ਚਾਅ ਤੇ ਅਰਦਾਸ।
ਹੁਣ ਮੂਲ ਪ੍ਰਸ਼ਨ, ਜੋ ਮੇਰੇ ਅੰਤਹਕਰਣ ਨੂੰ ਖੋਰ ਕੇ ਰੱਖੀ ਬੈਠਾ ਹੈ, ਕੀ ਮੈਂ ਘੱਟੋ ਘੱਟ ਸਿੱਖ ਵੀ ਹਾਲੇ ਨਹੀਂ ਹਾਂ। ਕਦੋਂ ਉਹ ਦਿਨ ਆਵੇਗਾ ਕਿ ਮੈਂ ਘੱਟੋ-ਘੱਟ ਸਿੱਖ ਤਾਂ ਬਣਾ? ਕਦੋਂ ਮੈਂ ਇਸ ਪਾਸੇ ਸ਼ੁਰੂ ਹੋਵਾਂਗਾ – ਕੱਲ ਤੋਂ? ਅੱਜ ਤੋਂ? ਹੁਣੇ, ਇਸੇ ਸਕਿੰਟ-ਪਲ ਤੋਂ? ਮਨ ਨੂੰ ਪੱਕਾ ਕਰੋ।
ਸਿੱਖੀ ਨਾਲ ਪਰਿਵਾਰ ਨੂੰ ਵੀ ਘੱਟੋ ਘੱਟ ਸਿੱਖੀ ਨਾਲ ਜੋੜਨ ਦੀ ਵੀ ਮੇਰੀ ਜ਼ਿੰਮੇਵਾਰੀ ਹੈ। ਪਰ ਪਹਿਲੇ ਆਪ। ਫਿਰ ਪਰਿਵਾਰ ਵੀ ਭਾਵ ਬੱਚੇ ਤੇ ਨਾਬਾਲਗ ਮੇਰੀ ਜ਼ਿੰਮੇਵਾਰੀ ਹਨ। ਬਾਲਗ ਲਈ ਮੈਂ ਸਨਿਮਰ ਪ੍ਰੇਰਨਾ ਕਰਨੀ ਹੈ।
ਅਸੀਂ ਵੋਟਰ ਸਿੱਖੀ ਤੇ ਮਰਦਮ ਸ਼ੁਮਾਰੀ ਦੀ ਸਿੱਖੀ ਦੀ ਗੱਲ ਨਹੀਂ ਕਰ ਰਹੇ ਹਾਂ। ਉਹ ਤਾਂ ਜੋ ਤੁਸੀ ਕਹੇ ਤੇ ਲਿਖੋ, ਲਿਖਵਾਓ, ਸਰਕਾਰੀ ਕਰਮਚਾਰੀ ਮੰਨ ਕੇ ਲਿਖ ਦੇਣਗੇ।
ਸਤਿਗੁਰੂ ਮੇਰੀ ਕਥਨੀ ਨਹੀਂ, ਮੇਰੀ ਕਰਨੀ ਵੇਖਦਾ ਹੈ।
ਮੈਂ ਜਿਥੇ ਵੀ ਹਾਂ, -ਘੱਟੋ ਘੱਟ ਤੋਂ ਵੀ ਹੇਠਾਂ, ਜਾਂ ਉਸ ਤੋਂ ਥੋੜਾ ਉਪਰ-ਪੂਰਨ ਗੁਰਸਿਖੀ, ਮੇਰੀ ਇੱਛਾ, ਅਭਿਲਾਸ਼ਾ ਤੇ ਗੰਭੀਰ ਦਿਲੀ ਅਰਦਾਸ ਹੋਵੇ।
ਇਹ ਅੱਜ ਮੇਰੀ ਸੱਭ ਅੱਗੇ ਬੇਨਤੀ, ਇਲਤਜਾ ਤੇ ਪ੍ਰੇਰਨਾ ਹੈ। ਕਿਰਪਾ ਕਰਕੇ ਕਬੂਲ ਕਰੋ – ਭਾਵੇਂ ਤੁਸੀਂ ਧਨਾਢ, ਕਾਰੋਬਾਰੀ, ਉੱਚੀ ਨੌਕਰੀ ਤੇ ਹੋਵੋ ਤੇ ਭਾਵੇਂ ਆਪ ਪਰਿਚਾਰਕ ਵੀ ਹੋਵੋ। ਪਹਿਲੇ ਸਿੱਖ ਬਣੋ ਤੇ ਫਿਰ ਪਰਿਚਾਰੋ।
ਜੇ ਮੈਂ ਘੱਟੋ ਘੱਟ ਤੋਂ ਵੀ ਹੇਠਾਂ ਹਾਂ ਪਰ ਇੱਛਾ ਸਹਿਤ ਤੇ ਯਤਨਸ਼ੀਲ ਹਾਂ ਕਿ ਸਿੱਖ ਬਣਾ- ਤਾਂ ਅਸੀਂ ਸਾਰੇ, ਅਸੀਂ ਸਿੱਖ ਜਗਤ ਦਾ ਹਿੱਸਾ ਹਾਂ, ਪਰ ਸ਼ਰਮਸਾਰੀ ਵਿੱਚ ਹਾਲੇ ਬੈਠੇ ਹਾਂ। ਮੇਰਾ ਭਾਵ ਹੈ ਕਿ ਸਿੱਖ-ਜਗਤ ਵਿੱਚ ਅਸੀਂ ਸਾਰੇ ਹਾਂ, ਭਾਵੇਂ ਕਿਥੇ ਵੀ ਖੜੇ ਹਾਂ- ਮਰਦਮ ਸ਼ੁਮਾਰੀ ਵਾਲੇ, ਵੋਟਰ ਸਿੱਖ, ਗੁਰੂ ਨਾਨਕ ਗੁਰਬਾਣੀ ਨੂੰ ਪਿਆਰਨ ਵਾਲੇ, ਸਾਰੇ ਗੁਰੂਆਂ ਤੋਂ ਵਾਰੇ ਜਾਣ ਵਾਲੇ ਪਰ ਹਾਲੇ ਅਸੀਂ ਆਤਮਕ ਰੂਪ ਵਿੱਚ, ਆਪਣੇ ਅੰਦਰੋਂ ਘੱਟੋ ਘੱਟ ਸਿੱਖੀ ਤੋਂ ਵੀ ਹੇਠਾਂ ਖੜੇ ਯਤਨਸ਼ੀਲ ਸਿੱਖ ਹਾਂ। ਆਓ ਸ਼ਰਮਸਾਰੀ ਤੋਂ ਉਪਰ ਉੱਠ ਕੇ ਘੱਟੋ ਘੱਟ ਸਿੱਖ ਬਣਨ ਵੱਲ ਲੱਗ ਪਈਏ। ਘੱਟੋ-ਘੱਟ ਸਿੱਖੀ ਵੱਲ ਅੱਗੇ ਹੋ ਕੇ ਵਧੀਏ।