views 2 secs 0 comments

ਕੇਸਾਂ ਨੂੰ ਪਿਆਰ ਕਰੀਏ!

ਲੇਖ
February 03, 2026

* ਕੇਸ ਅਸੀਂ ਆਪ ਨਹੀਂ ਬਣਾਏ। ਇਹ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਹ ਉਸ ਦੀ ਦਾਤਿ ਹੈ। ਜਿਸ ਤਰ੍ਹਾਂ ਕੰਨ, ਹੱਥ, ਪੈਰ ਜਾਂ ਮੂੰਹ ਆਦਿ ਹਨ। ਅਸੀਂ ਇਹਨਾਂ ਨੂੰ ਪਰਮਾਤਮਾ ਦੀ ਦਾਤਿ ਸਮਝ ਕੇ ਤੇ ਇਹਨਾਂ ਦੇ ਫਾਇਦੇ ਸਮਝ ਕੇ ਹੀ ਇਹਨਾਂ ਦੀ ਸੰਭਾਲ ਕਰੀਏ ਤੇ ਇਹਨਾਂ ਤੋਂ ਫ਼ਾਇਦਾ ਉਠਾਈਏ।

* ਪਰਮਾਤਮਾ ਨੇ ਜਿਥੇ ਲੋੜ ਹੈ ਉਥੇ ਹੀ ਵਾਲ ਦਿੱਤੇ ਹਨ। ਜਿਵੇਂ ਅੱਖਾਂ, ਨੱਕ, ਕੰਨ, ਮੂੰਹ ਆਦਿ। ਜਿਸ ਤਰ੍ਹਾਂ ਔਰਤ ਦੇ ਮੂੰਹ ‘ਤੇ ਵਾਲ ਨਹੀਂ ਦਿੱਤੇ, ਪਰ ਸਿਰ ‘ਤੇ ਜ਼ਿਆਦਾ ਦਿੱਤੇ ਹਨ ਤਾਂਕਿ ਕਮੀ ਪੂਰੀ ਹੋ ਸਕੇ।

* ਵਾਲਾਂ ਵਿਚ ਆਕਸੀਜਨ, ਕਾਰਬਨ , ਸਲਫਰ , ਹਾਈਡਰੋਜਨ , ਨਾਈਟਰੇਟ ਹੁੰਦੀ ਹੈ ਜੋ ਸਾਨੂੰ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਵਾਲ ਕੱਟ ਦਿੰਦੇ ਹਾਂ ਤਾਂ ਇਸ ਤੋਂ ਵਾਂਝੇ ਰਹਿ ਜਾਂਦੇ ਹਾਂ ਜੋ ਬਿਲਕੁਲ ਮੁਫ਼ਤ ਵਿਚ ਮਿਲਦੇ ਹਨ।

* ਵਾਲਾਂ ਨੂੰ ਕੱਟਣ ਵੇਲੇ ਅਸੀਂ ਕੁਦਰਤ ਦਾ ਮੁਕਾਬਲਾ ਕਰਦੇ ਹਾਂ। ਕੀ ਅਸੀਂ ਕੁਦਰਤ ਦਾ ਮੁਕਾਬਲਾ ਕਰਕੇ ਉਸ ‘ਤੇ ਕਾਬੂ ਪਾ ਸਕਦੇ ਹਾਂ ? ਨਹੀਂ ਕਦੇ ਨਹੀਂ।

* ਇਸੇ ਲਈ ਹੀ ਦੁਨੀਆਂ ਦੇ ਸਾਰੇ ਪੈਗ਼ੰਬਰਾਂ ਤੇ ਸਿਆਣੇ ਆਦਮੀਆਂ ਨੇ ਵਾਲ ਨਹੀਂ ਕਟਵਾਏ। ਸਿੱਖ ਗੁਰੂ ਸਾਹਿਬਾਨ ਨੇ ਤਾਂ ਆਪਣੇ ਸਿੱਖਾਂ ਨੂੰ ਵੀ ਵਾਲ ਨਾ ਕੱਟਣ ਦਾ ਹੁਕਮ ਦੇ ਕੇ ਦੁਨੀਆਂ ਦੀ ਸਰਦਾਰੀ ਬਖ਼ਸ਼ੀ ਹੋਈ ਹੈ। ਇਕ ਸਰਦਾਰ ਬੱਚਾ ਜਿਸ ਨੇ ਮਾਂ ਬਾਪ ਦੇ ਮਨ੍ਹਾਂ ਕਰਨ ਦੇ ਬਾਵਜੂਦ ਵਾਲ ਕਟਾ ਦਿੱਤੇ ਸਨ ਤੇ ਜਦੋਂ ਕਿਸੇ ਨੇ ਉਸ ਨੂੰ ਕਿਹਾ ਕਿ ਬਾਬੂ ਜੀ ਰਸਤਾ ਦਿਉ, ਮੁੰਡਾ ਕਹਿੰਦਾ ਮੈਂ ਕੋਈ ਬਾਬੂ ਹਾਂ ? ਉਹ ਕਹਿੰਦਾ, ਹੋਰ ਤੂੰ ਸਰਦਾਰ ਹੈ ? ਮੁੰਡੇ ਨੇ ਇਹ ਸੁਣ ਕੇ ਉਸੇ ਵੇਲੇ ਵਾਲ ਰੱਖਣ ਦਾ ਮਨ ਬਣਾ ਲਿਆ।

* ਬਾਈਬਲ ਮੁਤਾਬਿਕ ਸੈਮਸਨ ਇਕ ਬੜਾ ਬਲਵਾਨ ਯੋਧਾ ਸੀ ਜਿਸ ਨੇ ਇਕ ਗਧੇ ਦੀ ਲੱਤ ਨਾਲ ਹੀ ਯੁੱਧ ਵਿਚ ੧੦੦੦ ਆਦਮੀ ਮਾਰ ਦਿੱਤੇ ਸੀ। ਜਦੋਂ ਉਸ ਦੇ ਦੁਸ਼ਮਣਾਂ ਨੂੰ ਪਤਾ ਲੱਗਾ ਕਿ ਇਸ ਦੀ ਇਤਨੀ ਤਾਕਤ ਦਾ ਭੇਦ ਇਸ ਦਾ ਵਾਲ ਨਾ ਕਟਾਉਣਾ ਹੈ ਤਾਂ ਉਹਨਾਂ ਨੇ ਸੁੱਤੇ ਪਏ ਦੇ ਵਾਲ ਕਟਵਾ ਦਿੱਤੇ ਤੇ ਫਿਰ ਲੜਾਈ ਵਿਚ ਉਸ ‘ਤੇ ਕਾਬੂ ਪਾ ਕੇ ਕੈਦ ਕਰ ਲਿਆ।

* ਸਾਇੰਸਦਾਨ ਰੈਨੋਲਡ ਦੇ ਸਰਵੇ ਮੁਤਾਬਿਕ, ਜਿਨ੍ਹਾਂ ਬੱਚਿਆਂ ਦੇ ਵਾਲ ਲੰਬੇ ਸਨ ਉਹਨਾਂ ਨੂੰ ਬੀਮਾਰੀ ੫.੨੧% ਤੇ ਜਿਹਨਾਂ ਦੇ ਵਾਲ ਕੱਟੇ ਹੋਏ ਸਨ ਉਹਨਾਂ ਨੂੰ ੧੨.੮% ਸੀ। ਲੰਬੇ ਵਾਲਾਂ ਵਾਲੇ ਬੱਚਿਆਂ ਦੀ ਉਮਰ ਵੀ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ੨੫੦੦ ਆਦਮੀਆਂ ਵਿਚੋਂ ਲੰਬੇ ਵਾਲਾਂ ਵਾਲਿਆਂ ਨੂੰ ੧% ਤੇ ਕਟੇ ਹੋਏ ਵਾਲਾਂ ਨੂੰ ੨ % ਤਪਦਿਕ ਦੀ ਬੀਮਾਰੀ ਸੀ।

* ਜਦੋਂ ਜਾਰਜ ਬਰਨਾਰਡ ਸ਼ਾਅ ਜਿਹੜਾ ਕਿ ਇਕ ਬੜਾ ਵੱਡਾ ਫ਼ਿਲਾਸਫ਼ਰ ਸੀ, ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਤੁਸੀਂ ਵਾਲ ਕਿਉਂ ਕੱਟਦੇ ਹੋ ? ਤਾਂ ਉਸ ਦਾ ਪਿਤਾ ਕੋਈ ਜਵਾਬ ਨਹੀਂ ਦੇ ਸਕਿਆ, ਪਰ ਅੱਗੇ ਤੋਂ ਵਾਲ ਕੱਟਣੇ ਬੰਦ ਕਰ ਦਿੱਤੇ।

* ਗਰੀਸ ਮੁਲਕ ਵਿਚ ਲੰਬੇ ਵਾਲਾਂ ਵਾਲੇ ਆਦਮੀ ਨੂੰ ਇੱਜ਼ਤ ਤੇ ਮਾਣ ਨਾਲ ਦੇਖਿਆ ਜਾਂਦਾ ਹੈ।

* ਵੈਸੇ ਵੀ ਵਾਲਾਂ ਤੇ ਪਗੜੀ ਨਾਲ ਖੂਬਸੂਰਤੀ ਤੇ ਮਾਣ – ਵਧਦਾ ਹੈ। ਕਾਲੀਆਂ ਅਫ਼ਰੀਕਨ ਔਰਤਾਂ ਨੂੰ ਲੰਬੇ ਵਾਲਾਂ ਦੀ ਕੀਮਤ ਪੁੱਛੇ ਜੋ ਫਰਜ਼ੀ ਵਾਲ ਲਾ ਕੇ ਲੰਬੇ ਵਾਲ ਬਣਾਉਂਦੀਆਂ ਹਨ।

ਸੋਹਣ ਸਿੰਘ ਸਿੰਧਵਾਂ ਕਲਾਂ