-ਮੇਜਰ ਸਿੰਘ
ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜਨਮ ਬਾਬਾ ਕਰਤਾਰ ਸਿੰਘ ਦੇ ਘਰ ਮਾਤਾ ਰਾਜ ਕੌਰ ਜੀ ਦੀ ਪਵਿੱਤਰ ਕੁੱਖੋਂ 1934 ਈ. ਨੂੰ ਸਰਹੱਦੀ ਇਲਾਕੇ ਪਿੰਡ ਲੱਕ ਮਰਵਤ, ਜ਼ਿਲ੍ਹਾ ਬੰਨੂ ‘ਚ ਹੋਇਆ, ਜੋ 1947 ਤੋਂ ਬਾਅਦ ਪਾਕਿਸਤਾਨ ‘ਚ ਰਹਿ ਗਿਆ ਹੈ। ਮਸਕੀਨ ਜੀ ਦੀ ਇੱਕ ਭੈਣ ਸੀ ਜੋ ਉਨ੍ਹਾਂ ਤੋਂ ਦੋ ਕੁ ਸਾਲ ਵੱਡੀ ਸੀ ਉਸਦਾ ਨਾਮ ਬੀਬੀ ਸੁਜਾਨ ਕੌਰ ਸੀ। ਇੱਕ ਛੋਟਾ ਭਰਾ ਸੀ ਜੋ ਚੇਚਕ ਦੀ ਬਿਮਾਰੀ ਕਰਕੇ ਨਿੱਕੇ ਹੁੰਦਿਆਂ ਹੀ ਚੜ੍ਹਾਈ ਕਰ ਗਿਆ ਸੀ। ਉਹਨਾਂ ਦੀ ਗੋਤ ਨਰੂਲਾ ਸੀ। ਮਸਕੀਨ ਜੀ ਖੁਦ ਦਸਦੇ ਆ ਮੇਰੀ ਮਾਂ ਚਿੱਟੀ ਅਨਪੜ੍ਹ ਤੇ ਬੜੀ ਭੋਲੀ ਸੀ, ਪਰ ਗੁਰੂ-ਘਰ ਦੀ ਅਤਿਅੰਤ ਸ਼ਰਧਾਲੂ ਸੀ।
ਮਸਕੀਨ ਜੀ ਇਹ ਵੀ ਦਸਦੇ ਸੀ ਕਿ ਉਹਨਾਂ ਦੇ ਇਲਾਕੇ ‘ਚ ਇਹ ਨਿਯਮ ਸੀ ਕਿ ਜੋ ਵੀ ਬੱਚੇ ਸਕੂਲ ਜਾਂਦੇ ਉਹ ਪਹਿਲਾਂ ਗੁਰੂ ਘਰ :ਚ ਨਿਤਨੇਮ ਕਰਦੇ ਫੇਰ ਸਕੂਲ ਜਾਂਦੇ । ਸ਼ਾਮ ਨੂੰ ਫੇਰ ਰਹਿਰਾਸ ਸਾਹਿਬ ਦਾ ਪਾਠ ਬੱਚੇ ਹੀ ਕਰਦੇ ਟੋਲੀਆਂ ਬਣਾ ਕੇ। ਇੱਕ ਇੱਕ ਪੰਕਤੀ ਪੜ੍ਹਦੇ ਸਨ। ਏਦਾਂ ਹੀ ਸਵੇਰ ਦਾ ਨਿਤਨੇਮ ਹੁੰਦਾ ਸੀ। ਮਸਕੀਨ ਜੀ ਕਹਿੰਦੇ ਸਨ ਕਿ ਮੈਂ ਵੀ ਇਹਨਾਂ ਟੋਲੀਆਂ ‘ਚ ਮਿਲਕੇ ਰਹਿਰਾਸ ਸਾਹਿਬ ਤੇ ਹੋਰ ਬਾਣੀਆਂ ਦਾ ਪਾਠ ਕਰਦਾ ਸੀ। ਜੋ ਬੱਚਾ ਗੁਰੂ ਘਰ ਨਾ ਜਾਵੇ ਨਿਤਨੇਮੀ ਨਾ ਹੋਵੇ, ਉਸ ਨੂੰ ਇਲਾਕੇ ‘ਚ, ਘਰ ‘ਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਮਸਕੀਨ ਜੀ ਨੂੰ ਬਚਪਨ ਤੋਂ ਸ਼ਾਇਰੀ ਤੇ ਕਵਿਤਾ ਦਾ ਸ਼ੌਕ ਵੀ ਸੀ। ਬਚਪਨ ਦੇ ਸਾਥੀ ਉਹਨਾਂ ਤੋਂ ਕਵਿਤਾਵਾਂ ਸੁਣਦੇ। ਕਈ ਵਾਰ ਕਥਾ ‘ਚ ਵੀ ਉਹ ਆਪਣੀਆਂ ਰੁਬਾਈਆਂ ਸੁਣਾਉਂਦੇ ਸੀ ਜੋ ਬਾਦ ‘ਚ ਕਿਤਾਬ ਰੂਪ ‘ਚ ਛਪੀਆਂ ਵੀ ਸਨ।
ਮਸਕੀਨ ਜੀ ਪਹਿਲਾਂ ਪ੍ਰਾਇਮਰੀ ਸਕੂਲ ਪੜੇ, ਫੇਰ ਹਾਈ ਸਕੂਲ ‘ਚ ਪੜਦੇ ਰਹੇ। ਪੜਾਈ ‘ਚ ਬੜੇ ਹੁਸ਼ਿਆਰ ਸੀ। ਉਨ੍ਹਾਂ ਨੂੰ ਸਾਰੇ ਮਾਸਟਰ ਪਿਆਰ ਦਿੰਦੇ ਸਨ। ਹਾਈ ਸਕੂਲ ਪੜਦੇ ਸਮੇਂ ਹੀ ਅਗਸਤ 1947 ਨੂੰ ਪੰਜਾਬ ਦਾ ਉਜਾੜਾ ਹੋਇਆ। ਬਾਬਾ ਕਰਤਾਰ ਸਿੰਘ ਪਰਿਵਾਰ ਸਮੇਤ ਪਾਕਿਸਤਾਨ ਤੋਂ ਬਚਦੇ ਬਚਾਉਂਦੇ ਏਧਰ ਆ ਗਏ। ਉਨ੍ਹਾਂ ਸਮੇਂ ਨਾਲ ਰਾਜਿਸਥਾਨ ਦੇ ਸ਼ਹਿਰ ਅਲਵਰ ਚ ਟਿਕਾਣਾ ਬਣਾ ਲਿਆ।
ਮਹੌਲ ਕੁਝ ਠੀਕ ਹੋਇਆ ਤਾਂ ਮਾਪਿਆਂ ਸਕੂਲ ਭੇਜਿਆ। ਕੁਝ ਦਿਨ ਗਏ ਪਰ ਉਨ੍ਹਾਂ ਦਾ ਪੜਾਈ ਚ ਮਨ ਨਾ ਲੱਗਾ ।ਪੜਾਈ ਛੱਡ ਦਿੱਤੀ। ਕੁਝ ਹੋਰ ਕੰਮਕਾਰ ਕੀਤੇ ਪਰ ਉਹਨਾਂ ‘ਚ ਵੀ ਦਿਲ ਨ ਲੱਗਾ। ਅਖੀਰ ਉਦਾਸ ਹੋ ਰਾਤ ਸਮੇਂ ਬਿਨਾਂ ਕਿਸੇ ਨੂੰ ਦਸਿਆਂ ਘਰੋਂ ਚਲੇ ਗਏ। ਬਹੁਤ ਸਮਾਂ ਥਾਂ-ਥਾਂ ਭਟਕਦੇ ਰਹੇ। ਅਖ਼ੀਰ ਇੱਕ ਨਿਰਮਲੇ ਮਹਾਤਮਾ ਸੰਤ ਬਾਬਾ ਬਲਵੰਤ ਸਿੰਘ, ਜੋ ਉਸ ਸਮੇ ਪੰਥ ਦੇ ਮਹਾਨ ਵਿਦਵਾਨ ਤੇ ਕਥਾਕਾਰ ਸੀ ਉਹਨਾਂ ਕੋਲ ਰਹਿ ਕਥਾ ਸਿੱਖੀ। ਅਨੇਕਾਂ ਧਰਮ ਗ੍ਰੰਥ ਪੜੇ।
ਕਈ ਸਾਲਾਂ ਬਾਅਦ ਵਿਦਿਆ- ਦਾਤੇ ਤੋਂ ਆਗਿਆ ਲੈ ਕੇ ਘਰ ਆਏ ਤਾਂ ਪਤਾ ਲੱਗਾ ਭੈਣ ਦਾ ਵਿਆਹ ਹੋ ਗਿਆ, ਪਿਤਾ ਜੀ ਚੜਾਈ ਕਰ ਗਏ ਹਨ ਤੇ ਮਾਂ ਇਕੱਲੀ ਰਹਿ ਗਈ ਹੈ। ਮਸਕੀਨ ਜੀ ਦੇ ਕੋਮਲ ਦਿਲ ਨੂੰ ਬੜਾ ਧੱਕਾ ਲੱਗਾ। ਮਸਕੀਨ ਜੀ ਕਹਿੰਦੇ ਮੈਂਨੂੰ ਏ ਅਫਸੋਸ ਸਦਾ ਰਿਹਾ ਕਿ ਮੈਂ ਮਾਂ ਪਿਉ ਦੀ ਸੇਵਾ ਨਹੀਂ ਕਰ ਸਕਿਆ। ਹੁਣ ਮਸਕੀਨ ਜੀ ਭਰ ਜਵਾਨੀ ‘ਚ ਸੀ।ਭੈਣ ਨੇ ਰਿਸ਼ਤਾ ਲਿਆਂਦਾ। ਬੀਬੀ ਸੁੰਦਰ ਕੌਰ ਨਾਲ ਮਸਕੀਨ ਜੀ ਦਾ ਅਨੰਦ ਕਾਰਜ ਹੋਇਆ। ਬੱਚੇ ਹੋਏ ਜੋ ਹੁਣ ਵੀ ਅਲਵਰ ਰਹਿੰਦੇ ਹਨ।
ਵਿਆਹ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸਿਰ ਆ ਪਈ ਪਰ ਉਹਨਾਂ ਗੁਰੂ ਆਸਰੇ ਚਲਦਿਆਂ ਗੁਰਮਤਿ ਪ੍ਰਚਾਰ ‘ਚ ਢਿਲ ਨਹੀਂ ਵਰਤੀ। ਕਰੀਬ ਪੰਜਾਹ ਸਾਲ ਤੋਂ ਵੱਧ ਉਹਨਾਂ ਗੁਰਬਾਣੀ ਦੀ ਕਥਾ ਰਾਹੀਂ ਪੰਥ ਦੀ ਸੇਵਾ ਕੀਤੀ ਅਨੇਕਾਂ ਕਿਤਾਬਾਂ ਲਿਖੀਆਂ ਆ ਜਿਵੇਂ :-
‘ਰਸ ਧਾਰਾ’
‘ਗੁਰੂ ਚਿੰਤਨ’
‘ਖਟਿ ਦਰਸ਼ਨ’
‘ਪੰਜ ਵਿਕਾਰ ਚਾਰ ਜੁਗ’
‘ਗੁਰੂ ਜੋਤੀ’
‘ਰਤਨਾਗਰ’
‘ਰਮਜ਼ ਤੇ ਰਹੱਸ’
‘ਚੌਥਾ ਪਦ’
‘ਤੀਜਾ ਨੇਤਰ’
‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ’
‘ਦੇਸ਼ ਵਿਦੇਸ਼ਾਂ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ’
ਆਦਿਕ ।
ਮਸਕੀਨ ਜੀ ਗੁਰਮੁਖੀ, ਹਿੰਦੀ, ਉਰਦੂ, ਫਾਰਸੀ ਤੇ ਅੰਗਰੇਜ਼ੀ ਭਾਸ਼ਾ ਦੇ ਚੰਗੇ ਗਿਆਤਾ ਸੀ। ਉਸ ਕਥਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ , ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਤੇ ਹੋਰ ਰਹਿਤਨਾਮੇ ਏਦਾਂ ਹੀ ਵੇਦਾਂਤ ਦੇ ਗ੍ਰੰਥ ਜਿਵੇਂ ਸਾਰੁਕਤਾਵਲੀ, ਵਿਚਾਰ ਮਾਲਾ ਵਿਚਾਰ ਸਾਗਰ, ਆਧਿਆਤਮ ਪ੍ਰਕਾਸ਼, ਭਾਵਰਾਂਸਾਮਰਿਤ, ਪ੍ਰਬੋਧ ਚੰਦਰ ਨਾਟਕ ਆਦਿ ਦੇ ਹਵਾਲੇ ਦਿੰਦੇ ਸਨ। ਉਨ੍ਹਾਂ ਨੂੰ ਬਹੁਤ ਸਾਰਾ ਸੂਫ਼ੀ ਕਮਾਲ ਵੀ ਜ਼ੁਬਾਨੀ ਯਾਦ ਸੀ ਜਿਵੇਂ ਹਾਫ਼ਿਜ਼ ਮੌਲਾਨਾ ਰੂਮ ਸ਼ੇਖ ਸਾਅਦੀ ਦੀ ਰਚਨਾ।
ਸਾਰਾ ਭਾਰਤ, ਪਾਕਿਸਤਾਨ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਯੂਕੇ ,ਕਨੇਡਾ, ਅਮਰੀਕਾ, ਬਗਦਾਦ ਆਦਿਕ ਦਾ ਵਾਰ ਵਾਰ ਭ੍ਰਮਨ ਕਰ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ।
ਗਿਆਨੀ ਗੁਰਜੀਤ ਸਿੰਘ ਜੋ ਮਸਕੀਨ ਜੀ ਦੇ ਵਿਦਿਆਰਥੀ ਰਹੇ ਦਸਦੇ ਸੀ ਕਿ ਪਹਿਲਾਂ ਜਦੋਂ ਮਸਕੀਨ ਜੀ ਚਲਦੇ ਸੀ, ਉਦੋਂ ਅਨੇਕਾਂ ਥਾਵਾਂ ‘ਤੇ ਗੁਰੂ ਘਰਾਂ ਚ ਰਹਾਇਸ਼ ਦਾ ਪ੍ਰਬੰਧ ਨਹੀਂ ਹੁੰਦਾ ਸੀ ਪਰ ਹੁਣ ਹੈ। ਉਹ ਮਸਕੀਨ ਜੀ ਦੀ ਦੇਣ ਹੈ ਕਿਉਂਕਿ ਉਹਨਾਂ ਜਦੋਂ ਹਰ ਸਾਲ ਜਾਣਾ ਕਥਾ ਕਰਨੀ ਪਰ ਰਹਾਇਸ਼ ਤੋਂ ਦਿੱਕਤ ਆਉਣੀ ਤਾਂ ਪ੍ਰਬੰਧਕਾਂ ਨੇ ਸ਼ਰਮ ਮਹਿਸੂਸ ਕਰਨੀ ਕਿ ਗਿਆਨੀ ਜੀ ਹਰ ਸਾਲ ਆਉਂਦੇ ਹਨ ਚੰਗਾ ਨੀ ਲਗਦਾ। ਸੋ ਹੋਲੀ ਹੋਲੀ ਸੰਗਤ ਦੇ ਸਹਿਯੋਗ ਨਾਲ ਰਹਾਇਸ਼ ਤਿਆਰ ਕੀਤੀ ਅੱਜ ਵੀ ਬਹੁਤ ਥਾਵਾਂ ‘ਤੇ ਮਸਕੀਨ ਨਿਵਾਸ ਜਾਂ ਮਸਕੀਨ ਕੁਟੀਆ ਬਣੀ ਹੋਈ ਹੈ, ਜਿਵੇ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਬਾਬਾ ਅਟਲ ਵਾਲੇ ਪਾਸੇ ਮਸਕੀਨ ਕੁਟੀਆ ਮੌਜੂਦ ਹੈ।
ਓਅੰਕਾਰੇਸ਼ੁਰ ਜਿਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਤੇ ਦਖਣੀ ਓਅੰਕਾਰੁ ਬਾਣੀ ਉਚਾਰੀ ਜੋ ਰਾਮਕਲੀ ਰਾਗ ਚ ਦਰਜ ਆ ਇਸ ਅਸਥਾਨ ‘ਤੇ ਹੁਣ ਸੋਹਣਾ ਗੁਰ-ਘਰ ਬਣਿਆ ਹੋਇਆ ਹੈ। ਗੁਰੂ ਘਰ ਦੀ ਕਾਰ ਸੇਵਾ ਮਸਕੀਨ ਜੀ ਨੇ ਅੱਗੇ ਲੱਗ ਕੇ ਕਰਵਾਈ ।
ਏਦਾਂ ਕਥਾ ਰਾਹੀਂ ਕਿਤਾਬਾਂ, ਰਾਹੀਂ ਪ੍ਰਬੰਧਕ ਸੁਧਾਰ ਰਾਹੀਂ ਗੁਰੂ ਘਰਾਂ ਦੀ ਉਸਾਰੀ ਰਾਹੀਂ ਉਹਨਾਂ ਸਾਰੀ ਉਮਰ ਗੁਰੂ ਪੰਥ ਦੀ ਸੇਵਾ ਗੁਜ਼ਾਰੀ ਤੇ ਹਜ਼ਾਰਾਂ ਟੁੱਟਿਆ ਨੂੰ ਗੁਰੂ ਚਰਨਾਂ ਨਾਲ ਜੋੜਿਆ
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਵੀ ਮਸਕੀਨ ਜੀ ਦਾ ਬੜਾ ਪਿਆਰ ਸੀ। ਮਸਕੀਨ ਖੁਦ ਦਸਦੇ ਸਨ ਕਿ ਜਦੋਂ ਮੈਂ ਹਰ ਸਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕਥਾ ਕਰਨ ਆਉਂਦਾ ਸੀ ਤਾਂ ਵਿਦਾਇਗੀ ਸਮੇ ਸੰਤ ਜੀ ਵੀ ਮੈਨੂੰ ਆਪਣੇ ਵਲੋਂ ਇੱਕ ਸਿਰਪਾਉ ਤੇ ਕੁਝ ਮਾਇਆ ਲਾਜ਼ਮੀ ਦਿੰਦੇ ਸਨ। ਮੈਂ ਮਨਾ ਕਰਨਾ ਪਰ ਉਹਨਾਂ ਦੇਣਾ। ਮੈਂ ਵੀ ਅਸੀਸ ਸਮਝ ਲੈ ਕੇ ਲੈਣਾ।
ਉਸ ਸਮੇਂ ਦੇ ਹੋਰ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ, ਗਿਆਨੀ ਮਾਨ ਸਿੰਘ ਝੌਰ ਜੀ ਨਾਲ ਵੀ ਮਸਕੀਨ ਜੀ ਦੀ ਚੰਗੀ ਸਾਂਝ ਸੀ
1984 ਈ. ‘ਚ ਪਹਿਲਾਂ ਦਰਬਾਰ ਸਾਹਿਬ ਹਮਲਾ ਤੇ ਫੇਰ ਦਿਲੀ ਕਾਨ੍ਹਪੁਰ ਆਦਿਕ ਸ਼ਹਿਰਾਂ ਚ ਸਿਖਾਂ ਦੀ ਨਸਲਕੁਸ਼ੀ ਨੇ ਮਸਕੀਨ ਜੀ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਇਸ ਸਮੇਂ ਬੇਬਾਕ ਤੇ ਧੜੱਲੇਦਾਰ ਪ੍ਰਚਾਰ ਕਰਨ ਕਰਕੇ ਮਸਕੀਨ ਜੀ ਦੇ ਕਈ ਵਾਰ ਵਾਰੰਟ ਜਾਰੀ ਹੋਏ। ਉਹਨਾਂ ‘ਤੇ ਕਈ ਕੇਸ ਪਏ। ਕਈ ਸਾਲ ਉਹ ਕੋਰਟ- ਕਚਹਿਰੀਆਂ ‘ਚ ਫਿਰਦੇ ਰਹੇ।
ਰਿਕਾਰਡ ਹੋਈਆਂ ਕਥਾਵਾਂ ‘ਚ ਲਾਵਾਂ ਦੀ ਕਥਾ ਜੋ ਚਾਰ ਦਿਨ ਕੀਤੀ ਉਹਨਾਂ ਦੀ ਆਖਰੀ ਕਥਾ ਹੈ। ਇਹ ਕਥਾ ਕਾਨਪੁਰ ਦੀ ਅਕਾਲੀ ਧਰਮਸ਼ਾਲਾ ‘ਚ ਹੋਈ ਸੀ । ਅਕਾਲੀ ਧਰਮਸ਼ਾਲਾ ਵੀ ਮਸਕੀਨ ਜੀ ਕਰਕੇ ਹੀ ਬਣੀ ਸੀ । ਮੈ ਵੀ ਇਕ ਵਾਰ ਇਸ ਧਰਮਸ਼ਾਲਾ ਦੇ ਦਰਸ਼ਨ ਕੀਤੇ ਸਨ।
ਕਾਨ੍ਹਪੁਰ ਤੋਂ ਬਾਅਦ ਹਰ ਸਾਲ ਦੀ ਤਰਾਂ ਮਸਕੀਨ.ਜੀ ਯੂ ਪੀ ਦੇ ਸ਼ਹਿਰ ਇਟਾਵਾ ਚ ਇੱਕ ਪਰਿਵਾਰ ਕੋਲ ਰੁਕੇ । ਏਥੇ 17 ਫਰਵਰੀ ਨੂੰ ਜ਼ਿੰਦਗੀ ਦੀ ਆਖਰੀ ਕਥਾ ਕੀਤੀ।
ਦਾਸ ਗਿਆਨੀ ਗੁਰਜੀਤ ਸਿੰਘ ਪਟਿਆਲੇ ਵਾਲਿਆਂ ਨਾਲ ਇੱਕ ਵਾਰ ਏਸ ਪਰਿਵਾਰ ਨੂੰ ਮਿਲਿਆ। ਪਰਿਵਾਰ ਦੇ ਦੱਸੇ ਅਨੁਸਾਰ 18 ਫਰਵਰੀ 2005 ਨੂੰ ਸਵੇਰੇ ਕਰੀਬ 7:45 ‘ਤੇ ਮਸਕੀਨ ਜੀ ਨੇ ਸਰੀਰ ਤਿਆਗਿਆ। ਮਸਕੀਨ ਜੀ ਦਿਲ ਦੇ ਮਰੀਜ਼ ਸੀ ।
ਜਿਸ ਕਮਰੇ ‘ਚ ਸਰੀਰ ਤਿਆਗਿਆ ਉਹ ਕਮਰਾ ਅਜ ਵੀ ਮੌਜੂਦ ਹੈ। ਛੋਟਾ ਜਿਹਾ ਘਰ ਹੈ। ਪਉੜੀਆਂ ਚੜ ਕੇ ਉਪਰ ਚੁਬਾਰਾ ਹੈ, ਉਥੇ ਰਹਾਇਸ਼ ਹੁੰਦੀ ਸੀ। ਪਰਿਵਾਰ ਨੇ ਕੁਝ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਮਸਕੀਨ ਜੀ ਦੀ ਚੜਾਈ ਕਰਨ ਦੀ ਖਬਰ ਅੱਗ ਵਾਂਗ ਸਾਰੇ ਪਾਸੇ ਫੈਲ ਗਈ । ਇਟਾਵਾ ਤੋਂ ਵੱਡੇ ਕਾਫਲੇ ਦੇ ਰੂਪ ‘ਚ ਸਰੀਰ ਅਲਵਰ ਲਿਆਂਦਾ ਗਿਆ। ਆਉਂਦਿਆਂ ਰਾਹ ‘ਚ ਗੁਰਦੁਆਰਾ ਗੁਰੂ ਕਾ ਤਾਲ ਪਾਤਸ਼ਾਹੀ ਨੌਵੀਂ ਆਗਰੇ ਕੁਝ ਸਮਾਂ ਏਹ ਕਾਫ਼ਲਾ ਰੁਕਿਆ। ਇੱਕ ਵਾਰ ਆਗਰੇ ਗਏ ਤਾਂ ਗਿਆਨੀ ਗੁਰਜੀਤ ਸਿੰਘ ਦਸਦੇ ਸੀ ਕਿ ਮਸਕੀਨ ਜੀ ਚੜਾਈ ਕਰਨ ਤੋਂ ਬਾਅਦ ਵੀ ਇਸ ਗੁਰੂ ਘਰ ਆਏ ਮੈਂ ਕਿਆ ਜੀ ਉ ਕਿਵੇਂ ? ਤਾਂ ਉਨ੍ਹਾਂ ਅੰਤਿਮ ਕਾਫਲੇ ਬਾਰੇ ਦਸਿਆ
ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਸਾਹਿਬ ਚ ਮਸਕੀਨ ਜੀ ਦੀ ਤਸਵੀਰ ਵੀ ਲੱਗੀ ਹੋਈ ਹੈ
ਮਸਕੀਨ ਜੀ ਨੂੰ ਕਈ ਸਨਮਾਨ ਚਿੰਨ ਤੇ ਖਿਤਾਬ ਮਿਲੇ ਜਿੰਨਾਂ ‘ਚੋ ਮੁਖ ਤੌਰ ‘ਤੇ
ਸ੍ਰੀ ਅਕਾਲ ਤਖਤ ਸਾਹਿਬ ਵਲੋਂ
ਗੁਰਮਤਿ ਵਿਦਿਆ ਮਾਰਤੰਡ
ਭਾਵ ਗੁਰਮਤਿ ਵਿਦਿਆ ਦਾ ਸੂਰਜ
ਤਖਤ ਪਟਨਾ ਸਾਹਿਬ ਵਲੋਂ
ਪੰਥ ਰਤਨ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਗੁਰਦਾਸ ਅਵਾਰਡ ਆਦਿ।
ਮਸਕੀਨ ਅਕਸਰ ਸ਼ੇਅਰ ਪੜਦੇ ਹੁੰਦੇ ਸੀ:-
ਬੜੇ ਸ਼ੌਕ ਸੇ ਸੁਣ ਰਹਾ ਥਾ ਜਮਾਨਾ,
ਹਮ ਹੀ ਸੋ ਗਏ ਦਾਸਤਾਂ ਕਹਤੇ ਕਹਤੇ।
ਜਾਂ
ਹਮਾਰੇ ਬਾਅਦ ਮਹਿਫਲ ਮੇਂ ਅੰਧੇਰਾ ਰਹੇਗਾ
ਬਹੁਤ ਚਿਰਾਗ ਚਲਾਉਗੇ ਰੌਸ਼ਨੀ ਕੇ ਲੀਏ
ਐਸੇ ਗੁਰੂ ਪਿਆਰੇ ਨਾਮ.ਬਾਣੀ ਦੇ ਰਸੀਏ ਕਹਿਣੀ ਕਥਨੀ ਦੇ ਪੂਰੇ ਮਹਾਂਪੁਰਖ, ਵਿਦਿਆ ਮਾਰਤੰਡ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਚਰਨਾਂ ਤੇ ਕੋਟਾਨਿ ਕੋਟਿ ਪ੍ਰਣਾਮ।
