views 3 secs 0 comments

ਕੇਸਾਂ ਦੀ ਮਹਾਨਤਾ

ਲੇਖ
January 16, 2026

ਭੰਗਾਣੀ ਦੇ ਯੁੱਧ ਦੀ ਵਾਰਤਾ ਸਾਨੂੰ ਯਾਦ ਹੋਣੀ ਚਾਹੀਦੀ ਹੈ ਕਿ ਉਸ ਸਮੇਂ ਸਢੌਰੇ ਦੇ ਪੀਰ ਬੁੱਧੂ ਸ਼ਾਹ, ਜਿਨ੍ਹਾਂ ਨੇ ਇਸ ਯੁੱਧ ਵਿਚ ਆਪਣੇ ਦੋ ਜਵਾਨ ਪੁੱਤਰ ਅਤੇ ਕਈ ਸੌ ਮੁਰੀਦ (ਚੇਲੇ) ਗੁਰੂ ਸਾਹਿਬ ਜੀ ਵੱਲੋਂ ਦੁਸ਼ਮਨ (ਜਿਨ੍ਹਾਂ ਵਿੱਚ ਮੁਸਲਮਾਨ ਵੀ ਸ਼ਾਮਲ ਸਨ) ਨਾਲ ਲੜਦਿਆਂ ਸ਼ਹੀਦ ਕਰਵਾ ਦਿੱਤੇ ਸਨ।
ਯੁੱਧ ਦੇ ਜਿੱਤਣ ਮਗਰੋਂ ਪੀਰ ਜੀ, ਗੁਰੂ ਜੀ ਤੋਂ ਵਿਦਾ ਹੋਣ ਦੀ ਆਗਿਆ ਮੰਗਦੇ ਹਨ ਤਾਂ ਗੁਰੂ ਜੀ ਉਨ੍ਹਾਂ ਦੀ ਮਹਾਨ ਕੁਰਬਾਨੀ ਤੋਂ ਪ੍ਰਸੰਨ ਹੋਏ ਕੁੱਝ ਮੰਗ ਮੰਗਣ ਲਈ ਕਹਿੰਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਆਪਣੇ ਕੇਸਾਂ ਨੂੰ ਕੰਘਾ ਕਰ ਕੇ ਦਸਤਾਰ ਸਜਾਉਣ ਲੱਗੇ ਸਨ। ਪੀਰ ਜੀ ਨੇ ਉਸ ਵੇਲੇ ਗੁਰੂ ਸਾਹਿਬ ਦੇ ਕੰਘੇ ਨਾਲ ਅੜੇ ਹੋਏ ਪਵਿੱਤਰ ਕੇਸਾਂ ਨੂੰ ਕੰਘੇ ਸਮੇਤ ਲੈਣ ਦੀ ਮੰਗ ਕੀਤੀ ਜੋ ਮਹਾਰਾਜ ਨੇ ਪਰਵਾਨ ਕਰ ਕੇ ਪੀਰ ਜੀ ਦੀ ਇੱਛਾ ਪੂਰੀ ਕੀਤੀ।
ਇਸ ਤਰ੍ਹਾਂ ਪੀਰ ਜੀ ਨੇ ਰਹਿੰਦੀ ਉਮਰ ਤੱਕ ਉਨ੍ਹਾਂ ਪਵਿੱਤਰ ਕੇਸਾਂ ਵਾਲੇ ਕੰਘੇ ਨੂੰ ਸੁਨਹਿਰੀ ਡੱਬੀ ਵਿੱਚ ਸੰਭਾਲ ਕੇ ਰੱਖਿਆ ਤੇ ਰੋਜ਼ ਸਵੇਰੇ ਇਸ਼ਨਾਨ ਕਰ ਕੇ, ਭਜਨ ਪਾਠ ਸਮੇਂ ਉਨ੍ਹਾਂ ਕੇਸਾਂ ਤੇ ਕੰਘੇ ਵਿੱਚੋਂ ਸਾਹਿਬਾਂ ਦੇ ਦਰਸ਼ਨ ਕਰਦੇ। (ਇਹ ਪਵਿੱਤਰ ਕੇਸ ਤੇ ਕੰਘਾ ਮਹਾਰਾਜਾ ਨਾਭਾ ਦੇ ਤੋਸ਼ੇ ਖਾਨੇ ਵਿੱਚ ਸਾਂਭੇ ਪਏ ਸੁਣੀਂਦੇ ਹਨ।) ਪੀਰ ਜੀ ਦੇ ਪਿਆਰੇ ਪੁੱਤਰ ਤੇ ਮੁਰੀਦ ਸ਼ਹੀਦ ਕਰਵਾ ਕੇ ਗੁਰੂ ਜੀ ਦੇ ਪਵਿੱਤਰ ਕੇਸਾਂ ਦੀ ਕਦਰੋ-ਕੀਮਤ ਦਾ ਨਮੂਨਾ ਇੱਕ ਪਾਸੇ ਹੈ।
ਦੂਜੇ ਪਾਸੇ ਸਾਨੂੰ ਵੀ ਸੋਚਣਾ ਬਣਦਾ ਹੈ ਕਿ ਅਸੀਂ ਕੇਸਧਾਰੀਆਂ ਦੀ ਕੌਮ, ਗੁਰੂ ਕੇ ਸਿੱਖ ਅਖਵਾਉਣ ਵਾਲੇ ਅੱਜ ਕਿਥੇ ਖੜੇ ਹਾਂ?
ਪੈਗੰਬਰ-ਭਗਤੀ ਦਾ ਇਹ ਸ਼ਾਨਦਾਰ ਨਮੂਨਾ, ਪੁੱਤਰਾਂ, ਪਰਿਵਾਰ ਤੇ ਬੇਅੰਤ ਸੇਵਕਾਂ ਦੀ ਕੁਰਬਾਨੀ ਦੇ ਕੇ ਪਿਆਰੇ ਗੁਰੂ ਦੇ ਪਾਵਨ ਕੁਝ ਕੇਸਾਂ ਤੇ ਕੰਘੇ ਨੂੰ ਨਿਆਮਤ ਅਤੇ ਕੀਮਤੀ ਸਮਝਣਾ ਇੱਕ ਪਾਸੇ ਤੇ ਦੂਜੇ ਪਾਸੇ ਅਸੀਂ ਐਸੇ ਅਕ੍ਰਿਤਘਣ ਬਣਦੇ ਜਾ ਰਹੇ ਹਾਂ ਕਿ ਜਿਸ ਗੁਰੂ ਪਾਤਿਸ਼ਾਹ ਨੇ ਆਪਣਾ ਸਾਰਾ ਸਰਬੰਸ, ਮਾਤਾ-ਪਿਤਾ ਸ਼ਹੀਦ ਕਰਵਾ ਕੇ ਸਾਨੂੰ ਆਪਣਾ ਪੁੱਤਰ ਬਣਾਇਆ ਸੀ, ਸਾਨੂੰ ਆਪਣੇ ਵਰਗੀ ਸ਼ਕਲ ਸੂਰਤ ਦਿੱਤੀ, ਸਾਡੇ ਵਿੱਚ ਆਪਣੇ ਵਰਗੇ ਮਹਾਨ ਗੁਣ ਭਰੇ ਸਨ, ਅੱਜ ਅਸੀਂ ਮਹਾਰਾਜ ਦੀ ਬਖਸ਼ਿਸ਼, ਕੇਸਾਂ ਦੀ ਮਹਾਨਤਾ। ਆਪ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕੇ।
ਅਸੀਂ ਦੂਸਰਿਆਂ ਨੂੰ ਕੇਸਾਂ ਦੀ ਮਹਾਨਤਾ ਕੀ ਦਰਸਾਉਣੀ ਸੀ ਜਦ ਕਿ ਸਾਡੇ ਸੈਂਕੜੇ ਹਜ਼ਾਰਾਂ ਆਪਣੇ ਭੁੱਲੜ ਵੀਰ, ਸਿੱਖ ਅਖਵਾਉਣ ਵਾਲੇ ਹੀ ਖੁਲਮ-ਖੁਲਾ ਕੇਸਾਂ-ਦਾੜ੍ਹੀਆਂ ਦੀ ਬੇਅਦਬੀ ਕਰ ਰਹੇ ਹਨ। ਸ਼ਕਲ-ਸੂਰਤ ਵਿਗਾੜ ਰਹੇ ਹਨ।