102 views 0 secs 0 comments

ਕੁਠਾ

ਲੇਖ
April 14, 2025

-ਗਿਆਨੀ ਗੁਰਜੀਤ ਸਿੰਘ

ਆਸਾ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਪਾਵਨ ਬਾਣੀ ਵਿੱਚ ਦਰਜ ਹੈ ਜਿਸ ਦਾ ਗਾਇਨ ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਕਰਦੇ ਹਨ,

ਨੀਲ ਵਸਤਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 471 )

ਆਸਾ ਕੀ ਵਾਰ ਦੇ ਵਿੱਚ ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੁੱਠੇ ਦਾ ਜ਼ਿਕਰ ਮਾਸ ਖਾਣ ਦੇ ਨਾਲ ਆਉਂਦਾ, ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬ੍ਰਾਹਮਣਾਂ ਦੇ ਉੱਪਰ ਸਵਾਲ ਕਰਦੇ ਨੇ ਕਿ ਇੱਕ ਪਾਸੇ ਤਾਂ ਉਹ ਮੁਸਲਮਾਨਾਂ ਨੂੰ ਮਲੇਛ ਆਖਦੇ ਨੇ, ਤੇ ਦੂਜੇ ਪਾਸੇ ਉਹਨਾਂ ਦੇ ਕੋਲੋਂ ਹੀ ਧਾਨ ਲੈ ਕਰਕੇ ਪੁਰਾਣਾਂ ਨੂੰ ਪੂਜਦੇ ਨੇ, ਇੱਥੇ ਹੀ ਬਸ ਨਹੀਂ ਕਲਮਾਂ ਪੜ੍ਹ ਕੇ ਤਿਆਰ ਕੀਤਾ ਹੋਇਆ ਬਕਰਾ ਖਾਂਦੇ ਹਨ ਪਰ ਦੂਜਿਆਂ ਨੂੰ ਆਪਣੇ ਚਾਉਂਕੇ ਉੱਪਰ ਜਾਣ ਤੋਂ ਰੋਕਦੇ ਹਨ, ਗੁਰਬਾਣੀ ਤੋਂ ਇਲਾਵਾ ਸਿੱਖ ਮਰਿਤ ਮਰਿਆਦਾ ਦੇ ਵਿੱਚ ਕੁਠਾ ਦਾ ਜ਼ਿਕਰ ਹੈ ਚਾਰ ਬਜਰ ਕੁਰਹਿਤਾਂ ਦੇ ਵਿੱਚ ਆਉਂਦਾ ਜੋ ਅੰਮ੍ਰਿਤ ਛੱਕ ਕੇ ਸਿੰਘ ਨੇ ਬਿਲਕੁਲ ਵੀ ਨਹੀਂ ਕਰਨੀ,
1. ਕੇਸ ਕਤਲ ਨਹੀਂ ਕਰਵਾਉਣੇ
2. ਤੰਬਾਕੂ ਨਹੀਂ ਵਰਤਣਾ
3. ਪਰ-ਇਸਤਰੀ ਦਾ ਸੰਗ ਨਹੀਂ ਕਰਨਾ
4. ਕੁਠਾ ਮਾਸ ਨਹੀਂ ਖਾਣਾ

ਸਿੱਖ ਰਹਿਤ ਮਰਿਆਦਾ ਦੇ ਵਿੱਚ ਕੁਠੇ ਦੀ ਵਿਆਖਿਆ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਲਿਖੀ ਹੈ।

ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਕੁਠੇ ਸ਼ਬਦ ਦੇ ਦੋ ਅਰਥ ਲਿਖੇ ਹਨ, ਪਹਿਲਾ ਸਿੰਧੀ ਦਾ ਸ਼ਬਦ ਲਿਖ ਕੇ ਕੁੱਠਾ ਜਿਬਹੈ ਕੁਸ਼ਤਾ ਕੀਤਾ, ਤੇ ਦੂਸਰਾ ਮੁਸਲਮਾਨੀ ਤਰੀਕੇ ਨਾਲ ਕੱਟਿਆ ਹੋਇਆ ਜੀਵ, ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਕੁੱਠਾ ਸ਼ਬਦ ਦੋ ਤਰ੍ਹਾਂ ਦੇ ਨਾਲ ਬਣਿਆ ਹੋਇਆ ਮੰਨਦੇ ਹਨ।, ਪਹਿਲਾ ਸੰਸਕ੍ਰਿਤ ਦੇ ਕੁਹਨਨ ( ਬੁਰੀ ਤਰ੍ਹਾਂ ਮਾਰਨਾ ), ਕੋਹਿਆ ਤੋਂ ਬਣਿਆ ਪੰਜਾਬੀ ਵਿਆਕਰਣ ਦਾ ਤਰੀਕਾ ਤੇ ਦੂਸਰਾ ਜਦੋਂ ਫਾਰਸੀ ਪੰਜਾਬੀ ਵਿੱਚ ਰਲਣ ਲੱਗੇ ਤਾਂ ਹੋ ਸਕਦਾ ਕੁਸਤਹ ਦਾ ਕੁਠਾ ਬਣ ਗਿਆ ਹੋਵੇ, ਪਰ ਵਿਸ਼ੇਸ਼ਤਾ ਭਾਈ ਵੀਰ ਸਿੰਘ ਆਪਣੇ ਪਹਿਲੇ ਅਰਥ ਕੁਹਨਨ ਤੋਂ ਬਣਿਆ ਹੋਇਆ ਉਹਨੂੰ ਹੀ ਦਿੰਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਅਰਥ ਹਲਾਲ ਕੀਤਾ ਹੋਇਆ ਕਰਦੇ ਹਨ।

ਸਾਰੀ ਦੁਨੀਆਂ ਦੇ ਵਿੱਚ ਜਾਨਵਰ ਨੂੰ ਕੱਟਣ ਦੇ ਦੋ ਹੀ ਤਰੀਕੇ ਹਨ, ਝਟਕਾ ਤੇ ਕੁਠਾ, ਝਟਕੇ ਦੇ ਵਿੱਚ ਗਰਦਨ ਦੇ ਉੱਪਰ ਤਲਵਾਰ ਦੇ ਵਾਰ ਕਰਕੇ ਜਾਨਵਰ ਨੂੰ ਕੱਟਿਆ ਜਾਂਦਾ ਹੈ, ਕੁੱਠੇ ਦੇ ਵਿੱਚ ਜਾਨਵਰ ਨੂੰ ਪੁੱਠਾ ਕਰਕੇ ਗਲੇ ਉੱਪਰ ਛੁਰੀ ਚਲਾ ਕੇ ਉਸ ਦਾ ਗਲਾ ਕੱਟਿਆ ਜਾਂਦਾ ਹੈ, ਇਸਲਾਮ ਦੇ ਵਿੱਚ ਬਕਰਾ, ਗਊ, ਉਠ ਆਦਿਕ ਸਾਰੇ ਜਾਨਵਰਾਂ ਨੂੰ ਗਲੇ ਤੋਂ ਹੀ ਕੱਟਿਆ ਜਾਂਦਾ ਹੈ।

ਕੁਠਾ = ਕਟਿਆ ਪੁਠਾ ਤੋ ਬਣਿਆ ਹੈ ਭਾਵ ਜੀਵ ਨੂੰ ਪੁੱਠਾ ਕਰਕੇ ਗਲੇ ਤੋਂ ਕੱਟਿਆ ਗਿਆ ਹੈ।