-ਗਿ. ਦਿੱਤ ਸਿੰਘ
ਦੁਨੀਆ ਦੀ ਤਾਰੀਖਾਂ ਦੇ ਪੜ੍ਹਨੇ ਅਤੇ ਪੁਰਾਣੇ ਮਹਾਤਮਾਂ ਦੇ ਹਾਲਾਤ ਦੇਖਨੇ ਤੇ ਪਰਤੀਤ ਹੋ ਜਾਂਦਾ ਹੈ ਕਿ ਕੌਮ ਦੁਨੀਆ ਪਰ ਕਿਸ ਪਰਕਾਰ ਪੈਦਾ ਹੁੰਦੀ ਹੈ ਅਤੇ ਉਹ ਕਿਸ ਪਰਕਾਰ ਉੱਨਤੀ ਪਾਉਂਦੀ ਹੈ ਅਤੇ ਕਈ ਕੌਮਾਂ ਜੋ ਸੰਸਾਰ ਪਰ ਪ੍ਰਗਟ ਹੋ ਕੇ ਇਸ ਪਰਕਾਰ ਨਸ਼ਟ ਹੋ ਗਈਆਂ ਜਿਸ ਪਰਕਾਰ ਸਾਉਣ ਦੇ ਮਹੀਨੇ ਵਿਚ ਉੱਗੀ ਹੋਈ ਹਰੀ ਅੰਗੂਰੀ ਭਾਦੋਂ ਦੇ ਮਹੀਨੇ ਵਿਚ ਆਉੜ ਲਗਨੇ ਨਾਲ ਸੁੱਕ ਜਾਂਦੀ ਹੈ ਸੋ ਉਸਦਾ ਕ੍ਯਾ ਕਾਰਨ ਹੁੰਦਾ ਹੈ।
ਇਸ ਪ੍ਰਸ਼ਨ ਦੇ ਪੂਰੇ ਪੂਰੇ ਉੱਤਰ ਵਾਸਤੇ ਸਾਨੂੰ ਪੁਰਾਣੇ ਵਿਦੇਸੀ ਮਹਾਤਮਾ ਦੇ ਜੀਵਨ ਚਰਤ ਇਹ ਸਿਖ੍ਯਾ ਦਿੰਦੇ ਹਨ ਕਿ ਜਿਸ ਕੌਮ ਦੇ ਬਾਨੀ ਅਰਥਾਤ ਕਰਤਾ ਦੇ ਪਿੱਛੇ ਉਸਦੇ ਸਿੱਖਾਂ ਨੇ ਅਪਨੀ ਜਿੰਦਗੀ ਦਾ ਲਾਭ ਹੋਨ ਦਾ ਫਲ ਅਪਨੇ ਗੁਰੂ ਦੇ ਪ੍ਰਸੰਨ ਅਰਥਾਤ ਪੁਰਖਾਰਥ ਦਾ ਪੂਰਾ ਕਰਨਾ ਜਾਤਾ ਸੀ ਸੋਈ ਕੌਮਾਂ ਅੱਜਕੱਲ ਇਸ ਸੰਸਾਰ ਵਿਚ ਸ਼ੇਰ ਦੇ ਸਮਾਨ ਬਲਵਾਨ ਅਰ ਕਲਪ ਬ੍ਰਿਖ ਦੀ ਯਾਈਂ ਸੰਪੂਰਨ ਕਮੀਆਂ ਨੂੰ ਪੂਰਾ ਕਰਨੇ ਵਾਲੀਆਂ ਹੋ ਕੇ ਧਰਤੀ ਪਰ ਬ੍ਰਾਜ ਰਹੀਆਂ ਹਨ ਪਰੰਤੂ ਜਿਸ ਮਹਾਤਮਾ ਦੇ ਪਿਛਲੇ ਸੇਵਕਾਂ ਨੈ ਅਪਨੇ ਗੁਰੂ ਦੇ ਅਸੂਲਾਂ ਤੋਂ ਬੇਮੁਖ ਹੋਕੇ ਮਨਮਤ ਦੇ ਗਪੌੜਿਆਂ ਨਾਲ ਅਪਨੀ ਸੋਭਾ ਹਾਸਲ ਕਰਨੀ ਚਾਹੀ ਹੈ ਸੋ ਕੌਮ ਭੀ ਦੁੱਧ ਦੇ ਉਬਾਲ ਵਾਂਗ ਕੁਛਕ ਅਪਨਾ ਚਮਤਕਾਰ ਦਿਖਾ ਕੇ ਠੰਢੀ ਹੋ ਜਾਂਦੀ ਹੈ।
ਸਭ ਤੇ ਪਹਿਲੇ ਜਦ ਅਸੀਂ ਮਸੀਹ ਮਹਾਤਮਾ ਦਾ ਹਾਲ ਪੜ੍ਹਦੇ ਹਾਂ ਤਦ ਕ੍ਯਾ ਦੇਖਦੇ ਹਾਂ ਜੋ ਉਨ੍ਹਾਂ ਨੈ ਅਪਨੇ ਸਾਰੇ ਜੀਵਨ ਵਿੱਚੋਂ ਕੁੱਲ ਦੋ ਯਾ ਤਿੰਨ ਸਾਲ ਤਕ ਧਰਮ ਉਪਦੇਸ਼ ਕੀਤੇ ਸਨ ਅਤੇ ਇਸੀ ਅਰਸੇ ਵਿਚ ਉਨ੍ਹਾਂ ਨੈ ਉਸ ਦੇਸ ਦੀਆਂ ਖਰਾਬੀਆਂ ਦੂਰ ਕਰਨ ਦਾ ਬੀੜਾ ਉਠਾਇਆ ਸੀ ਜਿਸ ਪਰ ਉਸ ਮਹਾਤਮਾ ਦੇ ਇਸ ਕਾਰਜ ਨੂੰ ਰੋਕਨੇ ਲਈ ਉਸ ਦੇਸ ਦਾ ਬਾਦਸ਼ਾਹ ਖੜਾ ਹੋ ਗਿਆ ਜਿਸ ਪਰ ਉਸ ਨੈ ਪਕੜਾਕੇ ਉਸ ਬੇਗੁਨਾਹੇ ਨੂੰ ਇੱਕ ਚੋਰ ਦੇ ਨਾਲ ਚੋਰ ਵਾਂਗ ਸੂਲੀ ਦੇ ਦਿੱਤਾ ਸੀ ਉਸਦੀ ਮੌਤ ਹੀ ਉਸਦੇ ਨੇਕ ਕੰਮ ਨੂੰ ਪ੍ਰਗਟ ਕਰਨ ਵਾਲੀ ਸੀ ਜਿਸਤੇ ਉਸਦੇ ਬਾਕੀ ਯਾਰਾਂ ਸੇਵਕਾਂ ਨੈ ਇੱਕ ਦੂਜੇ ਦੀ ਸਹਾਇਤਾ ਤੇ ਬਿਨਾਂ ਅਤੇ ਸੰਸਾਰਕ ਸੁਖਾਂ ਦੀ ਇੱਛਾ ਤੇ ਬਿਨਾਂ ਹੋਕੇ ਅਪਨੇ ਗੁਰੂ ਦੇ ਓਸੇ ਕੰਮ ਨੂੰ ਜਾਰੀ ਕਰ ਦਿੱਤਾ ਜਿਸ ਪਿੱਛੇ ਉਸਨੂੰ ਸੂਲੀ ਚਾੜ੍ਹ ਦਿੱਤਾ ਗਿਆ ਸੀ ਜਿਸ ਪਰ ਬਾਦਸ਼ਾਹ ਵਕਤ ਨੈ ਅਤੇ ਆਮ ਲੋਕਾਂ ਨੈ ਉਨ੍ਹਾਂ ਦੇ ਸਿਰ ਪੱਥਰਾਂ ਨਾਲ ਤੋੜੇ ਅਰ ਉਨ੍ਹਾਂ ਦੇ ਹੱਥ ਸੰਗਲਾਂ ਨਾਲ ਬੰਨ੍ਹ ਕੇ ਮਰੋੜੇ ਅਤੇ ਲੋਹੇ ਦੇ ਪਿੰਜਰਿਆਂ ਵਿਚ ਇਸ ਪਰਕਾਰ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਿਸ ਪਰਕਾਰ ਕੋਈ ਜੰਗਲੀ ਰਿੱਛ ਨੂੰ ਲਿਯਾਕੇ ਪਿੰਜਰੇ ਵਿਚ ਪਾਇ ਦਿੰਦਾ ਹੈ ਇਸਤੇ ਬਿਨਾਂ ਉਨ੍ਹਾਂ ਸੱਚੇ ਧਰਮਾਤਮਾ ਪੁਰਖਾਂ ਪਰ ਹੋਰ ਭੀ ਜ਼ੁਲਮ ਕੀਤੇ ਗਏ ਜੋ ਉਨ੍ਹਾਂ ਨੂੰ ਭੁੱਖੇ ਅਤੇ ਪਿਆਸੇ ਮਾਰਿਆ ਅਰ ਉਨ੍ਹਾਂ ਦੇ ਮੂੰਹਾਂ ਨੂੰ ਫਿਟਕਾਰਿਆ॥
ਇਨ੍ਹਾਂ ਸਾਰੇ ਦੁਖਾਂ ਨੂੰ ਸਹਾਰਕੇ ਭੀ ਉਨ੍ਹਾਂ ਸਿਦਕੀਆਂ ਨੇ ਅਪਨੇ ਸਿਦਕਾਂ ਨੂੰ ਨਾ ਛੱਡਕੇ ਅਪਨੇ ਗੁਰੂ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਅਪਨਾ ਸਾਰਾ ਜੀਵਨ ਦੇ ਦਿੱਤਾ ਜਿਸਦਾ ਫਲ ਏਹ ਹੋਇਆ ਜੋ ਉਨ੍ਹਾਂ ਦੇ ਜੀਉਂਦੇ ਜੀਉਂਦੇ ਹੀ ਲੱਖਾਂ ਆਦਮੀ ਉਨ੍ਹਾਂ ‘ ਈਸਾ ਪਰ ਭਰੋਸਾ ਲੈ ਆਏ ਅਤੇ ਅੱਜਕੱਲ ਸੰਸਾਰ ਪਰ ਜਿਤਨਾ ਇਸ ਕੰਮ ਦਾ ਤਪ ਤੇਜ ਅਤੇ ਉੱਨਤੀ ਹੈ ਸੋ ਹੋਰ ਕੋਈ ਕੌਮ ਨਹੀਂ ਜੋ ਇਸਦਾ ਮੁਕਾਬਲਾ ਕਰ ਸਕੇ। ਇਸ ਸਾਰੇ ਕਥਨ ਤੇ ਇਹ ਸਿੱਧ ਹੋਇਆ ਕਿ ਕੌਮ ਦੀ ਉੱਨਤੀ ਦੇ ਵਾਸਤੇ ਇਹ ਬਾਤ ਜਰੂਰੀ ਹੈ ਜੋ ਕੌਮ ਦੇ ਬਾਨੀ ਦੇ ਪਿੱਛੇ ਰਹਨ ਵਾਲੇ ਸੇਵਕ ਅਪਨੇ ਜੀਵਨ ਨੂੰ ਉਸ ਦੇ ਪੁਰਖਾਰਥ ਪਰ ਕੁਰਬਾਨ ਕਰਨ ਅਤੇ ਉਸੀ ਅਪਨੇ ਗੁਰੂ ‘ ਦੇ ਰਸਤੇ ਨੂੰ ਸਾਫ ਕਰਨ ਇਸੀ ਪਰ ਅਸੀਂ ਅਗਲੇ ਪਰਚੇ ਵਿਚ ਭੀ ਕੁਝ ਲਿਖਾਂਗੇ।
(ਖ਼ਾਲਸਾ ਅਖ਼ਬਾਰ ਲਾਹੌਰ, ੨ ਅਗਸਤ, ੧੮੯੫)
