views 3 secs 0 comments

ਕੇਸਾਂ ਦਾ ਸੁਭਾਅ

ਲੇਖ
February 27, 2026

ਵਿਗਿਆਨੀਆਂ ਨੇ ਭਰਵੀਂ ਖੋਜ ਕਰਨ ਉਪਰੰਤ ਇਹ ਨਤੀਜਾ ਵੀ ਕੱਢਿਆ ਹੈ ਕਿ ਕੇਸ ਆਪਣੀ ਪੂਰਨ ਵਿਕਾਸ ਸੀਮਾ ਤੱਕ ਪਹੁੰਚ ਜਾਣ ਉਪਰੰਤ ਜਦੋਂ ਵਧਣਾ ਬੰਦ ਕਰ ਦੇਂਦੇ ਹਨ ਤਾਂ ਉਹ 2 ਸਾਲ ਤੋਂ ਲੈ ਕੇ 6 ਸਾਲ ਤੱਕ ਸਿਰ ਵਿੱਚ ਕਾਇਮ ਰਹਿੰਦੇ ਹੋਏ ਆਪਣੀ ਕਿਰਿਆ ਸਰਗਰਮ ਰੂਪ ਵਿੱਚ ਨਿਭਾ ਕੇ ਕਮਜ਼ੋਰ ਹੋ ਜਾਣ ਉਪਰੰਤ ਝੜ ਜਾਂਦੇ ਹਨ ਤੇ ਕੰਘਾ ਕਰਨ ਨਾਲ ਬਾਹਰ ਆ ਜਾਂਦੇ ਹਨ । ਇਸ ਨੂੰ ਕੇਸਾਂ ਦਾ ਮਰਨਾ ਕਿਹਾ ਜਾ ਸਕਦਾ ਹੈ ਅਤੇ ਮਰੇ ਹੋਏ ਕੇਸ ਸਿਰ ਵਿੱਚ ਰੱਖਣ ਦਾ ਕੋਈ ਲਾਭ ਨਹੀਂ ਪਰ ਮਨੁੱਖੀ ਸਰੀਰ ਲਈ ਕੇਸਾਂ ਦੀ ਭਾਰੀ ਅਵੱਸ਼ਕਤਾ ਨੂੰ ਦੇਖਦਿਆਂ ਹੋਇਆਂ ਕੁਦਰਤ ਇਨ੍ਹਾਂ ਮਰ ਕੇ ਖਾਰਜ ਹੋਏ ਕੇਸਾਂ ਦੇ ਬਦਲ ਵਿੱਚ ਬੜੀ ਤੇਜ਼ੀ ਨਾਲ ਨਵੇਂ ਕੇਸ ਉਗਾਉਣ ਵਿੱਚ ਤੱਤਪਰ ਰਹਿੰਦੀ ਹੈ । ਕੇਸਾਂ ਦੀ ਮਹਤੱਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਬਾਖੂਬੀ ਲਗਾਇਆ ਜਾ ਸਕਦਾ ਹੈ ਕਿ ਕੇਸਾਂ ਦੇ ਝੜਨ ਨਾਲ ਫੌਰੀ ਤੌਰ ‘ਤੇ ਨਵੇਂ ਕੇਸ ਉਗਾਉਣ ਦਾ ਸਿਲਸਿਲਾ ਵੀ ਪੂਰੀ ਤਾਕਤ ਨਾਲ ਕਰਮਸ਼ੀਲ ਹੋ ਜਾਂਦਾ ਹੈ ਤਾਂ ਜੋ ਮਨੁੱਖੀ ਸਰੀਰ ‘ਤੇ ਕੇਸਾਂ ਦੀ ਕਮੀ ਨਾ ਵਾਪਰੇ । ਇਹ ਤਥ ਵੀ ਜ਼ਾਹਿਰ ਕਰਦਾ ਹੈ ਕਿ ਸਿਰ ਵਿੱਚ ਹਰ ਸਮੇਂ ਨਵੇਂ-ਨਰੋਏ ਕੇਸਾਂ ਦੀ ਜ਼ਿੰਦਗੀ ਦੇ ਹਰ ਕਾਲ ਵਿੱਚ ਅਤਿਅੰਤ ਲੋੜ ਹੈ ਤਦੇ ਹੀ ਵਾਹਿਗੁਰੂ ਨੇ ਮਨੁੱਖੀ ਜੀਵਨ ਲਈ ਅਜਿਹੀ ਕੇਸ-ਪ੍ਰਣਾਲੀ ਵਿਕਸਤ ਕੀਤੀ ਹੈ ਜੋ ਮਨੁੱਖ ਨੂੰ ਉਸ ਦੀ ਉਮਰ ਦੇ ਬਹੁਤ ਲੰਮੇ ਸਮੇਂ ਤੱਕ ਨੌ-ਬਰ-ਨੌ ਕੇਸਾਂ ਦੀ ਦਾਤ ਬਖਸ਼ਦੀ ਰਹਿੰਦੀ ਹੈ । ਲਗਾਤਾਰ ਕਟਵਾਉਣ ਦੇ ਬਾਵਜੂਦ ਕੇਸਾਂ ਦੇ ਤੇਜ਼ੀ ਨਾਲ ਦੋਬਾਰਾ ਵਿਕਸਤ ਹੋਣ ਦੇ ਕਰਮ ਤੋਂ ਇਹ ਅਰਥ ਵੀ ਕੱਢਿਆ ਜਾ ਸਕਦਾ ਹੈ ਕਿ ਰੱਬ ਮਨੁੱਖ ਦੀ ਕੇਸ ਕੱਟਣ ਦੀ ਕਾਰਵਾਈ ਨੂੰ ਬਿਲਕੁਲ ਸਵੀਕਾਰ ਨਹੀਂ ਕਰਦਾ, ਪਰ ਇਸ ਦੇ ਬਾਵਜੂਦ ਵੀ ਉਹ ਉਸ ਨਾਲ ਕੇਸ ਕੱਟਣ ਕਾਰਨ ਹਾਲੇ ਨਾਰਾਜ਼ ਨਹੀਂ ਹੋਇਆ । ਇਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਕਿਸੇ ਵੀ ਧਰਮ ਵਿੱਚ ਹਾਲੇ ਵੀ ਜੋ ਨਵਾਂ ਬੱਚਾ ਜੰਮਦਾ ਹੈ ਉਹ ਸੋਹਣੇ ਕੇਸਾਂ ਨਾਲ ਸੁਸਜਤ ਹੁੰਦਾ ਹੈ ਜੋ ਰੱਬ ਉਸ ਨੂੰ ਤੋਹਫੇ ਵਜੋਂ ਦੇ ਕੇ ਇਸ ਸੰਸਾਰ ਵਿੱਚ ਭੇਜਦਾ ਹੈ ਪਰ ਇਹ ਗੱਲ ਵੱਖਰੀ ਹੈ ਕਿ ਸਿੱਖ ਤੋਂ ਬਿਨਾਂ ਬਾਕੀ ਸੰਸਾਰ ਦੇ ਲੱਗਭਗ ਸਾਰੇ ਪੁਰਖ ਵਿਅਕਤੀ ਰੱਬ ਦੀ ਨਾ ਤਾਂ ਰਮਜ ਹੀ ਪਛਾਣਦੇ ਹਨ ਤੇ ਨਾ ਹੀ ਉਸ ਦੇ ਅਣਮੋਲ ਤੋਹਫੇ ਦਾ ਸਨਮਾਨ ਕਰਨ ਦੇ ਮੂਡ ਵਿੱਚ ਹੀ ਹਨ।
ਉਂਜ ਮਨੁੱਖ ਆਪਣੇ ਆਪ ਨੂੰ ਬਹੁਤ ਸ੍ਰਿਸ਼ਟਾਚਾਰ ਵਾਲਾ ਕਹਿੰਦਾ ਹੈ । ਹਾਂ, ਸਿੱਖ ਧਰਮ ਦਾ ਪੈਰੋਕਾਰ ਇਹ ਜ਼ਰੂਰ ਸਮਝਦਾ ਹੈ ਕਿ ਵਾਹਿਗੁਰੂ ਨੇ ਸੁੱਚੇ ਰੋਮਾਂ ਨਾਲ ਉਸ ਦੇ ਸਰੀਰ ਨੂੰ ਪੋਸ਼ਾਕ ਰੂਪ ਵਿੱਚ ਸਜਾ ਕੇ ਇਸ ਸੰਸਾਰ ਵਿੱਚ ਭੇਜਿਆ ਹੈ ਅਤੇ ਮਰਨ ਵੇਲੇ ਵੀ ਕੇਸਾਂ ਦੇ ਰੂਪ ਵਿੱਚ ਇਹ ਰੇਸ਼ਮੀ ਚੰਦੋਆ ਉਸ ਉੱਪਰ ਹੁੰਦਾ ਹੈ । ਇਸ ਤਰ੍ਹਾਂ ਗੁਰੂ ਦਾ ਸਿੱਖ ਨਾ ਨੰਗਾ ਆਉਂਦਾ ਹੈ, ਨਾ ਨੰਗਾ ਜਾਂਦਾ ਹੈ ਤੇ ਇਨ੍ਹਾਂ ਰੋਮਾਂ ਦੀ ਬਦੌਲਤ ਹਰ ਸਮੇਂ ਬੇਪਰਤੀਤੀ ਤੋਂ ਬਚਿਆ ਰਹਿੰਦਾ ਹੈ ।

ਸਰੂਪ ਸਿੰਘ ਅਲੱਗ