-ਸ. ਸੁਖਦੇਵ ਸਿੰਘ ਸ਼ਾਂਤ
ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਵੀਸ਼ਰ ਆਏ। ਉਨ੍ਹਾਂ ਰਾਜਾ ਗੋਪੀ ਚੰਦ ਦੇ ਵੈਰਾਗ ਦੀ ਮਹਿਮਾ ਗਾਉਣੀ ਸ਼ੁਰੂ ਕਰ ਦਿੱਤੀ। ਕੁਝ ਸਿੱਖਾਂ ਨੂੰ ਗੁਰੂ-ਦਰਬਾਰ ਵਿੱਚ ਗੋਪੀ ਚੰਦ ਦੀ ਕਥਾ ਗਾਉਣੀ ਚੰਗੀ ਨਾ ਲੱਗੀ। ਉਨ੍ਹਾਂ ਸਿੱਖਾਂ ਨੇ ਕਵੀਸ਼ਰਾਂ ਨੂੰ ਵਿੱਚੋਂ ਟੋਕ ਕੇ ਇਹ ਕਥਾ ਬੰਦ ਕਰਨ ਲਈ ਕਿਹਾ। ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਸ ਗੱਲ ਤੋਂ ਰੋਕਿਆ ਅਤੇ ਕਥਾ ਜਾਰੀ ਰੱਖਣ ਲਈ ਕਿਹਾ।
ਜਦੋਂ ਕਵੀਸ਼ਰ ਪੂਰੀ ਕਥਾ ਗਾ ਹਟੇ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਪੁੱਛਿਆ, “ਸਿੱਖੋ ! ਤੁਸੀਂ ਇਹ ਕਥਾ ਸੁਣਾਉਣ ਤੋਂ ਕਿਉਂ ਰੋਕ ਰਹੇ ਸੀ ?”
ਇੱਕ ਸਿੱਖ ਨੇ ਖੜ੍ਹੇ ਹੋ ਕੇ ਬੇਨਤੀ ਕੀਤੀ, “ਜੀ ਅਸੀਂ ਆਪ ਜੀ ਦੀ ਹਜ਼ੂਰੀ ਵਿੱਚ ਰਾਜਾ ਗੋਪੀ ਚੰਦ ਦੀ ਮਹਿਮਾ ਨਹੀਂ ਸੁਣਨੀ ਚਾਹੁੰਦੇ ਸੀ।”
ਗੁਰੂ ਜੀ ਨੇ ਬੜੇ ਪਿਆਰ ਨਾਲ ਸਿੱਖਾਂ ਨੂੰ ਸਮਝਾਇਆ, “ਭਾਈ ਸਿੱਖੋ! ਰਾਜਾ ਗੋਪੀ ਚੰਦ ਬੜਾ ਵੱਡਾ ਤਿਆਗੀ ਅਤੇ ਸੂਰਬੀਰ ਵਿਅਕਤੀ ਹੋਇਆ ਹੈ। ਸਾਨੂੰ ਉਸਦੇ ਜੀਵਨ ਤੋਂ ਤਿਆਗ, ਵੈਰਾਗ ਅਤੇ ਬਚਨਾਂ ਦਾ ਬਲੀ ਹੋਣ ਦੇ ਗੁਣਾਂ ਦੀ ਸਿੱਖਿਆ ਮਿਲਦੀ ਹੈ। ਅਜਿਹੇ ਮਹਾਨ ਵਿਅਕਤੀਆਂ ਦੇ ਗੁਣ-ਗਾਇਨ ਕਰਨ ਦਾ ਸਾਨੂੰ ਖ਼ੁਦ ਨੂੰ ਵੀ ਲਾਭ ਹੁੰਦਾ ਹੈ। ਨਾਲੇ ਭਾਈ ਗੁਣ ਤਾਂ ਕਿਤੋਂ ਵੀ ਮਿਲੇ, ਲੈ ਲੈਣਾ ਚਾਹੀਦਾ ਹੈ।”
ਸਿੱਖਾਂ ਨੇ ਗੁਰੂ ਜੀ ਦੀ ਸਿੱਖਿਆ ਨੂੰ ਸਮਝ ਕੇ ਇਹ ਗੱਲ ਪੱਲੇ ਬੰਨ੍ਹ ਲਈ ਕਿ ਗੁਣ ਜਿੱਥੋਂ ਵੀ ਮਿਲੇ ਉਸ ਗੁਣ ਨੂੰ ਆਪਣੇ ਜੀਵਨ ਵਿੱਚ ਅਪਣਾਅ ਲੈਣਾ ਚਾਹੀਦਾ ਹੈ। ਚੰਗੀ ਗੱਲ ਕਿਸੇ ਵੀ ਗ੍ਰੰਥ ਵਿੱਚੋਂ ਮਿਲੇ ਜਾਂ ਕਿਸੇ ਵੀ ਮਹਾਂਪੁਰਸ਼ ਦੇ ਜੀਵਨ ਵਿੱਚੋਂ ਮਿਲੇ ਗ੍ਰਹਿਣ ਕਰ ਲੈਣੀ ਚਾਹੀਦੀ ਹੈ। ਆਪਣੇ ਗਿਆਨ-ਪ੍ਰਾਪਤੀ ਦੇ ਦਾਇਰੇ ਨੂੰ ਕਦੇ ਵੀ ਸੀਮਤ ਨਹੀਂ ਕਰ ਲੈਣਾ ਚਾਹੀਦਾ।
