ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥ ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ॥
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ ਗੁਰਸਿਖੀ ਹਰਿ ਅਮ੍ਰਿਤ ਬੀਜਿਆ ਹਰਿ ਅੰਮ੍ਰਿਤੁ ਨਾਮੁ ਫਲੁ ਅੰਮ੍ਰਿਤੁ ਪਾਇਆ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੦੪)
ਸ੍ਰੀ ਗੁਰੂ ਰਾਮਦਾਸ ਜੀ ਇੱਕ ਉਦਾਰਹਣ ਦੇਣ ਲੱਗੇ ਐ ਜੀਵ! ਤੂੰ ਇਹ ਦੇਹੀ ਪ੍ਰਭੂ ਪ੍ਰਮਾਤਮਾ ਦੀ ਇੱਕ ਪੈਲੀ, ਖੇਤ ਦੇ ਵਾਂਗ ਹੈ। ਜਿਸ ਵਿੱਚ ਪ੍ਰਭੂ ਨੇ ਜੀਵਾਂ ਨੂੰ ਸਭਅਧਿਕਾਰ ਦੇ ਕੇ ਵਾਹੀ ਦੇ ਕੰਮ ਵਿੱਚ ਲਗਾਇਆ ਹੋਇਆ ਹੈ। ਭਾਵ ਕਿ ਇਸ ਸੰਸਾਰ ਵਿੱਚ ਨਾਮ ਜਪਣ ਲਈ ਭੇਜਿਆ ਹੋਇਆ ਹੈ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮੇਹਰ ਕਰ ਕੇ ਉਗਾ ਦਿੱਤੀ ਹੈ, ਪਰ ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਵੀ ਗਵਾ ਲਿਆ ਭਾਵ ਮਨੁੱਖਾ ਜਨਮ ਹੱਥੋਂ ਗੁਆ ਬੈਠਦੇ ਹਨ।
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੯੫)
ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਣ ਲੱਗੇ ਕਿ ਜੇਕਰ ਇਸ ਦੇਹੀ ਨੂੰ ਖੇਤ ਬਣਾਕੇ ਕਿਵੇਂ ਬੀਜਣਾ ਹੈ ਜੇ ਗੁਰਸਿਖਾਂ ਸਦਾ ਨਾਲ ਨਿਭਣ ਵਾਲਾ ਧਨ ਕਮਾਉਣਾ ਹੈ ਤਾਂ ਇਸ ਮਨ ਨੂੰ ਹਾਲੀ (ਹਲ ਵਾਹੁਣ ਵਾਲਾ) ਵਰਗਾ ਉੱਦਮੀ ਬਣਾ, ਉੱਚੇ ਆਚਰਣ ਨੂੰ ਵਾਹੀ ਸਮਝ, ਮਿਹਨਤ, ਮੁਸ਼ੱਕਤ, ਘਾਲ ਕਮਾਈ ਨਾਲ ਪਾਣੀ ਦੇ ਨਾਮ ਦੀ ਫ਼ਸਲ ਨੂੰ, ਇਹ ਜੋ ਪ੍ਰਮਾਤਮਾ ਨੇ ਤੈਨੂੰ ਆਪਣਾ ਸਰੀਰ ਦਿੱਤਾ ਹੈ ਇਹ ਖੇਤ, ਪੈਲੀ ਹੈ। ਇਸ ਪੈਲੀ, ਖੇਤ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ, ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁੱਕਾ ਦੇਵੇਗੀ । ਸੰਤੋਖ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਜਿਸ ਦੇ ਸਦਕਾ ਨਾਮ-ਬੀਜ ਨੂੰ ਤ੍ਰਿਸ਼ਨਾ ਰੂਪੀ ਪੰਛੀਆਂ ਤੋਂ ਬਚਾਉਣ ਲਈ ਸੁਹਾਗੇ ਦੇ ਰੂਪ ਵਿੱਚ ਵਰਤ ਜਿਵੇਂ ਸੁਹਾਗਾ ਵਾਹੀ ਹੋਈ ਜ਼ਮੀਨ ਨੂੰ ਇੱਕ ਸਾਰ ਕਰ ਦਿੰਦਾ ਹੈ ਉਸ ਤਰ੍ਹਾਂ ਹੀ ਸੰਤੋਖ ਦੁੱਖਾਂ-ਸੁੱਖਾਂ ਤੋਂ ਉਪਰ ਚੁੱਕ ਕੇ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਪ੍ਰਭੂ ਦੀ ਪ੍ਰੇਮਾ ਭਗਤੀ ਦੇ ਨਾਲ ਹੀ ਆਪਣਾ ਸਾਦਾ ਜੀਵਨ ਨਾਮ-ਫ਼ਸਲ ਦੀ ਰਾਖੀ ਕਰਨ ਲਈ ਰਾਖਾ ਬਣਦਾ ਹੈ। ਇਸ ਲਈ ਇਸ ਦੇਹੀ ਦੇ ਅੰਦਰ ਵਾਹੀ ਕੀਤਿਆਂ ਸਰੀਰ-ਪੈਲੀ ਵਿੱਚ ਪ੍ਰਮਾਤਮਾ ਦੀ ਮੇਹਰ ਸਦਕਾ ਪ੍ਰੇਮ ਪੈਦਾ ਹੋਵੇਗਾ। ਫਿਰ ਜੋ ਜੋ ਗੁਰਸਿੱਖ ਇਸ ਤਰੀਕੇ ਦੇ ਨਾਲ ਵਾਹੀ, ਖੇਤ ਅੰਦਰ ਖੇਤੀ ਕਰਨਗੇ। ਉਹਨਾਂ ਦੇ ਹਿਰਦੇ ਨਾਮ-ਧਨ ਨਾਲ ਧਨਾਢ ਹੋ ਜਾਣਗੇ ਅਤੇ ਪ੍ਰਮਾਤਮਾ ਦੇ ਨਾਲ ਮਿਲ ਸਕਣਗੇ।
ਕਾਇਆ ਨਗਰ ਮਹਿ ਕਰਮ ਹਰਿ ਬੋਵਹੁ
ਹਰਿ ਜਾਮੈ ਹਰਿਆ ਖੇਤੁ ॥ ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥ ੩ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੬੮)
ਗੁਰੂ ਰਾਮਦਾਸ ਜੀ ਇਸ ਸਰੀਰ-ਨਗਰ ਵਿਚ ਰਹਿੰਦਿਆਂ ਹੋਇਆਂ ਇਸ ਸਰੀਰ ਰੂਪੀ ਖੇਤ ਦੀ ਬਿਜਾਈ ਬਾਰੇ ਦੱਸਦੇ ਹਨ ਕਿ ਜੋ ਜੀਵ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ ਹਰਿ-ਨਾਮ ਦੀ ਸੋਹਣੀ ਹਰੀ ਭਰੀ ਫਸਲ ਖੇਤ ਵਿਚ ਉੱਗ ਪੈਂਦੀ ਹੈ। ਹੇ ਜੋਗੀ ! ਸਿਮਰਨ ਦੀ ਬਰਕਤਿ ਨਾਲ ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਬਣਾ ਕੇ ਇਸਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ ਆਪਣੇ ਅੰਦਰ ਹਰਿ-ਨਾਮ ਜਲ ਨਾਲ ਫਸਲ ਨੂੰ ਪਾਣੀ ਦਿਉ ਤਾਂ ਕਿ ਫਸਲ ਹਿਰਦੇ ਦੇ ਅੰਦਰ ਸੁਭ ਗੁਣ ਭਰ ਦੇਣ।
ਗਿ. ਗੁਰਮੁੱਖ ਸਿੰਘ ਖਾਲਸਾ ਐਮ.ਏ.
