18 views 13 secs 0 comments

ਖਿਆਲ ਤੇ ਪ੍ਰਯੋਜਨ

ਲੇਖ
October 28, 2025

ਗੁਰ ਕਾ ਸਬਦੁ ਰਿਦ ਅੰਤਰਿ ਧਾਰੈ।।
ਪੰਚ ਜਨਾ ਸਿਉ ਸੰਗੁ ਨਿਵਾਰੈ॥
ਦਸ ਇੰਦ੍ਰੀ ਕਰਿ ਰਾਖੈ ਵਾਸਿ॥
ਤਾ ਕੈ ਆਤਮੈ ਹੋਇ ਪਰਗਾਸੁ॥ (ਅੰਗ ੨੩੬)

ਜੋ ਭੀ ਤੁਹਾਡਾ ਮੰਤਵ, ਤੁਹਾਡਾ ਪ੍ਰਯੋਜਨ ਤੁਹਾਡਾ ਨਿਸ਼ਾਨਾ ਹੋਵੇ, ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰੋ, ਉਸ ਦੀ ਪ੍ਰਾਪਤੀ ਲਈ, ਪੂਰਾ ਜਤਨ ਕਰੋ, ਪੂਰਾ ਜ਼ੋਰ ਲਾਉ। ਨਿਸ਼ਾਨਾ ਨਾ ਹੋਣਾ, ਆਦਰਸ਼ ਦਾ ਨਾ ਹੋਣਾ, ਇਵੇਂ ਹੀ ਹੈ ਜਿਵੇਂ ਕੋਈ ਬੇੜੀ ਵਿਚ ਬੈਠਾ ਹੋਵੇ ਤੇ ਇਹ ਥਹੁ-ਪਤਾ ਨਾ ਹੋਵੇ ਕਿ ਜਾਣਾ ਕਿੱਥੇ ਹੈ ?

ਜਿਨ੍ਹਾਂ ਦਾ ਜੀਵਨ-ਆਦਰਸ਼ ਨਹੀਂ, ਜ਼ਿੰਦਗੀ ਦਾ ਨਿਸ਼ਾਨਾ ਨਹੀਂ, ਕੋਈ ਉਦੇਸ਼

ਨਹੀਂ, ਉਹ ਚਿੰਤਾਤੁਰ ਹੁੰਦੇ ਭੈ-ਭੀਤ ਹੁੰਦੇ ਤੇ ਐਵੇਂ ਦੁਖੀ ਹੁੰਦੇ ਹਨ। ਇਹ ਸਭਕਮਜ਼ੋਰੀ ਨਿਰਬਲਤਾ ਦੇ ਨਿਸ਼ਾਨ ਹਨ ਤੇ ਇਸ ਦਾ ਨਤੀਜਾ ਇਹੋ ਹੁੰਦਾ ਹੈ ਕਿ ਕੰਮ ਵਿਚ ਸਫਲਤਾ ਨਹੀਂ ਹੁੰਦੀ। ਘਾਟੇ ਪੈਂਦੇ ਹਨ ਤੇ ਆਦਮੀ ਦੁਖੀ ਹੁੰਦਾ ਹੈ। ਸੰਸਾਰ ਵਿਚ ਸਫਲਤਾ ਬਲਵਾਨਾਂ ਲਈ ਹੈ। ਬਲਵਾਨ ਹਿਰਦੇ ਵਾਲੇ, ਬਲਵਾਨ ਮਨ ਵਾਲੇ, ਬਲਵਾਨ ਖਿਆਲਾਂ ਵਾਲੇ, ਸਫਲਤਾ ਪ੍ਰਾਪਤ ਕਰਦੇ ਹਨ। ਕਮਜ਼ੋਰੀ ਤਾਂ ਹਾਰ ਦੀ ਸੰਗਣ ਅਥਵਾ ਸਾਥਣ ਹੈ।

ਆਦਮੀ ਨੂੰ ਆਪਣੇ ਹਿਰਦੇ ਵਿਚ ਸ੍ਰੇਸ਼ਟ ਸ਼ੁਭ ਆਦਰਸ਼ ਧਾਰਨ ਕਰਨਾ ਚਾਹੀਏ ਤੇ ਉਸ ਦੀ ਪ੍ਰਾਪਤੀ ਲਈ ਉੱਦਮ ਕੀਤਾ ਲੋੜੀਏ। ਆਦਰਸ਼ ਨੂੰ ਆਪਣੇ

ਖਿਆਲਾਂ ਦਾ ਕੇਂਦਰ ਬਣਾਉ। ਭਾਵੇਂ ਤੁਹਾਡਾ ਆਦਰਸ਼ ਆਤਮਕ ਆਦਰਸ਼ ਹੋਵੇ, ਭਾਵੇਂ ਮਾਇਕ ਹੋਵੇ, ਆਪਣੇ ਪ੍ਰਯੋਜਨ, ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਇਕਾਗਰ ਬਿਰਤੀ ਨਾਲ ਵਿਚਾਰ ਕਰੋ, ਉਸ ਬਾਰੇ ਭਲੀ ਪ੍ਰਕਾਰ ਵੀਚਾਰ ਕਰੋ। ਆਪਣੇ ਪ੍ਰਯੋਜਨ ਦੀ ਪ੍ਰਾਪਤੀ ਲਈ ਪੂਰਾ ਤਾਣ ਲਾਓ, ਉਸ ਦੀ ਪ੍ਰਾਪਤੀ ਲਈ ਪੂਰਾ ਜਤਨ ਕਰੋ, ਇਕੋ ਲਗਨ ਮਨ ਵਿਚ ਲੱਗੀ ਰਹੇ, ਤੇ ਏਧਰ-ਓਧਰ ਦੇ ਦੀਨ-ਹੀਨ ਖਿਆਲਾਂ ਨੂੰ ਮਨ ਵਿਚ ਆਉਣ ਨਾ ਦਿਓ। ਖਿਆਲ ਦੀ ਦ੍ਰਿੜਤਾ, ਖਿਆਲ ਦੀ ਬਲਵਾਨਤਾ, ਬਿਰਤੀ ਦੀ ਇਕਾਗਰਤਾ ਤੇ ਆਪਣੇ ਆਪ ਨੂੰ ਵਸ ਕਰਨ ਦਾ ਇਹੋ ਸਾਧਨ ਹੈ।

ਇਹ ਹੋ ਸਕਦਾ ਹੈ ਕਿ ਪੂਰੀ ਸਫਲਤਾ ਨਾ ਹੋਣ ਕਰਕੇ ਸ਼ੁਰੂ-ਸ਼ੁਰੂ ਵਿਚ ਕੰਮ ਵਿਚ ਸਫਲਤਾ ਤੇ ਪ੍ਰਾਪਤੀ ਨਾ ਹੋਵੇ, ਪਰ ਪ੍ਰਯੋਜਨ ਨਾਲ ਇਕ ਵਾਰ ਲਿਵ ਲਾਉਣ ਨਾਲ ਬਿਰਤੀ ਟਿਕਾਉਣ ਨਾਲ, ਮਨ ਬਲਵਾਨ ਹੁੰਦਾ ਚਲਾ ਜਾਏਗਾ, ਇਰਾਦੇ ਵਿਚ ਦ੍ਰਿੜ੍ਹਤਾ ਆਵੇਗੀ, ਤੇ ਅਖੀਰ ਸਫਲਤਾ ਪ੍ਰਾਪਤ ਹੋਣੀ ਅਵੱਸ਼ ਹੈ। ਜੋ ਲੋਕ ਕੋਈ ਪਰਮ-ਪ੍ਰਯੋਜਨ ਮਨ ਵਿਚ ਧਾਰਨ ਤੋਂ ਅਸਮਰਥ ਹਨ, ਉਨ੍ਹਾਂ ਲਈ ਇਹੋ ਕਾਫੀ ਹੈ ਕਿ ਉਹ ਆਪਣੇ ਨਿੱਕੇ-ਵੱਡੇ ਫਰਜ਼ ਨੂੰ, ਆਪਣੇ ਕਰਤੱਵ ਨੂੰ ਭਲੀ ਪ੍ਰਕਾਰ ਨਿਭਾਉਣ। ਇਸ ਪ੍ਰਕਾਰ ਇਕਾਗਰਤਾ, ਇਕ-ਮਨ, ਇਕ-ਚਿੱਤ ਹੋਣ ਦੀ ਆਦਤ ਦ੍ਰਿੜ ਹੋਵੇਗੀ, ਇਰਾਦੇ ਵਿਚ ਦ੍ਰਿੜ੍ਹਤਾ ਆਵੇਗੀ, ਤੇ ਹੋ ਨਹੀਂ ਸਕਦਾ ਕਿ ਉਸ ਨੂੰ ਨਿਰਾਸਤਾ ਹੋਵੇ, ਤੇ ਸਫਲਤਾ ਨਾ ਹੋਵੇ।

ਭਾਵੇਂ ਮਨ ਕਿੱਡਾ ਵੀ ਨਿਰਬਲ ਹੋਵੇ, ਇਰਾਦਾ ਕਿੱਡਾ ਕਮਜ਼ੋਰ ਹੋਵੇ, ਪਰ ਤੁਸੀਂ ਯਾਦ ਰੱਖੋ ਕਿ ਜਤਨ ਕਰਨ ਨਾਲ, ਉੱਦਮ ਕਰਨ ਨਾਲ, ਮੁੜ-ਮੁੜ ਹਿੰਮਤ ਕਰਨ ਨਾਲ, ਤੁਹਾਡਾ ਮਨ ਬਲਵਾਨ ਹੁੰਦਾ ਜਾਏਗਾ, ਤੇ ਜਿਉਂ-ਜਿਉਂ ਤੁਸੀਂ, ਉੱਦਮ ਕਰੋਗੇ, ਧੀਰਜ ਰਖੋਗੇ, ਤੇ ਆਪਣੀ ਧੁੰਨ ਵਿਚ ਲੱਗੇ ਰਹੋਗੇ, ਤੁਹਾਡਾ ਮਨ ਬਲਵਾਨ ਹੁੰਦਾ ਜਾਏਗਾ ਤੇ ਅਖੀਰ ਤੁਹਾਡੇ ਅੰਦਰ ਦੈਵੀ ਸ਼ਕਤੀ ਵਾਪਰੇਗੀ, ਜਿਵੇਂ ਤੁਸੀਂ ਨਿਰਬਲ ਸਰੀਰ ਨੂੰ, ਮੁਨਾਸਬ ਕਸਰਤ ਦੁਆਰਾ ਬਲਵਾਨ ਬਣਾ ਸਕਦੇ ਹੋ, ਇਵੇਂ ਹੀ ਤੁਸੀਂ, ਦੁਰਬਲ ਖਿਆਲ ਨੂੰ ਸ਼ੁੱਧ ਸ੍ਰੇਸ਼ਟ ਵਿਚਾਰਾਂ ਦੁਆਰਾ ਬਲਵਾਨ ਬਣਾ ਸਕਦੇ ਹੋ। ਪ੍ਰਯੋਜਨ ਦਾ ਮਨ ਵਿਚ ਨਾ ਹੋਣਾ, ਦੁਰਬਲਤਾ ਪੈਦਾ ਕਰਦਾ ਹੈ, ਮਨ ਵਿਚ ਆਦਰਸ਼ ਧਾਰਨ ਕਰਨ ਨਾਲ, ਮਨ ਬਲਵਾਨ, ਸ਼ਕਤੀਮਾਨ ਹੁੰਦਾ ਹੈ, ਤੇ ਸਫਲਤਾ ਪ੍ਰਾਪਤ ਹੁੰਦੀ ਹੈ। ਬਲਵਾਨ ਮਨ ਵਾਲੇ, ਪੱਕਾ ਇਰਾਦਾ ਕਰ ਕੇ ਨਿਰਭੈ ਹੋ ਕੇ, ਪੂਰਾ ਜਤਨ ਕਰ ਕੇ, ਪੂਰਾ ਤਾਣ ਲਾ ਕੇ, ਭਲੀ ਪ੍ਰਕਾਰ ਸਫਲਤਾ ਪ੍ਰਾਪਤ ਕਰਦੇ ਹਨ।

ਆਪਣਾ ਆਦਰਸ਼ ਬਣਾ ਕੇ ਆਦਮੀ ਨੂੰ ਮਨ ਵਿਚ ਸਿੱਧਾ ਨਿਸ਼ਾਨਾ, ਸਿੱਧਾ ਰਾਹ ਵਿਚਾਰ ਲੈਣਾ ਚਾਹੀਦਾ ਹੈ, ਤੇ ਫੇਰ ਉਸ ਨੂੰ ਸਿੱਧਾ ਨਿਸ਼ਾਨੇ ‘ਤੇ ਪੁੱਜਣਾ ਲੋੜੀਏ। ਐਵੇਂ, ਸੱਜੇ ਖੱਬੇ, ਭੰਬਲਭੂਸੇ ਖਾਣ ਦੀ ਲੋੜ ਨਹੀਂ । ਭੈਅ ਨੂੰ, ਸ਼ੰਕਿਆਂ ਨੂੰ, ਉੱਕਾ ਨੇੜੇ ਨਾ ਆਉਣ ਦਿਓ। ਸ਼ੰਕੇ, ਤੌਖਲੇ ਉੱਦਮ ਦੇ ਰਾਹ ਵਿਚ ਵਿਘਨ ਪਾਉਣ ਵਾਲੇ ਹੁੰਦੇ ਹਨ ਤੇ ਆਦਮੀ ਐਵੇਂ ਇੱਧਰ-ਉਧਰ ਭਟਕਦਾ ਡਾਵਾਂ-ਡੋਲ ਹੁੰਦਾ, ਠੇਡੇ ਖਾਂਦਾ ਫਿਰਦਾ ਹੈ। ਜਿਥੇ ਸ਼ੰਕੇ-ਤੌਖਲੇ ਹਨ ਉਥੇ ਸਫਲਤਾ ਕਿੱਥੇ ? ਉਥੇ ਤਾਂ ਹਾਰ ਹੀ ਹਾਰ ਹੈ। ਜਿੱਥੇ ਸ਼ੰਕੇ ਤੌਖਲੇ ਹਨ, ਉਥੇ ਨਾ ਹਿੰਮਤ ਰਹਿੰਦੀ ਹੈ, ਨਾ ਉਤਸ਼ਾਹ ਹੁੰਦਾ ਹੈ, ਤੇ ਨਾ ਕੰਮ ਕਰਨ ਦੀ ਸ਼ਕਤੀ ਰਹਿੰਦੀ ਹੈ ਅਤੇ ਮਨ ਹੀਨ ਤੇ ਦੁਰਬਲ ਹੁੰਦਾ ਹੈ। ਇਕ ਉਰਦੂ ਦੇ ਸ਼ਾਇਰ ਦਾ ਕਥਨ ਹੈ:

ਬੁਜ਼ਦਿਲੀ ਕੀ ਰਸਮ ਹੈ ਤੂਫਾਂ ਮੇਂ ਲੰਗਰ ਡਾਲਨਾ,
ਬਾਤ ਤੋ ਤਬ ਬਨੇ, ਉਧਰ ਤੂਫਾਂ ਆਏ, ਇਧਰ ਲੰਗਰ ਉਠੇ।

ਜੇ ਤੁਹਾਨੂੰ ਕਿਸੇ ਕੰਮ ਨੂੰ ਨਿਭਾ ਲੈਣ ਦਾ, ਕਿਸੇ ਕਾਰਜ਼ ਨੂੰ ਸਿੱਧ ਕਰਨ ਦਾ, ਕਿਸੇ ਮੁਹਿੰਮ ਨੂੰ ਸਰ ਕਰਨ ਦਾ, ਪੂਰਨ ਨਿਸ਼ਚਾ ਹੋਵੇ, ਤਾਂ ਤੁਸੀਂ ਉਸ ਕੰਮ ਨੂੰ ਪੱਕੇ ਵਿਸ਼ਵਾਸ ਨਾਲ, ਪੱਕੇ ਇਰਾਦੇ ਨਾਲ ਕਰੋਗੇ। ਸ਼ੰਕੇ-ਤੌਖਲੇ ਵਿਸ਼ਵਾਸਘਾਤੀ ਹਨ, ਤੇ ਜਿਸ ਦੇ ਮਨ ਅੰਦਰ ਸ਼ੰਕੇ ਹਨ ਤੇ ਭੈਅ ਵਿਆਪਕ ਹੈ, ਉਹ ਪੈਰ-ਪੈਰ ‘ਤੇ ਠੇਡੇ ਖਾਏਗਾ, ਕਦਮ-ਕਦਮ ‘ਤੇ ਹਾਰੇਗਾ, ਬਾਰ ਬਾਰ ਡਿੱਗੇਗਾ।

ਜਿਸ ਦਾ ਮਨ ਸ਼ੰਕਾ-ਰਹਿਤ ਹੋ ਗਿਆ, ਨਿਰਭੈ ਹੋ ਗਿਆ, ਉਸ ਨੇ ਮਾਨੋ ਹਾਰ ਨੂੰ ਪੈਰਾਂ ਹੇਠ ਲਿਤਾੜ ਦਿੱਤਾ! ਉਹ ਬਲਵਾਨ ਹੈ ਤੇ ਉਸ ਦੀਆਂ, ਸਭ ਔਕੜਾਂ ਛਾਂਈਂ-ਮਾਈ ਹੋ ਜਾਂਦੀਆਂ ਹਨ, ਤੇ ਉਸ ਦੀ ਫਤਹਿ ਹੁੰਦੀ ਹੈ, ਉਸ ਦੇ ਆਦਰਸ਼ ਸਭ-ਸ੍ਰੇਸ਼ਟ ਹੁੰਦੇ ਹਨ, ਉਹ ਆਦਰਸ਼ ਫਲਦਾਇਕ ਹੁੰਦੇ ਹਨ ਤੇ ਉਹ ਫਲ ਸਦੀਵੀ ਹੁੰਦਾ ਹੈ। ਜੇ ਆਦਮੀ ਨੂੰ ਭੈ ਨਹੀਂ, ਸ਼ੰਕੇ ਨਹੀਂ ਤਾਂ ਉਸ ਦਾ ਆਦਰਸ਼ ਉਸ ਦੇ ਅੰਦਰ ਸ਼ਕਤੀ ਪੈਦਾ ਕਰਦਾ ਹੈ ਤੇ ਜਿਸ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋ ਗਿਆ, ਉਹ ਸ਼ੰਕਿਆਂ, ਤੌਖਲਿਆਂ ਤੋਂ ਰਹਿਤ ਹੋ ਗਿਆ ਤੇ ਬਲਵਾਨ ਹੋ ਗਿਆ, ਉਸ ਦੀ ਸਦਾ ਜੈ ਹੈ, ਸਦਾ ਜਿੱਤ ਹੈ, ਸਦਾ ਸਫਲਤਾ ਹੈ, ਸਦਾ ਕਾਮਯਾਬੀ ਹੈ ਅਰ ਫਤਹਿ ਹੈ:

ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ
ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ।। (ਅੰਗ ੫੪੦)

ਸ੍ਰੀ ਗੁਰੂ ਰਾਮਦਾਸ ਜੀ ਦੇ ਉਕਤ ਫੁਰਮਾਨ ਦੀ ਤਸਦੀਕ ਉਰਦੂ ਦਾ ਹੇਠ ਲਿਖਿਆ ਸ਼ੇਅਰ ਕਰਦਾ ਹੈ:

“ਆਤਾ ਹੈ ਤੂਫਾਂ ਤੋਂ ਆਨੇ ਦੋ, ਕਸ਼ਤੀ ਕਾ ਖਦਾ ਖੁਦ ਹਾਫਜ਼ ਹੈ
ਕੁਛ ਮੁਸ਼ਕਲ ਨਹੀਂ ਇਨ ਮੌਜੋਂ ਮੇਂ, ਬਹਿਤਾ ਹੂਆ ਸਾਹਿਲ ਆ ਜਾਏ”

ਜੇ ਤੁਹਾਡੇ ਪੱਕੇ ਇਰਾਦੇ ਹਨ, ਪਰਮਾਤਮਾ ‘ਤੇ ਪੂਰਨ ਭਰੋਸਾ ਹੈ ਤਾਂ ਲਾਜ਼ਮੀ ਹੈ ਕਿ ਜਿਸ ਕਿਨਾਰੇ ‘ਤੇ ਤੁਸੀਂ ਆਪਣੀ ਕਿਸ਼ਤੀ ਨੂੰ ਲਿਜਾਣਾ ਚਾਹੁੰਦੇ ਹੋ, ਉਹ ਕਿਨਾਰਾ ਹੀ ਇਹਨਾਂ ਤੂਫਾਨੀ ਲਹਿਰਾਂ ਵਿਚ ਖੁਦ ਤੁਹਾਡੇ ਪਾਸ ਪੁੱਜ ਜਾਏ। ਇਹ ਹੈ ਪੱਕੇ ਇਰਾਦੇ ਦੀ ਸਫਲਤਾ।

ਸ. ਮੱਘਰ ਸਿੰਘ