-ਸ੍ਰੀ ਰਾਜਿੰਦਰ ਵਰਮਾ
ਸਿੱਖ ਇਤਿਹਾਸ ਨੂੰ ਕਾਨੀਬੱਧ ਕਰਨ ਵਿਚ ਬਹੁਤ ਸਾਰੇ ਸਿੱਖ ਵਾਰਤਕਾਰਾਂ ਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਸਾਨੂੰ ਵਡਮੁੱਲਾ ਸਿੱਖ ਇਤਿਹਾਸ ਦਿੱਤਾ ਹੈ। ਉਨ੍ਹਾਂ ਦੀ ਇਸ ਮਹਾਨ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ। ਭਾਈ ਸੰਤੋਖ ਸਿੰਘ, ਕੋਇਰ ਸਿੰਘ, ਮੈਕਾਲਿਫ ਆਦਿ ਇਤਿਹਾਸਕਾਰਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੇ ਨਾਲ ਹੀ ਗਿਆਨੀ ਗਿਆਨ ਸਿੰਘ ਜੀ ਦਾ ਨਾਂ ਵੀ ਸਾਹਮਣੇ ਆਉਂਦਾ ਹੈ ਜਿਨ੍ਹਾਂ ਦੀ ਸਿਰੜੀ ਮਿਹਨਤ ਸਦਕਾ ਸਿੱਖ ਇਤਿਹਾਸ ਸੰਭਾਲਿਆ ਗਿਆ ਹੈ।
ਇਸ ਮਹਾਨ ਇਤਿਹਾਸਕਾਰ ਦਾ ਜਨਮ ਵੈਸਾਖ ਸੁਦੀ ੩, ਸੰਮਤ ੧੮੭੯ ਬਿਕ੍ਰਮੀ, ਮੁਤਾਬਕ ੧੮੨੨ ਈ. ਨੂੰ ਪਿੰਡ ਲੌਂਗੋਵਾਲ (ਸੰਗਰੂਰ) ਵਿਖੇ ਪਿਤਾ ਭਾਗ ਸਿੰਘ ਜੀ ਅਤੇ ਮਾਤਾ ਦੇਸ ਕੌਰ ਜੀ ਦੀ ਕੁੱਖੋਂ ਹੋਇਆ। ਇਹ ਮਹਾਨ ਇਤਿਹਾਸਕਾਰ ਭਾਈ ਮਨੀ ਸਿੰਘ ਜੀ ਦੇ ਪੜਪੋਤੇ ਸਨ। ਸਪੱਸ਼ਟ ਹੈ ਕਿ ਗੁਰਮਤਿ ਦੀ ਗੁੜ੍ਹਤੀ ਇਨ੍ਹਾਂ ਨੂੰ ਪਰਵਾਰ ਵੱਲੋਂ ਹੀ ਪ੍ਰਾਪਤ ਹੋਈ। ਬਚਪਨ ਤੋਂ ਹੀ ਇਨ੍ਹਾਂ ਨੂੰ ਪੜਨ-ਲਿਖਣ ਦੀ ਚੇਟਕ ਲੱਗ ਗਈ ਸੀ। ਇਨ੍ਹਾਂ ਨੇ ਗੁਰਮੁਖੀ ਪਿੰਡ ਦੇ ਗ੍ਰੰਥੀ ਭਾਈ ਭੋਲਾ ਸਿੰਘ ਜੀ ਤੋਂ ਸਿੱਖੀ। ਇਨ੍ਹਾਂ ਬਚਪਨ ਤੋਂ ਹੀ ਗੁਰਬਾਣੀ ਦਾ ਅਧਿਐਨ ਸ਼ੁਰੂ ਕਰ ਦਿੱਤਾ ਸੀ।
ਇਨ੍ਹਾਂ ਨੇ ‘ਪੰਥ ਪ੍ਰਕਾਸ਼’ ਦੀ ਰਚਨਾ ਜਿਸ ਵਿਚ ਵਡਮੁੱਲਾ ਸਿੱਖ ਇਤਿਹਾਸ ਸਮੋਇਆ ਹੋਇਆ ਹੈ। ਇਨ੍ਹਾਂ ਦਾ ਪਰਵਾਰਿਕ ਪਿਛੋਕੜ ਪ੍ਰਿਥਵੀ ਰਾਜ ਚੌਹਾਨ ਨਾਲ ਮਿਲਦਾ ਹੈ ਜਿਨ੍ਹਾਂ ਦਿੱਲੀ ਅਤੇ ਆਗਰੇ ਉੱਤੇ ਰਾਜ ਕੀਤਾ ਸੀ। ਪਿਥੌਰਾ, ਪ੍ਰਿਥਵੀ ਰਾਜ ਦਾ ਭਰਾ ਸੀ। ਇਸ ਤੱਥ ਦਾ ਜ਼ਿਕਰ ‘ਪੰਥ ਪ੍ਰਕਾਸ਼’ ’ਚ ਮਿਲਦਾ ਹੈ। ਜਦੋਂ ਧਾੜਵੀਆਂ ਨੇ ਹਮਲਾ ਕੀਤਾ ਤਾਂ ਦੋਹਾਂ ਭਰਾਵਾਂ ਨੇ ਧਾੜਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ‘ਪੰਥ ਪ੍ਰਕਾਸ਼’ ਵਿਚ ਇਸ ਗੱਲ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਨੇ ਇੰਞ ਕੀਤਾ ਹੈ:
ਲੌਂਗ ਧਾੜਵੀ ਦੇਸੀ ਜੇਤੇ ਮਿਲ ਰਾਏ ਦੁਲੱਟਸੈ ਤੇਤੇ।
ਉਨ ਸੈ ਮਿਲ ਧਾੜੇ ਬਹੁ ਮਾਰੇ। ਦੌਲਤ ਹਾਸਲ ਕਰੀ ਅਪਾਰੇ।
ਉਨ੍ਹਾਂ ਬੀਰ ਦੁਲਟਾਂ ਦੀ ਸੰਤਾਨ ਦਾ ਹਵਾਲਾ ਇੰਞ ਦਿੱਤਾ ਹੈ :
“ਸਾਤ ਪੂਤ ਦੁਲਟ ਕੇ ਥੀਏ। ਸ਼ੁਰ, ਧਾਰ, ਕੈਬੋ ਬਨ, ਲੀਏ, ਲੌਂਗੋ ਰਾਜਾ ਰਾਣੀ, ਬਡਿਆਣੀ। ਰਾਇ ਨਾਮ ਪ੍ਰਗਟੇ ਬਡਜਾਣੀ।” ਚੱਠੇ ਉਪਲੀ, ਕੈਂਬੋਵਾਲ, ਲੌਂਗੋ ਵਾਲਦਿਕ ਬਹੁ ਕਾਲ ।
ਲੌਂਗੋਵਾਲ ਅਤੇ ਕੈਂਬੋਵਾਲ ਆਦਿ ਪਿੰਡ ਦੁਲਟਾਂ ਵੱਲੋਂ ਵਸਾਏ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਯਾਤਰਾ ਦੌਰਾਨ ਇਨਾਂ ਪਿੰਡਾਂ ਵਿਚ ਚਰਨ ਪਾਏ। ਇਹੋ ਕਾਰਨ ਬਣਿਆ ਕਿ ਬਹੁਤ ਸਾਰੇ ਦੁਲਟ ਸਿੰਘ ਸਜ ਗਏ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਵਿਚ ਹਿੱਸਾ ਵੀ ਲਿਆ। ਅਬਦਾਲੀ ਦੇ ਹਮਲੇ ਸਮੇਂ ਪਿੰਡ ਕੈਂਬੋਵਾਲ ਅਤੇ ਲੌਂਗੋਵਾਲ ਤਬਾਹ ਹੋ ਗਏ ਸਨ ਜਿਨ੍ਹਾਂ ਨੂੰ ਦੁਲਟਾਂ ਨੇ ਮੁੜ ਆਬਾਦ ਕੀਤਾ।
ਗਿਆਨੀ ਗਿਆਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੀ ਪੰਜਵੀਂ ਪੀੜ੍ਹੀ ਵਿੱਚੋਂ ਸਨ ਜਿਨ੍ਹਾਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਜ਼ਿਕਰ ਆਪਣੀ ਪੁਸਤਕ ‘ਤਵਾਰੀਖ ਗੁਰੂ ਖਾਲਸਾ’ ਵਿਚ ਕੀਤਾ ਹੈ। ਇਹ ਚਾਰ ਭਰਾ ਸਨ। ਇਨ੍ਹਾਂ ਦੀਆਂ ਕ੍ਰਿਤਾਂ ‘ਪੰਥ ਪ੍ਰਕਾਸ਼’ ‘ਤਵਾਰੀਖ ਗੁਰੂ ਖਾਲਸਾ’, ‘ਗੁਰਧਾਮ ਸੰਗ੍ਰਹ’ ਅਤੇ ਰਿਪੁਦਮਨ ਪ੍ਰਕਾਸ਼ ਹਨ। ਇਨ੍ਹਾਂ ਨੇ ਬਚਪਨ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਵਾਰਾਂ, ਕਬਿੱਤ ਸਵੱਯੇ ਭਾਈ ਗੁਰਦਾਸ ਜੀ ਅਤੇ ਹਨੂੰਮਾਨ ਨਾਟਕ ਆਦਿ ਦਾ ਅਧਿਐਨ ਕਰ ਲਿਆ ਸੀ। ਸੁਰੀਲੀ ਅਵਾਜ਼ ਸਦਕਾ ਇਹ ਛੇਤੀ ਹੀ ਚੰਗੇ ਬੁਲਾਰੇ ਸਿੱਧ ਹੋਏ। ਇਹ ੧੩ ਕੁ ਵਰ੍ਹਿਆਂ ਦੀ ਉਮਰ ਦੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਾਠ ਸੁਣਾਉਣ ਦੀ ਸੇਵਾ ਕਰਨ ਲੱਗੇ ਪ੍ਰੰਤੂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਮੌਤ ਹੋਈ ਤਾਂ ਇਹ ਵਾਪਸ ਪਿੰਡ ਲੌਂਗੋਵਾਲ ਆ ਗਏ। ਕੁਝ ਸਮਾਂ ਘਰ ਕੰਮ ਕੀਤਾ ਤੇ ਫਿਰ ਇਹ ਪਟਿਆਲਾ ਆ ਕੇ ਮਹਾਰਾਜਾ ਕਰਮ ਸਿੰਘ ਕੋਲ ਤਹਿਸੀਲ ਦੀ ਨੌਕਰੀ ਕਰਨ ਲੱਗ ਪਏ। ਮਹਾਰਾਜਾ ਸਰੂਪ ਸਿੰਘ ਦਾ ਬਾਗਰੂਆਂ ਨਾਲ ਯੁੱਧ ਹੋਇਆ ਜਿਸ ਦੀ ਵਾਰ ਅੱਜ ਤਕ ਗਾਈ ਜਾਂਦੀ ਹੈ:
ਸਰੂਪੇ ਤੇ ਸਰੂਪੇ ਰੇ
ਤੇਰੇ ਮਹਿਲੋਂ ਮੇਂ ਪੜਗੇ ਹੂਕੇ ਰੇ।
ਉਨ੍ਹਾਂ ਨੇ ਆਪਣੀ ਸਿਹਤ ਦਾ ਜ਼ਿਕਰ ‘ਗੁਰਧਾਮ ਸੰਗ੍ਰਹ’ ਪੁਸਤਕ ‘ਚ ਇੰਞ ਕੀਤਾ ਹੈ :
ਅਠਾਰ ਸੌ ਅਠਾਨਵੇਂ ਪਟਿਆਲੇ ਨਿਪਕੇਰ।
ਅਸਵਾਰੇ ਮੇਂ ਨੌਕਰੀ ਕੀਨੀ ਹੋਏ ਦਲੇਰ।
ਜਦੋਂ ਗਿਆਨੀ ਜੀ ਨੇ ਮਹਾਰਾਜਾ ਨਰਿੰਦਰ ਸਿੰਘ ਦੇ ਸਾਹਮਣੇ ਗੁਰਬਾਣੀ ਪੜ੍ਹੀ ਤਾਂ ਉਨ੍ਹਾਂ ਤਿੰਨ ਰੁਪਏ ਮਹੀਨਾ ਦੀ ਨੌਕਰੀ ਉੱਤੇ ਰੱਖ ਲਿਆ। ਆਪਣੀ ਲਿਖਣ ਪ੍ਰਕਿਰਿਆ ਦਾ ਜ਼ਿਕਰ ਉਨ੍ਹਾਂ ਇਸ ਤਰ੍ਹਾਂ ਕੀਤਾ ਹੈ :
ਕੁਲ ਕਾਰਜ ਮਮ ਦੋਉ ਥੇ ਖੇਤੀ ਔ ਸੰਗ੍ਰਾਮ।
ਲਾਤ ਨਿਕਾਰੀ ਹੋਨ ‘ਤੇ ਛੁੱਟ ਗਏ ਦੋਨੋਂ ਕਾਮ।…
ਕਲਮ ਪਕੜ ਕਰ ਦਾਹਨੇ ਵੇਸ ਫਕੀਰੀ ਧਾਰ।
ਦੇਸ਼ ਰਟਨ ਕਰ ਪੰਥ ਕੀ ਸੇਵਾ ਕਰ ਦਿਲ ਠਾਰ।
ਉਹ ਸਾਧੂਆਂ ਦੇ ਭੇਸ ਵਿਚ ਚਹੁੰ ਦਿਸ਼ਾਵਾਂ ਵੱਲ ਘੁੰਮੇ। ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ। ਉਹ ਸੰਤ ਬਣੇ, ਸਿੱਖੀ ਦਾ ਪ੍ਚਾਰ ਕੀਤਾ।
ਉਨ੍ਹਾਂ ‘ਜਥੇਦਾਰ’ ਸ਼ਬਦ ਦੀ ਵਿਆਖਿਆ ‘ਪੰਥ ਪ੍ਰਕਾਸ਼’ ‘ਚ ਇੰਝ ਕੀਤੀ ਹੈ:
ਜਥੇਦਾਰ ਜੋ ਕੁਛ ਕਹਿ ਦੇਤਾ
ਸੋਈ ਪੰਥ ਮਾਨ ਸਭ ਲੋਤਾ।”
ਗਿਆਨੀ ਗਿਆਨ ਸਿੰਘ ਜੀ ਦੀ ਇਤਿਹਾਸ ਪ੍ਰਤੀ ਦਿੱਤੀ ਹੋਈ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਦੀ ਕ੍ਰਿਤ ‘ਪੰਥ ਪ੍ਰਕਾਸ਼’ ਦਾ ਅਧਿਐਨ ਕਰਦਿਆਂ ਸਾਬਿਤ ਹੋ ਜਾਂਦਾ ਹੈ ਕਿ ਉਹ ਗੁਰਬਾਣੀ ਪ੍ਰਤੀ ਕਿੰਨਾ ਮੋਹ ਰੱਖਦੇ ਸਨ।
ਗਿਆਨੀ ਗਿਆਨ ਸਿੰਘ ਜੀ ਦੀਆਂ ਕ੍ਰਿਤਾਂ (ਗ੍ਰੰਥਾਂ) ਤੋਂ ਸਿੱਧ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਗੁਰਬਾਣੀ ਪੜ੍ਹੀ ਅਤੇ ਵਿਚਾਰੀ ਹੀ ਨਹੀਂ ਸਗੋਂ ਨਿੱਠ ਕੇ ਉਸ ਦਾ ਅਧਿਐਨ ਵੀ ਕੀਤਾ ਹੈ ਅਤੇ ਸਿੱਖ ਇਤਿਹਾਸ ਨੂੰ ਸੋਨ-ਅੱਖਰਾਂ ’ਚ ਉਲੀਕਿਆ ਹੈ। ਉਨ੍ਹਾਂ ਦੀ ਇਤਿਹਾਸ ਪ੍ਰਤੀ ਦਿੱਤੀ ਦੇਣ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।
