ਗਿਆਨੀ ਬਿਸ਼ਨ ਸਿੰਘ ਜੀ ਦਾ ਜਨਮ ੨੪ ਅਗਸਤ ੧੮੭੫ ਈ. ਨੂੰ ਮਾਤਾ ਭਾਗੋ ਜੀ ਦੀ ਕੁੱਖੋਂ ਸ੍ਰ. ਬੁਲਾਕਾ ਸਿੰਘ ਜੀ ਦੇ ਗ੍ਰਹਿ ਪਿੰਡ ਲੱਖੂਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਨੇ ਸੱਤ ਸਾਲ ਦੀ ਉਮਰ ਵਿਚ ਹੀ ਵੱਡੇ ਭਰਾ ਗਿਆਨੀ ਆਤਮਾ ਸਿੰਘ ਜੀ ਨਾਲ ਲਾਹੌਰ ਰਹਿ ਕੇ ਭਾਈ ਹੀਰਾ ਸਿੰਘ ਗ੍ਰੰਥੀ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ। ਇਸਤੋਂ ਬਾਅਦ ਆਪ ਬਾਬਾ ਅਟੱਲ ਰਾਏ ਜੀ ਦੇ ਗੁਰਦੁਆਰੇ ਕੋਲ ਰਹਿਣ ਲੱਗ ਪਏ,ਜਿਥੇ ਉਹਨਾਂ ਸੰਤ-ਮਹਾਤਮਾ, ਨਿਰਮਲੇ, ਉਦਾਸੀ ਅਤੇ ਨਾਮਧਾਰੀ ਵਿਦਵਾਨਾਂ ਕੋਲੋਂ ਵਿਦਿਆ ਪ੍ਰਾਪਤ ਕੀਤੀ। ਇਹਨਾਂ ਤੋਂ ਇਲਾਵਾ ਆਪ ਨੇ ਗਿਆਨੀ ਸੰਤ ਸਿੰਘ ਜੀ, ਸੰਤ ਬਖਸ਼ੀਸ਼ ਸਿੰਘ ਜੀ, ਬਾਬਾ ਸੁਮੇਰ ਸਿੰਘ, ਡਾ. ਚਰਨ ਸਿੰਘ, ਸੰਤ ਸਰੂਪ ਦਾਸ ਆਦਿ ਕੋਲੋਂ ਵੀ ਵਿਦਿਆ ਪ੍ਰਾਪਤ ਕੀਤੀ। ਗਿਆਨੀ ਜੀ ਨੂੰ ੧ ਜੂਨ ੧੯੦੯ ਈ. ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਧਾਰਮਿਕ ਅਧਿਆਪਕ ਦੀ ਨੌਕਰੀ ਮਿਲ ਗਈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਵਿਚ ਭਾਈ ਜੋਧ ਸਿੰਘ, ਪ੍ਰੋ.ਸਾਹਿਬ ਸਿੰਘ ਅਤੇ ਪ੍ਰਿੰ. ਤੇਜਾ ਸਿੰਘ ਨਾਲ ਕਥਾ ਕਰਨੀ ਸ਼ੁਰੂ ਕਰ ਦਿੱਤੀ। ਖਾਲਸਾ ਕਾਲਜ ਵਿਚ ਅਧਿਆਪਨ ਦੌਰਾਨ ਆਪ ਪ੍ਰਿੰ. ਤੇਜਾ ਸਿੰਘ, ਬਾਵਾ ਹਰਿ ਕ੍ਰਿਸ਼ਨ ਸਿੰਘ, ਪ੍ਰੋ.ਰਾਮ ਸਿੰਘ , ਭਾਈ ਜੋਧ ਸਿੰਘ, ਡਾ.ਗੰਡਾ ਸਿੰਘ ਅਤੇ ਪ੍ਰੋ.ਸਾਹਿਬ ਸਿੰਘ ਗਿਆਨੀ ਜੀ ਲਈ ਪ੍ਰੇਰਨਾ ਸਰੋਤ ਬਣੇ। ਗਿਆਨੀ ਬਿਸ਼ਨ ਸਿੰਘ ਵੱਲੋਂ ਟੀਕਾਕਾਰੀ ਅਤੇ ਇਤਿਹਾਸਕਾਰੀ ‘ਪਰ ਉਤਮ ਕਾਰਜ ਕੀਤਾ ਗਿਆ। ਆਪ ਜੀ ਨੇ ੧੯੧੮ ਤੋਂ ੧੯੪੫ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ੮ ਜਿਲਦਾਂ ਵਿਚ ਟੀਕਾ ਕੀਤਾ ਗਿਆ। ਇਸ ਤੋਂ ਇਲਾਵਾ ਆਪ ਨੇ ਟੀਕਾ ਸ੍ਰੀ ਦਸਮ ਗ੍ਰੰਥ(ਛੇ ਜਿਲਦਾਂ), ਗੁਰਬਾਣੀ ਭਾਵ ਪ੍ਰਕਾਸ਼, ਬਾਣੀ ਭਗਤਾਂ ਸਟੀਕ, ਬਾਈ ਵਾਰਾਂ ਸਟੀਕ, ਭਾਈ ਗੁਰਦਾਸ ਜੀ ਦੇ ਕਬਿਤ ਸਵਯੇ ਸਟੀਕ, ਬਾਬਾ ਬੰਦਾ ਸਿੰਘ ਬਹਾਦਰ, ਸੂਰਬੀਰ ਖਾਲਸਾ(ਬਾਰਾਂ ਮਿਸਲਾਂ), ਤਵਾਰੀਖ ਗੁਰੂ ਕਾ ਬਾਗ, ਸ਼ਹੀਦ ਖਾਲਸਾ, ਸ਼ੇਰ ਖਾਲਸਾ, ਮਹਾਰਾਜ ਖਾਲਸਾ ਅਤੇ ਕਲਗੀਧਰ ਬਿਲਾਸ ਆਦਿਕ ਰਚਨਾਵਾਂ ਲਿਖੀਆਂ। ਕਿਤਾਬ “ਤਵਾਰੀਖ ਗੁਰੂ ਕਾ ਬਾਗ” ਗਿਆਨੀ ਜੀ ਦੁਆਰਾ ਅੱਖੀਂ ਡਿੱਠੀ ਸਾਖੀ ਹੈ।
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੀ ਰਚਨਾ ਕਰਦਿਆਂ ਬਹੁਤ ਵਾਰ ਗਿਆਨੀ ਜੀ ਦੁਆਰਾ ਰਚੀਆਂ ਰਚਨਾਵਾਂ ਤੋਂ ਸਹਾਇਤਾ ਲਈ ਗਈ ਅਤੇ ਇਸ ਬਾਬਤ ਚਿੱਠੀਆਂ ਭੇਜਕੇ ਅਸੀਸਾਂ ਵੀ ਦਿੱਤੀਆਂ।
ਆਪ ਨੇ ੧੯੦੯ ਤੋਂ ਲੈ ਕੇ ੧੯੪੦ ਈ. ਤਕ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਅਧਿਆਪਨ ਅਤੇ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਦਿੱਤੀਆਂ। ਆਪ ਜੀ ਦੇ ਵਿਦਿਆਰਥੀਆਂ ਵਿਚ ਸ੍ਰ. ਊਧਮ ਸਿੰਘ ਨਾਗੋਕੇ, ਸ੍ਰ.ਪ੍ਰਤਾਪ ਸਿੰਘ ਕੈਰੋਂ, ਸ੍ਰ. ਸਰਮੁਖ ਸਿੰਘ ਅਮੋਲ ਆਦਿ ਸ਼ਖ਼ਸੀਅਤਾਂ ਸ਼ਾਮਿਲ ਹਨ। ਸੇਵਾਮੁਕਤੀ ਤੋਂ ਬਾਅਦ ਆਪਣੇ ਪਿੰਡ ਲੱਖੂਵਾਲ ਰਹਿਕੇ ਬੱਚਿਆਂ ਨੂੰ ਲੰਮਾ ਸਮਾਂ ਵਿਦਿਆ ਦਿੰਦੇ ਰਹੇ, ਕਥਾ ਅਤੇ ਸਿੱਖ ਅਧਿਐਨ ਦੇ ਕਾਰਜ ਕਰਦੇ ਰਹੇ। ਅੰਤ ਆਪ ਬਹੁਤ ਸਾਦਾ ਗੁਰਮੁਖਤਾਈ ਵਾਲਾ ਜੀਵਨ ਬਤੀਤ ਕਰਦੇ ਹੋਏ ੨੯ ਮਈ ੧੯੬੬ ਈ. ਨੂੰ ਪਿੰਡ ਲੱਖੂਵਾਲ ਵਿਖੇ ਹੀ ਅਕਾਲ ਚਲਾਣਾ ਕਰ ਗਏ।
ਗੁਰਮਿੰਦਰ ਸਿੰਘ ਰੂਪੋਵਾਲੀ
