6 views 33 secs 0 comments

ਗਰੀਬੀ

ਲੇਖ
January 19, 2026

ਦੇਸ਼ ਦੀ ਗਰੀਬੀ ਨੂੰ ਵਧਾ ਰਿਹਾ ਹੈ ਉਹ ਬੰਦਾ ਜਿਹੜਾ ਆਰਾਮ ਤਲਬੀ ਲਈ ਜਾਂ ਆਪਣੇ ਸੁਭਾਉ ਜਾਂ ਰੋਜ਼ ਦੀ ਆਦਤ ਅਨੁਸਾਰ, ਇਸ ਲਈ ਆਪਣੇ ਘਰੋਂ ਆਪਣੇ ਦਫਤਰ ਨੂੰ ਜਾਣ ਜਾਂ ਮੀਲ ਡੇਢ ਮੀਲ ਕਿਸੇ ਕੰਮ ਨੂੰ ਜਾਣ ਲਈ ਇਸ ਲਈ ਮੋਟਰ-ਸਾਈਕਲ ਜਾਂ ਮੋਟਰਕਾਰ ‘ਤੇ ਜਾਂਦਾ ਹੈ ਕਿਉਂਕਿ ਉਸ ਪਾਸ ਮੋਟਰ-ਸਾਈਕਲ ਜਾਂ ਮੋਟਰਕਾਰ ਹੈ ਤੇ ਆਪਣੇ ਮੋਟਰਸਾਈਕਲ ਤੇ ਮੋਟਰਕਾਰ ਦੇ ਪੈਟਰੋਲ ਲਈ ਉਸ ਪਾਸ ਪੈਸੇ ਵੀ ਹਨ। ਇਸ ਲਈ ਉਹ ਡੇਢ-ਦੋ ਮੀਲ ਦਾ ਪੈਂਡਾ ਪੈਦਲ ਤੁਰ ਕੇ ਕਿਉਂ ਕਰੇ ਜਾਂ ਉਸ ਪੈਂਡੇ ਨੂੰ ਸਾਈਕਲ ‘ਤੇ ਕਿਉਂ ਕਰੇ?

ਯਾਦ ਰੱਖੋ! ਦੇਸ਼ ਦੀ ਗਰੀਬੀ ਦੀ ਚਿੰਤਾ ਹਰ ਇਕ ਜਣੇ ਨੇ ਕਰਨੀ ਹੁੰਦੀ ਹੈ। ਇਹ ਸੋਚਣਾ ਹੁੰਦਾ ਹੈ ਕਿ ਗਰੀਬੀ ਨੂੰ ਘਟਾਉਣ ਲਈ ਉਹ ਕਿਹੜਾ ਖਰਚ ਕਰਨ ਤੋਂ ਬਚੇ, ਜਿਸ ਤੋਂ ਬਿਨ੍ਹਾਂ ਗੁਜ਼ਾਰਾ ਹੋ ਸਕਦਾ ਹੋਵੇ। ਖਰਚਾਂ ਨੂੰ ਹੋਰਨਾਂ ਦੀ ਦੇਖਾ ਦੇਖੀ ਬਿਨ੍ਹਾਂ ਲੋੜ ਤੋਂ ਕੇਵਲ ਆਪਣਾ ਵਡੱਪਣ ਪ੍ਰਗਟ ਕਰਨ ਲਈ ਵਧਾਈ ਜਾਣਾ ਤੇ ਉਨ੍ਹਾਂ ਖਰਚਾਂ ਲਈ ਪੈਸਾ, ਮਿਲਾਵਟਾਂ, ਰਿਸ਼ਵਤਾਂ, ਚੋਰ-ਬਾਜ਼ਾਰੀਆਂ, ਮੁਨਾਫਾਖੋਰੀਆਂ ਤੇ ਅਨੇਕ ਪ੍ਰਕਾਰ ਦੀਆਂ ਹੋਰਨਾਂ ਬੇਈਮਾਨੀਆਂ ਨਾਲ ਕਮਾਈ ਜਾਣਾ, ਦੇਸ਼ ਨੂੰ ਤਬਾਹ ਕਰਨ ਦੇ ਰਾਹ ‘ਤੇ ਤੁਰਨਾ ਹੁੰਦਾ ਹੈ।

ਦੇਸ਼ ਵਿੱਚ ਸੌ ਵਿੱਚੋਂ ਪੰਜਾਹ ਤੋਂ ਵੱਧ ਬੰਦੇ ਗਰੀਬੀ ਤੋਂ ਹੇਠਾਂ ਦੀ ਪੱਧਰ ਦੇ ਹਨ। ਜਿਹੜਾ ਬੰਦਾ ਦੇਸ਼ ਦੀ ਗਰੀਬੀ ਦੀ ਇਸ ਹਾਲਤ ਦਾ ਫਿਕਰ ਨਹੀਂ ਕਰ ਰਿਹਾ, ਉਹ ਆਪਣੇ ਆਪ ਨੂੰ ਮਹਾਂਮੂਰਖ ਸਾਬਤ ਕਰ ਰਿਹਾ ਹੈ। ਦੇਸ਼ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਜਿਹੜਾ ਆਦਮੀ ਮੋਟਰਸਾਈਕਲ ਜਾਂ ਮੋਟਰਕਾਰ ਦਾ ਦਿਖਾਵਾ ਛੱਡਣ ਲਈ ਤਿਆਰ ਨਹੀਂ, ਉਹ ਆਪਣੇ ਆਪ ਤੇ
ਆਪਣੇ ਪਰਿਵਾਰ ਦਾ ਭਲਾ ਸੋਚਣ ਵਾਸਤੇ ਤਿਆਰ ਨਹੀਂ ਹੋ ਰਿਹਾ।
ਉਹ ਸੋਚ ਲਵੇ ਕਿ ਅਜਿਹਾ ਕਰਦਾ ਹੋਇਆ ਉਹ ਆਪਣੇ ਪਰਿਵਾਰ ਦਾ ਵੀ ਵੈਰੀ ਸਾਬਤ ਹੋ ਰਿਹਾ ਹੈ। ਹਰ ਗ੍ਰਹਿਸਤੀ ਨੇ ਜਿਸ ਗੱਲ ਨੂੰ ਸਭ ਤੋਂ ਪਹਿਲ ਦੇਣੀ ਹੁੰਦੀ ਹੈ, ਉਹ ਦੇਸ਼ ਦੀ ਗਰੀਬੀ ਦੂਰ ਕਰਨ ਬਾਰੇ ਸੋਚਣਾ ਹੁੰਦਾ ਹੈ। ਜਿਹੜੇ ਲੋਕ ਦੇਸ਼ ਦੀ ਸੁਤੰਤਰਤਾ ਲਈ ਸ਼ਹੀਦੀਆਂ ਪਾ ਗਏ ਹੁੰਦੇ ਹਨ, ਉਹ ਦੁੰਬੇ ਨਹੀਂ ਹੁੰਦੇ? ਉਹ ਕੁਰਬਾਨੀਆਂ ਦੀ ਵੱਡੀ ਡਿੰਘ ਪੁੱਟ ਕੇ ਗਏ ਹੁੰਦੇ ਹਨ। ਛੋਟੀ ਡਿੰਘ ਤਾਂ ਹਰ ਇਕ ਨੇ ਪੁੱਟਣੀ ਹੁੰਦੀ ਹੈ। ਪਰ ਵਡਿਆਈ ਉਨ੍ਹਾਂ ਦੀ ਹੀ ਹੁੰਦੀ ਹੈ, ਜੋ ਵੱਡੀ ਡਿੰਘ ਪੁੱਟਦੇ ਹਨ। ਮੋਟਰਸਾਈਕਲ ਤੇ ਮੋਟਰਕਾਰ ਦੀ ਸਵਾਰੀ ਨੂੰ ਵਡੱਪਣ ਦੇ ਪ੍ਰਗਟਾਵੇ ਵਜੋਂ ਛੱਡ ਕੇ ਬੰਦਾ ਜੇਕਰ ਸਾਈਕਲ ਨੂੰ ਵਰਤਣ ਲੱਗ ਪਵੇ ਤਾਂ ਇਹ ਉਸ ਦੀ ਦੇਸ਼ ਲਈ ਕੁਰਬਾਨੀ ਦੀ ਛੋਟੀ ਡਿੰਘ ਹੋਵੇਗੀ। ਜਿਹੜਾ ਛੋਟੀਆਂ ਡਿੰਘਾਂ ਪੁੱਟਣ ਤੋਂ ਸੰਕੋਚ ਕਰਦਾ ਹੈ, ਉਹ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਨੂੰ ਕੁਰਬਾਨੀ ਦੇ ਦੁੰਬ ਸਮਝਦਾ ਹੈ।
ਦੇਸ਼ ਲਈ ਸ਼ਹੀਦ ਹੋਣ ਵਾਲੇ ਬੰਦਿਆਂ ਦਾ ਮੁੱਲ ਅਮਰੀਕਾ ਦੇ ਸੰਸਾਰ ਪ੍ਰਸਿੱਧ ਪ੍ਰਧਾਨ ਅਬਰਾਹਿੰਮ ਲਿੰਕਨ ਨੇ ਪਾਇਆ ਹੈ।
ਅਮਰੀਕਾ ਦੀ ਸੁਤੰਤਰਤਾ ਲਈ ਜਿਹੜੇ ਬੰਦੇ ਸ਼ਹੀਦ ਹੋਏ ਸਨ, ਉਹਨਾਂ ਦਾ ਸਾਂਝਾ ਸ਼ਹੀਦੀ-ਅਸਥਾਨ (ਕਬਰਸਤਾਨ) ਅਮਰੀਕਾ ਦੇ ਗੈਟਸ਼ ਬਰਗ ਦੇ ਥਾਂ ‘ਤੇ ਬਣਿਆ ਸੀ। ਉਸ ਦਾ ਉਦਘਾਟਨ ਕਰਦਿਆਂ ਹੋਇਆਂ ਸ੍ਰੀ ਅਬਰਾਹਿੰਮ ਲਿੰਕਨ ਨੇ ਸੰਸਾਰ ਦੇ ਇਤਿਹਾਸ ਵਿੱਚ ਚੰਨ ਸੂਰਜ ਵਾਂਙੂ ਚਮਕਦੇ ਰਹਿਣ ਵਾਲੇ ਹੇਠ ਲਿਖੇ ਸ਼ਬਦ ਕਹੇ ਸਨ : “ਸ਼ਹੀਦੋ! ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਤੁਹਾਡੀਆਂ ਸ਼ਹੀਦੀਆਂ ਸਾਨੂੰ ਕਦੀ ਭੁੱਲਣਗੀਆਂ ਨਹੀਂ, ਉਹ ਸਦਾ ਸਾਡੀਆਂ ਅੱਖਾਂ ਅੱਗੇ ਰਹਿਣਗੀਆਂ’’, ‘ਜਨਤਾ ਦੀ ਹਕੂਮਤ-ਜਨਤਾ ਲਈ ਹਕੂਮਤ-ਜਨਤਾ ਵੱਲੋਂ ਕੀਤੀ ਜਾ ਰਹੀ ਹਕੂਮਤ,
ਸਾਡਾ ਰਾਜ ਕਰਨ ਦਾ ਇਕੋ ਇਕ ਨਿਸ਼ਾਨਾ ਰਹੇਗਾ।’

ਦੇਸ਼ ਵਾਸੀਓ! ਗਰੀਬੀ ਦਾ ਖਤਰਾ ਬਹੁਤ ਵੱਧ ਗਿਆ ਹੈ।
ਭਾਰਤ ਵਿੱਚ ਅਜੇ ਅੰਗਰੇਜ਼ ਦੀ ਰੂਹ ਬਾਕੀ ਹੈ। ਹੁਣ ਕਾਲੀ ਚਮੜੀ ਵਾਲੇ ਹੀ ਅੰਗਰੇਜ਼ ਬਣ ਚੁੱਕੇ ਹਨ। ਉਹਨਾਂ ਨੇ ਆਪਣੇ ਰਹਿਣ-ਸਹਿਣ ਦੇ ਢੰਗ ਦੇਸ਼ ਦੀ ਜਨਤਾ ਦੀ ਪੱਧਰ ਤੋਂ ਉੱਤੇ ਰਹਿ ਕੇ ਉਸੇ ਤਰ੍ਹਾਂ ਬਣਾਏ ਹੋਏ ਹਨ, ਜਿਸ ਤਰ੍ਹਾਂ ਅੰਗਰੇਜ਼ਾਂ ਨੇ ਬਣਾਏ ਹੋਏ ਸਨ।
ਬੜੀਆਂ ਬੜੀਆਂ ਕੋਠੀਆਂ ਵਿੱਚ ਰਹਿਣਾ, ਮੋਟਰਕਾਰ ਤੋਂ ਬਿਨਾਂ ਆਪਣੇ ਘਰੋਂ ਨਿਕਲਣਾ ਸ਼ਰਮ ਦੀ ਗੱਲ ਗਿਣਨਾ, ਖਾਣਾ-ਪੀਣਾ, ਪਹਿਨਣਾ ਸਭ ਬਦੇਸ਼ੀ ਅੰਗਰੇਜ਼ਾਂ ਵਾਲਾ ਹੈ। ਉਹ ਗਰੀਬ ਜਨਤਾ ਨਾਲ ਆਪਣਾ ਮਨ ਨਹੀਂ ਮੇਲ ਰਹੇ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਉੱਚੇ ਵਰਗ ਦੇ ਲੋਕਾਂ ਦਾ ਨੀਵੇਂ ਵਰਗ ਦੇ ਲੋਕਾਂ ਨਾਲ ਕੋਈ ਹਾਰਦਿਕ ਸੰਪਰਕ ਨਾ ਰਹਿ ਜਾਏ ਤਾਂ ਉਸ ਦੇਸ਼ ਵਿੱਚ ਖੂਨੀ ਕ੍ਰਾਂਤੀ ਆਇਆ ਕਰਦੀ ਹੈ। ਇਸ ਵੇਲੇ ਸਭ ਤੋਂ ਵੱਡਾ ਪ੍ਰਸ਼ਨ ਹਿੰਦੁਸਤਾਨ ਦੇ ਪਰਜਾਤੰਤਰ ਨੂੰ ਬਚਾਉਣ ਦਾ ਹੈ। ਜੇ ਤੁਸੀਂ ਇਹ ਪਰਜਾਤੰਤਰ ਸੰਭਾਲ ਕੇ ਨਾ ਰੱਖਿਆ ਤਾਂ ਹਿੰਦੁਸਤਾਨ ਦਾ ਵੱਡਮੁੱਲਾ ਵਿਰਸਾ (ਹਿੰਦੁਸਤਾਨ ਦੇ ਧਰਮ ਗ੍ਰੰਥ-ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਉਪਨਿਸ਼ਦ ਆਦਿ) ਤੇ ਮਹਾਂ ਪੁਰਸ਼ਾਂ ਦੇ ਇਤਿਹਾਸ ਸਭ ਤੁਹਾਨੂੰ ਸਰਾਪ ਦੇਣਗੇ। ਜਿਸ ਤਰ੍ਹਾਂ ਆਪਣੇ ਉਚੇਰੇ ਅਧਿਕਾਰ ਮਾਣਦੇ ਹੋਏ, ਤੁਸੀਂ ਗਰੀਬਾਂ ਦੀ ਹਾਲਤ ਵੱਲੋਂ ਅੱਖੀਆਂ ਮੂੰਦ ਰਹੇ ਹੋ, ਜੀਵਨ ਚਾਲ ਦੁਆਰਾ ਤੁਸੀਂ ਆਪਣੇ ਧਰਮ ਗ੍ਰੰਥਾਂ ਦੇ ਵਿਰਸੇ ਵੱਲੋਂ ਪਿੱਠ ਫੇਰ ਰਹੇ ਹੋ ਤਾਂ ਅਵੱਸ਼ ਹੀ ਤੁਸੀਂ ਆਪਣੇ ਧਾਰਮਿਕ ਗਿਆਨ ਦਾ ਵਿਰਸਾ ਗੁਆ ਬੈਠੋਗੇ।
ਖੂਨੀ ਕ੍ਰਾਂਤੀ ਤੋਂ ਬਚਣ ਲਈ ਮੋਟਰ-ਸਾਈਕਲਾਂ ਤੇ
ਮੋਟਰਕਾਰਾਂ ਨੂੰ ਛੱਡ ਕੇ ਸਾਈਕਲਾਂ ‘ਤੇ ਜਾਣਾ, ਸਿਆਲ ਵਿੱਚ ਹੀਟਰ ਨਾ ਵਰਤਣੇ, ਗਰਮੀਆਂ ਵਿੱਚ ਫਰਿੱਜਾਂ, ਕੂਲਰਾਂ ਅਤੇ ਏਅਰ-ਕੰਡੀਸ਼ਨਰਾਂ ਆਦਿ ਦੀ ਵਰਤੋਂ ਨਾ ਕਰਨੀ ਛੋਟੀਆਂ ਕੁਰਬਾਨੀਆਂ ਹਨ ਪਰ ਇਨ੍ਹਾਂ ਦੇ ਨਤੀਜੇ ਬੜੇ ਵੱਡੇ ਹਨ।
ਮਹਾਨ ਫਿਲਾਸਫਰ ਵਿਲੀਅਮ ਪੈਨ ਦਾ ਕਥਨ ਹੈ-Men must choose to be governed by God or they condemn themselves to be ruled by tyrants-William Pen.
ਅਰਥਾਤ-ਮਨੁੱਖਾਂ ਨੂੰ ਰੱਬ ਦੇ ਰਾਜ ਵਿੱਚ ਹੋ ਜਾਣ ਦੀ ਚੋਣ ਕਰਨੀ ਪਵੇਗੀ, ਨਹੀਂ ਤਾਂ ਉਹ ਆਪਣੇ ਆਪ ਨੂੰ ਨਖਿੱਧ ਸਾਬਤ ਕਰਕੇ ਜਾਬਰਾਂ ਦੇ ਰਾਜ ਹੇਠ ਪਏ ਹੋਣਗੇ।ਪਰਜਾਤੰਤਰ ਨੂੰ ਬਚਾਉਣ ਦਾ ਰਾਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੱਸ ਗਏ ਹਨ, ਜਿਨ੍ਹਾਂ ਨੇ ਜਗਤ ਗੁਰੂ ਦੀ ਪਦਵੀ ਪ੍ਰਾਪਤ ਕਰਕੇ ਵੀ 53 ਸਾਲਾਂ ਦੀ ਉਮਰ ਵਿੱਚ ਖੇਤੀ ਕੀਤੀ ਤੇ ਜਿਨ੍ਹਾਂ ਨੂੰ ਖੇਤੀ ਦਾ ਕਿੱਤਾ ਕਰਦਿਆਂ ਫਸਲਾਂ/ਅਨਾਜ ਆਦਿ ਸਿਰ ‘ਤੇ ਚੁੱਕਣਾ ਪਿਆ ਤੇ 70 ਸਾਲ ਦੀ ਉਮਰ ਤੱਕ ਉਹ ਇਸ ਕੰਮ ਵਿੱਚ ਲੱਗੇ ਰਹੇ।
ਵਰਤਮਾਨ ਕਾਲ ਵਿੱਚ ਪੜ੍ਹੇ ਲਿਖੇ ਤੇ ਉੱਚੇ ਵਰਗ ਦੇ ਹਰ ਸ਼੍ਰੇਣੀ ਦੇ ਬੰਦਿਆਂ ਵਿੱਚ ਤਿੰਨ ਔਗੁਣ ਆ ਗਏ ਹਨ। ਇਨ੍ਹਾਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਸਾਡੀ ਮੌਤ ਦੇ ਵਰੰਟਾਂ ਉੱਤੇ ਦਸਤਖਤ ਹੋ ਚੁੱਕੇ ਸਮਝੋ। ਇਹ ਔਗੁਣ ਹਨ :

1. ਪੇਂਡੂ ਜੀਵਨ ਤੋਂ ਘਿਰਣਾ ਕਰਨਾ।
2. ਹੱਥ ਨਾਲ ਕੰਮ ਕਰਨ ਤੋਂ ਘਿਰਣਾ ਕਰਨਾ।
3. ਉਹ ਕੰਮ ਜਿਨ੍ਹਾਂ ਨਾਲ ਧਰਤੀ ‘ਚੋਂ ਅੰਨ ਪੈਦਾ ਕੀਤਾ ਜਾਂਦਾ ਹੈ, ਨੂੰ ਕਰਨ ਤੋਂ ਘਿਰਣਾ ਕਰਨਾ (ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਖੇਤੀ ਦੇ ਕੰਮਾਂ ਵਿੱਚ ਲੱਗ ਕੇ ਰੂੜੀ ਸਿਰ ‘ਤੇ ਚੁੱਕੀ ਸੀ)।

ਅੱਜ ਦੇਸ਼ ਦੇ ਅਨੇਕਾਂ ਬੰਦੇ ਮੋਟਰਕਾਰ ਵਰਗੀਆਂ ਫਜੂਲ ਚੀਜ਼ਾਂ ਵਰਤਦੇ ਹੋਏ, ਦੇਸ਼ ਨੂੰ ਗਰੀਬ ਬਣਾਉਂਦੇ ਹੋਏ, ਕੇਵਲ ਸਰਕਾਰ ਤੋਂ ਹੀ ਆਸ ਕਰਦੇ ਹਨ ਕਿ ਕੇਵਲ ਸਰਕਾਰ ਦਾ ਕੰਮ ਹੀ ਦੇਸ਼ ਦੀ ਗਰੀਬੀ ਦੂਰ ਕਰਨਾ ਹੈ, ਜਨਤਾ ਦਾ ਨਹੀਂ। ਸਰਕਾਰਾਂ ਮੂਰਖਪੁਣਾ ਕਰ ਸਕਦੀਆਂ ਹਨ ਤੇ ਉਨ੍ਹਾਂ ਦੀਆਂ ਮੂਰਖਤਾਈਆਂ ਦੇ ਕਾਰਨ ਉਨ੍ਹਾਂ ਵਿਰੁੱਧ ਨੇਕ ਨੀਤੀ ਤੇ ਬਦਨੀਤੀ ਨਾਲ ਰੌਲੇ ਵੀ ਪੈਂਦੇ ਰਹਿੰਦੇ ਹਨ। ਦੂਜੇ ਦੇਸ਼ਾਂ ਤੋਂ ਲੱਕ ਤੋੜਵੇਂ ਮਹਿੰਗੇ ਮੁੱਲ ਨਾਲ ਖਰੀਦੇ ਗਏ ਡੀਜ਼ਲ ਤੇ ਪੈਟਰੋਲ ਨੂੰ ਮੋਟਰਕਾਰਾਂ ਤੇ ਮੋਟਰਸਾਈਕਲਾਂ ਦੁਆਰਾ ਫੂਕਣ ਲੱਗੇ ਸੰਕੋਚ ਨਹੀਂ ਕਰਦੇ।
ਪਰਜਾਤੰਤਰ ਦੀ ਸਫਲਤਾ ਦਾ ਭੇਦ ਹੀ ਇਸ ਗੱਲ ਵਿੱਚ ਛੁਪਿਆ ਹੋਇਆ ਹੈ ਕਿ ਸੰਸਾਰ ਦਾ ਹਰ ਬੰਦਾ ਸਮਝੇ ਕਿ ਉਹ ਆਪਣੀ ਜੀਵਨ ਚਾਲ ਨਾਲ ਦੇਸ਼ ਨੂੰ ਬਚਾ ਰਿਹਾ ਹੈ ਜਾਂ ਡੋਬ ਰਿਹਾ ਹੈ? ਪਰਜਾ-ਤੰਤਰ ਦੀ ਸਰਕਾਰ ਨੇ ਦੇਸ਼ ਦੀ ਗਰੀਬੀ ਹਟਾਉਣ ਲਈ ਜਨਤਾ ਤੋਂ ਆਸ ਕਰਨੀ ਹੁੰਦੀ ਹੈ ਕਿ ਲੋਕੀਂ ਗਰੀਬੀ ਨਾ ਵਧਾਉਣ। ਦੇਸ਼ ਦੇ ਸਾਰੇ ਬੰਦਿਆਂ ਦਾ ਕਰਤੱਵ ਹੈ ਕਿ ਉਹ ਭਾਰਤ ਦੀ ਵਿਗੜੀ ਬਨਾਉਣ। ਚੰਗੀ ਤੋਂ ਚੰਗੀ ਸਰਕਾਰ ਵੀ ਕੁੱਝ ਨਹੀਂ ਕਰ ਸਕੇਗੀ, ਜੇਕਰ ਜਨਤਾ ਉਸ ਵਿਗੜੀ ਨੂੰ ਬਨਾਉਣ ਵੱਲ ਧਿਆਨ ਨਹੀਂ ਦੇਵੇਗੀ ਤੇ ਆਪਣਾ ਪੂਰਾ-ਪੂਰਾ ਉਪਰਾਲਾ ਨਹੀਂ ਕਰੇਗੀ।
ਰਸਤਾ ਕੇਵਲ ਇਕੋ ਹੈ ਕਿ ਗੁਰੂ ਅਰਜਨ ਦੇਵ ਜੀ ਵਾਂਙੂ ਧਰਮ ਗ੍ਰੰਥਾਂ ਦੀ ਰਚਨਾ ਤੇ ਧਰਮ ਗ੍ਰੰਥਾਂ ਦਾ ਪ੍ਰਚਾਰ ਕੀਤਾ ਜਾਵੇ। ਇਸ ਪ੍ਰਚਾਰ ਦਾ ਜਾਲ ਵਿਛਾਇਆ ਜਾਵੇ ਕਿਉਂਕਿ ਪਰਜਾਤੰਤਰ ਇਕ ਅਧਿਆਤਮਕ ਸੰਸਥਾ ਹੁੰਦੀ ਹੈ ਤੇ ਇਸ ਦਾ ਆਧਾਰ ਮਨੁੱਖ ਦੇ ਹਿਰਦੇ ਵਿੱਚ ਵੱਸਣ ਵਾਲੇ ਸਤ-ਸੰਤੋਖ ਤੇ ਦਇਆ ਦੇ ਗੁਣ ਹੁੰਦੇ ਹਨ। ਲੋੜ ਇਸ ਗੱਲ ਦੀ ਹੈ ਕਿ ਉੱਚੀ ਵਿਦਿਆ ਵਾਲੇ ਹਜ਼ਾਰਾਂ ਨੌਜਵਾਨ ਗੁਰੂ ਤੇਗ ਬਹਾਦਰ ਸਾਹਿਬ ਵਾਂਙੂ ਸੰਸਾਰ ਦੇ ਰੇੜਕਿਆਂ ਤੋਂ ਲਾਂਭੇ ਹੋ ਕੇ 26 ਸਾਲ ਦਾ ਲੰਮਾ ਸਮਾਂ
ਦੇਸ਼ ਦੀ ਦੁਨੀਆਂ ਦੀਆਂ ਸਮੱਸਿਆਵਾਂ ਦੀ ਖੋਜ ਤੇ ਜੀਵਨ ਦੀ ਆਧਿਆਤਮਕ ਉਸਾਰੀ ‘ਤੇ ਖਰਚ ਕਰਨ ਤੇ ਨਿਗੂਣੇ (ਚੁਰਾਸੀ ਲੱਖ ਜੂਨਾਂ ਦੇ) ਕੰਮਾਂ ਤੋਂ ਹਟ ਕੇ ਅਕਲ ‘ਤੇ ਆਧਾਰਤ ਉਹ ਕੰਮ ਕਰਨ, ਜਿਨ੍ਹਾਂ ਨੂੰ ਕੀਤਿਆਂ ਵੱਧ ਤੋਂ ਵੱਧ ਸਮਾਜ, ਦੇਸ਼ ਤੇ ਦੁਨੀਆਂ ਦਾ ਭਲਾ ਹੁੰਦਾ ਹੋਵੇ ਤੇ ਗੁਰੂ ਨਾਨਕ ਸਾਹਿਬ ਵਾਂਙੂ ਰੋੜਿਆਂ ਦੀ ਵਿਛਾਈ ਕਰਕੇ ਦੇਸ਼ ਤੇ ਦੁਨੀਆਂ ਦੇ ਬੰਦਿਆਂ ਨੂੰ ਚੌਵੀ ਸਾਲਾਂ ਦੇ ਲੰਮੇਂ ਸਮੇਂ ਤੱਕ ਪੈਦਲ ਸਫਰਾਂ ਦੁਆਰਾ ਆਤਮਕ ਤੌਰ ‘ਤੇ ਜਗਾਇਆ ਜਾਵੇ ਤੇ ਉਹਨਾਂ ਨੂੰ ਦੇਸ਼ ਦੀਆਂ ਸਮੱਸਿਆਵਾਂ ਤੋਂ ਵੀ ਜਾਣੂੰ ਕਰਾਇਆ ਜਾਵੇ ਤਾਂ ਜੋ ਉਹ ਆਪਣਾ ਉਧਾਰ ਕਰ ਸਕਣ ਤੇ ਉੱਨਤੀ ਦੇ ਰਾਹ ‘ਤੇ ਤੁਰ ਸਕਣ। ਇਸ ਤੋਂ ਬਿਨ੍ਹਾਂ ਹੋਰ ਕੋਈ ਰਸਤਾ ਬਚਾਉ ਦਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਦੇ ਕਿੱਤੇ ਨੂੰ ਜੋ ਮਾਣ ਦਿੱਤਾ ਹੈ, ਵਰਤਮਾਨ ਕਾਲ ਵਿਚ ਉਹਦੀ ਮਹੱਤਤਾ ਕੀ ਹੈ? ਉਸ ਦੀ ਮਹੱਤਤਾ ਜਾਣਨ ਲਈ ਸੰਸਾਰ ਪ੍ਰਸਿੱਧ ਅੰਗਰੇਜ਼ ਵਿਦਵਾਨ ਰਸਕਿਨ ਦੀ ਸੰਸਾਰ ਪ੍ਰਸਿੱਧ ਪੁਸਤਕ ‘UNTO THIS LAST’ ਦੇ ਹੇਠ ਲਿਖੇ ਸ਼ਬਦ ਦੁਨੀਆਂ ਦੇ ਬੰਦਿਆਂ ਅੱਗੇ ਰੱਖੇ ਜਾਣ-

“ਤੁਸੀਂ ਆਪਣੇ ਮੋਦੀਖਾਨੇ ਵਿੱਚ ਕਾਹਦੀਆਂ ਬੋਰੀਆਂ ਭਰ ਕੇ ਰੱਖੀਆਂ ਹਨ? ਉਹ ਬੋਰੀਆਂ ਅਨਾਜ ਦੀਆਂ ਹਨ ਜਾਂ ਦਿਲ ਪ੍ਰਚਾਵੇ ਲਈ ਆਤਸ਼ਬਾਜ਼ੀ ਬਨਾਉਣ ਵਾਲੇ ਬਾਰੂਦ ਦੀਆਂ? ਤੁਸੀਂ ਅਨਾਜ ਦੀ ਪੈਦਾਵਾਰ ਵੱਲ ਪਿੱਠ ਕਰਕੇ (ਜਿਹਾ ਕੇ ਉਪਰ ਦੱਸਿਆ ਗਿਆ ਹੈ) ਨਿਗੂਣੀਆਂ ਵਸਤਾਂ ਦੀਆਂ ਬੋਰੀਆਂ ਭਰਨ ਕਰਕੇ ਭੁੱਖ ਨਾਲ ਮਰਨ ਦੇ ਰਾਹ ‘ਤੇ ਤੁਰੇ ਜਾ ਰਹੇ ਹੋ।”
ਪ੍ਰਸਿੱਧ ਫਿਲਾਸਫਰ ਰਸਕਿਨ ਨੇ ਲਿਖਿਆ ਹੈ ‘ਸੜਕ ‘ਤੇ ਪਏ ਗੰਦ ਤੋਂ ਤੁਸੀਂ ਪਿੱਠ ਫੇਰ ਕੇ ਲੰਘ ਜਾਂਦੇ ਰਹੇ ਪਰ ਖੇਤ ਉਸ ਗੰਦ ਨੂੰ ਇਸ ਖਿਆਲ ਨਾਲ ਉਡੀਕ ਰਿਹਾ ਹੁੰਦਾ ਹੈ ਕਿ ਉਹ ਗੰਦ ਉਸ ਪਾਸ ਆਵੇ ਤੇ ਉਹ ਫੇਰ ਉਸ ਗੰਦ ਦੀ ਸਹਾਇਤਾ ਨਾਲ ਮੁੜ ਕੇ ਅਨਾਜ ਪੈਦਾ ਕਰੇ।
ਵਰਤਮਾਨ ਕਾਲ ਵਿੱਚ ਬਰਲੌਗ ਵਿਗਿਆਨੀ, ਕਣਕ ਦੀ ਪੈਦਾਵਾਰ ਦੇ ਸਬੰਧ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਵਿਗਿਆਨੀ ਮੰਨਿਆ ਗਿਆ ਹੈ। ਸ਼ਾਇਦ ਉਹ ਅਮਰੀਕਾ ਸਰਕਾਰ ਦਾ ਸਲਾਹਕਾਰ ਹੈ। ਦਸ ਬਾਰਾਂ ਸਾਲ ਹੋਏ, ਉਹ ਹਿੰਦੁਸਤਾਨ ਆਇਆ ਸੀ, ਉਸ ਨੇ ਕਿਹਾ ਸੀ-‘ਵਿਕਾਸਸ਼ੀਲ ਦੇਸ਼ ਕੇਵਲ ਉਦਯੋਗਾਂ ਵੱਲ ਧਿਆਨ ਦੇ ਕੇ ਖੇਤੀ ਵੱਲੋਂ ਅਣਗਹਿਲੀ ਕਰਕੇ ਅੰਨ ਦੀ ਪੈਦਾਵਾਰ ਨੂੰ ਘਟਾਉਣ ਦੇ ਰਾਹ ‘ਤੇ ਤੁਰੇ ਜਾਂਦੇ ਹਨ।”
ਭਾਰਤ ਦੇ ਪੁਰਾਣੇ ਧਰਮ ਗ੍ਰੰਥਾਂ ਵਿੱਚ (ਪੁਰਾਣਾਂ ਵਿੱਚ) ਇਹ ਸ਼ਬਦ ਆਉਂਦੇ ਹਨ, ਜਵਾਰ ਦੇ ਦਾਣੇ ਹੀਰੇ ਜਵਾਹਰਾਂ ਨਾਲੋਂ ਵਧੇਰੇ ਕੀਮਤੀ ਹਨ। ਦੁਨੀਆਂ ਦੇ ਕਾਲਾਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਕੋਈ ਕਾਲ ਪੈਂਦਾ ਰਿਹਾ ਹੈ, ਮਰਨ ਵਾਲਿਆਂ ਦੇ ਸਿਰਹਾਣੇ ਥੱਲਿਉਂ ਸੋਨੇ ਚਾਂਦੀ ਦੇ ਜੇਵਰ ਤੇ ਹੀਰੇ ਜਵਾਹਰ ਨਿਕਲਦੇ ਰਹੇ ਹਨ। ਇਸ ਤਰ੍ਹਾਂ ਭਾਰਤ ਵਿਚ ਕਣਕ ਦੇ ਭੰਡਾਰ ਜਮ੍ਹਾਂ ਪਏ ਦੱਸੇ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਇਹਨਾਂ ਭੰਡਾਰਾਂ ਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਵੇਖਣਾ ਸੀ। ਇਕ ਇਹ ਕਿ ਭਾਰਤ ਦਾ ਹਰ ਗਰੀਬ ਬੰਦਾ ਲੋੜ ਅਨੁਸਾਰ ਅਨਾਜ ਖਰੀਦਣ ਦੀ ਮਾਇਕ ਸ਼ਕਤੀ ਰੱਖਦਾ ਹੈ? ਕੀ ਉਹ ਦੋ ਵਾਰ ਖਾਣਾ ਖਾਣ ਦੀ ਥਾਂ ਇਕ ਵਾਰ ਖਾਣਾ ਤਾਂ ਨਹੀਂ ਖਾਂਦਾ ਹੈ? ਬਾਕੀ ਜਿਹੜੀ ਕਣਕ ਪੈਦਾ ਹੋ ਰਹੀ ਹੈ, ਕੀ ਉਹ ਬਣਾਉਟੀ ਖਾਦਾਂ ਨਾਲ ਤਾਂ ਨਹੀਂ ਪੈਦਾ ਕੀਤੀ ਜਾ ਰਹੀ, ਜੋ ਜ਼ਮੀਨ ਦੀ ਤਾਕਤ ਨੂੰ ਕਮਜ਼ੋਰ ਕਰ ਦੇਵੇ? ਧਰਤੀ ਨਾਲ ਇਨਸਾਫ ਉਸੇ ਸੂਰਤ ਵਿਚ ਹੋ ਸਕਦਾ ਹੈ ਜੇਕਰ ਉਸ ਨੂੰ ਠੀਕ ਖਾਦ ਦਿੱਤੀ ਜਾਵੇ। ਬਣਾਉਟੀ ਖਾਦਾਂ ਨਾਲ ਜ਼ਮੀਨ ਨੂੰ ਉਬਾਲਾ ਆ ਜਾਂਦਾ ਹੈ ਤੇ ਇਸ ਤਰ੍ਹਾਂ ਉਸ ਦੀ ਸ਼ਕਤੀ ਘੱਟਦੀ ਰਹਿੰਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਲੋਕਾਂ ਨੂੰ ਕਹਿਣਾ ਸੀ ਕਿ ਉਹ ਰੂੜੀ ਦੀ ਖਾਦ ਨੂੰ ਬਰਬਾਦ ਨਾ ਕਰਨ, ਜਿਸ ਤਰ੍ਹਾਂ ਕਿ ਸ਼ਹਿਰਾਂ ਵਿਚ ਹੋ ਰਹੀ ਹੈ। ਸ਼ਹਿਰਾਂ ਵਿਚ ਰੂੜੀ ਦੀ ਖਾਦ ਦੀ ਨੀਵੇਂ ਥਾਵਾਂ ‘ਤੇ ਭਰਤੀ ਪੈ ਰਹੀ ਹੈ। ਗੋਬਰ, ਮੈਲਾ, ਕੇਲੇ, ਖਰਬੂਜੇ, ਫਲਾਂ ਤੇ ਸਬਜ਼ੀਆਂ ਦੇ ਛਿੱਲੜ ਸਭਨਾਂ ਦੀ ਰੂੜੀ ਦੀ ਖਾਦ ਬਣਦੀ ਹੈ ਤੇ ਇਹ ਸਭ ਵਸਤਾਂ ਗਲੀਆਂ ਮੁਹੱਲਿਆਂ ਵਿੱਚ ਲੋਕਾਂ ਦੇ ਪੈਰਾਂ ਥੱਲੇ ਰੁਲਦੀਆਂ ਰਹਿੰਦੀਆਂ ਹਨ। ਗਲੀਆਂ ਬਾਜ਼ਾਰਾਂ ਵਿੱਚ ਸ਼ੀਸ਼ੇ, ਮੇਖਾਂ, ਖੁਰੀਆਂ ਕੂੜੇ ਵਿੱਚ ਪੈਂਦੀਆਂ ਰਹਿੰਦੀਆਂ ਹਨ। ਉਸ ਕੂੜੇ ਨਾਲ ਸਫਾਈ ਮਜ਼ਦੂਰਾਂ, ਕਿਸਾਨਾਂ, ਬੈਲਾਂ ਆਦਿ ਦੇ ਹੱਥ ਪੈਰ ਪਾਟਦੇ ਰਹਿੰਦੇ ਹਨ। ਕਿਰਸਾਨ ਉਸ ਕੂੜੇ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਮਿਊਂਸੀਪਲ ਕਮੇਟੀਆਂ ਨੂੰ ਤਨਖਾਹ ‘ਤੇ ਬੰਦੇ ਰੱਖ ਕੇ ਉਹ ਕੂੜਾ ਸਾਫ ਕਰਾਉਣਾ ਪੈਂਦਾ ਹੈ। ਹਿੰਦੁਸਤਾਨ ਵਿਚ ਅੰਨ੍ਹੇ ਵਾਹ ਰੁੱਖ ਵੱਢੇ ਜਾ ਰਹੇ ਹਨ, ਜਿਸ ਨਾਲ ਧਰਤੀ ਰੇਤ ਦਾ ਮਾਰੂਥਲ ਬਣਦੀ ਜਾ ਰਹੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਕੁੱਝ ਦੇਖਣਾ ਸੀ।
ਉਹਨਾਂ ਨੇ ਦੇਗ ਚਲਾਉਣੀ ਸੀ ਤੇ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਣਾ ਸੀ। ਪਰਜਾਤੰਤਰੀ ਰਾਜ-ਪ੍ਰਬੰਧ ਉਸੇ ਸੂਰਤ ਵਿਚ ਸਫਲ ਹੋ ਸਕਦਾ ਹੈ ਜੇਕਰ ਉਸ ਦੇ ਅਧੀਨ ਰਹਿਣ ਵਾਲੇ ਹਰ ਬੰਦੇ ਦੇ ਹਿਰਦੇ ਵਿੱਚ ਹਰ ਦੂਸਰੇ ਬੰਦੇ ਲਈ ਪਰਿਵਾਰ ਵਾਲੀ ਭਾਵਨਾ ਮੌਜੂਦ ਹੋਵੇ। ਕਿਸੇ ਅੰਗਰੇਜ਼ ਵਿਦਵਾਨ ਨੇ ਇਸ ਭਾਵਨਾ ਨੂੰ ਤਿੰਨ ਸ਼ਬਦਾਂ हिँच विभात बरीडा चै, Intelligence, Honour and Virtue, ਅਰਥਾਤ-ਹਰ ਘਰ ਦੇ ਬੰਦੇ ਆਪਣੇ ਘਰ ਨੂੰ ਆਪਣੇ ਜੀਵਨ ਦੇ ਤਿੰਨਾਂ ਗੁਣਾਂ ਦੇ ਆਧਾਰ ‘ਤੇ ਚਲਾਇਆ ਕਰਦੇ ਹਨ-ਬੁੱਧੀ, ਅਣਖ ਤੇ ਧਰਮ।

ਭਗਤ ਪੂਰਨ ਸਿੰਘ(ਬਾਨੀ ਪਿੰਗਲਵਾੜਾ, ਅੰਮ੍ਰਿਤਸਰ)