ਖਾਲਸੇ ਦੀ ਸਾਜਨਾ ਨਾਲ ਜਿੱਥੇ ਸਮੁੱਚੀ ਸਿੱਖ ਕੌਮ ਵਿਚ ਰਾਸ਼ਟਰੀ ਪੱਧਰ ਦੀ ਇਕਰੂਪਤਾ ਨਿਸਚਿਤ ਹੋ ਗਈ ਸੀ ਉੱਥੇ ਉਹ ਇਕ ਮਰਯਾਦਾ ਤਹਿਤ ਹਥਿਆਰਬੰਦ ਵੀ ਹੋ ਗਈ ਸੀ। ਇਸ ਸਭ ਕੁਝ ਦੇ ਨਾਲ ਖਾਲਸਾ ਭਾਈਚਾਰੇ ਵਿੱਚੋਂ ਜਾਤ-ਪਾਤ ਬਿਲਕੁਲ ਖਤਮ ਹੋ ਗਈ ਸੀ। ਖਾਲਸੇ ਦੀ ਸਾਜਨਾ ਅਸਲ ਵਿਚ ਜ਼ੁਲਮ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਸੰਘਰਸ਼ ਦਾ ਇਕ ਐਲਾਨ ਸੀ । ਇਸ ਜ਼ੁਲਮ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨਾਲ ਅਨੇਕਾਂ ਯੁੱਧ ਕਰਨੇ ਪਏ। ਖਾਲਸੇ ਦੀ ਸਾਜਨਾ ਤੋਂ ਬਾਅਦ ਗੁਰੂ ਸਾਹਿਬ ਵੱਲੋਂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨਾਲ ਹੇਠ ਲਿਖੀਆਂ ਲੜਾਈਆਂ ਲੜੀਆਂ ਗਈਆਂ ਜਿਨਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ:
੧.ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ (੧੭੦੧ ਈ:) ਖਾਲਸਾ ਸਾਜਨਾ ਦੇ ਲੱਗਭਗ ਦੋ ਵਰ੍ਹੇ ਪਿੱਛੋ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਵਿਰੁੱਧ ਸ਼ਸਤਰ ਚੁੱਕਣੇ ਪਏ। ਖਾਲਸੇ ਦੀ ਸਥਾਪਨਾ ਨਾਲ ਪਹਾੜੀ ਰਾਜੇ ਘਬਰਾ ਗਏ ਸਨ। ਉਹ ਗੁਰੂ ਸਾਹਿਬ ਦੀ ਸਿੱਖਾਂ ਵਿਚ ਵਧ ਰਹੀ ਲੋਕ-ਪ੍ਰਿਯਤਾ ਅਤੇ ਉਨਾਂ ਦੀਆਂ ਸੈਨਿਕ ਕਾਰਵਾਈਆਂ ਨੂੰ ਆਪਣੇ ਰਾਜ ਲਈ ਖ਼ਤਰਾ ਸਮਝਣ ਲੱਗ ਪਏ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਆਪਣੇ ਦੂਤ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਛੱਡ ਦੇਣ ਲਈ ਪੱਤਰ ਭੇਜਿਆ ਜੋ ਗੁਰੂ ਜੀ ਨੇ ਅਸਵੀਕਾਰ ਕਰ ਦਿੱਤਾ। ਰਾਜਾ ਭੀਮ ਚੰਦ ਅਤੇ ਕੁਝ ਹੋਰ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ੧੭੦੧ ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਚੌਹੀਂ ਪਾਸੀ ਘੇਰਾ ਪਾ ਲਿਆ ਅਤੇ ਕਿਲ੍ਹੇ ਅੰਦਰ ਰਸਦ ਪਹੁੰਚਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਗੁਰੂ ਜੀ ਨੇ ਸਿੱਖਾਂ ਦੀ ਘੱਟ ਗਿਣਤੀ ਦੇ ਹੁੰਦਿਆਂ ਹੋਇਆਂ ਵੀ ਕਿਲ੍ਹੇ ਦੇ ਅੰਦਰੋਂ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ।
ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਬੜੀ ਬਹਾਦਰੀ ਦਾ ਸਬੂਤ ਦਿੱਤਾ ਅਤੇ ਵੈਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਪਹਾੜੀ ਰਾਜਿਆਂ ਨੂੰ ਜਦੋਂ ਸਫਲਤਾ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਲੜਾਈ ਬੰਦ ਕਰ ਕੇ ਗੁਰੂ ਜੀ ਨਾਲ ਸਮਝੌਤਾ ਕਰ ਲਿਆ ਅਤੇ ਵਚਨ ਦਿੱਤਾ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਦੇਣ ਤਾਂ ਉਹ ਗੁਰੂ ਜੀ ਨਾਲ ਮਿੱਤਰਤਾ ਪੂਰਨ ਸੰਬੰਧ ਕਾਇਮ ਕਰ ਲੈਣਗੇ। ਗੁਰੂ ਸਾਹਿਬ ਸ਼ੁਰੂ ਤੋਂ ਹੀ ਪਹਾੜੀ ਰਾਜਿਆਂ ਨਾਲ ਲੜਾਈ ਕਰਨ ਦੇ ਹੱਕ ਵਿਚ ਨਹੀਂ ਸਨ। ਇਸ ਲਈ ਗੁਰੂ ਜੀ ਨੇ ਸਮਝੌਤੇ ਦੀ ਸ਼ਰਤ ਨੂੰ ਮੰਨ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਕੀਰਤਪੁਰ ਸਾਹਿਬ ਤੋਂ ਲੱਗਭਗ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਨਿਰਮੋਹ ਨਾਮੀ ਪਿੰਡ ਵਿਚ ਚਲੇ ਗਏ।
੨. ਨਿਰਮੋਹ ਦੀ ਲੜਾਈ (੧੭੦੨ ਈ):- ਜਦੋਂ ਗੁਰੂ ਜੀ ਨਿਰਮੋਹ ਚਲੇ ਗਏ ਤਾਂ ਸਿੱਖਾਂ ਦੀਆਂ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨਾਲ ਝੜਪਾਂ ਹੋਣ ਲੱਗੀਆਂ । ਸਿੱਖਾਂ ਤੋਂ ਭੈ ਭੀਤ ਹੋ ਕੇ ਨਿਰਮੋਹ ਦੇ ਆਲੇ-ਦੁਆਲੇ ਦੇ ਬਹੁਤ ਸਾਰੇ ਪੇਂਡੂ ਲੋਕ ਆਪਣੇ ਘਰਾਂ ਨੂੰ ਛੱਡ ਕੇ ਦੂਜੇ ਪਿੰਡਾਂ ਜਾਂ ਜੰਗਲਾਂ ਵਿਚ ਚਲੇ ਗਏ। ਰਾਜਾ ਭੀਮ ਚੰਦ ਸਮਝਦਾ ਸੀ ਕਿ ਉਸ ਲਈ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨਾ ਅਸੰਭਵ ਹੈ। ਇਸ ਲਈ ਉਸ ਨੇ ਮੁਗ਼ਲ ਸਰਕਾਰ ਅੱਗੇ ਸਹਾਇਤਾ ਲਈ ਬੇਨਤੀ ਕੀਤੀ। ਸਰਹਿੰਦ ਦੇ ਫੌਜਦਾਰ ਦੀ ਅਗਵਾਈ ਹੇਠ ਮੁਗ਼ਲ ਸੈਨਾ ਇਕੱਠੀ ਹੋਈ ੧੭੦੨ ਈ: ਨੂੰ ਇਕ ਪਾਸਿਓਂ ਭੀਮ ਚੰਦ ਦੀ ਸੈਨਾ ਅਤੇ ਦੂਜੇ ਪਾਸਿਓਂ ਮੁਗ਼ਲ ਸੈਨਾ ਨੇ ਹਮਲਾ ਕਰ ਦਿੱਤਾ। ਸਿੱਖਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਉਨ੍ਹਾਂ ਨੂੰ ਭੱਜ ਜਾਣ ਲਈ ਮਜਬੂਰ ਕਰ ਦਿੱਤਾ।
ਹੁਣ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਸਹਿਤ ਨਿਰਮੋਹ ਨੂੰ ਛੱਡ ਕੇ ਸਤਲੁਜ ਪਾਰ ਕਰ ਕੇ ਬਸੋਲੀ ਵੱਲ ਜਾਣ ਦਾ ਨਿਸਚਾ ਕੀਤਾ ਪਰੰਤੂ ਸਿੱਖਾਂ ਨੇ ਅਜੇ ਨਦੀ ਨੂੰ ਪਾਰ ਵੀ ਨਹੀਂ ਸੀ ਕੀਤਾ ਕਿ ਵੈਰੀਆਂ ਦੀਆਂ ਸੈਨਾਵਾਂ ਨੇ ਫਿਰ ਉਨ੍ਹਾਂ ‘ਤੇ ਧਾਵਾ ਬੋਲ ਦਿੱਤਾ ਸਤਲੁਜ ਦੇ ਕੰਢੇ ੩-੪ ਘੰਟੇ ਤਕ ਘਮਸਾਨ ਦੀ ਲੜਾਈ ਹੋਈ ਜਿਸ ਵਿਚ ਸਿੱਖ ਜੇਤੂ ਹੋਏ।
੩. ਬਸੋਲੀ ਦੀ ਲੜਾਈ (੧੭੦੨ ਈ):- ਸਤਲੁਜ ਨਦੀ ਪਾਰ ਕਰ ਕੇ ਗੁਰੂ
ਸਾਹਿਬ ਅਤੇ ਉਨ੍ਹਾਂ ਦੇ ਸਿੱਖ ਬਸੋਲੀ ਵਿਖੇ ਚਲੇ ਗਏ ਰਾਜਾ ਭੀਮ ਚੰਦ ਨੇ ਗੁਰੂ ਸਾਹਿਬ ਦਾ ਪਿੱਛਾ ਕਰਨ ਲਈ ਬਸੋਲੀ ਵੱਲ ਸੈਨਾ ਭੇਜੀ ਪਰੰਤੂ ਸਿੱਖਾਂ ਨੇ ਇਸ ਸੈਨਾ ਨੂੰ ਹਰਾ ਕੇ ਭਜਾ ਦਿੱਤਾ ਅਤੇ ਭੀਮ ਚੰਦ ਦੇ ਇਲਾਕਿਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਦੀ ਇਸ ਜਿੱਤ ਨਾਲ ਭੀਮ ਚੰਦ ਬਹੁਤ ਡਰ ਗਿਆ ਅਤੇ ਉਸ ਨੇ ਇਨ੍ਹਾਂ ਹਾਲਤਾਂ ਵਿਚ ਗੁਰੂ ਜੀ ਨਾਲ ਸੰਧੀ ਕਰਨ ਵਿਚ ਸਿਆਣਪ ਸਮਝੀ। ਇਹ ਸੰਧੀ ੧੭੦੨ ਈ: ਦੇ ਮੱਧ ਵਿਚ ਹੋਈ ਅਤੇ ਇਸ ਦੇ ਫਲਸਰੂਪ ਗੁਰੂ ਜੀ ਫਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ।
੪. ਸ੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ (੧੭੦੪ ਈ):- ਗੁਰੂ ਸਾਹਿਬ ਦੀ ਵਧਦੀ ਹੋਈ ਸ਼ਕਤੀ ਨੂੰ ਵੇਖ ਕੇ ਪਹਾੜੀ ਰਾਜੇ ਫਿਰ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਗੁਰੂ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡ ਜਾਣ ਲਈ ਕਿਹਾ। ਗੁਰੂ ਸਾਹਿਬ ਨੇ ਬਿਨ੍ਹਾਂ ਉੱਤਰ ਦਿੱਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਰੱਖਿਆ-ਪ੍ਰਬੰਧ ਮਜ਼ਬੂਤ ਕਰਨੇ ਅਰੰਭ ਕਰ ਦਿੱਤੇ ਪਰੰਤੂ ਪਹਾੜੀ ਰਾਜਿਆਂ ਦੀਆਂ ਮਿਲਵੀਆਂ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਉੱਤੇ ਹਮਲਾ ਕਰ ਦਿੱਤਾ । ਗੁਰੂ ਸਾਹਿਬ ਨੇ ਬਹਾਦਰ ਸਿੱਖਾਂ ਦੀ ਸਹਾਇਤਾ ਨਾਲ ਇਕ ਵਾਰੀ ਫੇਰ ਵੈਰੀਆਂ ਨੂੰ ਭਾਂਜ ਦਿੱਤੀ ਅਤੇ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ।
ਹੁਣ ਭੀਮ ਚੰਦ ਤੇ ਪਹਾੜੀ ਰਾਜਿਆਂ ਨੇ ਮੁਗ਼ਲ ਸਰਕਾਰ ਤੋਂ ਸਹਾਇਤਾ ਮੰਗੀ ਔਰੰਗਜ਼ੇਬ ਨੇ ਝੱਟ ਹੀ ਲਾਹੌਰ ਦੇ ਸੂਬੇਦਾਰ ਤੇ ਸਰਹਿੰਦ ਦੇ ਫੌਜਦਾਰ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਪਹਾੜੀ ਰਾਜਿਆਂ ਦੀ ਸਹਾਇਤਾ ਕਰਨ ਦਾ ਹੁਕਮ ਭੇਜਿਆ। ਸਰਹਿੰਦ ਦੇ ਫੌਜਦਾਰ ਵਜੀਰ ਖਾਂ ਦੀ ਅਗਵਾਈ ਹੇਠ ਵਿਸ਼ਾਲ ਮੁਗ਼ਲ ਸੈਨਾ ਇਕੱਠੀ ਕੀਤੀ ਗਈ। ਇਸ ਵਿਸ਼ਾਲ ਤੇ ਸ਼ਕਤੀਸ਼ਾਲੀ ਸੈਨਾ ਨੇ ਸ੍ਰੀ ਅਨੰਦਪੁਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ। ਸਿੱਖਾਂ ਨੇ ਕਿਲ੍ਹੇ ਅੰਦਰੋਂ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹਮਲਾਵਾਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੌਹਾਂ ਪਾਸਿਉਂ ਘੇਰ ਲਿਆ ਅਤੇ ਕਿਲ੍ਹੇ ਵਿਚ ਜਾਣ ਅਤੇ ਆਉਣ ਦੇ ਸਾਰੇ ਰਸਤੇ ਰੋਕ ਲਏ। ਕਿਲ੍ਹੇ ਅੰਦਰ ਰਸਦ ਦੀ ਥੁੜ ਹੋਣ ਕਾਰਨ ਸਿੱਖਾਂ ਲਈ ਜਿਆਦਾ ਸਮੇਂ ਤਕ ਯੁੱਧ ਜਾਰੀ ਰੱਖਣਾ ਸੰਭਵ ਨਹੀਂ ਸੀ। ਕਈਆਂ ਸਿੱਖਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਹਾਰ ਮੰਨ ਕੇ ਕਿਲ੍ਹਾ ਛੱਡ ਦੇਣਾ ਚਾਹੀਦਾ ਹੈ, ਪਰ ਗੁਰੂ ਸਾਹਿਬ ਨਾ ਮੰਨੇ। ਇਸ ਉਪਰੰਤ ਚਾਲ੍ਹੀ ਸਿੱਖ ਬੇਦਾਵਾ ਲਿਖ ਗੁਰੂ ਸਾਹਿਬ ਦਾ ਸਾਥ ਛੱਡ ਗਏ। ਜਦ ਕਿਲ੍ਹੇ ਅੰਦਰ ਸਿੱਖ ਭੁੱਖ-ਤ੍ਰੇਹ ਨਾਲ ਤੜਫਨ ਲੱਗੇ ਤਾਂ ਗੁਰੂ ਸਾਹਿਬ ਨੇ ਮਜਬੂਰ ਹੋ ਕੇ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਇਹ ਇਕ ਠੰਡੀ ਹਨ੍ਹੇਰੀ ਅਤੇ ਵਰਖਾ ਦੀ ਰਾਤ ਸੀ ਜਦੋਂ ਗੁਰੂ ਸਾਹਿਬ ਨੇ ਆਪਣੇ ਪਰਵਾਰ ਅਤੇ ਲਗਭਗ ੧੫੦੦ ਸਿੱਖਾਂ ਸਹਿਤ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ।
੫. ਸ਼ਾਹੀ ਟਿੱਬੀ ਦੀ ਲੜਾਈ: ਜਿਉਂ ਹੀ ਦੁਸ਼ਮਣਾਂ ਨੂੰ ਪਤਾ ਲੱਗਾ ਕਿ ਗੁਰੂ ਜੀ
ਰਾਤ ਦੇ ਹਨ੍ਹੇਰੇ ਵਿਚ ਕਿਲ੍ਹਾ ਖਾਲੀ ਕਰ ਗਏ ਹਨ ਤਾਂ ਉਨ੍ਹਾਂ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸਿੱਖਾਂ ਦਾ ਪਿੱਛਾ ਕੀਤਾ। ਗੁਰੂ ਜੀ ਭਾਈ ਉਦੇ ਸਿੰਘ ਜੀ ਦੀ ਅਗਵਾਈ ਹੇਠ ੫੦ ਸਿੱਖਾਂ ਦੇ ਜਥੇ ਨੂੰ ਵੈਰੀਆਂ ਨੂੰ ਰੋਕਣ ਦਾ ਕੰਮ ਸੌਂਪਿਆ ਸ਼ਾਹੀ ਟਿੱਬੀ ਨਾਮੀ ਥਾਂ ‘ਤੇ ਭਾਈ ਉਦੇ ਸਿੰਘ ਨੇ ਆਪਣੇ ਮੁੱਠੀ ਭਰ ਸੈਨਿਕਾਂ ਸਹਿਤ ਵੈਰੀਆਂ ਦੀ ਵਿਸ਼ਾਲ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਵੈਰੀਆਂ ਦੇ ਸੈਂਕੜੇ ਹੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰੰਤੂ ਉਦੇ ਸਿੰਘ ਸਮੇਤ ਸਾਰੇ ੫੦ ਸਿੱਖ ਇਸ ਲੜਾਈ ਵਿਚ ਸ਼ਹੀਦੀ ਪਾ ਗਏ।
੬. ਸਰਸਾ ਦੀ ਲੜਾਈ:- ਜਦੋਂ ਗੁਰੂ ਜੀ ਤੇ ਉਨ੍ਹਾਂ ਦੇ ਸਾਥੀ ਸਰਸਾ ਨਦੀ ‘ਤੇ
ਪਹੁੰਚੇ ਤਾਂ ਉਨ੍ਹਾਂ ਨੂੰ ਸਮਾਚਾਰ ਮਿਲਿਆ ਕਿ ਦੁਸ਼ਮਣ ਸੈਨਾ ਉਨ੍ਹਾਂ ਦਾ ਪਿੱਛਾ ਕਰਨ ਲਈ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤਾਂ ਉਨ੍ਹਾਂ ਦੇ ਉੱਘੇ ਸਿੱਖ ਭਾਈ ਜੀਵਨ ਸਿੰਘ (ਜਿਸ ਦਾ ਪਹਿਲਾ ਨਾਮ ਜੈਤਾ ਸੀ ਅਤੇ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਚੱਕ ਨਾਨਕੀ ਲਿਆਇਆ ਸੀ) ਨੂੰ ੧੦੦ ਸਿੱਖਾਂ ਸਹਿਤ ਵੈਰੀਆਂ ਦੀ ਸੈਨਾ ਨੂੰ ਰੋਕਣ ਦਾ ਹੁਕਮ ਦਿੱਤਾ। ਇਨ੍ਹਾਂ ੧੦੦ ਸਿੱਖਾਂ ਨੇ ਸਰਸਾ ਨਦੀ ਦੇ ਕੰਢੇ ਭਾਈ ਜੀਵਨ ਸਿੰਘ ਦੀ ਅਗਵਾਈ ਹੇਠ ਵੈਰੀਆਂ ਨਾਲ ਯੁੱਧ ਕੀਤਾ ਜਿਸ ਵਿਚ ਉਨ੍ਹਾਂ ਵੈਰੀਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਸਾਰੇ ਦੇ ਸਾਰੇ ਸਿੱਖਾਂ ਨੇ ਆਪਣੇ ਜੀਵਨ ਕੁਰਬਾਨ ਕਰ ਦਿੱਤੇ। ਉਸ ਸਮੇਂ ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸੈਂਕੜੇ ਸਿੱਖ ਘੋੜਿਆਂ ਸਮੇਤ ਦਰਿਆ ਵਿਚ ਕੁੱਦ ਪਏ। ਇਸ ਭੱਜ-ਦੌੜ ਵਿਚ ਬਹੁਤ ਸਾਰੇ ਸਿੱਖ ਦਰਿਆ ਵਿਚ ਡੁੱਬ ਗਏ। ਬੜਾ ਹੀ ਅਨਮੋਲ ਸਿੱਖ ਸਾਹਿਤ ਵੀ ਨਦੀ ਵਿਚ ਰੁੜ ਗਿਆ ਤੇ ਹਮੇਸ਼ਾਂ ਲਈ ਖਤਮ ਹੋ ਗਿਆ ਅਤੇ ਗੁਰੂ ਸਾਹਿਬ ਦੇ ਪਰਵਾਰ ਦੇ ਜੀਅ ਵੀ ਉਨ੍ਹਾਂ ਤੋਂ ਵਿੱਛੜ ਗਏ।
੭. ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ:- ਸਰਸਾ ਨਦੀ ਪਾਰ
ਕਰਦੇ ਸਮੇਂ ਭੱਜ-ਦੌੜ ਮੱਚ ਜਾਣ ਕਾਰਨ ਗੁਰੂ ਸਾਹਿਬ ਜੀ ਦੀ ਮਾਤਾ, ਮਾਤਾ ਗੁਜਰੀ ਜੀ ਅਤੇ ਉਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਨ੍ਹਾਂ ਤੋਂ ਨਿਖੜ ਗਏ। ਇਹ ਤਿੰਨੋ ਸਹੇੜੀ ਨਾਮੀ ਪਿੰਡ ਵਿਚ ਚਲੇ ਗਏ ਜਿੱਥੇ ਪਰਵਾਰ ਦੇ ਪੁਰਾਣੇ ਨੌਕਰ ਗੰਗੂ ਦੇ ਵਿਸ਼ਵਾਸਘਾਤ ਦੇ ਕਾਰਨ ਉਨ੍ਹਾਂ ਨੂੰ ਮੋਰਿੰਡਾ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ। ਕੋਤਵਾਲ ਨੇ ਉਨ੍ਹਾਂ ਨੂੰ ਸਰਹਿੰਦ ਭੇਜ ਦਿੱਤਾ।
ਸਰਹਿੰਦ ਦੇ ਫੌਜਦਾਰ ਵਜੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਅਤੇ ਇਨਕਾਰ ਕਰ ਦੇਣ ਕਰਕੇ ਬੜੀ ਨਿਰਦੈਤਾ ਨਾਲ ਉਨ੍ਹਾਂ ਨੂੰ ਜੀਉਂਦਿਆਂ ਹੀ ਦੀਵਾਰਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਦੇ ਦੁੱਖ ਕਾਰਨ ਆਪਣੇ ਪ੍ਰਾਣ ਤਿਆਗ ਦਿੱਤੇ।
੮. ਚਮਕੌਰ ਸਾਹਿਬ ਦੀ ਲੜਾਈ (੧੭੦੪ ਈ) :- ਸਰਸਾ ਨਦੀ ਨੂੰ ਪਾਰ
ਕਰਨ ਪਿੱਛੋਂ ਗੁਰੂ ਸਾਹਿਬ ਆਪਣੇ ਕੁਝ ਸਿੱਖਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਮੇਤ ਕੋਟਲਾ ਨਿਹੰਗ ਖਾਂ ਵਿਚ ਉਸ ਜ਼ਿਮੀਂਦਾਰ ਨਿਹੰਗ ਖਾਂ ਦੇ ਘਰ ਠਹਿਰੇ ਜੋ ਸਿੱਖ ਗੁਰੂ ਸਾਹਿਬਾਨ ਦਾ ਸ਼ਰਧਾਲੂ ਸੀ।
ਕੋਟਲਾ ਨਿਹੰਗ ਖਾਂ ਤੋਂ ਗੁਰੂ ਜੀ ਚਮਕੌਰ ਦੀ ਗੜ੍ਹੀ ਵੱਲ ਵਧੇ। ਵੈਰੀਆਂ ਦੀ ਫੌਜ ਵੀ ਚਮਕੌਰ ਸਾਹਿਬ ਆ ਪਹੁੰਚੀ। ਇਸ ਸਮੇਂ ਗੁਰੂ ਜੀ ਨਾਲ ਕੇਵਲ ੪੦ ਸਿੱਖ ਸਨ।
ਜਿਨ੍ਹਾਂ ਨੇ ਅਦਭੁਤ ਦਲੇਰੀ ਤੇ ਬਹਾਦਰੀ ਨਾਲ ਵੈਰੀਆਂ ਦਾ ਮੁਕਾਬਲਾ ਕੀਤਾ ਜੋ ਹਜ਼ਾਰਾਂ ਦੀ ਗਿਣਤੀ ਵਿਚ ਸਨ। ਇਤਿਹਾਸਕਾਰ ਲਤੀਫ ਲਿਖਦਾ ਹੈ ” ਗੁਰੂ ਸਾਹਿਬ ਆਪ ਬੜੀ ਬਹਾਦਰੀ ਨਾਲ ਲੜੇ ਅਤੇ ਉਨ੍ਹਾਂ ਨੇ ਆਪਣੇ ਹੱਥੀਂ ਸ਼ਾਹੀ ਸੈਨਾ ਦੇ ਸੈਨਾਪਤੀ ਨਾਹਰ ਖਾਂ ਨੂੰ ਮਾਰ ਦਿੱਤਾ ਅਤੇ ਇਕ ਹੋਰ ਸੈਨਾ ਨਾਇਕ ਖਵਾਜਾ ਮੁਹੰਮਦ ਨੂੰ ਘਾਇਲ ਕਰ ਦਿੱਤਾ”। ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਇਸ ਲੜਾਈ ਵਿਚ ਆਪਣੀ ਅਤੁਲ ਬਹਾਦਰੀ ਦਾ ਸਬੂਤ ਦਿੱਤਾ ਅਤੇ ਵੈਰੀਆਂ ਦੇ ਕਈ ਸੈਨਿਕਾਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਵੀ ਲੜਦੇ ਹੋਏ ਇਸ ਲੜਾਈ ਵਿਚ ਸ਼ਹੀਦ ਹੋ ਗਏ। ਅੰਤ ੪੦ ਸਿੱਖਾਂ ਵਿੱਚੋਂ ਕੇਵਲ ਥੋੜ੍ਹੇ ਜਿਹੇ ਸਿੱਖ ਹੀ ਜੀਉਂਦੇ ਰਹਿ ਗਏ ਅਤੇ ਇਨ੍ਹਾਂ ਪੰਜਾਂ ਨੇ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀ ਰੱਖਿਆ ਲਈ ਗੜ੍ਹੀ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਉਹ ਮੁਗ਼ਲ ਅੱਤਿਆਚਾਰਾਂ ਵਿਰੁੱਧ ਸੰਘਰਸ਼ ਜਾਰੀ ਰੱਖਣ। ਗੁਰੂ ਸਾਹਿਬ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਰਾਤ ਦੇ ਹਨ੍ਹੇਰੇ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨ ਸਿੱਖ ਇੱਕ ਇੱਕ ਕਰ ਕੇ ਗੜ੍ਹੀ ਵਿੱਚੋਂ ਬਾਹਰ ਨਿਕਲ ਗਏ ਅਤੇ ਵੱਖਰੇ-ਵੱਖਰੇ ਰਾਹ ਪੈ ਗਏ। ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਨਾਮੀ ਦੋ ਸਿੱਖ ਗੜ੍ਹੀ ਵਿਚ ਰਹਿ ਗਏ ਜਿਨ੍ਹਾਂ ਨੂੰ ਅਗਲੇ ਦਿਨ ਵੈਰੀਆਂ ਨੇ ਗ੍ਰਿਫ਼ਤਾਰ ਕਰ ਕੇ ਅਗਲੇ ਦਿਨ ਸ਼ਹੀਦ ਕਰ ਦਿੱਤਾ।
੯. ਗੁਰੂ ਸਾਹਿਬ ਮਾਛੀਵਾੜਾ ਵਿਖੇ:- ਚਮਕੌਰ ਸਾਹਿਬ ਤੋਂ ਗੁਰੂ ਜੀ ਇਕੱਲੇ
ਹੀ ਮਾਛੀਵਾੜੇ ਦੇ ਜੰਗਲਾਂ ਵਿਚ ਪਹੁੰਚ ਗਏ। ਇੱਥੇ ਉਨ੍ਹਾਂ ਦੇ ਤਿੰਨ ਸ਼ਰਧਾਲੂ ਸਿੱਖ ਭਾਈ ਧਰਮ ਸਿੰਘ, ਭਾਈ ਦਯਾ ਸਿੰਘ ਤੇ ਭਾਈ ਮਾਨ ਸਿੰਘ ਉਨ੍ਹਾਂ ਨੂੰ ਆ ਮਿਲੇ। ਗੁਲਾਬ ਸਿੰਘ ਨਾਮੀ ਗੁਰੂ ਸਾਹਿਬ ਦਾ ਇਕ ਪੁਰਾਣਾ ਮਸੰਦ ਉਨ੍ਹਾਂ ਨੂੰ ਮਾਛੀਵਾੜੇ ਆਪਣੇ ਘਰ ਲੈ ਗਿਆ ਅਤੇ ਬੜੀ ਸੇਵਾ ਕੀਤੀ। ਉਸ ਨੇ ਨਬੀ ਖਾਂ ਅਤੇ ਗਨੀ ਖਾਂ ਦੋ ਪਠਾਨ ਭਰਾ ਜੋ ਗੁਰੂ ਸਾਹਿਬ ਦੇ ਪੁਰਾਣੇ ਸ਼ਰਧਾਲੂ ਸਨ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਉੱਥੇ ਆਉਣ ਦੀ ਸੂਚਨਾ ਪਹੁੰਚਾ ਦਿੱਤੀ। ਇਨ੍ਹਾਂ ਦੋਵਾਂ ਭਰਾਵਾਂ ਨੇ ਗੁਰੂ ਜੀ ਨੂੰ ਆਪਣੇ ਘਰ ਵਿਚ ਆਸਰਾ ਦਿੱਤਾ ਕੁਝ ਸਮੇਂ ਪਿੱਛੋਂ ਜਦੋਂ ਵਜੀਰ ਖਾਂ ਦੇ ਸੂਹੀਏ ਗੁਰੂ ਸਾਹਿਬ ਦਾ ਪਤਾ ਲਾਉਣ ਲਈ ਉੱਧਰ ਆ ਪਹੁੰਚੇ ਤਾਂ ਨਬੀ ਖਾਂ ਤੇ ਗਨੀ ਖਾਂ ਨੇ ਗੁਰੂ ਸਾਹਿਬ ਨੂੰ ਮੁਸਲਮਾਨ ਪੀਰ ਦੇ ਨੀਲੇ ਕੱਪੜੇ ਪੁਆ ਦਿੱਤੇ ਅਤੇ ਉਨ੍ਹਾਂ ਨੂੰ ਮੰਜੇ ‘ਤੇ ਬਿਠਾ ਕੇ ਆਪਣੇ ਮੋਢਿਆਂ ਉੱਤੇ ਚੁੱਕ ਲਿਆ। ਸੂਹੀਆਂ ਦੁਆਰਾ ਪੁੱਛੇ ਜਾਣ ‘ਤੇ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਉੱਚ ਦੇ ਪੀਰ ਹਨ। ਇਸ ਤਰ੍ਹਾਂ ਦੋਵੇਂ ਪਠਾਨ ਭਰਾ ਗੁਰੂ ਸਾਹਿਬ ਨੂੰ ਸਹੀ ਸਲਾਮਤ ਖ਼ਤਰਨਾਕ ਇਲਾਕੇ ਤੋਂ ਦੂਰ ਆਲਮਗੀਰ ਨਾਮੀ ਸੁਰੱਖਿਅਤ ਸਥਾਨ ‘ਤੇ ਛੱਡ ਗਏ। ਆਲਮਗੀਰ ਵਿਚ ਗੁਰੂ ਸਾਹਿਬ ਦੇ ਇਕ ਸ਼ਰਧਾਲੂ ਸਿੱਖ ਨੇ ਉਨ੍ਹਾਂ ਨੂੰ ਇਕ ਘੋੜਾ ਭੇਂਟ ਕੀਤਾ।
੧੦. ਗੁਰੂ ਸਾਹਿਬ ਦੀਨਾ ਵਿਖੇ ਅਤੇ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ :-ਕਈਆਂ ਥਾਵਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਦੀਨਾ ਪਹੁੰਚੇ ਜਿੱਥੇ ਉਹ ਕੁਝ ਸਮੇਂ ਲਈ ਠਹਿਰੇ। ਦੀਨਾ ਵਿਖੇ ਗੁਰੂ ਜੀ ਨੇ ਸਮਰਾਟ ਔਰੰਗਜ਼ੇਬ ਦੇ ਨਾਮ ਫ਼ਾਰਸੀ ਵਿਚ ਇਕ
ਪੱਤਰ ਲਿਖਿਆ ਜਿਸ ਨੂੰ ‘ਜ਼ਫ਼ਰਨਾਮਾ” (ਅਰਥਾਤ ਵਿਜੈ ਪੱਤਰ) ਕਿਹਾ ਜਾਂਦਾ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਔਰੰਗਜ਼ੇਬ ਉੱਪਰ ਵਚਨ ਤੋੜਨ ਦਾ ਇਲਜ਼ਾਮ
ਲਗਾਇਆ ਅਤੇ ਮੁਗ਼ਲ ਸਰਕਾਰ ਦੀ ਅਨਿਆ ਪੂਰਨ ਨੀਤੀ ਕਾਰਨ ਸ਼ਸਤਰ ਚੁੱਕਣੇ ਉੱਚਿਤ ਦੱਸੇ। ਇਹ ਪੱਤਰ ਮੁਗ਼ਲ ਸਮਰਾਟ ਨੂੰ ਪਹੁੰਚਾਣ ਲਈ ਭਾਈ ਦਯਾ ਸਿੰਘ ਨੂੰ ਦੱਖਣੀ ਭਾਰਤ ਭੇਜਿਆ ਗਿਆ। ਦੀਨਾ ਵਿਖੇ ਹੀ ਗੁਰੂ ਜੀ ਨੂੰ ਸਮਾਚਾਰ ਮਿਲਿਆ ਕਿ ਸਰਹਿੰਦ ਦਾ ਫੌਜਦਾਰ ਵਜੀਰ ਖਾਂ ਉਨ੍ਹਾਂ ਵਿਰੁੱਧ ਇਕ ਵਿਸ਼ਾਲ ਸੈਨਾ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੇ ਦੁਸ਼ਮਣ ਦਾ ਟਾਕਰਾ ਕਰਨ ਲਈ ਖਿਦਰਾਣਾ ਨਾਮੀ ਸਥਾਨ ਨੂੰ ਉੱਚਿਤ ਸਮਝਿਆ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਪਾਣੀ ਦੀ ਘਾਟ ਦੇ ਕਾਰਨ ਵੈਰੀਆਂ ਲਈ ਇੱਥੇ ਲੰਮੇ ਸਮੇਂ ਤਕ ਯੁੱਧ ਲੜਨਾ ਮੁਸ਼ਕਲ ਹੋਵੇਗਾ।
੧੧. ਖਿਦਰਾਣਾ ਦੀ ਲੜਾਈ (੧੭੦੫ ਈ) : ਗੁਰੂ ਸਾਹਿਬ ਨੇ ਲੱਖੀ ਜੰਗਲ ਵਿਚ ਖਿਦਰਾਣਾ ਦੀ ਢਾਬ ਨਾਮੀ ਸਥਾਨ ‘ਤੇ ਡੇਰੇ ਲਾ ਲਏ। ਇੱਥੇ ਕਾਫੀ ਸੰਖਿਆ ਵਿਚ ਸਿੱਖ ਇਕੱਠੇ ਹੋ ਗਏ ਉਹ ੪੦ ਸਿੱਖ ਜੋ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਸਮੇਂ ‘ਬੇਦਾਵਾ’ ਲਿਖ ਕੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ਉਹ ਵੀ ਗੁਰੂ ਸਾਹਿਬ ਤੋਂ ਖਿਮਾ ਮੰਗਣ ਲਈ ਆ ਪਹੁੰਚੇ।
ਵਜੀਰ ਖਾਂ ਨੇ ੧੦੦੦੦ ਸੈਨਿਕਾਂ ਦੀ ਵਿਸ਼ਾਲ ਸੈਨਾ ਗੁਰੂ ਸਾਹਿਬ ਦੇ ਵਿਰੁੱਧ ਭੇਜੀ ਸਿੱਖਾਂ ਦੀ ਕੁੱਲ ਸੰਖਿਆ ੨੦੦੦ ਦੇ ਲੱਗਭਗ ਸੀ। ਖਿਦਰਾਣਾ ਵਿਖੇ ਘਮਸਾਨ ਦੀ ਲੜਾਈ ਹੋਈ ਇਸ ਲੜਾਈ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਅਦੁੱਤੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਦੁਸ਼ਮਣਾਂ ਨੂੰ ਬਹੁਤ ਹਾਨੀ ਪਹੁੰਚਾਈ। ਮੁਗ਼ਲਾਂ ਲਈ ਅਧਿਕ ਸਮੇਂ ਤਕ ਲੜਨਾ ਕਠਿਨ ਸੀ ਕਿਉਂਕਿ ਉਨ੍ਹਾਂ ਨੂੰ ਪੀਣ ਵਾਸਤੇ ਪਾਣੀ ਨਹੀਂ ਮਿਲਿਆ। ਉੱਥੇ ਪਾਣੀ ਦਾ ਇਕੋ ਤਲਾਅ ਸੀ ਜੋ ਸਿੱਖਾਂ ਦੇ ਅਧਿਕਾਰ ਵਿਚ ਸੀ। ਅੰਤ ਮੁਗ਼ਲ ਸੈਨਾ ਨੂੰ ਹਾਰ ਮੰਨ ਕੇ ਭੱਜ ਜਾਣਾ ਪਿਆ ਅਤੇ ਗੁਰੂ ਸਾਹਿਬ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਪਰੰਤੂ ਉਹ ਸਾਰੇ ੪੦ ਸਿੱਖ ਇਸ ਲੜਾਈ ਵਿਚ ਸ਼ਹੀਦ ਹੋ ਗਏ ਜੋ ਗੁਰੂ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਛੱਡ ਕੇ ਚਲੇ ਗਏ ਸਨ। ਗੁਰੂ ਸਾਹਿਬ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗੁਰੂ ਜੀ ਨੇ ਉਨ੍ਹਾਂ ਦੇ ਨੇਤਾ ਭਾਈ ਮਹਾਂ ਸਿੰਘ ਦੇ ਸਾਹਮਣੇ ਜੋ ਅਖੀਰਲੇ ਸਾਹ ਗਿਣ ਰਿਹਾ ਸੀ ਬੇਦਾਵਾ ਪਾੜ ਦਿੱਤਾ। ਗੁਰੂ ਸਾਹਿਬ ਨੇ ਇਨ੍ਹਾਂ ੪੦ ਸਿੱਖਾਂ ਨੂੰ ਮੁਕਤੀ ਦਾ ਵਰ ਬਖ਼ਸ਼ਿਆ ਉਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਹੁਣ ਤਕ ਚਾਲ੍ਹੀ ਮੁਕਤੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਹ ਸਦਾ ਲਈ ਅਮਰ ਹੋ ਗਏ। ਉਨ੍ਹਾਂ ਦੀ ਯਾਦ ਵਿਚ ਹੀ ਖਿਦਰਾਣਾ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪੈ ਗਿਆ।
-ਦਲਜੀਤ ਸਿੰਘ
