ਖ਼ਾਲਸਾ ਅਖ਼ਬਾਰ ਦੇ ਮੁੱਖ ਸੰਪਾਦਕ: ਗਿਆਨੀ ਗੁਰਜੀਤ ਸਿੰਘ ਪਟਿਆਲਾ

ਪਿਆਰੇ ਪਾਠਕ ਜਨੋ! ਆਪ ਜੀ ਨੂੰ ਦੱਸਦਿਆਂ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਆਪ ਜੀ ਦੇ ਹਰਮਨ ਪਿਆਰੇ ‘ਖਾਲਸਾ ਅਖ਼ਬਾਰ’ ਜਿਸ ਦਾ ਮੁੱਖ ਮੰਤਵ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸਿੱਖ ਰਹਿਤ ਮਰਯਾਦਾ, ਸਿੱਖ ਸਿਧਾਂਤ ਤੇ ਇਤਿਹਾਸ, ਸਿੱਖ ਸਰਗਰਮੀਆਂ, ਸਿੱਖੀ ਬਾਰੇ ਲੇਖ, ਸਿੱਖ ਖਬਰਨਾਮਾ ਅਤੇ ਹੋਰ ਬਹੁਤ ਸਾਰੀ ਸਿੱਖ ਧਰਮ ਨਾਲ ਸਬੰਧਿਤ ਰੌਚਕ ਸਮਗਰੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪਾਠਕਾਂ ਤਕ ਪਹੁੰਚਾਉਣਾ ਹੈ, ਦੇ ਮੁੱਖ ਸੰਪਾਦਕ ਅਸੀਂ ਸਿੱਖ ਪੰਥ ਦੇ ਮਹਾਨ ਕਥਾ-ਵਾਚਕ ਗਿਆਨੀ ਗੁਰਜੀਤ ਸਿੰਘ ਜੀ ਨੂੰ ਨਿਯੁਕਤ ਕਰ ਰਹੇ ਹਾਂ।

ਗਿਆਨੀ ਜੀ ਦਾ ਜਨਮ ਸਾਵਣ ਦੀ ਸੰਗਰਾਂਦ ਸੰਨ 1978 ਈ. ਵਿਚ ਪਿੰਡ ਦਿਆਲਪੁਰਾ, ਤਹਿਸੀਲ ਨਥਾਣਾ , ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਗਿਆਨੀ ਜੀ ਨੇ ਗ੍ਰੈਜੂਏਸ਼ਨ ਦੀ ਡਿਗਰੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਆਪ ਜੀ ਅੰਦਰ ਧਾਰਮਿਕ ਰੁਚੀਆਂ ਹੋਣ ਕਾਰਨ ਆਪ ਜੀ ਨੇ ਦਮਦਮੀ ਟਕਸਾਲ ਵਿਚ ਰਹਿ ਕੇ ਗਿਆਨੀ ਸੁਰਜੀਤ ਸਿੰਘ ਸੋਧੀ ਜੀ ਪਾਸੋਂ ਲੜੀਵਾਰ ਗੁਰਬਾਣੀ ਦੀ ਸੰਥਿਆ ਤੇ ਗੁਰ ਇਤਿਹਾਸ ਦੀ ਵਿੱਦਿਆ ਹਾਸਲ ਕੀਤੀ। ਇਸ ਦੇ ਨਾਲ ਹੀ ਆਪ ਜੀ ਨੇ ਪੰਥ ਪ੍ਰਸਿੱਧ ਕਥਾ-ਵਾਚਕ, ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਸੰਗਤ ਦਾ ਸਾਥ ਵੀ ਮਾਣਿਆ ਅਤੇ ਉਨ੍ਹਾਂ ਪਾਸ ਰਹਿ ਕੇ ਵੀ ਗੁਰਮਤਿ ਵਿੱਦਿਆ ਹਾਸਲ ਕੀਤੀ।

ਆਪ ਜੀ ਦੀ ਵਿਦਵਤਾ ਸਦਕਾ ਆਪ ਜੀ ਨੇ ਅਨੇਕ ਸਥਾਨਾਂ ਜਿਵੇਂ ਕਿ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸ੍ਰੀ ਹਜ਼ੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਇਲਾਵਾ ਅਮਰੀਕਾ, ਕਨੇਡਾ, ਇੰਗਲੈਂਡ, ਸਿੰਘਾਪੁਰ, ਮਲੇਸ਼ੀਆ ਵਿਖੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਕਥਾ ਨਾਲ ਸੰਗਤ ਨੂੰ ਨਿਹਾਲ ਕੀਤਾ।

ਆਪ ਜੀ ਕੇਵਲ ਕਥਾਕਾਰ ਹੀ ਨਹੀਂ ਬਲਕਿ ਚੰਗੇ ਲਿਖਾਰੀ ਵੀ ਹਨ। ਆਪ ਜੀ ਦੀਆਂ ਰਚਨਾਵਾਂ ਗੁਰਮਤਿ ਪ੍ਰਕਾਸ਼ ਵਰਗੇ ਪੰਥ ਪ੍ਰਸਿੱਧ ਮੈਗਜ਼ੀਨ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਜੀ ਦੀ ਪੰਥ ਪ੍ਰਤੀ ਦੇਣ ਨੂੰ ਮੁੱਖ ਰੱਖਦਿਆਂ ਅਸੀਂ ਇਨ੍ਹਾਂ ਪਾਸੋਂ ‘ਖ਼ਾਲਸਾ ਅਖਬਾਰ’ ਲਈ ਸੇਵਾਵਾਂ ਲੈਣ ਲਈ ਮਾਣ ਮਹਿਸੂਸ ਕਰਦੇ ਹਾਂ!

ਵੱਲੋਂ: ਟੀਮ, ‘ਖ਼ਾਲਸਾ ਅਖ਼ਬਾਰ