68 views 3 secs 0 comments

ਖਾਲਸਾ ਦੇ ਛਲਨ ਲਈ ਅੰਨਮਤਾਂ ਦੇ ਉਪਾਉ

ਲੇਖ
June 30, 2025

ਅਸੀਂ ਇਕ ਲਤੀਫਿਆਂ ਦੀ ਕਤਾਬ ਵਿਚ ਇਹ ਕਹਾਣੀ ਪੜ੍ਹੀ ਹੈ ਕਿ ਇਕ ਕਾਉਂ ਜੋ ਕਿਤੋਂ ਪਨੀਰ ਦਾ ਟੁਕੜਾ ਚੁੱਕ ਲਿਆਇਆ ਸੀ ਤਦ ਉਸ ਨੂੰ ਇਕ ਲੂੰਬੜੀ ਨੇ ਦਰੱਖਤ ਪੁਰ ਬੈਠਾ ਦੇਖ ਕੇ ਉਸ ਥੋਂ ਉਹ ਖੋਹਨਾ ਚਾਹਿਆ, ਪਰੰਤੂ ਜ਼ੋਰ ਨਾਲ ਤਾਂ ਉਹ ਕਿਸੇ ਤਰ੍ਹਾਂ ਉਸ ਥੋਂ ਲੈ ਨਹੀਂ ਸਕਦੀ ਸੀ, ਇਸੀ ਵਾਸਤੇ ਉਸ ਨੇ ਮੱਕਾਰੀ ਨਾਲ ਖੋਸਨਾ ਚੰਗਾ ਜਾਤਾ, ਜਿਸ ਪਰ ਉਸ ਨੇ ਪ੍ਯਾਰੀ ਬੋਲੀ ਨਾਲ ਆਖਿਆ ਕਿ ਭਾਈ ਕਊਏ ਮੈਂ ਤੇਰੀ ਸੂਰਤ ਨੂੰ ਦੇਖ ਕੇ ਵੱਡੀ ਖੁਸ਼ ਹੋਈ ਹਾਂ ਅਰ ਤੇਰੇ ਸੁੰਦ੍ਰ ਖੰਭਾਂ ਦੀ ਸਿਆਹੀ ਮਨ ਨੂੰ ਮੋਹ ਰਹੀ ਹੈ। ਇਸੀ ਤਰ੍ਹਾਂ ਤੇਰੀ ਚੁੰਜ ਦੀ ਸੁੰਦਰਤਾ ਚਿੱਤ ਨੂੰ ਚੁਰਾ ਰਹੀ ਹੈ, ਫੇਰ ਤੇਰੇ ਗਰਦਨ ਦੇ ਵਾਲ ਦੇਖਨ ਵਾਲੇ ਨੂੰ ਨਿਹਾਲ ਕਰਦੇ ਹਨ, ਪਰੰਤੂ ਉੱਪਰ ਤੇ ਦੇਖਨ ਨੂੰ ਤਾਂ ਤੂੰ ਬਹੁਤ ਅੱਛਾ ਹੈਂ, ਪਰ ਕਿਆ ਅੱਛਾ ਹੋਵੇ ਜੇ ਤੂੰ ਗਾਉਨ ਵਿਚ ਭੀ ਓਸਾ ਹੀ ਸੁਰੀਲੀ ਸੁਰ ਵਾਲਾ ਹੋਵੇਂ, ਜਿਸ ਦੀਆਂ ਅਜੇਹੀਆਂ ਗੱਲਾਂ ਸੁਨ ਕੇ ਬੇਵਕੂਫ ਕਾਂਉਂ ਭੁੱਲ ਗਿਆ, ਅਰ ਮੂੰਹ ਖੋਲ੍ਹ ਕੇ “ਕਾਂ ਕਾਂ” ਕਰਨ ਲੱਗਾ, ਜਿਸ ਪਰ ਉਹ ਪਨੀਰ ਦਾ ਟੁਕੜਾ ਮੂੰਹ ਤੇ ਗਿਰ ਪਇਆ, ਅਰ ਲੂੰਬੜੀ ਨੇ ਚੁੱਕ ਲੀਤਾ ਅਰ ਬੋਲੀ ਕਿ “ਬਸ ਅਕਲ ਦੇ ਅੰਧੇ ਅਪਨਾ ਗਾਉਨਾ ਅਪਨੇ ਪਾਸ ਰੱਖ ਮੈਨੂੰ ਸੁਨਨੇ ਦੀ ਕੋਈ ਲੋੜ ਨਹੀਂ ਮੈਂ ਅਪਨਾ ਮਤਲਬ ਸਾਧ ਲੀਤਾ ਹੈ॥
ਜਦ ਅਸੀਂ ਇਸ ਕਹਾਣੀ ਨੂੰ ਸਿੱਖਾਂ ਪਰ ਘਟਾ ਕੇ ਦੇਖਦੇ ਹਾਂ ਤਾਂ ਇਹ ਠੀਕ-ਠੀਕ ਘਟਦੀ ਹੈ, ਕਿਉਂਕਿ ਸਿੱਖਾਂ ਵਿਚ ਸਾਦਾਪਨ ਅਤੇ ਧਰਮ ਦਾ ਭਾਵ ਰੂਪੀ ਗੁਣ ਹੋਰਨਾਂ ਨਾਲੋਂ ਅਕਸਰ ਜਿਆਦਾ ਪਾਏ ਜਾਂਦੇ ਹਨ, ਇਸੀ ਵਾਸਤੇ ਜਦ ਅੰਨਮਤਾਂ ਵਾਲੇ ਇਨ੍ਹਾਂ ਨੂੰ ਅਪਨੇ ਵਿਚ ਮਿਲਾ ਕੇ ਅਪਨਾ ਮਤਲਬ ਕੱਢਨਾ ਚਾਹੁੰਦੇ ਹਨ ਤਦ ਉਹ ਇਹ ਖ੍ਯਾਲ ਕਰਦੇ ਹਨ ਕਿ ਜਿਸ ਤਰ੍ਹਾਂ ਤਿੱਤਰਾਂ ਦੇ ਪਕੜਨ ਲਈ ਤਿੱਤਰ ਕੰਮ ਦੇਂਦੇ ਹਨ ਅਰ ਬਟੇਰਿਆਂ ਦੇ ਫਾਹੁਨ ਲਈ ਬਟੇਰੇ ਸਧਾਏ ਜਾਂਦੇ ਹਨ ਸੋ ਇਸੀ ਤਰ੍ਹਾਂ ਸਿੱਖਾਂ ਦੇ ਫਸਾਉਨ ਲਈ ਸਿੱਖਾਂ ਨੂੰ ਹੀ ਕਾਬੂ ਕਰਨਾ ਚਾਹੀਏ, ਇਸ ਖਿਆਲ ਪਰ ਉਹ ਇਹ ਕਾਰਵਾਈ ਕਰਦੇ ਹਨ।
ਪਹਲੇ ਈਸਾਈ ਤਾਂ ਇਹ ਆਖਦੇ ਹਨ ਕਿ “ਬੇਸ਼ੱਕ ਬਾਬਾ ਨਾਨਕ ਕੋ ਹਮ ਸਭ ਸੇ ਅੱਛਾ ਮਾਨਤੇ ਹੈਂ ਔਰ ਗ੍ਰੰਥ ਸਾਹਿਬ ਬਹੁਤ ਅੱਛਾ ਪੁਸਤਕ ਹੈ, ਹਮ ਸੱਚ ਕਹਤਾ ਹੈ ਕਿ ਜਬ ਹਮ ਈਸਾਈ ਦੀਨ ਕੋ ਛੋੜੇਗਾ ਤੋ ਸਿੱਖ ਹੋਨਾ ਪਸਿੰਦ ਕਰੇਗਾ। ਹੇ ਲੋਗੋ ਜੇ ਤੁਮ ਈਸਾਈ ਹੋਨਾਂ ਨਹੀਂ ਮਾਂਗਤੇ ਤਬ ਸਿੱਖ ਹੋ ਜਾਓ” ਇਸ ਬਾਤ ਨੂੰ ਸੁਨ ਕੇ ਬਹੁਤ ਸਾਰੇ ਸਾਦੇ (ਭੋਲੇ) ਸਿੱਖ ਭਰਮ ਕੇ ਉਨ੍ਹਾਂ ਦੇ ਮੱਤ ਵਿਚ ਫਸ ਕੇ ਆਖਨ ਲੱਗ ਜਾਂਦੇ ਹਨ ਕਿ “ਈਸਾ ਹੈ ਮੇਰੇ ਪ੍ਰਾਣ ਬਚਈਆ’ ਜਿਸ ਪਰ ਓਹ ਈਸਾਈ ਆਖਨ ਲੱਗ ਜਾਂਦੇ ਹਨ ਕਿ “ਬਾਬਾ ਨਾਨਕ ਇਕ ਇਨਸਾਨ ਥਾ ਜੋ ਗੁਨਾਹ ਤੇ ਬਰੀ ਨ ਥਾ, ਹਾਂ ਯਸੂ ਮਸੀਹ ਹੀ ਹਮਾਰੇ ਲੀਏ ਇਸ ਸੰਸਾਰ ਪਰ ਆਇਆ ਹੈ ਜੋ ਹਮੇਂ ਬਚਾਏਗਾ॥
ਦੂਸਰੇ ਮੁਸਲਮਾਨ ਆਖਦੇ ਹਨ ਕਿ ਬਾਬਾ ਨਾਨਕ ਕਾ ਮਜ਼ਹਬ ਬਹੁਤ ਅੱਛਾ ਥਾ, ਪਰੰਤੂ ਉਹ ਦੀਨ ਇਸਲਾਮ ਕੋ ਮਾਨਤੇ ਥੇ। ਇਸ ਬਾਤ ਨੂੰ ਸੁਨ ਕੇ ਸੈਂਕੜੇ ਅਕਲ ਦੇ ਪੂਰੇ ਸਿੱਖ ਉਨ੍ਹਾਂ ਵਿਚ ਜਾਇ ਧਸੇ ਹਨ॥
ਤੀਸਰਾ ਪੁਰਾਨਾਂ ਦੇ ਮੱਤ ਵਾਲੇ ਆਖਦੇ ਹਨ ਕਿ ਗੁਰੂ ਨੇ ਚੋਟੀ ਜੰਝੂ ਦੀ ਰੱਖ੍ਯਾ ਕੀਤੀ, ਜਿਸ ਪਰ ਉਹ ਸਾਡੇ ਹੀ ਮਤ ਵਾਲੇ ਸੇ, ਇਸ ਵਾਸਤੇ ਸਿੱਖਾਂ ਨੂੰ ਚਾਹੀਦਾ ਹੈ ਜੋ ਕੜੇ, ਕੱਛ, ਕਿਰਪਾਨ ਨੂੰ ਛੱਡ ਕੇ ਸਿਰ ਨੂੰ ਭੁੰਗੀਆਂ ਬੰਨ੍ਹਨ, ਜਿਸ ਤੇ ਹਜ਼ਾਰਾਂ ਸਿੱਖ ਉਨ੍ਹਾਂ ਦੇ ਕਾਬੂ ਆ ਕੇ ਦੁਰਦਿਸ਼ਾ ਨੂੰ ਪ੍ਰਾਪਤ ਹੋਇ ਰਹੇ ਹੈਂ॥
ਚੌਥਾ ਬ੍ਰਹਮੂ ਭਾਈਆਂ ਨੇ ਤਾਂ ਏਹੋ ਆਖਨਾ ਅਰੰਭ ਕੀਤਾ ਹੋਇਆ ਹੈ ਕਿ ਗੁਰੂ ਨਾਨਕ ਜੀ ਦਾ ਉਪਦੇਸ਼ ਹਮਾਰੇ ਵਾਸਤੇ ਸਭ ਸੇ ਅੱਛਾ ਹੈ, ਜਿਸ ਨੂੰ ਸੁਨ ਕੇ ਸਾਡੇ ਭਾਈ ਖੁਸ਼ ਹੋ ਕੇ ਉਨ੍ਹਾਂ ਵਿਚ ਜਾਇ ਕੇ ਵੱਡੇ-ਵੱਡੇ ਵਖ੍ਯਾਨ ਸੁਨਾਉਂਦੇ ਹਨ, ਜਿਸ ਦਾ ਫਲ ਇਹ ਹੁੰਦਾ ਹੈ ਕਿ ਕਈ ਸਿੱਖ ਉਨ੍ਹਾਂ ਵਿਚ ਫਸ ਕੇ ਸਿਰ ਦੀ ਸਫਾਈ ਕਰ ਦੇਂਦੇ ਹਨ ਅਰ ਆਖਦੇ ਹਨ ਕਿ ਸਿੱਖੀ ਕੇਸਾਂ ਵਿਚ ਨਹੀਂ ਹੈ
ਪੰਜਵੇਂ ਆਰਯਾ ਸਮਾਜੀ ਭਾਈ ਤਾਂ ਸਿੱਖਾਂ ਨੂੰ ਐਉਂ ਚੱਬ-ਚੱਬ ਲੰਘਾਈ ਜਾਂਦੇ ਹਨ, ਜਿਸ ਤਰ੍ਹਾਂ ਊਠ ਪਿੱਪਲ ਦੇ ਪੱਤਿਆਂ ਨੂੰ ਖਾਇ ਜਾਂਦਾ ਹੈ। ਇਨ੍ਹਾਂ ਨੇ ਸਿੱਖਾਂ ਨੂੰ ਫਾਹੁਨ ਦਾ ਇਹ ਢੰਗ ਰੱਖਯਾ ਹੈ ਜੋ ਅਪਨੇ ਸਮਾਜ ਦਾ ਸਕੱਤ੍ਰ ਤੇ ਉਪਦੇਸ਼ਕ ਸਿੱਖਾਂ ਨੂੰ ਹੀ ਬਨਾ ਰੱਖ੍ਯਾ ਹੈ, ਜਿਸ ਤੇ ਉਹ ਵਿਚਾਰੇ ਲਾਉਨੀਆਂ ਬਨਾਉਂਦੇ ਹਨ ਜਿਨ੍ਹਾਂ ਵਿਚ ਗੁਰੂਆਂ ਦੀ ਸੋਭਾ ਹੁੰਦੀ ਹੈ, ਜਿਸ ਨੂੰ ਸੁਨ ਕੇ ਸਿੱਖ ਖੁਸ਼ ਹੋ ਜਾਂਦੇ ਹਨ, ਪਰ ਉਨ੍ਹਾਂ ਵਿਚ ਅਪਨਾ ਮਤਲਬ ਇਹ ਕੱਢ ਲੈਂਦੇ ਹਨ ਕਿ ਵੇਦ ਦੀ ਆਗਿਆ ਨਾਲ ਗੁਰੂ ਨੇ ਹਵਨ ਕੀਤਾ ਅਰ ਗੁਰੂ ਨੇ ਪਵਿੱਤ੍ਰ ਹਿੰਦੂ ਧਰਮ ਪਿੱਛੇ ਕੁਰਬਾਨੀਆਂ ਕੀਤੀਆਂ। ਇਸ ਤਰ੍ਹਾਂ ਕਈ ਭਾਈ ਖਾਲਸਾ ਧਰਮ ਵੱਲੋਂ ਮੂੰਹ ਮੋੜ ਕੇ ਆਰਯਾ ਸਮਾਜੀ ਬਨ ਬੈਠੇ ਅਰ ਸੁਆਮੀ ਦਿਆਨੰਦ ਦੇ ਨਾਮ ਪਰ ਤਾਲੀਆਂ ਮਾਰਨ ਲੱਗ ਗਏ॥
ਪ੍ਯਾਰੇ ਪਾਠਕੋ ਤੁਸੀਂ ਦੇਖ ਸਕਦੇ ਹੋ ਜੋ ਇਹ ਪੰਚ ਅਗਨੀ ਤੁਹਾਨੂੰ ਕੇਹਾ ਜਲਾਇ ਰਹੀ ਹੈ ਅਰ ਤੁਹਾਨੂੰ ਹੌਲੀ-ਹੌਲੀ ਧਰਮ ਤੇ ਗਿਰਾਇ ਰਹੀ ਹੈ ਸੋ ਤੁਸੀਂ ਹੁਣ ਜਾਗੋ ਅਰ ਇਨ੍ਹਾਂ ਅੰਗੀਠਿਆਂ ਤੇ ਬਚੋ, ਜੋ ਤੁਹਾਨੂੰ ਭਸਮ ਕਰ ਰਹੇ ਹਨ ਜੇ ਤੁਸੀਂ ਸੁੱਤੇ ਰਹੇ ਤਾਂ ਯਾਦ ਰੱਖੋ ਜੋ ਬਰਫ ਦੇ ਢੇਲੇ ਸਮਾਨ ਖੁਰ-ਖੁਰ ਦੇ ਨਾਸ ਹੋ ਜਾਓਗੇ ਅਰ ਅਪਨੇ ਆਪ ਨੂੰ ਗੁਵਾ ਕੇ ਪਛਤਾਓਗੇ। ਆਸ਼ਾ ਹੈ ਜੋ ਧਰਮ ਦੇ ਸਨੇਹੀ ਇਸ ਬਾਤ ਵੱਲ ਜਰੂਰ ਧਿਆਨ ਦੇਨਗੇ॥

(ਖ਼ਾਲਸਾ ਅਖ਼ਬਾਰ ਲਾਹੌਰ, ੧੭ ਅਪ੍ਰੈਲ ੧੮੯੬, ਪੰਨਾ ੩-੪)

ਗਿਆਨੀ ਦਿੱਤ ਸਿੰਘ