ਮੁਗ਼ਲ ਸੈਨਾ ਦਾ ਇਕ ਜਰਨੈਲ ਆਸਮਾਨ ਖ਼ਾਨ ਕਸੂਰ ਦੇ ਇਕ ਬ੍ਰਾਹਮਣ ਦੀ ਨੌਜੁਆਨ ਲੜਕੀ ਨੂੰ ਚੁੱਕ ਕੇ ਲੈ ਗਿਆ। ਬ੍ਰਾਹਮਣ ਖ਼ਾਲਸਾ-ਦਰਬਾਰ ਕੋਲ ਫਰਿਆਦੀ ਹੋਇਆ। ਖ਼ਾਲਸੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਤਰ ਹੋ ਕੇ ਫਰਿਆਦੀ ਬ੍ਰਾਹਮਣ ਦੀ ਲੜਕੀ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਾਉਣ ਦਾ ਪ੍ਰਣ ਲਿਆ ਅਤੇ ਉਹ ਮੁਗਲ ਕੈਂਪ ਵਿਚੋਂ ਬ੍ਰਾਹਮਣ ਕੰਨਿਆਂ ਨੂੰ ਉਸ ਦੀ ਪੱਤ ਸਮੇਤ ਵਾਪਸ ਉਸ ਦੇ ਪਿਤਾ ਕੋਲ ਛੱਡ ਕੇ ਆਏ। ਇਹ ਉਹ ਸਮਾਂ ਸੀ ਜਦੋਂ ਮੁਗਲ ਧਾੜਵੀ ਭਾਰਤ ਦੀ ਬੇਸ਼ੁਮਾਰ ਦੌਲਤ ਦੇ ਨਾਲ-ਨਾਲ ਏਥੋਂ ਦੀਆਂ ਸੁੰਦਰ ਔਰਤਾਂ ਅਤੇ ਜੁਆਨਾਂ ਨੂੰ ਬੰਦੀ ਬਣਾ ਕੇ ਨਾਲ ਲੈ ਜਾਂਦੇ ਸਨ ਅਤੇ ਗਜ਼ਨੀ ਦੇ ਬਜ਼ਾਰਾਂ ਵਿਚ ਉਨ੍ਹਾਂ ਨੂੰ ਪਸ਼ੂਆਂ ਵਾਂਗ ਵੇਚ ਦਿੰਦੇ ਸਨ। ਭਾਰਤੀਆਂ ਦੀ ਜ਼ਮੀਰ ਇਤਨੀ ਮਰ-ਮਿਟ ਗਈ ਸੀ ਕਿ ਜਾਬਰ ਨੂੰ ਜ਼ੁਲਮ ਕਰਨ ਤੋਂ ਰੋਕਣ ਹਿਤ ਕੋਈ ਹੌਂਸਲਾ ਨਹੀਂ ਸੀ ਕਰਦਾ। ਹਰ ਕੋਈ ਆਪਣੀ ਜਾਨ ਦੀ ਖੈਰ ਮਨਾਉਂਦਾ ਸੀ। ਦੂਜੇ ਪਾਸੇ ਖ਼ਾਲਸਈ ਇਖ਼ਲਾਕ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਖ਼ਾਲਸੇ ਨੂੰ ਆਪਣੀ ਜਾਨ ਪਿਆਰੀ ਨਹੀਂ ਸੀ ਜੋ ਬਗ਼ੈਰ ਕਿਸੇ ਲਾਲਚ ਤੋਂ ਦੂਸਰਿਆਂ ਦੀਆਂ ਜਵਾਨੀਆਂ ਬਚਾਉਣ ਹਿਤ ਜ਼ਾਬਰ ਨੂੰ ਜ਼ੁਲਮ ਤੋਂ ਰੋਕਣ ਲਈ ਸਿਰ ਤਲੀ ‘ਤੇ ਧਰ ਕੇ ਮੈਦਾਨ ਵਿਚ ਕੁੱਦ ਪੈਂਦੇ ਸਨ। ਖ਼ਾਲਸੇ ਵਿਚ ਉਹ ਕਿਹੜੀ ਗ਼ੈਬੀ ਸ਼ਕਤੀ ਸੀ ਜਿਸ ਨੇ ਅਹਿਮਦਸ਼ਾਹ ਅਬਦਾਲੀ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਬੰਦੀ ਬਣਾਈਆਂ ਔਰਤਾਂ ਆਜ਼ਾਦ ਕਰਵਾ ਲਈਆਂ। ਇਹਨਾਂ ਬੰਦੀ ਔਰਤਾਂ ਨਾਲ ਖ਼ਾਲਸੇ ਦਾ ਕੋਈ ਖ਼ੂਨੀ ਰਿਸ਼ਤਾ ਨਹੀਂ ਸੀ। ਫੇਰ ਇਸ
ਕੁਰਬਾਨੀ ਦਾ ਕਾਰਨ ਕੀ ਹੋ ਸਕਦਾ ਹੈ? ਇਸ ਸੁਆਲ ਨੇ ਅਬਦਾਲੀ ਦੀ ਨੀਂਦ ਹਰਾਮ ਕਰ ਦਿੱਤੀ। ਉਸ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਬਾਰੂਦ ਨਾਲ ਉਡਾ ਦਿੱਤੀ ਅਤੇ ਪਾਵਨ-ਪਵਿੱਤਰ ਸਰੋਵਰ ਨੂੰ ਗੰਦਗੀ ਦੇ ਢੇਰਾਂ ਨਾਲ ਪੂਰ ਦਿੱਤਾ ਕਿਉਂਕਿ ਅਬਦਾਲੀ ਸਮਝਦਾ ਸੀ ਕਿ ਇਹ “ਅੰਮ੍ਰਿਤ ਸਰੋਵਰ” ਦੈਵੀ ਸ਼ਕਤੀ ਨਾਲ ਸੰਪੰਨ ਹੈ ਅਤੇ ਏਥੋਂ ਦਾ ਜਲ ਛਕ ਕੇ ਸਿੰਘ ਦੈਵੀ ਸ਼ਕਤੀ ਪ੍ਰਾਪਤ ਕਰ ਕੇ ‘ਅਜੈ’ ਬਣ ਜਾਂਦੇ ਹਨ। ਪਰ ਖ਼ਾਲਸੇ ਵਿਚ ਪਰਉਪਕਾਰ ਦੀ ਭਾਵਨਾ ਅਤੇ ਨਿਸ਼ਕਾਮ ਸੇਵਾ ਦੀ ਚਾਹਤ ਜਿਉਂ ਦੀ ਤਿਉਂ ਪ੍ਰਚੰਡ ਰਹੀ।
