ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਪਰ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ-
ਮੌਜੂਦਾ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਯੂਨੀਵਰਸਿਟੀ ਬਣਾਉਣ ਦਾ ਐਲਾਨ ਹੋਵੇ ਜਾਂ ਪਿਛਲੀ ਸਰਕਾਰ ਵੱਲੋਂ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਤਰਨਤਾਰਨ ਵਿਖੇ ਗੁਰੂ ਸਾਹਿਬ ਦੇ ਨਾਮ ‘ਤੇ ਲਾਅ ਯੂਨੀਵਰਸਿਟੀ ਬਣਾਉਣ ਦੀ ਗੱਲ—ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਸਿੱਖਿਆ ਤਦੋਂ ਹੀ ਮਿਲੇਗੀ ਜਦੋਂ ਇਹ ਯੂਨੀਵਰਸਿਟੀਆਂ ਕਾਬਲ ਪ੍ਰੋਫ਼ੈਸਰਾਂ, ਭਰਪੂਰ ਫੈਕਲਟੀ ਅਤੇ ਆਪਣੀ ਖੇਤਰੀ ਲੋੜਾਂ ਅਨੁਸਾਰ ਬਣੀ ਵਿਜ਼ਨ ਵਾਲੀ ਸਿੱਖਿਆ ਨੀਤੀ ਨਾਲ ਚੱਲਣਗੀਆਂ। ਸਿੱਖਿਆ ਉਸ ਸਮੇਂ ਮਜ਼ਬੂਤ ਬਣੇਗੀ ਜਦੋਂ ਇਹ ਨੌਜਵਾਨਾਂ ਨੂੰ ਪੰਜਾਬ, ਇਸਦੇ ਇਤਿਹਾਸ, ਧਰੋਹਰ ਅਤੇ ਮਾਤ ਭਾਸ਼ਾ ਨਾਲ ਜੋੜਦਿਆਂ ਉੱਚ ਤਜਰਬੇਕਾਰ ਮਾਹਰ ਤਿਆਰ ਕਰਨ ਦੀ ਸਮਰੱਥਾ ਰੱਖੇ।
ਅਫ਼ਸੋਸ ਇਹ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਪ੍ਰੋਫ਼ੈਸਰਾਂ ਦੀ ਭਰਤੀ ਪੂਰੀ ਹੀ ਨਹੀਂ ਹੋਈ।
ਉਪਰੋਂ, ਸੂਬਿਆਂ ਦੀ ਖੇਤਰੀ ਸਿੱਖਿਆ ਪ੍ਰਣਾਲੀ ‘ਤੇ ਵੱਡਾ ਹਮਲਾ ਬਣ ਕੇ ਥੋਪੀ ਗਈ ‘ਕੇਂਦਰੀ ਸਿੱਖਿਆ ਨੀਤੀ’ ਨੂੰ ਪੰਜਾਬ ਵਿੱਚ ਜਿਉਂ ਦਾ ਤਿਉਂ ਲਾਗੂ ਕਰਕੇ ਅਸੀਂ ਆਪਣੀ ਸਿੱਖਿਆ ਨੂੰ ਕੇਂਦਰੀਕਰਨ ਵੱਲ ਧੱਕ ਰਹੇ ਹਾਂ। ਜਿਸ ਪੰਜਾਬ ਨੇ ਗੁਰੂ ਸਾਹਿਬਾਂ ਦੀ ਰਵਾਇਤ ਅਨੁਸਾਰ ਹਮੇਸ਼ਾ ਮਰਜ਼ੀ, ਅਜ਼ਾਦੀ ਅਤੇ ਆਪਣੀ ਲਕੀਰ ‘ਤੇ ਤੁਰਨ ਦਾ ਪਾਠ ਸਿੱਖਾਇਆ, ਓਥੇ ਅੱਜ ਸਿੱਖਿਆ ਦੇ ਖੇਤਰ ਵਿੱਚ ਭਗਵਾਂਕਰਨ ਅਤੇ ਬਾਹਰੀ ਦਖ਼ਲ ਨੂੰ ਹੀ ਮੰਨਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਖੇਤੀਬਾੜੀ ਵਿਦਿਆਰਥੀ ਧਰਨੇ ‘ਤੇ ਬੈਠੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ ਅਧਿਕਾਰਾਂ ਲਈ ਸੂਬਾ ਸਰਕਾਰ ਦੀ ਬਿਨਾਂ ਕਿਸੇ ਸਹਾਇਤਾ ਦੇ ਇਕੱਲੇ ਹੀ ਲੜ ਰਹੇ ਹਨ। ਦੂਜੇ ਪਾਸੇ, ਰਾਜ ਭਰ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਦੇਣ ਤੋਂ ਲੈਕੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਤੱਕ ਦਾ ਰੁਝਾਨ ਚੱਲ ਰਿਹਾ ਹੈ।
ਅਤੇ ਸਭ ਤੋਂ ਵੱਡੀ ਗੱਲ—ਪੰਜਾਬ ਅੱਜ ਤੱਕ ਆਪਣੀ ਖ਼ੁਦ ਦੀ ਸਿੱਖਿਆ ਨੀਤੀ ਤਿਆਰ ਕਰਨ ਦੇ ਮੁੱਦੇ ‘ਤੇ ਬਿਲਕੁਲ ਚੁੱਪ ਹੈ। ਸਵਾਲ ਇਹ ਹੈ ਕਿ ਅਸੀਂ ਕਿਹੜੀ ਸਿੱਖਿਆ ਨੀਤੀ ਨਾਲ ਅੱਗੇ ਵੱਧ ਰਹੇ ਹਾਂ? ਉਹ ਜਿੱਥੇ ਸਾਡੇ ਖੇਤਰ ਦੀ ਸਿੱਖਿਆ ‘ਤੇ ਕੇਂਦਰੀਕਰਨ ਦੀ ਨੀਤੀ ਹਾਵੀ ਹੈ?
ਯਾਦ ਰੱਖੋ—ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੀ ਇਸ ਗੱਲ ਲਈ ਹੋਈ ਸੀ ਕਿ ਕਿਸੇ ‘ਤੇ ਅਕੀਦੇ ਦੇ ਨਾਮ ‘ਤੇ ਕੁਝ ਵੀ ਜ਼ਬਰਦਸਤੀ ਨਾ ਥੋਪਿਆ ਜਾਵੇ।
