
(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
ਸਾਡੇ ਦੇਸੀ ਭਾਈ ਇਸ ਬਾਤ ਪਰ ਵੱਡਾ ਜ਼ੋਰ ਦੇਂਦੇ ਹਨ ਕਿ ਕੌਮੀ ਉੱਨਤੀ ਦਾ ਪੱਕਾ ਸਾਧਨ ਪਰਸਪਰ ਮਿਲਾਪ ਹੈ, ਜਿਸ ਤੇ ਬਿਨਾਂ ਕੌਮ ਨਿਰਬਲ ਹੋ ਕੇ ਪੁਰਾਣੇ ਕੋਠੇ ਦੀ ਤਰ੍ਹਾਂ ਸਨੇ-ਸਨੇ ਆਪੇ ਗਿਰ ਜਾਂਦੀ ਹੈ, ਇਸ ਪਰ ਉਹ ਇਹ ਦ੍ਰਿਸ਼ਟਾਂਤ ਦੇਂਦੇ ਹਨ ਕਿ ਘਾਸ ਦਾ ਇਕ-ਇਕ ਤੀਲਾ ਕੁਛ ਭੀ ਸਮਰੱਥਾ ਨਹੀਂ ਰੱਖਦਾ, ਪਰੰਤੂ ਜਦ ਉਸ ਦੇ ਤਿਨਕਾਂ ਨੂੰ ਪਕੜ ਕੇ ਰੱਸਾ ਵੱਟ ਲਈਏ ਤਦ ਉਸ ਵਿਚ ਅਜੇਹੀ ਸਮਰੱਥਾ ਹੋ ਜਾਂਦੀ ਹੈ ਜੋ ਮੱਤੇ ਹੋਏ ਹਾਥੀ ਨੂੰ ਬੰਨ੍ਹ ਕੇ ਬਠਾਲ ਸਕਦਾ ਹੈ। ਇਸੀ ਪ੍ਰਕਾਰ ਕੌਮ ਦਾ ਇਕ-ਇਕ ਆਦਮੀ ਕੁਝ ਭੀ ਕਾਰਜ ਨਹੀਂ ਕਰ ਸਕਦਾ, ਪਰੰਤੂ ਓਹੀ ਜਦ ਮਿਲ ਕੇ ਇਕ ਗ੍ਰੋਹ ਹੋ ਜਾਂਦਾ ਹੈ ਤਦ ਵੱਡੀਆਂ-ਵੱਡੀਆਂ ਮੁਸ਼ਕਲ ਕਾਰਵਾਈਆਂ ਨੂੰ ਭੀ ਆਸਾਨ ਕਰਨੇ ਦੀ ਸਮਰੱਥਾ ਵਾਲਾ ਹੋ ਜਾਂਦਾ ਹੈ
ਅਸੀਂ ਇਸ ਬਾਤ ਨੂੰ ਮੰਨਦੇ ਹਾਂ ਕਿ ਇਹ ਦ੍ਰਿਸ਼ਟਾਂਤ ਠੀਕ ਹਨ, ਪਰੰਤੂ ਨਾਲ ਅਸੀਂ ਇਤਨਾ ਹੋਰ ਆਖਦੇ ਹਾਂ ਕਿ ਪਰਸਪਰ ਮਿਲਾਪ ਉਤਨਾ ਚਿਰ ਨਹੀਂ ਹੋ ਸਕਦਾ ਜਿਤਨਾ ਚਿਰ ਧਰਮ ਨਾਲ ਪੁਰਖ ਦਾ ਸੰਬੰਧ ਨਹੀਂ ਹੁੰਦਾ। ਦੂਸਰਾ ਅਸੀਂ ਇਹ ਭੀ ਜਾਨਦੇ ਹਾਂ ਕਿ ਪਰਸਪਰ ਮਿਲਾਪ ਭੀ ਧਰਮ ਦੇ ਨਾ ਹੋਨ ਕਰਕੇ ਕੁਝ ਕਾਰਜ ਨਹੀਂ ਕਰ ਸਕਦਾ ਅਤੇ ਧਰਮ ਦਾ ਭਾਵ ਰਿਦੇ ਵਿਚ ਹੋਇਆਂ ਤੇ ਪਰਸਪਰ ਅਤਯੰਤ ਵਿਰੋਧ ਭੀ ਕੁਝ ਵਿਗਾੜ ਨਹੀਂ ਪਾਉਂਦਾ॥
ਜਿਸ ਪ੍ਰਕਾਰ ਮੁਸਲਮਾਨਾਂ ਵਿਚ ਬਹੁਤ ਫਿਰਕੇ ਹਨ ਜਿਨ੍ਹਾਂ ਵਿੱਚੋਂ ਦੋ ਮਸ਼ਹੂਰ ਹਨ, ਇਕ ਦਾ ਨਾਉਂ ਸ਼ੀਆ ਅਤੇ ਦੂਜੇ ਨੂੰ ਸੁੰਨੀ ਸੱਦਦੇ ਹਨ, ਪਰੰਤੂ ਇਨ੍ਹਾਂ ਦੀ ਆਪਸ ਵਿਚ ਅਜੇਹੀ ਦੁਸ਼ਮਨੀ ਪ੍ਰਸਿੱਧ ਹੈ ਜੋ ਇਕ ਅਖ਼ਬਾਰ ਵਿਚ ਅਸੀਂ ਪੜ੍ਹਿਆ ਸੀ ਕਿ ਸੁੰਨੀਆਂ ਦੀ ਮਸੀਤ ਵਿਚ ਇਕ ਸ਼ੀਆ ਨਮਾਜ਼ ਪੜ੍ਹਦਾ ਮਾਲੂਮ ਹੋਇਆ, ਜਿਸ ਪਰ ਉਨ੍ਹਾਂ ਉਸ ਨੂੰ ਮਾਰ ਕੇ ਉਸ ਦਾ ਲੌਹੂ ਪੀਤਾ ਅਰ ਇਸੀ ਤਰ੍ਹਾਂ ਤਾਜ਼ੀਆਂ ਦੇ ਦਿਨਾਂ ਵਿਚ ਇਨ੍ਹਾਂ ਦੀਆਂ ਆਪਸ ਵਿਚ ਵੱਡੀਆਂ-ਵੱਡੀਆਂ ਭਾਰੀ ਲੜਾਈਆਂ ਹੁੰਦੀਆਂ ਸਨ ਜਿਸ ਵਿਚ ਸੈਂਕੜੇ ਆਦਮੀ ਮਾਰੇ ਜਾਂਦੇ ਸੇ ਕਿੰਤੂ ਇਨ੍ਹਾਂ ਫਿਰਕਿਆਂ ਦਾ ਭਾਵੇਂ ਆਪਸ ਵਿਚ ਵਿਰੋਧ ਭੀ ਹੈ, ਪਰੰਤੂ ਇਨ੍ਹਾਂ ਦਾ ਮੁਸਲਮਾਨੀ ਧਰਮ ਨਾਲ ਪ੍ਯਾਰ ਹੋਣ ਤੇ ਇਨ੍ਹਾਂ ਦੀ ਸਮਰੱਥਾ ਨੂੰ ਕੁਝ ਭੀ ਨੁਕਸਾਨ ਨਹੀਂ ਪਹੁੰਚਿਆ ਜਿਸ ਤੇ ਇਹ ਕੌਮ ਸਦਾ ਹੀ ਉੱਨਤੀ ਕਰ ਰਹੀ ਹੈ॥
ਫੇਰ ਜਦ ਈਸਾਈਆਂ ਵੱਲ ਦੇਖਦੇ ਹਾਂ ਤਦ ਇਨ੍ਹਾਂ ਦੇ ਭੀ ਕਈ ਫਿਰਕੇ ਪਾਉਂਦੇ ਹਾਂ ਜਿਨ੍ਹਾਂ ਵਿੱਚੋਂ ਰੋਮਨ ਕੈਥਲਕ ਅਤੇ ਪਰੋਟਸਟੰਟ ਦੋ ਵੱਡੇ ਭਾਰੇ ਫਿਰਕੇ ਹਨ ਜਿਨ੍ਹਾਂ ਵਿਚ ਆਪਸ ਦੀ ਅਜੇਹੀ ਵੱਡੀ ਭਾਰੀ ਦੁਸ਼ਮਨੀ ਹੈ ਜੋ ਇਕ ਜਗਾ ਪਰ ਪ੍ਰਾਰਥਨਾ ਭੀ ਨਹੀਂ ਕਰ ਸਕਦੇ। ਰੋਮਨ ਕੈਥਲਕਾਂ ਦੇ ਗਿਰਜੇ ਜੁਦੇ ਅਤੇ ਦੂਜਿਆਂ ਦੇ ਜੁਦੇ ਹਨ, ਪਰੰਤੂ ਈਸਾਈ ਮਤ ਨਾਲ ਇਨ੍ਹਾਂ ਸਭਨਾਂ ਦਾ ਪ੍ਰੇਮ ਹੋਨੇ ਕਰਕੇ ਈਸਾਈ ਕੌਮ ਨੂੰ ਉਨ੍ਹਾਂ ਦੇ ਵਿਰੋਧ ਤੇ ਕੁਝ ਨੁਕਸਾਨ ਨਹੀਂ ਪਹੁੰਚਦਾ॥
ਇਸੀ ਪ੍ਰਕਾਰ ਸਾਡੇ ਸਿੰਘ ਭਾਈ ਸਾਨੂੰ ਇਹ ਆਖਦੇ ਹਨ ਕਿ ਖਾਲਸਾ ਕੌਮ ਦੀ ਉੱਨਤੀ ਉਤਨਾ ਚਿਰ ਨਹੀਂ ਹੋਵੇਗੀ ਜਿਤਨਾ ਚਿਰ ਉਨ੍ਹਾਂ ਦੀ ਆਪਸ ਵਿਚ ਪ੍ਰੀਤੀ ਨਹੀਂ ਹੁੰਦੀ, ਇਸ ਦਾ ਉੱਤ੍ਰ ਅਸੀਂ ਅਪਨੇ ਭਾਈਆਂ ਨੂੰ ਏਹੋ ਦੇਂਦੇ ਹਾਂ ਕਿ ਜੇ ਤੁਸੀਂ ਇਕ ਦੂਜੇ ਨਾਲ ਪ੍ਯਾਰ ਨਹੀਂ ਕਰ ਸਕਦੇ ਤਾਂ ਤੁਸੀਂ ਪ੍ਰੇਮ ਕਰੋ ਖਾਲਸਾ ਧਰਮ ਨਾਲ, ਜਿਸ ਤੇ ਆਪਸ ਦਾ ਵਿਰੋਧ ਹੋਇਆਂ ਭੀ ਧਾਰਮਿਕ ਸਨੇਹ ਕਰਕੇ ਖਾਲਸਾ ਕੌਮ ਸੰਸਾਰ ਪਰ ਅਟੱਲ ਰਹਿ ਸਕਦੀ ਹੈ॥
ਅਸੀਂ ਆਸ਼ਾ ਰੱਖਦੇ ਹਾਂ ਜੋ ਸਾਡੇ ਕੌਮ ਹਿਤੈਸ਼ੀ ਭਾਈ ਸਾਡੀ ਇਸ ਪ੍ਰਾਰਥਨਾ ਨੂੰ ਅੰਗੀਕਾਰ ਕਰਕੇ ਦਸਮ ਗੁਰੂ ਜੀ ਦੇ ਸੱਚੇ ਧਰਮ ਨਾਲ ਦਿਲੋਂ ਪਿਆਰ ਕਰਨਗੇ।
(ਖ਼ਾਲਸਾ ਅਖ਼ਬਾਰ ਲਾਹੌਰ, ੩ ਅਪ੍ਰੈਲ ੧੮੯੬, ਪੰਨਾ ੩)
ਗਿਆਨੀ ਦਿੱਤ ਸਿੰਘ