2 views 15 secs 0 comments

ਗੁਣਾਂ ਦੀ ਸ਼ਕਤੀ

ਲੇਖ
October 13, 2025

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥        (ਅੰਗ ੫੯੫)

ਸੰਸਾਰ ਦਾ ਸੱਚ ਹੈ ਕਿ ਕੀਮਤ ਉਸ ਦੀ ਹੀ ਪੈਂਦੀ ਹੈ, ਜਿਸ ਵਿਚ ਕੋਈ ਗੁਣ ਹੁੰਦਾ ਹੈ। ਇਹ ਭਾਵੇਂ ਰੁੱਖ, ਮਨੁੱਖ ਜਾਂ ਜੀਵ-ਜੰਤੂ ਕੋਈ ਵੀ ਹੋਵੇ। ਔਗੁਣ ਭਰਪੂਰ ਹਰ ਥਾਂ ਬੇਕਦਰਾ ਹੁੰਦਾ ਹੈ। ਦਾਨਸ਼ਵਰਾਂ ਦਾ ਕਥਨ ਹੈ, ‘ਗੁਣ ਹਰ ਥਾਂ ਆਪਣਾ ਆਦਰ ਕਰਵਾ ਲੈਂਦਾ ਹੈ। ਬਾਬਾ ਫਰੀਦ ਜੀ ਮਾਨਵਤਾ ਨੂੰ ਸੁਚੇਤ ਕਰਦੇ ਹਨ ਕਿ ਹੇ ਫਰੀਦ! ਉਹ ਕੰਮ ਛੱਡ ਦੇ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਇਸ ਜਿੰਦ ਨੂੰ ਕੋਈ ਲਾਭ ਨਹੀਂ ਹੈ, ਇਹ ਨਾ ਹੋਵੇ ਕਿ ਪ੍ਰਭੂ ਦੇ ਦਰਬਾਰ ਵਿਚ ਸ਼ਰਮਿੰਦੇ ਹੋਣਾ ਪਵੇ।

ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥        (ਅੰਗ ੧੩੮੧)

ਗੁਣ ਜਾਂ ਚੰਗਿਆਈਆਂ ਇਕੱਤਰ ਕਰਨੀਆਂ ਪੈਂਦੀਆਂ ਹਨ, ਪਰ ਔਗੁਣਾਂ ਜਾਂ ਬੁਰਿਆਈਆਂ ਦਾ ਮਨੁੱਖਤਾ ਕੋਲ ਸਹਿਜ ਸੁਭਾਅ ਵੱਡਾ ਭੰਡਾਰ ਹੈ। ਗੁਣਵਾਨ ਪੈਦਾ ਕਰਨ ਲਈ ਤੇ ਚੰਗੇ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦੇ ਸਬਕ ਪੜਾਏ ਜਾਂਦੇ ਹਨ। ਗੁਣ ਸੋਹਣੀ ਫ਼ਸਲ ਦੀ ਤਰਾਂ ਹੈ ਤੇ ਔਗੁਣ ਫ਼ਸਲ ਵਿਚ ਨਦੀਨ ਦੇ ਸਮਾਨ ਹੁੰਦੇ ਹਨ। ਇਹ ਵੀ ਹਕੀਕਤ ਹੈ ਕਿ ਮੰਡੀ ਵਿਚ ਅਨਾਜ ਦੀ ਕੀਮਤ ਹੁੰਦੀ ਹੈ ਤੇ ਨਦੀਨ ਛੱਟ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਨਦੀਨ ਤੇ ਔਗੁਣ ਸਦਾ ਛੱਜ ਵਿਚ ਪਾ ਕੇ ਹੀ ਛੱਟੇ ਜਾਂਦੇ ਹਨ।

ਪੰਜਾਬੀ ਸਾਹਿਤ ਵਿਚ ਮਹਿਕ ਤੇ ਸੀਤਲਤਾ ਕਰਕੇ ਚੰਦਨ ਦੀਆਂ ਸਿਫ਼ਤਾਂ ਹਨ, ਪਰ ਉਸ ਦੇ ਬਰਾਬਰ ਜੰਡ/ਕਿੱਕਰਾਂ ਆਦਿ ਬਾਲਣ ਦਾ ਸਾਮਾਨ ਹਨ। ਮੋਰਾਂ ਦੀਆਂ ਪੈਲਾਂ ਦਾ ਸਦਾ ਜ਼ਿਕਰ ਹੁੰਦਾ, ਪਰ ਕਾਂਵਾਂ/ਇੱਲਾਂ ਦੀ ਚਾਲ ਦਾ ਕਿਸੇ ਜ਼ਿਕਰ ਨਹੀਂ ਕੀਤਾ। ਮਾਨ ਸਰੋਵਰਾਂ ‘ਚ ਮੋਤੀ ਚੁਗਣ ਦਾ ਜ਼ਿਕਰ ਹੰਸਾਂ ਦਾ ਹੈ, ਪਰ ਬਗਲਾ ਸੁੰਦਰ ਹੁੰਦਿਆਂ ਵੀ ਡੱਡਾਂ-ਮੱਛੀਆਂ ਖਾਣ ਭਾਵ ਨੀਚ ਕਰਮ ਵਾਲਾ ਹੀ ਗਿਣਿਆ ਜਾਂਦਾ ਹੈ। ਸਮਾਜਿਕ ਤਲ ‘ਤੇ ਗੁਣਾਂ ਦੀ ਪਰਖ ਲਈ ਇਕ ਕਸਵੱਟੀ ਹੈ, ਜਿਵੇਂ- ਫੁੱਲ ਦਾ ਗੁਣ ਖ਼ੁਸ਼ਬੂ ਹੈ, ਚੰਨ ਦਾ ਗੁਣ ‘ਚਾਨਣੀ’, ਬਰਫ ਦਾ ਗੁਣ ਠੰਡਕ ਸਾਗਰ ਦਾ ਗੁਣ ਗਹਿਰਾਈ, ਅਕਾਸ਼ ਦਾ ਗੁਣ ‘ਵਿਸ਼ਾਲਤਾ’, ਵਿੱਦਿਆ ਦਾ ਗੁਣ ‘ਯੋਗਤਾ’ ਰੁੱਖ ਦਾ ‘ਫਲ, ਫੁੱਲ ਅਤੇ ਮਨੁੱਖ ਦਾ ਗੁਣ ਚੰਗੀ ਜੀਵਨ ਜਾਚ ਹੈ। ਚੰਗੀ ਜੀਵਨ ਜਾਚ ਚੰਗੇ ਗੁਣ ਹਨ।

ਦੂਜੇ ਪਾਸੇ ਸੰਸਾਰਕ ਤਲ ‘ਤੇ ਚਰਚਾ ਕਰੀਏ ਤਾਂ ਕਈ ਵਾਰ ਹਰ ਪਾਸੇ ਪਦਾਰਥਵਾਦੀ ਦੌੜ, ਅਫਰਾ-ਤਫਰੀ, ਲੁੱਟ-ਖਸੁੱਟ, ਲੜਾਈਆਂ-ਝਗੜੇ, ਦਗਾ-ਫਰੇਬ, ਹੈਂਕੜਬਾਜ਼ੀ, ਅਵਾਰਾਗਰਦੀ, ਨਸ਼ੇ, ਰਿਸ਼ਤਿਆਂ ਦਾ ਘਾਣ ਤੇ ਹੁੱਲੜਬਾਜ਼ੀ ਨਜ਼ਰ ਆਉਂਦੀ ਹੈ। ਇਕ ਸੱਭਿਅਕ ਸਮਾਜ ਲਈ ਇਹ ਸਭ ਔਗੁਣਾਂ ਦੀਆਂ ਪੰਡਾਂ ਹਨ। ਗੁਰਬਾਣੀ ਵਿਚ ਫ਼ਰਮਾਨ:

ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਝੈ ਕੋਇ॥
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ॥               (ਅੰਗ ੧੦੯੨)

ਇਸੇ ਤਰ੍ਹਾਂ ਸਾਡੇ ਲੋਕ ਸਾਹਿਤ ਵਿਚ ਵੀ ਚੰਗੀਆਂ ਕਦਰਾਂ-ਕੀਮਤਾਂ ਸਥਾਪਿਤ ਕਰਨ ਲਈ ਤੇ ਮਾਨਵੀ ਗੁਣਾਂ ਨੂੰ ਉਭਾਰਦੇ, ਕੀਮਤੀ ਬਚਨ ਮਿਲਦੇ ਹਨ ਜਿਵੇਂ : ਤਿੰਨ ਚੀਜ਼ਾਂ ਨੂੰ ਬੜਾਵਾ ਦਿਓ- ਚੰਗੀਆਂ ਪੁਸਤਕਾਂ, ਚੰਗੇ ਦੋਸਤ ਤੇ ਚੰਗੇ ਕੰਮ, ਤਿੰਨਾਂ ਗੱਲਾਂ ਸਦਾ ਯਾਦ ਰੱਖੋ-ਸੱਚਾਈ, ਫ਼ਰਜ਼ ਤੇ ਮੌਤ, ਤਿੰਨ ਗੱਲਾਂ ਮਨੁੱਖ ਨੂੰ ਜ਼ਲੀਲ ਕਰਦੀਆਂ ਹਨ-ਚੋਰੀ, ਚੁਗਲੀ ਤੇ ਝੂਠ, ਤਿੰਨ ਗੱਲਾਂ ਅਸਲ ਉਦੇਸ਼ ਤੋਂ ਦੂਰ ਲੈ ਜਾਂਦੀਆਂ ਹਨ-ਲਾਲਚ, ਗੁੱਸਾ ਤੇ ਬਦਚਲਨੀ ਅਤੇ ਤਿੰਨ ਹੀ ਕਿਸੇ ਦੀ ਉਡੀਕ ਨਹੀਂ ਕਰਦੀਆਂ-ਸਮਾਂ, ਗਾਹਕ ਤੇ ਮੌਤ ਆਦਿ। ਖੈਰ, ਇਹ ਲੋਕ-ਸਿਆਣਪਾਂ ਮਨੁੱਖ ਨੂੰ ਗੁਣਵਾਨ ਬਣਾਉਣ ਲਈ ਪ੍ਰੇਰਕ ਸ਼ਕਤੀ ਹਨ, ਜਿਵੇਂ ਚਾਣਕਯ ਨੇ ਲਿਖਿਆ ਕਿ ਮਨੁੱਖ ਆਪਣੇ ਗੁਣਾਂ ਨਾਲ ਮਹਾਨ ਬਣਦਾ ਹੈ, ਉੱਚੀ ਕੁਰਸੀ ‘ਤੇ ਬੈਠਣ ਨਾਲ ਨਹੀਂ। ਕੀ ਉੱਚੇ ਮਹਿਲਾਂ ਉੱਪਰ ਬੈਠ ਕੇ ਕਾਂ ਗਰੁੜ ਬਣ ਸਕਦਾ ਹੈ?

ਇਸ ਲੇਖ ਦੇ ਅਰੰਭ ਵਿਚ ਦਿੱਤੀਆਂ ਪੰਕਤੀਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਨੂੰ ਜਾਗ੍ਰਿਤ ਕੀਤਾ ਹੈ ਕਿ ਹੇ ਨਾਨਕ ! ਦੁਨੀਆਂ ਦੇ ਸੁੱਖ ਮਾਣਨ ਦੀ ਖ਼ਾਤਰ ਅਸੀਂ ਜਿੰਨੇ ਵੀ ਪਾਪ ਵਿਕਾਰ ਕਰਦੇ ਹਾਂ, ਉਹ ਸਾਰੇ ਵਿਕਾਰ ਜਾਂ ਔਗੁਣ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ। ਇਹ ਪਾਪਾਂ ਜਾਂ ਵਿਕਾਰਾਂ ਦੀਆਂ ਫਾਹੀਆਂ ਤਦ ਹੀ ਕੱਟੀਆਂ ਜਾ ਸਕਦੀਆਂ ਹਨ, ਜੇ ਸਾਡੇ ਪੱਲੇ ਗੁਣ ਹੋਣਗੇ। ਇਹ ਗੁਣ ਹੀ ਅਸਲ ‘ਚ ਸਾਡੇ ਭਾਈ ਮਿੱਤਰ ਹਨ।

ਪੰਡਿਤ ਕਾਲੀ ਦਾਸ ਨੇ “ਮੂਰਖ ਸ਼ੱਤਕ” ਵਿਚ ਲਿਖਿਆ ਹੈ:

ਆਪਣੇ ਔਗੁਣ ਛਾਣ ਛੁਪਾਵੇ, ਅਣਹੋਏ ਹੋਰਾਂ ਪ੍ਰਗਟਾਵੇ।

ਅੱਗਾ ਦੇਖ ਧਰੇ ਨਾ ਪੈਰ, ਉਸ ਮੂਰਖ ਦੀ ਹੋਇ ਨਾ ਖੈਰ।

ਇਕ ਹੋਰ ਵਿਦਵਾਨ ਨੇ ਲਿਖਿਆ ਹੈ ਕਿ “ਤੁਹਾਡੇ ਜੀਵਨ ਪੰਧ ਵਿਚ ਪਹਿਲਾਂ ਹੀ ਬੜੀਆਂ ਰੁਕਾਵਟਾਂ ਹਨ, ਤੁਸੀਂ ਆਪ ਰੋੜਾ ਬਣ ਕੇ ਇਨ੍ਹਾਂ ਵਿਚ ਵਾਧਾ ਨਾ ਕਰੋ।”
ਮਾਨਵਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸਮੁੱਚੇ ਸੰਸਾਰ ਨੂੰ ਗੁਣਾਂ ਦੀ ਸ਼ਕਤੀ ਤੋਂ ਜਾਗ੍ਰਿਤ ਕਰਦੇ ਹੋਏ ਗੁਣਵਾਨ ਬਣਨ ਦੀ ਬਖ਼ਸ਼ਿਸ਼ ਇਉਂ ਕਰਦੇ ਹਨ ਕਿ ਜੇ ਕਿਸੇ ਨੂੰ ਗੁਣਾਂ ਦਾ ਡੱਬਾ (ਵਾਸਲਾ) ਲੱਭ ਪਵੇ, ਤਾਂ ਡੱਬਾ ਖੋਲ੍ਹ ਕੇ ਸੁਗੰਧੀ ਲੈਣੀ ਚਾਹੀਦੀ ਹੈ। ਜੇ ਸੰਗੀਆਂ ਵਿਚ ਗੁਣ ਹੋਵਣ ਤਾਂ ਅਜਿਹੇ ਗੁਰਮੁਖਾਂ ਨਾਲ ਮਿਲ ਕੇ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਗੁਣਾਂ ਦੀ ਸਾਂਝ ਕਰਨ ਨਾਲ ਆਪਣੇ ਅੰਦਰੋਂ ਔਗੁਣ ਤਿਆਗ ਕੇ ਜੀਵਨ ਪੰਧ ‘ਤੇ ਤੁਰ ਸਕੀਦਾ ਹੈ। ਇਸ ਪ੍ਰਕਾਰ ਸਭ ਨਾਲ ਪ੍ਰੇਮ ਵਾਲਾ ਵਰਤਾਓ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਦਾ ਸਦਕਾ ਔਗੁਣਾਂ ਦੇ ਟਾਕਰੇ ‘ਤੇ ਗੁਣਾਂ ਨਾਲ ਜੀਵਨ ਘੋਲ ਜਿੱਤਿਆ ਜਾ ਸਕਦਾ ਹੈ। ਫ਼ਰਮਾਨ ਹੈ :

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥
ਜੇ ਗੁਣ ਹੋਵੑਨਿ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ॥            (ਅੰਗ ੭੬੫)

ਡਾ. ਇੰਦਰਜੀਤ ਸਿੰਘ ਗੋਗੋਆਣੀ