ਅੰਤਰਿ ਖੂਹਟਾ ਅੰਮ੍ਰਿਤਿ ਭਰਿਆ
ਸਬਦੇ ਕਾਢਿ ਪੀਐ ਪਨਿਹਾਰੀ ॥ ੫੭੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੭੦)
ਵਡਹੰਸ ਰਾਗ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਹਨ। ਇਸ ਪਾਵਨ ਬਚਨਾਂ ਦੇ ਅੰਦਰ ਦੀ ਖੋਜ ਦੀ ਗੱਲ ਕੀਤੀ ਗਈ ਹੈ। ਅੰਦਰ ਦੀ ਖੋਜ ਦਾ ਵਿਸ਼ਾ ਬਹੁਤ ਹੀ ਰਹੱਸਵਾਦ ਦਾ ਹੈ। ਆਤਮਿਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ ਦੇ ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ ਕੱਢ ਕੇ ਪੀਂਦਾ ਰਹਿੰਦਾ ਹੈ। ਬੱਸ ਉਸ ਖੋਜ ਨੂੰ ਲੈ ਕੇ ਵੀਚਾਰਨਾ ਹੈ ਕਿ ਉਸ ਪ੍ਰਮਾਤਮਾ ਨੇ ਅੰਦਰ ਇਸ ਦੇਹੀ ਦੇ ਕੀ ਰੱਖਿਆ ਹੋਇਆ ਹੈ।
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ॥ ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੩੩)
ਇਹ ਜੋ ਸੰਸਾਰ ਰੂਪੀ ਪ੍ਰਮਾਤਮਾ ਨੇ ਸੋਹਣੀ ਖੂਹੀ ਬਣਾ ਦਿੱਤੀ। ਇਹ ਜੋ ਸੋਹਣਾ ਜਗਤ ਦਿੱਸ ਰਿਹਾ ਹੈ। ਇਸ ਵਿੱਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ ਭਾਵ ਇੱਥੇ ਜੋ ਵੀ ਇਸ ਜਗਤ ਦੇ ਅੰਦਰ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿੱਚ ਗੁਜ਼ਾਰਨ ਲੱਗ ਪੈਂਦਾ ਹੈ। ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ। ਭਾਵ ਜਿਸ ਦੀ ਉਮਰ ਮੁੱਕ ਜਾਂਦੀ ਹੈ ਤੇ ਸਰੀਰ ਢਹਿ ਪੈਂਦਾ ਹੈ । ਉਹ ਪਾਣੀ ਭਰਨ ਵਾਲੀ ਭਾਵ ਭੋਗਾਂ ਵਿੱਚ ਪ੍ਰਵਿਰਤ ਇੱਥੋਂ ਉੱਠ ਕੇ ਪ੍ਰਲੋਕ ਨੂੰ ਤੁਰ ਪੈਂਦੀ ਹੈ।
ਵਿਧਣ ਖੂਹੀ ਮੁੰਧ ਇਕੇਲੀ ॥
ਨਾ ਕੋ ਸਾਥੀ ਨਾ ਕੋ ਬੇਲੀ ॥
ਕਰਿ ਕਿਰਪਾ ਪ੍ਰਭਿ ਸਾਧ ਸੰਗਿ ਮੇਲੀ॥
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੯੪)
ਇਸ ਜਗਤ-ਰੂਪ ਡਰਾਉਣੀ ਖੂਹੀ ਵਿੱਚ ਮੈਂ ਜੀਵ-ਇਸਤ੍ਰੀ ਇਕੱਲੀ ਡਿੱਗੀ ਪਈ ਸੀ, ਇਥੇ ਕੋਈ ਮੇਰਾ ਸਾਥੀ ਨਹੀਂ ਮੇਰੇ ਦੁੱਖਾਂ ਵਿੱਚ ਕੋਈ ਮੇਰਾ ਮੱਦਦਗਾਰ ਨਹੀਂ। ਪਰ ਹੁਣ ਜਦੋਂ ਦੀ ਪ੍ਰਭੂ ਨੇ ਬਖਸ਼ਿਸ਼ ਕਰ ਕੇ ਇਸ ਰੂਹ ਨੂੰ ਆਪਣੇ ਨਾਲ ਜੋੜਨ ਦੇ ਲਈ ਸਤਿਸੰਗ ਵਿੱਚ ਮਿਲਾਇਆ ਹੈ। ਸਤਿਸੰਗ ਵਿੱਚ ਆ ਕੇ ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਪ੍ਰਭੂ ਪ੍ਰਮਾਤਮਾ ਸਭ ਵਿੱਚ ਦਿੱਸਦਾ ਹੈ।
ਗਿਆਨੀ ਗੁਰਮੁੱਖ ਸਿੰਘ ਖਾਲਸਾ ਐਮ. ਏ.
