views 12 secs 0 comments

ਕੇਸ ਵਿਸ਼ੇਸ਼ ਸਭਨ ਤੇ ਜਾਨੋ

ਲੇਖ
February 07, 2026

ਕੇਸ ਪ੍ਰਸੰਗ
…………..

ਕਹਿੰਦੇ ਹਨ ਕਿ ਅਕਾਲ ਪੁਰਖ ਨੇ ਮਨੁੱਖ ਦੀ ਸਿਰਜਣਾ ਬੜੀ ਰੀਝ ਨਾਲ ਕੀਤੀ ਹੈ। ਜਿਸ ਮਿੱਟੀ ਨਾਲ ਇਸ ਨੂੰ ਘੜਿਆ ਹੈ ਉਹ 200 ਸਾਲ ਗੁੰਨ੍ਹ ਕੇ ਰੱਖੀ ਗਈ ਤੇ ਫਿਰ 280 ਸਾਲ ਹੋਰ ਮਨੁੱਖ ਦੀ ਘਾੜਤ ‘ਤੇ ਸਰਫ ਕੀਤੇ ਗਏ ਤਾਂ ਜੋ ਅਜਿਹਾ ਮਨੁੱਖ ਸਿਰਜਿਆ ਜਾਵੇ ਜਿਹੜਾ ਹਰ ਲਿਹਾਜ਼ ਨਾਲ ਬੇਹੱਦ ਪਿਆਰਾ ਲੱਗੇ ! ਸਾਰਾ ਕੁਝ ਬਹੁਤ ਚਾਅ ਤੇ ਸੁਚੇਤ ਤਰੱਦਦਾਂ ਨਾਲ ਹੋਇਆ। ਯਹੂਦੀ ਤੇ ਈਸਾਈ ਧਰਮਾਂ ਦੀਆਂ ਲਿਖਤਾਂ ਵਿੱਚ ਹਵਾਲੇ ਵੀ ਮਿਲਦੇ ਹਨ ਕਿ ਅਕਾਲ ਪੁਰਖ ਨੇ ਮਨੁੱਖ ਨੂੰ ਆਪਣੀ ਸ਼ਕਲ-ਸੂਰਤ ‘ਤੇ ਹੀ ਘੜਿਆ ਅਤੇ ਸਿਰਜਿਆ ਹੈ ਅਤੇ ਇਸ ਵਿੱਚ ਆਪਣੀ ਆਤਮਾ ਦਾ ਵਾਸ ਕੀਤਾ ਹੈ । ਇਸ ਸਭ ਕੁਝ ਦੇ ਆਧਾਰ ‘ਤੇ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਨੇ ਮਨੁੱਖ ਦੇ ਸਰੀਰ ‘ਤੇ ਕੇਸਾਂ ਸਮੇਤ ਕੋਈ ਵੀ ਚੀਜ਼ ਅਜਿਹੀ ਨਹੀਂ ਲਗਾਈ ਜਿਹੜੀ ਫ਼ਜ਼ੂਲ ਹੋਵੇ। ਇਸ ਲਈ ਕੇਸ ਕਟਵਾਉਣਾ ਵਾਹਿਗੁਰੂ ਵੱਲੋਂ ਮਨੁੱਖ ਨੂੰ ਦਿੱਤੀ ਗਈ ਇਕ ਵਡਮੁੱਲੀ ਦਾਤ ਨੂੰ ਅਪ੍ਰਵਾਨ ਕਰਨ ਦੇ ਨਾਲ-ਨਾਲ ਉਸ ਵੱਲੋਂ ਸਿਰਜੀ ਮਨੁੱਖੀ ਤਸਵੀਰ ਨੂੰ ਬਦਸ਼ਕਲ ਕਰਨ ਦੇ ਤੁੱਲ ਵੀ ਹੋ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਦੇ ਅਰਥ ਇਹ ਵੀ ਨਿਕਲ ਸਕਦੇ ਹਨ ਕਿ ਕੇਸ ਕਟਵਾ ਕੇ ਮਨੁੱਖ ਅਕਾਲ ਪੁਰਖ ਵੱਲੋਂ ਸਾਜੇ ਮਨੁੱਖੀ ਸਰੂਪ ਅਤੇ ਉਸ ਵੱਲੋਂ ਕੀਤੇ ਕੰਮਾਂ ਵਿੱਚ ਗਲਤੀਆਂ ਕੱਢ ਕੇ ਤੇ ਸੋਧਾਂ ਕਰਕੇ ਅਕਾਲ ਪੁਰਖ ਨਾਲੋਂ ਆਪਣੀ ਅਕਲ ਦੀ ਬਿਹਤਰ ਸ਼ਕਤੀ ਤੇ ਕਾਬਲੀਅਤ ਦਾ ਪਰਦਰਸ਼ਨ ਕਰਨ ਵਿੱਚ ਪ੍ਰਸੰਨਤਾ ਅਨੁਭਵ ਕਰ ਰਿਹਾ ਹੈ, ਜਾਂ ਇਵੇਂ ਕਹਿ ਲਵੋ ਕਿ ਮਨੁੱਖ ਰੱਬ ਨਾਲ ਸ਼ਿਡੇ ਲੈਣ ਜੋਗਾ ਹੋ ਗਿਆ ਹੈ ਤੇ ਆਪਣੇ ਆਪ ਨੂੰ ਉਸ ਤੋਂ ਵਧੇਰੇ ਸਿਆਣਾ ਸਮਝਦਿਆਂ ਹੋਇਆਂ ਉਸ ਦੇ ਕੀਤੇ ਕੰਮਾਂ ਵਿੱਚ ਗਲਤੀਆਂ ਕੱਢਣ ਦੇ ਸਮਰੱਥ ਸਮਝਣ ਲੱਗ ਪਿਆ ਹੈ। ਕਮਾਲ ਹੈ, ਕਿਰਤ ਆਪਣੇ ਕਰਤਾ ‘ਤੇ ਹਾਵੀ ਹੋ ਰਹੀ ਹੈ ਤੇ ਇਵੇਂ ਨਾ-ਸ਼ੁਕਰੇਪੁਣੇ ਦਾ ਬੋਲਬਾਲਾ ਹੋ ਰਿਹਾ ਹੈ । ਪਰ ਸੰਤੋਖ ਵਾਲੀ ਗੱਲ ਇਹ ਜ਼ਰੂਰ ਹੈ ਕਿ ਬਾਬਾ ਆਦਮ ਦੀ ਸੰਤਾਨ, ਮਨੁੱਖ ਵੱਲੋਂ ਇਹ ਗੁਸਤਾਖੀ ਮੁੱਢ-ਕਦੀਮਾਂ ਤੋਂ ਨਹੀਂ ਹੋ ਰਹੀ, ਸਗੋਂ ਪਿਛਲੀਆਂ ਕੁਝ ਸਦੀਆਂ ਤੋਂ ਹੀ ਅਜਿਹਾ ਹੋ ਰਿਹਾ ਹੈ।

ਇਤਿਹਾਸ ਦੇ ਪੰਨਿਆਂ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਸੰਸਾਰ ਭਰ ਵਿੱਚ ਪੁਰਾਣੇ ਸਮਿਆਂ ਤੋਂ ਹਰ ਕਿਸਮ ਦੇ ਲੋਕੀਂ ਕੇਸਾਂ ਦਾ ਪੂਰਾ-ਪੂਰਾ ਸਤਿਕਾਰ ਕਰਦੇ ਅਤੇ ਇਨ੍ਹਾਂ ਨੂੰ ਕਟਵਾਉਣਾ ਸ਼ਰਮਨਾਕ ਤੇ ਬੇਇਜ਼ਤੀ ਵਾਲੀ ਹਰਕਤ ਸਮਝਦੇ ਸਨ ।
ਇਤਿਹਾਸ ਇਸ ਗੱਲ ਦੀ ਵੀ ਸਾਖੀ ਭਰਦਾ ਹੈ ਕਿ ਵਿਸ਼ਵ ਭਰ ਦੇ ਸਾਰੇ ਰਿਸ਼ੀਆਂ ਮੁਨੀਆਂ ਅਤੇ ਪੀਰਾਂ-ਪੈਗੰਬਰਾਂ ਨੇ ਵੀ ਹਰ ਕਾਲ ਵਿੱਚ ਕੇਸ ਰੱਖੇ । ਕਹਿੰਦੇ ਹਨ ਕਿ ਮਨੁ ਨੇ ਪਹਿਲੀ ਵਾਰ ਬ੍ਰਾਹਮਣਾਂ ਉੱਤੇ ਇਹ ਸ਼ਰਤ ਲਗਾਈ ਸੀ ਕਿ ਜੇਕਰ ਉਹ ਕੋਈ ਕੁਕਰਮ ਕਰਨ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀ ਥਾਂ ਉਹਨਾਂ ਦਾ ਸਿਰ ਮੁੰਨ ਦਿੱਤਾ ਜਾਵੇ, ਕਿਉਂਕਿ ਸਮਾਜਕ ਜੀਵਨ ਵਿੱਚ ਕੇਸਾਂ ਦੇ ਬੇਹੱਦ ਸਤਿਕਾਰ ਨੂੰ ਦੇਖਦਿਆਂ ਹੋਇਆ ਇਹ ਉਹਨਾਂ ਲਈ ਮੌਤ ਨਾਲੋਂ ਵੀ ਵੱਧ ਤੇ ਬਦਤਰ ਸਜ਼ਾ ਗਿਣੀ ਜਾਂਦੀ ਸੀ ਅਤੇ ਅਜਿਹੀ ਹਾਲਤ ਵਿੱਚ ਜੀਉਂਦੇ ਹੋਏ ਮਨੁੱਖ, ਜ਼ਿੱਲਤ ਤੇ ਸ਼ਰਮਸਾਰੀ ਦੀ ਜ਼ਿੰਦਗੀ ਜੀਉਂਦੇ ਤੇ ਬੇਸ਼ਰਮੀ ਦੀ ਮੌਤ ਮਰਦੇ ਸਨ । ਮਨੁ ਦੇ ਇਹ ਪਰਵਚਨ ਵੀ ਮੌਜੂਦ ਹਨ ਕਿ ਜੇ ਦੋ ਮਨੁੱਖ ਆਪਸ ਵਿੱਚ ਹਥੋਪਾਈ ਹੋ ਜਾਣ ਤਾਂ ਉਹਨਾਂ ਨੂੰ ਇਕ-ਦੂਜੇ ਦੇ ਕੇਸਾਂ ਨੂੰ ਹੱਥ ਪਾ ਕੇ ਕੇਸਾਂ ਦੀ ਬੇਅਦਬੀ ਕਰਨ ਦੀ ਕਦਾਚਿਤ ਆਗਿਆ ਨਹੀਂ । ਅਜਿਹਾ ਕਸੂਰ ਕਰਨ ਵਾਲਾ ਸਜ਼ਾ ਦਾ ਭਾਗੀ ਬਣਦਾ ਸੀ । ਇਥੋਂ ਤੱਕ ਕਿ ਦੁਸ਼ਮਨ ਦੇ ਕੇਸਾਂ ਦਾ ਸਤਿਕਾਰ ਕਰਨ ਦੀ ਵੀ ਸਖ਼ਤ ਹਦਾਇਤ ਮੌਜੂਦ ਹੈ। ਉਸ ਸਮੇਂ ਬਾਰੇ ਇਹ ਲਿਖਤ ਵੀ ਉਪਲਬਧ ਹੈ ਕਿ ਜੇਕਰ ਜੰਗ ਸਮੇਂ ਕਿਸੇ ਯੋਧੇ ਦੇ ਕੇਸ ਖੁੱਲ੍ਹ ਜਾਂਦੇ ਸਨ, ਤਾਂ ਉਸ ‘ਤੇ ਵਾਰ ਕਰਨਾ ਉਸ ਨੂੰ ਨਾਜਾਇਜ਼ ਕਤਲ ਕਰਨ ਦੇ ਸਮਾਨ ਕਸੂਰ ਮੰਨਿਆ ਜਾਂਦਾ ਸੀ। ਕੇਸਾਂ ਦੇ ਸਤਿਕਾਰ ਬਾਰੇ ਸਿਮਰਤੀਆਂ ਵਿੱਚ ਬੇਨਜ਼ੀਰ ਤਾਕੀਦਾਂ ਵਿੱਚੋਂ ਇਕ ਇਹ ਵੀ ਹੈ ਕਿ ਜੇਕਰ ਕੋਈ ਵਿਅਕਤੀ ਹੰਕਾਰ ਤੇ ਆਕੜ ਵਿੱਚ ਆ ਕੇ ਦੂਜੇ ਨੂੰ ਉਸ ਦੇ ਕੇਸਾਂ ਤੋਂ ਪਕੜਦਾ ਹੈ, ਤਾਂ ਬਿਨਾਂ ਕੁਝ ਹੋਰ ਸੋਚਣ ਸਮਝਣ ਦੇ ਕੇਸਾਂ ਤੋਂ ਪਕੜਨ ਵਾਲੇ ਦੇ ਹੱਥ ਤਲਵਾਰ ਮਾਰ ਕੇ ਕੱਟ ਦਿੱਤੇ ਜਾਣੇ ਜ਼ਰੂਰੀ ਹਨ । ਇਸ ਸਿਲਸਿਲੇ ਵਿੱਚ ਹੋਰ ਕੁਝ ਵੀ ਸੋਚਣ ਦੀ ਗੁੰਜਾਇਸ਼ ਨਹੀਂ । ਸੋਚਣ ਦੀ ਗੁੰਜਾਇਸ਼ ਹੋ ਸਕਦੀ ਸੀ ਜੇ ਉਹ ਹੰਕਾਰੀ ਵਿਅਕਤੀ ਦੂਜੇ ਵਿਅਕਤੀ ਨੂੰ ਕੇਸਾਂ ਦੀ ਥਾਂ ਸਰੀਰ ਦੇ ਕਿਸੇ ਹੋਰ ਹਿੱਸੇ ਤੋਂ ਫੜਦਾ ! ਉਕਤ ਪ੍ਰਮਾਣਾਂ ਤੋਂ ਕਿਤਨੇ ਸਪੱਸ਼ਟ ਅਰਥ ਨਿਕਲਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਹਰ ਕੋਈ ਕੇਸਾਂ ਦੇ ਸਤਿਕਾਰ ਵੱਲ ਵਿਸ਼ੇਸ਼ ਸੁਚੇਤ ਸੀ, ਸਗੋਂ ਕਾਨੂੰਨੀ ਤੌਰ ‘ਤੇ ਪਾਬੰਦ ਸੀ ਅਤੇ ਇਨ੍ਹਾਂ ਦੀ ਕਿਸੇ ਪ੍ਰਕਾਰ ਦੀ ਬੇਅਦਬੀ ਕਰਨ ਤੋਂ ਪਹਿਲਾਂ ਸੌ ਵਾਰੀ ਇਸ ਬੇਅਦਬੀ ਦਾ ਪ੍ਰਮਾਣ ਸਾਹਮਣੇ ਰੱਖਦਾ ਸੀ । ਇਹ ਜ਼ਮਾਨਾ ਕੇਸਾਂ ਦੇ ਸਤਿਕਾਰ ਦਾ ਸੁਨਹਿਰੀ ਜ਼ਮਾਨਾ ਕਿਹਾ ਜਾ ਸਕਦਾ ਹੈ ਜਿਸ ‘ਤੇ ਕੇਸ-ਪ੍ਰੇਮੀ ਅੱਜ ਵੀ ਮਾਣ ਕਰਦੇ ਹਨ।

ਪੁਰਾਣੇ ਸੰਸਾਰ ਦੇ ਲੱਗਭਗ ਸਾਰੇ ਦੇਸਾਂ ਵਿੱਚ ਲੰਬੇ ਕੇਸ ਰੱਖਣ ਦਾ ਰਿਵਾਜ ਸੀ।

ਇਨ੍ਹਾਂ ਵਿੱਚ ਯੂਨਾਨ ਦੇਸ਼ ਵੀ ਸ਼ਾਮਿਲ ਹੈ ਜਿਹੜਾ ਆਪਣੇ ਆਪ ਨੂੰ ਪੱਛਮੀ ਸੰਸਾਰ ਦਾ ਪ੍ਰਥਮ ਤਹਿਜ਼ੀਬ-ਯਾਫ਼ਤਾ ਦੇਸ਼ ਅਖਵਾਉਂਦਾ ਹੈ ਅਤੇ ਉਥੇ ਲੰਬੇ ਕੇਸ ਰੱਖਣ ਵਾਲਿਆਂ ਨੂੰ ਜੇਤੂ ਤੇ ਛੋਟੇ ਪਟੇ ਰੱਖਣ ਵਾਲਿਆਂ ਨੂੰ ਹਾਰਿਆ ਹੋਇਆ ਸਮਝਿਆ ਜਾਂਦਾ ਸੀ।
ਇਤਿਹਾਸ ਦੇ ਝਰੋਖੇ ਤੋਂ ਨਜ਼ਰ ਮਾਰਦਿਆਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ
ਮੁਸਲਮਾਨ ਹਾਜੀ ਹੱਜ ਦਾ ਸਵਾਬ ਲੈਣ ਲਈ ਦਾਹੜੀ ਦਾ ਸਤਿਕਾਰ ਕਰਦੇ ਆ ਰਹੇ ਹਨ। ਔਰੰਗਜ਼ੇਬ ਇਕ ਕੱਟੜ ਸੁੰਨੀ ਮੁਸਲਮਾਨ ਸੀ ਤੇ ਹਾਜੀਆਂ ਪ੍ਰਤੀ ਉਹ ਬਹੁਤ ਸਤਿਕਾਰ ਦੀ ਭਾਵਨਾ ਰੱਖਦਾ ਸੀ । ਇਕ ਵਾਰੀ ਉਸ ਨੇ ਇਕ ਲੰਬੀ ਦਾਹੜੀ ਵਾਲੇ ਨੂੰ ਹਾਜੀ ਸਮਝ ਕੇ ਬੜੇ ਪਿਆਰ ਨਾਲ ਬੁਲਾਇਆ ਪਰ ਜਦ ਉਸ ਨੂੰ ਪਤਾ ਲੱਗਾ ਕਿ ਉਹ ਹਾਜੀ ਨਹੀਂ, ਹਿੰਦੂ ਹੈ ਤਾਂ ਉਸ ਨੇ ਇਸ ਗੱਲ ਦੀ ਬੰਦਸ਼ ਲਗਾ ਦਿੱਤੀ ਕਿ ਉਸ ਦੇ ਰਾਜ ਵਿੱਚ ਕੋਈ ਵੀ ਹਿੰਦੂ ਨਾ ਤਾਂ ਦਾਹੜੀ ਰੱਖ ਸਕਦਾ ਹੈ ਤੇ ਨਾ ਹੀ ਪੱਗ ਬੰਨ੍ਹ ਸਕਦਾ ਹੈ । ਇਸ ਤੋਂ ਇਲਾਵਾ ਬਹਾਦਰ ਸ਼ਾਹ ਨੇ ਜਦ ਸਿੱਖ ਕੌਮ ਦੇ ਸਰਵਨਾਸ਼ ਕਰਨ ਦੇ ਮਨਸੂਬੇ ਬਣਾਏ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਤਦ ਹਿੰਦੂਆਂ ਤੇ ਹੋਰ ਗੈਰ-ਸਿੱਖਾਂ ਨੂੰ ਇਹ ਵਿਸ਼ੇਸ਼ ਹੁਕਮ ਦਿੱਤਾ ਗਿਆ ਕਿ ਉਹ ਆਪਣੀ ਦਾਹੜੀ ਤੇ ਕੇਸ ਕਤਲ ਕਰਵਾ ਦੇਣ ਤਾਂ ਜੋ ਕਿਸੇ ਸਿੱਖ ਦੇ ਭੁਲੇਖੇ ਵਿੱਚ ਉਹਨਾਂ ਦੀ ਜਾਨ ਅਜਾਈਂ ਨਾ ਚਲੀ ਜਾਵੇ । ਮੁਗਲੀਆ ਰਾਜ ਦੇ ਅਜਿਹੇ ਤੰਗ-ਦਿਲੀ ਵਾਲੇ ਆਦੇਸ਼ਾਂ ਨਾਲ ਭਾਰਤ ਵਿੱਚ ਵਾਲ ਕੱਟਣ ਦਾ ਕਰਮ ਤੇਜ਼ੀ ਨਾਲ ਵਧਿਆ ਜਿਹੜਾ ਅੱਜ ਫੈਸ਼ਨਪੁਸਤੀ ਦਾ ਇਕ ਚਿੰਨ੍ਹ ਬਣ ਗਿਆ ਹੈ ਪਰ ਭਾਰਤ ਦੇ 1000 ਸਾਲ ਪੁਰਾਣੇ ਜੀਵਨ ਦੀ ਝਲਕ ਬਦੇਸ਼ੀ?

ਲੇਖਕ ਐਲਬਰੂਨੀ ਨੇ ਆਪਣੀ ਪੁਸਤਕ “ਪਤਰਿਕਾ ਅਲਹਿੰਦ” ਵਿੱਚ ਦੇਂਦਿਆਂ

ਲਿਖਿਆ ਹੈ ਕਿ-

ਭਾਰਤ ਵਾਸੀ ਸਿਰ ਦੇ ਕੇਸ ਪੂਰੀ ਮਾਤਰਾ ਵਿੱਚ ਰੱਖਦੇ ਸਨ ਤੇ ਵਾਲਾਂ ਦਾ ਜੂੜਾ ਬਣਾ ਕੇ ਗਰਦਨ ਪਿੱਛੇ ਇਹਨਾਂ ਨੂੰ ਸੰਭਾਲਦੇ ਸਨ, ਦਾਹੜੀ ਦੇ ਰੋਮਾਂ ਨੂੰ ਵੀ ਕੰਘਾ ਕਰਕੇ ਗੁੰਦ ਲੈਂਦੇ ਸਨ, ਤਾਂ ਜੋ ਇਹਨਾਂ ਦੀ ਦੇਖ-ਭਾਲ ਠੀਕ ਤਰੀਕੇ ਨਾਲ ਹੋ ਸਕੇ। ਕੋਸ ਉਹਨਾਂ ਦੇ ਜੀਵਨ ਦਾ ਅਤੀ ਮਹਤੱਵਪੂਰਨ ਅੰਗ ਹੁੰਦੇ ਸਨ, ਜਿਨ੍ਹਾਂ ‘ਤੇ ਉਹ ਭਾਰੀ ਮਾਣ ਕਰਦੇ ਸਨ ।

ਉਧਰ ਯੂਰਪ ਵਿੱਚ ਪੰਦਰ੍ਹਵੀਂ ਸਦੀ ਦੇ ਫ਼ਰਾਂਸੀਸੀ ਲੋਕਾਂ ਦੇ ਜੀਵਨ ਤੋਂ ਇਹ ਪ੍ਰਤੱਖ ਰੂਪ ਵਿੱਚ ਦਿਸਦਾ ਹੈ ਕਿ ਜਰਮਨਾਂ ਵਾਂਗ ਇਹ ਲੋਕੀਂ ਵੀ ਕੇਸ ਦਾਹੜੀਆਂ ਰੱਖਦੇ ਸਨ, ਕਿਉਂਕਿ ਉਸ ਸਮੇਂ ਦੇ ਫ਼ਰਾਂਸੀਸੀ ਬਾਦਸ਼ਾਹ ਪੀਟਰ-ਦੀ-ਗਰੇਟ ਨੇ ਆਪਣੇ ਖਜ਼ਾਨੇ ਨੂੰ ਸ਼ਕਤੀਸ਼ਾਲੀ ਕਰਨ ਲਈ ਆਪਣੇ ਦੇਸ਼ ਵਾਸੀਆਂ ਦੀਆਂ ਦਾਹੜੀਆਂ ‘ਤੇ ਟੈਕਸ ਲਗਾ ਕੇ ਚੋਖੀ ਰਕਮ ਇਕੱਠੀ ਕੀਤੀ ਸੀ । ਲੋਕੀਂ ਕੇਸਾਂ ਦੇ ਸਤਿਕਾਰ ਬਦਲੇ ਟੈਕਸ ਦੀ ਅਦਾਇਗੀ ਨੂੰ ਇਕ ਮਾਮੂਲੀ ਗੱਲ ਸਮਝਦੇ ਸਨ ਪਰ ਕੇਸਾਂ ਦਾਹੜੀਆਂ ਨੂੰ ਸਜਾ ਕੇ ਰੱਖਣਾ ਆਪਣੇ ਜੀਵਨ ਦੀ ਸ਼ਾਨ ਨੂੰ ਹੋਰ ਬੁਲੰਦ ਤੇ ਪੁਰਨੂਰ ਰੱਖਣ ਵਿੱਚ ਬੇਹੱਦ ਖੁਸ਼ੀ ਮਹਿਸੂਸ ਕਰਦੇ ਸਨ।

ਸਰੂਪ ਸਿੰਘ ਅਲੱਗ