੨੩ ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼
-ਸ. ਗੁਰਪ੍ਰੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਜਨਮ ੨੩ ਫਰਵਰੀ, ੧੮੨੧ ਈ. ਨੂੰ ਕਨੱਈਆ ਮਿਸਲ ਦੇ ਸ. ਜੈਮਲ ਸਿੰਘ ਦੀ ਸਪੁੱਤਰੀ ਰਾਣੀ ਚੰਦ ਕੌਰ ਦੀ ਕੁਖੋਂ ਹੋਇਆ। ਇਸ ਨੂੰ ਸਿੱਖ ਧਰਮ ਦੀ ਮਰਿਯਾਦਾ ਤੋਂ ਜਾਣੂ ਕਰਾਉਣ ਲਈ ਗਿਆਨੀ ਸੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਸ਼ਸਤਰਾਂ ਦੀ ਸਿੱਖਿਆ ਲਈ ਹਰੀ ਸਿੰਘ ਨਲਵਾ, ਲਹਿਣਾ ਸਿੰਘ ਮਜੀਠੀਆ ਅਤੇ ਜਰਨਲ ਵੈਂਤੁਰਾ ਨੂੰ ਲਗਾਇਆ ਗਿਆ।
੧੮੩੪ ਈ. ਵਿਚ ਕੰਵਰ ਜਦ ਅਜੇ ੧੩ ਸਾਲਾਂ ਦਾ ਸੀ ਤਾਂ ਇਸ ਨੂੰ ਪਿਸ਼ਾਵਰ ਦੀ ਲੜਾਈ ਵਿਚ ਹਿੱਸਾ ਲੈਣ ਭੇਜਿਆ ਗਿਆ। ੧੮੩੫ ਈ. ਵਿਚ ਇਸਨੇ ਡੇਰਾ ਜਾਤ ਦੇ ਟਾਂਕ ਦੀਆਂ ਬਗਾਵਤਾਂ ਨੂੰ ਦਬਾਇਆ। ਮਾਰਚ ੧੮੩੭ ਈ. ਵਿਚ ਇਸ ਦਾ ਵਿਆਹ ਸ. ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਬੀਬੀ ਨਾਨਕੀ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਸਮੇਂ (੨੭ ਜੂਨ ੧੮੩੯ ਈ.) ਇਹ ਪਿਸ਼ਾਵਰ ਵਿਚ ਸੀ। ਉਦੋਂ ਇਸ ਦਾ ਪਿਤਾ ਖੜਕ ਸਿੰਘ ਮਹਾਰਾਜਾ ਬਣਿਆ। ਡੋਗਰਿਆਂ ਨੇ ਕੰਵਰ ਨੌਨਿਹਾਲ ਸਿੰਘ ਨੂੰ ਇਸ ਦੇ ਪਿਤਾ ਖੜਕ ਸਿੰਘ ਦੇ ਵਿਰੁੱਧ ਚੁਕਣਾ ਦੇਣੀ ਸ਼ੁਰੂ ਕਰ ਦਿੱਤੀ। ਜਿਸ ਦੇ ਸਿੱਟੇ ਵਜੋਂ ਡੋਗਰਿਆਂ ਨੇ ਚੇਤ ਸਿੰਘ ਨੂੰ ਕਤਲ ਕਰ ਕੇ ਖੜਕ ਸਿੰਘ ਨੂੰ ਨਜ਼ਰਬੰਦ ਕਰਵਾ ਦਿੱਤਾ। ੫ ਨਵੰਬਰ, ੧੮੪੦ ਈ. ਨੂੰ ਖੜਕ ਸਿੰਘ ਦਾ ਦੇਹਾਂਤ ਹੋ ਗਿਆ। ਜਦ ਕੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਆਪਣੇ ਪਿਤਾ ਦਾ ਸਸਕਾਰ ਕਰ ਕੇ ਵਾਪਸ ਆ ਰਿਹਾ ਸੀ ਤਾਂ ਹਜ਼ੂਰੀ ਬਾਗ ਦੇ ਉੱਤਰੀ ਦਰਵਾਜ਼ੇ ਦਾ ਛੱਜਾ ਇਕ ਸਾਜ਼ਿਸ਼ ਤਹਿਤ ਇਸ ਉਪਰ ਡਿੱਗਿਆ। ਕਹਿੰਦੇ ਹਨ ਕਿ ਕੰਵਰ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ। ਪਰ ਧਿਆਨ ਸਿੰਘ ਡੋਗਰੇ ਨੇ ਆਪਣੇ ਬੰਦਿਆਂ ਰਾਹੀਂ ਉਸ ਦਾ ਸਿਰ ਪੱਥਰ ਮਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ੮ ਨਵੰਬਰ, ੧੮੪੦ ਈ. ਨੂੰ ਕੰਵਰ ਨੌਨਿਹਾਲ ਸਿੰਘ ਜ਼ਖ਼ਮੀ ਹਾਲਾਤ ਵਿਚ ਚੜ੍ਹਾਈ ਕਰ ਗਿਆ।
ਆਪਣੇ ਪਿਤਾ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਕੰਵਰ ਨੌਨਿਹਾਲ ਸਿੰਘ ਸਿੱਖ ਰਾਜ ਦਾ ਟਹਿਕਦਾ ਫੁੱਲ ਸਦਾ ਲਈ ਮੁਰਝਾ ਗਿਆ