
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀ ਅੰਤ੍ਰਿੰਗ ਕਮੇਟੀ ਵਲੋਂ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਤੋਂ ਸੇਵਾਮੁਕਤ ਕਰਨ ਦਾ ਹੈਰਾਨੀਜਨਕ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਪੰਥਕ ਹਲਕਿਆਂ ਵਿੱਚ ਹਲਚਲ ਮਚਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੈ ਅਤੇ ਸਿਧਾਂਤਕ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਰਫ ਪੰਥਕ ਗੁਰਮਤੇ ਦੇ ਫੈਸਲੇ ਅਨੁਸਾਰ ਹੀ ਕਾਰਜੀ ਰੂਪ ਵਿਚ ਬਦਲਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਸਾਹਿਬ ਨੂੰ ਏਦਾਂ ਅਹੁਦੇ ਤੋਂ ਹਟਾਉਣ ਦਾ ਇਹ ਵੱਖਰਾ ਮਾਮਲਾ ਹੈ ਜਿਸ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀ ਆਜ਼ਾਦੀ ‘ਤੇ ਗੰਭੀਰ ਪ੍ਰਸ਼ਨ ਖੜ੍ਹੇ ਹੋ ਰਹੇ ਹਨ।
ਇਸ ਤਾਜ਼ਾ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਪੰਥਕ ਮਾਮਲਿਆਂ ‘ਤੇ ਬਾਦਲ ਪਰਿਵਾਰ ਦੀ ਪੂਰੀ ਤਰੀਕੇ ਨਾਲ ਪਕੜ ਬਣੀ ਹੋਈ ਹੈ। ਇਹਨਾਂ ਵੱਡੀਆਂ ਤਬਦੀਲੀਆਂ ਨੂੰ ਪੰਥਕ ਅੰਦਰੂਨੀ ਮਾਮਲਿਆਂ ਵਿੱਚ ਖ਼ੁਦਮੁਖਤਿਆਰੀ ਦੇ ਖ਼ਾਤਮੇ ਵਜੋਂ ਵੇਖਿਆ ਜਾ ਰਿਹਾ ਹੈ ਜਿਸ ਕਾਰਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਨੀਤੀ ‘ਤੇ ਸਵਾਲ ਉਠਾਏ ਹਨ।
ਸ਼੍ਰੋਮਣੀ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਸੇਵਾਮੁਕਤ ਕਰ ਦਿੱਤਾ ਗਿਆ ਹੈ ਜਦਕਿ ਬਾਬਾ ਟੇਕ ਸਿੰਘ ਧਨੌਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਗਿਆ ਹੈ।
ਸੇਵਾਮੁਕਤ ਕੀਤੇ ਜਾਣ ਦੇ ਬਾਵਜੂਦ, ਗਿਆਨੀ ਰਘਬੀਰ ਸਿੰਘ ਹਾਲੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਡ ਗ੍ਰੰਥੀ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਪਰ ਇਹ ਖ਼ਬਰ ਪੂਰੇ ਸਿੱਖ ਜਗਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਇਹ ਮਾਮਲਾ ਇਹ ਸੱਚ ਸਾਹਮਣੇ ਪ੍ਰਗਟ ਕਰਦਾ ਹੈ ਕਿ ਸਾਨੂ ਸੰਗਤ ਰੂਪ ਵਿਚ ਆਪਣੇ ਤਖ਼ਤ ਸਾਹਿਬਾਨਾਂ ਅਤੇ ਖੁਦਮੁਖਤਿਆਰੀ ਵੱਲ ਧਿਆਨ ਦੇਣ ਦੀ ਬਹੁਤ ਸਖਤ ਲੋੜ ਹੈ।
ਇਹ ਵੱਡੀਆਂ ਤਬਦੀਲੀਆਂ ਸਿੱਖ ਧਾਰਮਿਕ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਦੀ ਆਜ਼ਾਦੀ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਿੱਖ ਇਤਿਹਾਸ ‘ਚ ਸ੍ਰੀ ਅਕਾਲ ਤਖਤ ਨੂੰ ਪੰਥ ਦੀ ਸੁਤੰਤਰ ਮਰਿਆਦਾ ਅਤੇ ਹਕੂਮਤ ਦਾ ਪ੍ਰਤੀਕ ਮੰਨਿਆ ਗਿਆ ਹੈਪਰ ਇਹ ਫੈਸਲਾ ਇਹ ਦਰਸਾਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਜੋਕਿ ਬਾਦਲ ਪਰਿਵਾਰ ਦੇ ਹੁਕਮ ਅਧੀਨ ਹੈ, ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਸੰਪੂਰਨ ਤੌਰ ‘ਤੇ ਕਾਬਜ ਹੈ।
ਇਹ ਤਬਦੀਲੀਆਂ ਪੰਥਕ ਰਾਜਨੀਤੀ ਵਿੱਚ ਨਵੀਂ ਹਲਚਲ ਪੈਦਾ ਹੋਣ ਦੀ ਉਮੀਦ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਮਹੱਤਵਪੂਰਨ ਐਲਾਨ ਹੋਣ ਦੀ ਉਮੀਦ ਹੈ।