ਮਨੁੱਖ ਔਗੁਣਾਂ ਨਾਲ ਭਰਿਆ ਪਿਆ ਹੈ। ਅੰਮ੍ਰਿਤ ਛੱਡ ਕੇ ਵਿਕਾਰਾਂ ਦੀ ਬਿਖ ਖਾਂਦਾ ਰਹਿੰਦਾ ਹੈ। ਮਾਇਆ ਦੇ ਮੋਹ ਕਰਕੇ ਧੀਆਂ-ਪੁੱਤਰਾਂ ਤੇ ਪਤਨੀ ਨਾਲ ਪ੍ਰੀਤ ਲਾਈ ਰੱਖਦਾ ਹੈ ਤੇ ਭਰਮ ਵਿਚ ਭੁੱਲਾ ਹੋਇਆ ਹੈ ਪਰ ਜੋ ਸਤਿਗੁਰ ਦੀ ਸ਼ਰਨ ਆ ਜਾਂਦੇ ਹਨ ਉਨ੍ਹਾਂ ਦੀ ਲਾਜ-ਪਤ ਸਤਿਗੁਰ ਜੀ ਆਪ ਰੱਖਦੇ ਹਨ। ਇਸੇ ਲਈ ਭੱਟ ਕੀਰਤ ਜੀ ਸਤਿਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਨ:
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥੪॥੫੮॥
ਸ਼ਰਨ ਆਏ ਦੀ ਲਾਜ ਰੱਖਣ ਵਾਲੇ ਸਤਿਗੁਰ ਰਾਮਦਾਸ ਜੀ ਦਾ ਦਰਬਾਰ ਲੱਗਾ ਹੋਇਆ ਸੀ ਤੇ ਸਤਿਗੁਰ ਜੀ ਪ੍ਰਾਣੀਆਂ ਦਾ ਉਧਾਰ ਕਰ ਰਹੇ ਸਨ। ਇਸ ਸਮੇਂ ਭਾਈ ਧਰਮ ਦਾਸ ਖੋਟੜ, ਭਾਈ ਡੂਗਰ ਦਾਸ ਤਕਿਆਰ, ਭਾਈ ਜੇਠਾ, ਭਾਈ ਤੀਰਥਾ ਭਾਈ ਸੰਸਾਰੂ, ਭਾਈ ਦੀਪਾ ਅਤੇ ਭਾਈ ਬੂਲਾ ਸਭ ਗੁਰੂ-ਦਰਬਾਰ ਆਏ। ਤਿਨ੍ਹਾਂ ਨੇ ਹੱਥ ਜੋੜ ਅਰਦਾਸ ਕੀਤੀ, ‘ਹੇ ਸਤਿਗੁਰ ਪਾਤਸ਼ਾਹ ਜੀ! ਆਪ ਦੀ ਸ਼ਰਨ ਆਏ ਹਾਂ ਸਾਡਾ ਵੀ ਉਧਾਰ ਕਰੋ। ਇਹ ਸੁਣ ਕੇ ਉਮਾਹ ਵਿਚ ਆਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ‘ਹੇ ਭਾਈ! ਪਹਿਲਾਂ ਮਨ ਦੇ ਹੰਕਾਰ ਦਾ ਤਿਆਗ ਕਰੋ। ਨਿਮਰਤਾ ਵਿਚ ਰਹੇ ਈਰਪਾ ਕਰਨੀ ਛੱਡ ਦਿਉ। ਕਿਸੇ ਦੀ ਨਿੰਦਿਆ ਨਹੀਂ ਕਰਨੀ ਤੇ ਔਗੁਣਾਂ ਤੋਂ ਦੂਰ ਰਹਿਣਾ ਹੈ। ਘਰ ਆਏ ਸਿੱਖ ਦੀ ਸੇਵਾ ਕਰਨੀ ਹੈ। ਪ੍ਰੇਮ ਨਾਲ ਭੋਜਨ ਤੇ ਬਸਤਰ ਦੇਵਣੇ ਹਨ। ਸਿੱਖ ਦੇ ਬਚਨਾਂ ਨੂੰ ਮੰਨਣਾ ਹੈ, ਕਦੇ ਵੀ ਮੋੜਨਾ ਨਹੀਂ, ਜੇ ਕਿਸੇ ਸਿੱਖ ਦਾ ਵੱਡਾ ਕਾਰਜ ਹੋਵੇ ਜੋ ਧਨ ਤੋਂ ਬਿਨਾਂ ਪੂਰਾ ਨਾ ਹੋ ਸਕਦਾ ਹੋਵੇ ਤਾਂ ਸਾਰਿਆਂ ਸਿੱਖਾਂ ਨੇ ਰਲ ਕੇ ਅਰਦਾਸ ਕਰਨੀ ਹੈ। ਸਾਰਿਆਂ ਕੋਲੋਂ ਇਕ ਥਾਂ ਧਨ ਇਕੱਠਾ ਕਰ ਕੇ ਉਸ ਸਿੱਖ ਦੇ ਕਾਰਜ ਸਵਾਰ ਦੇਣੇ ਹਨ। ਤਦ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ। ਗੁਰ ਪ੍ਰਤਾਪ
ਸੂਰਜ ਗ੍ਰੰਥ’ ਵਿਚ ਇਸ ਬਾਰੇ ਐਸਾ ਹੀ ਉਲੇਖ ਹੈ:
ਰਾਮਦਾਸ ਸਤਿਗੁਰੂ ਉਚਾਰਾ। ‘ਪੁਥਮ ਤਜਹੁ ਮਨ ਕੇ ਹੰਕਾਰਾ॥੨੦॥
ਗਹੋ ਨਮ੍ਰਤਾ, ਤਯਾਗਹੁ ਮਤਸਰ। ਕਰਹੁ ਨ ਨਿੰਦਾ, ਅਵਗੁਨ ਪਰਹਰਿ।
ਜੇ ਘਰ ਆਯੋ ਸਿੱਖ ਨਿਹਰਿਯਹਿ। ਨਿਜ ਨਿਜ ਘਰ ਤੇ ਸੇਵਾ ਕਰਿਯਹਿ॥੨੧॥
ਭੋਜਨ ਬਸਤ੍ਰ ਭਾਉ ਧਰਿ ਦੀਜਹਿ ਮਾਨਹੁ ਬਾਕ ਨ ਫੋਰਨ ਕੀਜਹਿ।
ਜੇ ਸਿਖ ਕੋ ਹਇ ਕਾਜ ਬਡੇਰਾ। -ਬਿਨ ਧਨ ਸਰਹਿ ਨ ਜੋ ਅਸ ਹੇਰਾ॥੨੨॥
ਸਭਿ ਮਿਲ ਕਰਿ ਉਚਰਹੁ ਅਰਦਾਸ। ਸਭਿ ਤੇ ਇਕ ਥਲ ਕਰ ਨਿਜ ਪਾਸਿ। ਸਿਖ ਕੋ ਕਾਰਜ ਦੀਜਹਿ ਸਾਰ। ਤਬ ਪ੍ਰਾਪਤਿ ਤੁਮ ਕੋ ਸੁਖ ਸਾਰ॥੨੩॥
(ਰਾਸਿ ਦੂਜੀ, ਅਧਿ: ੧੮)
ਸਾਰੇ ਮਨ ਲਾ ਕੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਰਹੇ ਸਨ। ਸਤਿਗੁਰਾਂ ਨੇ ਹੋਰ ਅੱਗੇ ਬਚਨ ਕਰਦਿਆਂ ਕਿਹਾ, ‘ਹੇ ਭਾਈ! ਜਿੱਥੇ ਸਮੂਹ ਸਤਿਸੰਗਤ ਜੁੜੀ ਹੋਵੇ, ਕਥਾ-ਕੀਰਤਨ ਕਰਦੇ ਹੋਣ ਤਾਂ ਉੱਥੇ ਸਵੇਰੇ ਸ਼ਾਮੀਂ ਜਾ ਕੇ ਆਪਣੀ ਮੌਤ ਨੂੰ ਪ੍ਰੇਮ ਸਹਿਤ ਉਸ ਰੰਗ ਵਿਚ ਰੰਗ ਲੈਣਾ ਹੈ। ਜਿਸ ਸਿੱਖ ਵਿਚ ਯੋਗ ਸਮਰੱਥਾ ਹੋ ਜਾਵੇ ਉਹ ਆਪ ਧਰਮਸ਼ਾਲ (ਗੁਰਦੁਆਰਾ) ਤਿਆਰ ਕਰਵਾਏ, ਉਸ ਵਿਚ ਸਿੱਖਾਂ ਨੂੰ ਟਿਕਾਵੇ ਤੇ ਉੱਥੇ ਰਾਹੀਆਂ ਨੂੰ ਭੋਜਨ ਵੀ ਛਕਾਏ। ਇਕ ਸਿੱਖ ਜਾਂ ਸਾਰੇ ਸੇਵਾ ਮਿਲ ਕੇ ਦੇਣ। ਨਿਰੰਕਾਰ ਦਾ ਸਿਮਰਨ ਕਰਦੇ ਹੋਏ ਭਲੇ ਪੁਰਸ਼ਾਂ ਦੀ ਸੇਵਾ ਕਰਨੀ ਹੈ। ਇਸ ਸੇਵਾ ਦਾ ਇੰਨਾ ਮਹਾਤਮ ਹੈ ਕਿ ਇਸ ਦੇ ਤੁਲ ਹੋਰ ਕੋਈ ਵੀ ਪੁੰਨ ਪਦਾਰਥ ਨਹੀਂ ਮਿਲਦਾ। ਐਸੀ ਸੇਵਾ ਕਰਨ ਵਾਲਾ ਮਨੁੱਖ ਸੰਸਾਰ ਵਿਚ ਬਹੁਤ ਸੁਖ ਪ੍ਰਾਪਤ ਕਰਦਾ ਹੈ ਅਤੇ ਅੰਤ ਸਮੇਂ ਉਸ ਨੂੰ ਗੁਰੂ ਕੋਲ ਨਿਵਾਸ ਮਿਲਦਾ ਹੈ। ਹੇ ਸਿੱਖੋ! ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰ ਕੇ ਪ੍ਰੇਮ-ਸਹਿਤ ਅੰਮ੍ਰਿਤ-ਵੇਲੇ ਬਾਣੀ ਪੜ੍ਹਨੀ ਹੈ। ਦੁਪਹਿਰ ਸਮੇਂ ਚਰਨ-ਕਮਲ ਪੜਨੀ ਤੇ ਸੁਣਨੀ ਹੈ। ਸ਼ਾਮ ਵੇਲੇ ਸੂਰਜ ਡੁੱਬੇ ਰਹਰਾਸਿ ਪੜ੍ਹਨੀ ਹੈ, ਉਪਰੰਤ ਕਥਾ ਕੀਰਤਨ ਸੁਣ ਕੇ ਅਤੇ ਸੋਹਿਲਾ ਪੜ੍ਹ ਕੇ ਸੋਣਾ ਹੈ। ਹੋਰ ਕਿਰਤ ਕਾਰ ਜੋ ਕਰਨੀ ਤਾਂ ਸੱਚ ਬੋਲਣਾ ਤੇ ਸੱਚ ਕਮਾਵਣਾ ਹੈ। ਮੈਂ ਤੁਹਾਡਾ ਸਦਾ ਸੰਗੀ ਹੋਵਾਂਗਾ’:
ਜਹਿ ਸਤਿਸੰਗਤ ਕੋ ਸਮੁਦਾਇ।
ਕਥਾ ਕੀਰਤਨ ਕਰਹਿ ਬਨਾਇ।
ਤਹਾਂ ਜਾਇ ਸੰਧਯਾ ਅਰੁ ਪ੍ਰਾਤੀ।
ਧਰਹੁ ਪ੍ਰੀਤ ਕਰਿ ਮਤਿ ਕੋ ਰਾਤੀ॥੨੪॥
ਜਿਸ ਮਹਿ ਯਥਾ ਸ਼ਕਤਿ ਹੁਇ ਆਵਹਿ।
ਧਰਮਸਾਲ ਆਪ ਬਨਵਾਵਹਿ।
ਤਿਸ ਮੈਂ ਰਾਖਹਿ ਸਿੱਖ ਟਿਕਾਇ।
ਪੰਥੀ ਕੋ ਭੋਜਨ ਮਿਲ ਜਾਇ॥੨੫॥
ਇਕ ਸਿਖ ਦੇਹਿ, ਕਿ ਸਭਿ ਮਿਲ ਦੇਵੋਂ।
ਸਿਮਰਹਿ ਨਾਮ ਸੁ ਜਨ ਕੋ ਸੇਵੈਂ।
ਕਹਾਂ ਮਹਾਤਮ ਇਸ ਕੋ ਕਹਿਯਹਿ।
ਪੁੰਨ ਪਦਾਰਥ ਸਮ ਨਹਿ ਲਹਿਯਹਿ॥੨੬॥
ਇਸ ਜਗ ਮਹਿ ਸੁਖ ਪਾਇ ਘਨੇਰਾ।
ਅੰਤ ਗੁਰੂ ਢਿਗ ਲਹੈ ਬਸੇਰਾ।
ਪਾਛਲ ਰਾਤਿ ਕਰਹੁ ਇਸ਼ਨਾਨ।
ਗੁਰ ਬਾਨੀ ਪੜੀਅਹਿ ਹਿਤ ਨਾਨ॥੨੭॥
ਸਤਿਗੁਰਾਂ ਦੇ ਉਪਦੇਸ਼ ਸਰਵਣ ਕਰ ਕੇ ਉਹ ਧੰਨ ਹੋ ਗਏ। ‘ਧੰਨ ਗੁਰੂ ਰਾਮਦਾਸ ! ਧੰਨ ਗੁਰੂ ਰਾਮਦਾਸ ਜੀ’ ਕਹਿੰਦੇ ਸਾਰੇ ਸਤਿਗੁਰ ਦੇ ਬਚਨਾਂ ਅਨੁਸਾਰ ਕਮਾਈ ਕਰਨ ਲੱਗ ਪਏ ਤੇ ਵੱਡੇ ਭਾਗਾਂ ਵਾਲੇ ਉਹ ਸਾਰੇ ਗੁਰੂ-ਪ੍ਰੇਮ ਵਿਚ ਮਗਨ ਹੋ ਗਏ। ਉਨ੍ਹਾਂ ਸਤਿਗੁਰ ਜੀ ਦੀ ਕਿਰਪਾ ਨਾਲ ਅਨੰਦਮਈ ਅਵਸਥਾ ਨੂੰ ਪ੍ਰਾਪਤ ਕਰ ਲਿਆ। ਭਾਈ ਗੁਰਦਾਸ ਜੀ ਨੇ ਭਾਈ ਬਰਮ ਦਾਸ, ਭਾਈ ਡੂੰਗਰ ਦਾਸ, ਭਾਈ ਜੇਠਾ, ਭਾਈ ਤੀਰਥਾ, ਭਾਈ ਸੰਸਾਰੂ, ਭਾਈ ਬੂਲਾ ਅਤੇ ਭਾਈ ਦੀਪਾ ਜੀ ਨੂੰ ਸਚਿਆਰ ਪੁਰਸ਼ ਕਹਿ ਕੇ ਸਤਿਕਾਰ ਦਿੱਤਾ ਹੈ:
ਬਰਮਦਾਸ ਹੈ ਖੋਟੜਾ ਡੂੰਗਰੁਦਾਸ ਭਲੇ ਤਕਿਆਰਾ। ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰਾ।
(ਵਾਰ ੧੧, ਪਉੜੀ ੧੭)
-ਸ. ਬਲਵਿੰਦਰ ਸਿੰਘ ‘ਜੌੜਾ ਸਿੰਘਾ’
