ਕੋਈ ਹਰਿਆ ਬੂਟ ਰਹਿਓ ਰੀ

ਲੇਖ
February 11, 2026

(ਮਿੰਨੀ ਕਹਾਣੀ)

ਹਫ਼ਤਾ ਪਹਿਲਾਂ ਹੀ ਮੈਂ ਇੰਟਰਵਿਊ ਦੇ ਕੇ ਆਇਆ ਸਾਂ, ਸੈਂਕੜਿਆਂ ਦੀ ਗਿਣਤੀ ਵਿੱਚ ਇੰਟਰਵਿਊ ਦੇਣ ਵਾਲੇ ਆਏ ਹੋਏ ਸਨ। ਮੈਨੂੰ ਉੱਥੇ ਜਾ ਕੇ ਇਹ ਵੀ ਪਤਾ ਲੱਗਿਆ ਕਿ ਇਹ ਇੰਟਰਵਿਊ ਪੰਜ ਦਿਨਾਂ ਤੋਂ ਏਦਾਂ ਹੀ ਚੱਲ ਰਹੀ ਹੈ। ਹਜ਼ਾਰਾਂ ਉਮੀਦਵਾਰ ਇੰਟਰਵਿਊ ਦੇ ਚੁੱਕੇ ਨੇ। ਚਾਰ ਸੌ ਬੰਦਿਆਂ ਨੂੰ ਨੌਕਰੀ ਦਿੱਤੀ ਜਾਣੀ ਸੀ।

ਇੱਕ-ਦੋ ਨੇ ਮੈਨੂੰ ਪੁੱਛਿਆ, “ਕੋਈ ਸਿਫਾਰਸ਼ ਲੜਾਈ ਐ?”

“ਨਹੀਂ। ਮੇਰੇ ਕੋਲ ਕੋਈ ਸਿਫਾਰਸ਼ ਹੈ ਈ ਨਹੀਂ।” ਮੈਂ ਦੱਸਿਆ।

“ਫਿਰ ਕਿੱਥੇ ? ਜਾਂ ਫਿਰ ਚੜ੍ਹਾਵਾ ਚੜਾਓ ਕਿਸੇ ਨੂੰ ।” ਮੇਰਾ ਉੱਤਰ ਸੁਣ ਕੇ ਕੋਈ ਹੋਰ ਬੋਲਿਆ।

“ਸਾਡੇ ਗਰੀਬਾਂ ਕੋਲ ਦੇਣ ਲਈ ਪੈਸੇ ਕਿੱਥੇ ਨੇ ?” ਮੈਂ ਹਉਕਾ ਭਰ ਕੇ ਕਿਹਾ।

ਪਰ ਇਹ ਕੀ ? ਅੱਜ ਮੈਨੂੰ ਮੇਰੇ ਪਿੰਡ ਦੇ ਹੀ ਇੱਕ ਮਿੱਤਰ ਨੇ ਖ਼ਬਰ ਆ ਕੇ ਸੁਣਾਈ। ਉਸ ਦੇ ਹੱਥ ਵਿੱਚ ਅਖ਼ਬਾਰ ਸੀ। “ਆਹ ਦੇਖ ਤੇਰਾ ਰੋਲ ਨੰਬਰ, ਮੈਰਿਟ ਸੂਚੀ ਵਿੱਚ। ਇਹ ਤੁਹਾਡੀ ਨੌਕਰੀ ਦੀ ਸਿਲੈਕਸ਼ਨ ਲਿਸਟ ਐ। ਮੈਂ ਤੇਰੇ ਇੰਟਰਵਿਊ ਵਾਲੇ ਲਿਫਾਫੇ ‘ਤੇ ਇਹ ਰੋਲ ਨੰਬਰ ਪੜ੍ਹਿਆ ਸੀ ਤੇ ਮੈਨੂੰ ਯਾਦ ਸੀ। ਵਧਾਈਆਂ ਹੋਣ ਤੈਨੂੰ ਸਾਡਾ ਯਾਰ ਇੰਸਪੈਕਟਰ ਬਣ ਗਿਐ।”

ਮੇਰੇ ਮੂੰਹੋਂ ਗੁਰਬਾਣੀ ਦੀ ਤੁਕ ਆਪ-ਮੁਹਾਰੇ ਨਿਕਲੀ, “ਕੋਈ ਹਰਿਆ ਬੂਟ ਰਹਿਓ ਰੀ।”

ਸੁਖਦੇਵ ਸਿੰਘ ਸ਼ਾਂਤ