75 views 5 secs 0 comments

ਖ਼ਤਰਾ

ਲੇਖ
July 18, 2025

ਆਤਮ ਸਾਇੰਸ ਵਿਚ ਡਰ ਜਾਂ ਖ਼ਤਰੇ ਦੀ ਉਹੀ ਜਗ੍ਹਾ ਹੈ, ਜੋ ਬੀਮਾਰੀ, ਪਾਪ, ਚਿੰਤਾ, ਥੋੜ ਆਦਿ ਉਪਾਧੀਆਂ ਦੀ ਹੈ। ਇਹ ਚੀਜ਼ਾਂ ਹਨੇਰੇ ਦੀ ਤਰ੍ਹਾਂ ਆਪਣੇ ਆਪ ਵਿਚ ਕੋਈ ਹਸਤੀ ਨਹੀਂ ਰਖਦੀਆਂ। ‘ਰੋਸ਼ਨੀ’ ਦੇ ਨਾ ਹੋਣ ਦਾ ਨਾਮ ‘ਹਨੇਰਾ’ ਹੈ, ਆਤਮ ਗਿਆਨ ਦੇ ਨਾ ਹੋਣ ਦਾ ਨਾਮ ਡਰ, ਖ਼ਤਰਾ, ਥੋੜ, ਬੀਮਾਰੀ ਆਦਿ ਉਪਾਧੀਆਂ ਹੈ। ਕਿਉਂਕਿ ਇਹਨਾਂ ਦੀ ਹਸਤੀ ਦਾ ਕਾਰਨ ਆਤਮ ਗਿਆਨ ਦਾ ਨਾ ਹੋਣਾ ਹੈ, ਇਸ ਕਰਕੇ ਇਹ ਆਤਮ ਗਿਆਨ ਦੇ ਆਉਣ ਨਾਲ ਗਾਇਬ ਹੋ ਜਾਂਦੀਆਂ ਹਨ।
ਰੌਸ਼ਨੀ ਹਨੇਰੇ ਨਾਲ ਲੜਦੀ ਝਗੜਦੀ ਨਹੀਂ, ਜਾਂ ਉਸ ਨੂੰ ਜ਼ੋਰ ਨਾਲ ਨਹੀਂ ਕਢਦੀ। ਰੌਸ਼ਨੀ ਦੇ ਪੈਦਾ ਹੋਣ ਨਾਲ ਹਨੇਰਾ ਆਪੇ ਚੁਪਚਾਪ ਦੌੜ ਜਾਂਦਾ ਹੈ। ਹਨੇਰਾ ਰੌਸ਼ਨੀ ਦੇ ਆਇਆਂ ਕਿਥੇ ਚਲਾ ਜਾਂਦਾ ਹੈ? ਆਪਣੀ ਨੇਸਤੀ ਦੀ ਹਾਲਤ ਵਿਚ, ਜਿਸ ਨੂੰ ਪਛਮੀ ਆਤਮ ਗਿਆਨੀ Native Nothingness ਆਖਦੇ ਹਨ।
ਰੌਸ਼ਨੀ ਦੀ ਗੈਰਹਾਜ਼ਰੀ ਵਿਚ ਹਨੇਰੇ ਦਾ ਰਾਜ ਪ੍ਰਤੀਤ ਹੁੰਦਾ ਹੈ, ਅਨਜਾਣ ਨੂੰ ਇੰਜ ਜਾਪਦਾ ਹੈ ਕਿ ਰੌਸ਼ਨੀ ਨੇ ਸ਼ਾਇਦ ਆਉਣਾ ਹੀ ਨਹੀਂ, ਹਨੇਰੇ ਦੀ ਹਸਤੀ ਬੜੀ ਪਰਬਲ ਲਗਦੀ ਹੈ ਅਤੇ ਇਨਸਾਨੀ ਅਕਲ ਇਸ ਨੂੰ ਸਦੀਵੀ ਸਮਝਦੀ ਹੈ, ਪਰ ਰੌਸ਼ਨੀ ਦੇ ਅਸੂਲਾਂ ਨੂੰ ਜਾਨਣ ਵਾਲੇ ਨੂੰ ਪਤਾ ਹੁੰਦਾ ਹੈ ਕਿ ‘ਰੌਸ਼ਨੀ’ ਇਕ ਅਟੱਲ ਹਸਤੀ ਹੈ, ਉਹ ਸਦੀਵੀ ਹਾਲਤ ਵਿਚ ਰਹਿਦੀ ਹੈ ਅਤੇ ਹਨੇਰਾ ਕੇਵਲ ਉਸ ਦੀ ਗ਼ੈਰਹਾਜ਼ਰੀ ਕਰਕੇ ਜੀਉਂਦਾ ਹੈ। ਅਸਲ ਵਿਚ ਹਨੇਰੇ ਅੰਦਰ ਜਾਨ ਹੀ ਨਹੀਂ। ਰਾਤ ਨੂੰ ਹਨੇਰਾ ਸਾਡੇ ਸਿਆਰੇ (ਪ੍ਰਿਥਵੀ) ਦੇ ਇਕ ਪਾਸੇ ਉਤੇ ਛਾਇਆ ਪਰਤੀਤ ਦਿੰਦਾ ਹੈ, ਪਰ ਅਸਲ ਵਿਚ ਸੂਰਜ ਤੇ ਉਸ ਦੀ ਰੌਸ਼ਨੀ ਜਿਉਂ ਦੀ ਤਿਉਂ ਕਾਇਮ ਹੁੰਦੀ ਹੈ, ਸਿਰਫ ਸਾਡੀ ਪ੍ਰਿਥਵੀ ਦੇ ਸੂਰਜ ਵਲ ਪਿਠ ਮੋੜਨ ਕਰ ਕੇ ਇਸ ਦਾ ਇਕ ਪਾਸਾ ਇਸ ਦਾ ਆਪਣੀ ਪਾਈ ਰੁਕਾਵਟ ਕਰਕੇ ਹਨੇਰੇ ਦੀ ਹਾਲਤ ਵਿਚ ਆ ਜਾਂਦਾ ਹੈ। ਜਦ ਇਹ ਆਪਣਾ ਮੂੰਹ ਫੇਰ ਸੂਰਜ ਵਲ ਫੇਰੇ, ਉਸੇ ਵਕਤ ਸਾਡਾ ਦਿਨ ਚੜ੍ਹ ਆਉਂਦਾ ਹੈ। ਏਸੇ ਤਰ੍ਹਾਂ ਇਨਸਾਨ ਜਦ ਆਤਮਾ ਵਲੋਂ ਜਹਾਲਤ ਕਰਕੇ ਮੂੰਹ ਮੋੜਦਾ ਹੈ, ਦੁਖ, ਦਰਦ, ਤਕਲੀਫ਼, ਖ਼ਤਰਾ, ਡਰ, ਬੀਮਾਰੀ ਆਦਿ ਪ੍ਰਤੀਤ ਕਰਦਾ ਹੈ, ਪਰ ਜਿਸ ਵੇਲੇ ਆਤਮ ਗਿਆਨ ਦੀ ਸਹਾਇਤਾ ਨਾਲ ਆਪਣੇ ‘ਆਪੇ’ ਜਾਂ ਆਤਮਾ ਵਲ ਮੂੰਹ ਕਰੇ, ਤਦ ਹਨੇਰੇ ਦੀ ਤਰ੍ਹਾਂ ਇਸ ਦੇ ਸਭ ਰੋਗ ਸੰਤਾਪ ਆਪਣੇ ਆਪ ਬਗੈਰ ਜਤਨ ਦੇ ਦੂਰ ਹੋ ਜਾਂਦੇ ਹਨ।
ਘੁਪ ਹਨੇਰੇ ਵਿਚ ਵੀ ਦੀਆਸਲਾਈ ਦੀ ਤੀਲੀ ਬਾਲਿਆਂ ਜਿਤਨੇ ਦਾਇਰੇ ਵਿਚ ਇਸ ਦੀ ਰੌਸ਼ਨੀ ਪਹੁੰਚ ਸਕੇ, ਹਨੇਰਾ ਉਡ ਜਾਂਦਾ ਹੈ, ਇਸੇ ਤਰ੍ਹਾਂ ਅਤਿਅੰਤ ਜਹਾਲਤ, ਦੁਖ, ਦਰਦ ਤੇ ਬੀਮਾਰੀ ਦੇ ਸਮੇਂ ਜਿਤਨੀ ਡਿਗਰੀ ਵਿਚ ਆਤਮ ਗਿਆਨ ਇਨਸਾਨ ਦੀ ਸਮਝ ਵਿਚ ਨਿਵਾਸ ਕਰ ਸਕੇ ਉਤਨਾ ਹੀ ਉਸ ਨੂੰ ਆਰਾਮ ਭਾਸਣ ਲਗ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਡਰ, ਖ਼ਤਰੇ, ਰੋਗ, ਦੁਖ ਸੰਤਾਪ ਆਦਿ ਦੇ ਵਿਆਪਨ (ਸਚ ਤੇ ਭੈ-ਭੀਤ ਲਗਣ) ਦਾ ਇਕੋ ਹੀ ਕਾਰਨ ਦਸਿਆ ਹੈ, ਉਹ ਹੈ ਸਚ ਦੇ ਸੂਰਜ (ਪਰਮ ਈਸ਼ਵਰ) ਵਲੋਂ ਇਨਸਾਨ ਦਾ ਮੂੰਹ ਮੋੜਨਾ।
ਪਰਮੇਸਰ ਤੇ ਭੁਲਿਆ ਵਿਆਪਨਿ ਸਭੇ ਰੋਗ॥
(ਅੰਗ- ੧੩੫)
ਗੁਰਮੁਖ ਦਾ ਮੂੰਹ ਸਦਾ ਗੁਰੂ ਵਲ ਰਹਿੰਦਾ ਹੈ। ਇਸ ਵਾਸਤੇ ਉਸ ਲਈ ਖ਼ਤਰੇ, ਰੋਗ ਸੰਤਾਪ ਕੁਝ ਅਰਥ ਨਹੀਂ ਰਖਦੇ। ਜਿਸ ਆਦਮੀ ਦੀ ਜੇਬ ਵਿਚ ਬਿਜਲੀ ਦਾ ਲੈਂਪ ਪਿਆ ਹੋਵੇ, ਉਹ ਹਨੇਰੇ ਵਿਚ ਜਾਣੋ ਝਿਜਕਦਾ ਨਹੀਂ, ਇਸੇ ਤਰ੍ਹਾਂ ਗੁਰਮੁਖ ਆਤਮ ਗਿਆਨ ਦੀ ਰੌਸ਼ਨੀ ਦੇ ਸਹਾਰੇ ਜ਼ਿੰਦਗੀ ਦੀ ਵਡੀ ਤੋਂ ਵਡੀ ਦੁਰਘਟਨਾ ਦੇ ਮੁਕਾਬਲੇ ਵਾਸਤੇ ਤਿਆਰ ਰਹਿੰਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲੋਂ ਵਧ ਕਿਸ ਦੀ ਜਿੰਦਗੀ ਅੱਤ ਖ਼ਤਰਿਆਂ ਵਿਚ ਘਿਰੀ ਹੋ ਸਕਦੀ ਹੈ? ਅਠ ਨੌਂ ਸਾਲ ਦੀ ਉਮਰ ਤੋਂ ਲੈ ਕੇ ਹਜ਼ੂਰ ਸਾਹਿਬ ਵਿਖੇ ਅੰਤਮ ਸਵਾਸਾਂ ਤਕ ਆਪ ਦੇ ਇਰਦ ਗਿਰਦ ਖ਼ਤਰੇ ਦੇ ਝੁੰਡਾਂ ਨੇ ਘੇਰਾ ਪਾਈ ਰਖਿਆ। ਪਰ ਆਪ ਆਤਮ ਗਿਆਨੀ ਸਨ, ਆਪ ਨੂੰ ਖ਼ਤਰਿਆਂ ਦੀ ਅਸਲੀਅਤ ਤੇ ਉਹਨਾਂ ਦੀ ਧੋਖੇਬਾਜ਼ ਹਸਤੀ ਦਾ ਗਿਆਨ ਸੀ, ਏਸੇ ਵਾਸਤੇ ਲਿਸ਼ਕਦੀਆਂ ਤਲਵਾਰਾਂ ਅਤੇ ਵਸਦੇ ਤੀਰਾਂ ਵਿਚ ਯੁੱਧ ਸਮੇਂ ਆਪ ਹਸ ਕੇ ਆਖਿਆ ਕਰਦੇ ਸਨ
ਰੋਗਨ ਤੇ ਅਰ ਸੋਗਨ ਤੇ, ਜਲ ਜੋਗਨ ਤੇ ਬਹੁ ਭਾਂਤਿ ਬਚਾਵੈ॥ ਸੱਤ੍ਰ ਅਨੇਕ ਚਲਾਵਤ ਘਾਵ, ਤਊ ਤਨ ਏਕ ਨਾ ਲਾਗਨ ਪਾਵੈ॥
(ਸਰਬ ਰੋਗ ਕਾ ਅਉਖਦੁ ਨਾਮੁ )

ਸ. ਰਘਬੀਰ ਸਿੰਘ ਬੀਰ