3 views 4 secs 0 comments

ਗੁਰਬਾਣੀ ਅਤੇ ਵਿਗਿਆਨ

ਲੇਖ
January 22, 2026

ਵਿਗਿਆਨ ਦਾ ਸਬੰਧ ਦਿਮਾਗ ਨਾਲ ਹੈ ਅਤੇ ਗੁਰਬਾਣੀ ਦਾ ਸਬੰਧ ਅਕਾਲ ਪੁਰਖ ਨਾਲ। ਗੁਰਬਾਣੀ ਦਾ ਆਵੇਸ਼ ਉਸ ਸਮੇਂ ਹੋਇਆ ਜਦੋਂ ਸਾਡੇ ਗੁਰੂਆਂ, ਪੀਰਾਂ, ਸੰਤਾਂ ਅਤੇ ਮਹਾਤਮਾਵਾਂ ਦੀ ਅਵੱਸਥਾ ਤੂੰ ਤੂੰ ਕਰਤਾ ਤੂੰ ਹੂਆ ਵਾਲੀ ਹੋ ਚੁੱਕੀ ਸੀ। ਗੁਰਬਾਣੀ ਅਟੱਲ ਹੈ ਅਤੇ ਅਕਾਲ ਹੈ। ਇਸ ਵਿੱਚ ਬਦਲਾਅ ਅਸੰਭਵ ਹੈ। ਗੁਰਬਾਣੀ ਨੂੰ ਮਨੁੱਖੀ ਸੋਚ ਵਿਗਿਆਨ ਦੇ ਬਰਾਬਰ ਨਹੀਂ ਕਿਹਾ ਜਾ ਸਕਦਾ। ਕਿੱਥੇ ਦੀਵੇ ਦੀ ਛੋਟੀ ਜਹੀ ਲੋਅ (ਵਿਗਿਆਨ), ਕਿੱਥੇ ਸੂਰਜ ਦਾ ਲਟ ਲਟ ਕਰਦਾ ਪ੍ਰਕਾਸ਼ (ਗੁਰਬਾਣੀ), ਕਿੱਥੇ ਪਾਣੀ ਦੀ ਨਿੱਕੀ ਜਹੀ ਬੂੰਦ (ਵਿਗਿਆਨ), ਕਿੱਥੇ ਅਥਾਹ ਸਾਗਰ (ਗੁਰਬਾਣੀ)।

ਸਮਝਣ ਦੀ ਲੋੜ ਹੈ ਦੀਵੇ ਦੀ ਬਲ ਰਹੀ ਲਾਈਟ ਜਾਂ ਇਕ ਕਿਰਨ ਦਾ ਜਨਮ ਸੋਮਾਂ ਵੀ ਸੂਰਜ ਹੈ ਅਤੇ ਪਾਣੀ ਦੀ ਬੂੰਦ ਦੀ ਹੋਂਦ ਵੀ ਸਮੁੰਦਰ ਤੋਂ ਹੀ ਹੈ।

ਵਿਗਿਆਨ ਇੱਕ ਅਜਿਹਾ ਗਿਆਨ ਹੈ, ਜਿਸ ਨੂੰ ਸੱਚਾ ਸਾਬਤ ਹੋਣ ਲਈ ਤਜ਼ਰਬਿਆਂ ‘ਚੋਂ ਗੁਜ਼ਰਨਾ ਪੈਂਦਾ ਹੈ। ਸਹੀ ਸਿੱਧ ਹੋਣ ‘ਤੇ ਉਹ ਗਿਆਨ ਸਮੇਂ ਦਾ ਸੱਚ ਬਣ ਜਾਂਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਇਸ ਸੱਚ ‘ਤੇ ਇਨ ਬਿਨ ਵਿਸ਼ਵਾਸ਼ ਨਹੀਂ ਕਰਦੀਆਂ। ਉਹ ਇਸ ਦੀ ਮੁੜ ਜਾਂਚ ਪਰਖ ਕਰਦੀਆਂਹਨ। ਕਮੀਆਂ ਤਰੁੱਟੀਆਂ ਪਾਏ ਜਾਣ ਤੇ ਫਿਰ ਉਸ ਵਿਚ ਸੋਧ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸੱਚ ਨਵੇਂ ਲਿਬਾਸ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਸਮੇਂ ਦੇ ਨਾਲ ਨਾਲ ਵਿਗਿਆਨਕ ਸੱਚ ਵਿੱਚ ਸੱਚ ਦੀ ਮਾਤਰਤਾ ਵੱਧਦੀ ਚਲੀ ਜਾਂਦੀ ਹੈ। ਜਿੰਨੀਆਂ ਜਿਆਦਾ ਵਦਾਣਾ ਨਾਲ ਵਿਗਿਆਨ ‘ਤੇ ਪ੍ਰਹਾਰ ਕੀਤੇ ਜਾਣ, ਉਨ੍ਹਾਂ ਹੀ ਜਿਆਦਾ ਸੱਚ ਸਾਹਮਣੇ ਆਉਣ ਦੀ ਉਮੀਦ ਹੁੰਦੀ ਹੈ।

ਗੁਰਬਾਣੀ ਸਦੀਵੀ ਹੈ, ਇਕ ਅਟੱਲ ਸੱਚਾਈ ਹੈ। ਮਨੁੱਖੀ ਦਿਮਾਗ ਨੂੰ ਵਿਗਿਆਨ ਦੇ ਤਜਰਬੇ ਕਰਨ ਦੇ ਸੋਮੇ ਵੀ ਉਸ ਅਕਾਲ ਪੁਰਖ ਦੇ ਬਖਸ਼ੇ ਹੋਏ ਹੀ ਹਨ।

ਇਸ ਆਰਟੀਕਲ ਰਾਹੀਂ ਦਾਸ ਵਿਗਿਆਨ ਦੀ ਹੋਂਦ ਤੋਂ ਮੁਨਕਰ ਨਹੀਂ ਹੋਣਾ ਚਾਹੁੰਦਾ। ਜੇ ਵਿਗਿਆਨ ਦੀਆਂ ਮੂਲਧਾਰਾਵਾਂ ਗਲਤ ਹੁੰਦੀਆਂ ਤਾਂ ਅੱਜ ਰੇਲ ਗੱਡੀ, ਹਵਾਈ ਜਹਾਜ, ਮਨੁੱਖ ਚੰਦਰਮਾਂ ‘ਤੇ ਪੈਰ ਵੀ ਨਾ ਧਰਦਾ। ਗਲਤ ਧਾਰਨਾਵਾਂ ਨੂੰ ਵਿਗਿਆਨ ਆਪ ਵੀ ਸਵੀਕਾਰ ਨਹੀਂ ਕਰਦਾ। ਵਿਗਿਆਨ ਸੱਚ ਦੀ ਰੌਸ਼ਨੀ ਵਿੱਚ ਆਪਣੇ ਤੱਥਾਂ ਨੂੰ ਵਾਰ ਵਾਰ ਸੋਧਦਾ ਹੈ। ਹਾਲੇ ਵਿਗਿਆਨ ਕੋਲ ਜੀਵਨ ਅਤੇ ਬ੍ਰਹਿਮੰਡ ਬਾਰੇ ਬਹੁਤ ਕੁੱਝ ਉਧੇੜਨਾ ਬਾਕੀ ਹੈ। ਵਿਗਿਆਨਕ ਅਧਾਰ ਵਾਲੀ ਫਿਲਾਸਫੀ ਦੀ ਅਲੋਚਨਾ ਇੱਕ ਅਲੱਗ ਗੱਲ ਹੈ। ਇਸ ਦੇ ਖੋਜੇ ਪਰਖ ਦੇ ਸੱਚ ਨੂੰ ਗੁਰਬਾਣੀ ਨੇ ਬਹੁਤ ਹੀ ਪਹਿਲਾਂ ਬਿਆਨ ਕਰ ਦਿੱਤਾ ਸੀ।

ਮਨੁੱਖੀ ਸੁਭਾਅ ਪਦਾਇਸ਼ ਤੋਂ ਹੀ ਜਗਿਆਸੂ ਹੈ “ਆਦਿ ਅੰਤਿ ਬੇਅੰਤ ਖੋਜਹਿ ਅਨੁਸਾਰ ਕੁੱਝ ਜਾਨਣ ਦੀ, ਕੁੱਝ ਸਮਝਣ ਦੀ, ਕੁੱਝ ਖੋਜਣ ਦੀ ਕੋਸ਼ਿਸ਼ ਪੱਥਰ ਯੁੱਗ ਤੋਂ ਹੀ ਕਰਦਾ ਆ ਰਿਹਾ ਹੈ। ਜਦੋਂ ਮਨੁੱਖ ਡੂੰਘੇ ਸਮੁੰਦਰ, ਸਿਰ ਤੇ ਚੰਨ ਤਾਰਿਆਂ ਦੀ ਵਿਸ਼ਾਲਤਾ ਨੂੰ ਤੱਕਦਾ ਹੈ ਤਾਂ ਉਸਦਾ ਹਿਰਦਾ ਉਸ ਬਾਰੇ ਜਾਨਣ ਲਈ ਤੜਪ ਉੱਠਦਾ ਹੈ।

ਅੰਤ ਕਾਰਣਿ ਕੇਤੇ ਬਿਲਲਾਹਿ॥
ਤਾ ਕੇ ਅੰਤ ਨ ਪਾਏ ਜਾਹਿ (ਅੰਗ ੫)

ਇਸ ਵਿਆਕੁਲਤਾ ਵਿੱਚ ਚੰਚਲ ਦਿਮਾਗ ਮਨੁੱਖੀ ਮਨ ਸਮੁੰਦਰ ਦੀਆਂ ਛੱਲਾਂ ਵਾਂਗ ਕੌਤੂਹਲ ਮਚਾ ਦਿੰਦਾ ਹੈ। ਬ੍ਰਹਿਮੰਡ ਕੀ ਹੈ? ਕਦੋਂ ਹੋਂਦ ਵਿੱਚ ਆਇਆ? ਇਸ ਦਾ ਅਕਾਰ ਕਿੰਨਾ ਵੱਡਾ ਹੈ? ਸਥਿਰ ਹੈ ਜਾਂ ਅਸਥਿਰ ਹੈ। ਇਹਨਾਂ ਸਵਾਲਾਂ ਦੇ ਜਵਾਬ ਲਈ ਸਾਨੂੰ ਪਿਛੋਕੜ ਘੋਖਣਾ ਪਵੇਗਾ।

ਵਿਗਿਆਨ ਮੁਤਾਬਕ 100 ਤੋਂ 200 ਖਰਬ ਸਾਲ ਪਹਿਲਾਂ ਇਨਸਾਨੀ ਜਾਤ ਦਾ ਨਾਮੋ ਨਿਸ਼ਾਨ ਨਹੀਂ ਸੀ। ਬਨਸਪਤੀ ਫੁੱਲ ਬੂਟੇ ਪਸ਼ੂ ਪੰਛੀ ਆਦਿ ਭੀ ਨਹੀਂ ਸਨ। ਧਰਤੀ ਚੰਦਰਮਾ ਸੂਰਜ, ਗ੍ਰਹਿ ਉਪਗ੍ਰਹਿ ਕੁੱਝ ਵੀ ਨਹੀਂ ਸੀ। ਤਾਰੇ ਅਤੇ ਬ੍ਰਹਿਮੰਡ ਦੀ ਹੋਂਦ ਵੀ ਨਹੀਂ ਸੀ। ਗੁਰਬਾਣੀ ਦਾ ਫੁਰਮਾਨ ਹੈ :

ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਆਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥
(ਅੰਗ ੧੦੩੫)

ਬ੍ਰਹਿਮੰਡ ਦੇ ਜਨਮ ਤੋਂ ਪਹਿਲਾਂ ਕੀ ਸੀ? ਵਿਗਿਆਨ ਇਸ ਤੋਂ ਖਾਮੋਸ਼ ਹੈ। ਵਿਗਿਆਨ ਮੁਤਾਬਕ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਦੋਂ ਸਮਾਂ ਹੀ ਨਹੀਂ ਸੀ।

ਫਿਰ ਉਦੋਂ ਹੈ ਕੀ ਸੀ? ਕੀ ਕਦੀ ਸੋਚਿਆ ਹੈ? ਉਦੋਂ ਕੁਦਰਤ ਸ਼ੋਰ ਸਰਾਬੇ ਤੋਂ ਦੂਰ ਗਰਭਵਤੀ ਮਾਂ ਦੇ ਪੇਟ ਵਿੱਚ ਸੌਂ ਰਹੇ ਬੱਚੇ ਵਾਂਗ ਅਸੀਮ ਨਿੰਦਰਾ ਵਿੱਚ ਸੀ। ਇਹ ਅਵੱਸਥਾ ਕਿੰਨਾ ਚਿਰ ਰਹੀ, ਬਿਆਨ ਨਹੀਂ ਕੀਤਾ ਜਾ ਸਕਦਾ।

ਕੇਤੜਿਆ ਦਿਨ ਗੁਪਤੁ ਕਹਾਇਆ॥
ਕੇਤੜਿਆ ਦਿਨ ਸੁੰਨਿ ਸਮਾਇਆ॥
ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ॥ (ਅੰਗ ੧੦੮)

ਵਿਗਿਆਨ ਇਸ ਨੂੰ ਇਨਫਾਇਨਿਟ ਦਾ ਨਾਮ ਦਿੰਦਾ ਹੈ। ਉਹ ਇਸ ਅਵੱਸਥਾ ਨੂੰ ਬਿਆਨ ਕਰਨ ਵਿਚ ਬੇਵੱਸ ਤੇ ਫੇਲ੍ਹ ਹੋ ਜਾਂਦਾ ਹੈ। ਫਿਰ ਉਹ ਇੱਕ ਵਿਸਫੋਟ ਦੀ ਗੱਲ ਕਰਦਾ ਹੈ, ਜਿਸ ਨੂੰ ਵਿਗਿਆਨ ਨੇ ਬਿੱਗ ਬੈਂਗ ਦਾ ਨਾਮ ਦਿੱਤਾ ਜੋ ਵਿਗਿਆਨ ਤੋਂ ਪਹਿਲਾਂ ਗੁਰਬਾਣੀ ਕਵਾਉ ਦੇ ਸ਼ਬਦ ਨਾਲ ਇਸ ਨੂੰ ਸਮਝਾ ਚੁੱਕੀ ਹੈ।

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥
(ਅੰਗ ੩)

ਇਸ ਵਿਸਫੋਟ ਨੂੰ ਕਲਮ ਨਾਲ ਵਰਨਣ ਕਰਨਾ ਅਸੰਭਵ ਹੈ। ਵਿਗਿਆਨ ਦੀ ਵੀ ਇਹੀ ਸੋਚ ਹੈ। ਪਰਮਾਤਮਾ ਨੇ ਇਸ ਬ੍ਰਹਿਮੰਡ ਦਾ ਪਸਾਰਾ ਇੱਕ ਅਵਾਜ਼ (ਧਮਾਕੇ) ਨਾਲ ਕੀਤਾ, ਜਿਸ ਤੋਂ ਲੱਖਾਂ ਜਿੰਦਗੀਆਂ ਦੇ ਦਰਿਆ ਵਗਣ ਲੱਗ ਪਏ। ਇਹ ਸਾਰਾ ਕੁੱਝ ਪ੍ਰਮਾਤਮਾ ਨੇ ਵਰਤਾਇਆ ਕਦੋਂ? ਵਿਗਿਆਨ ਇਸ ਨੂੰ ਸਮਝਣ ਤੇ ਕਹਿਣ ਵਿੱਚ ਅਸਮਰੱਥ ਹੈ। ਬਹਿਮੰਡ ਦੀ ਵਿਸ਼ਾਲਤਾ ਦਾ, ਉਸ ਦੀ ਅਰੰਭਤਾ ਦਾ, ਉਸ ਦੇ ਹੋਂਦ ਵਿੱਚ ਆਉਣ ਦਾ ਅਨੁਮਾਨ ਲਗਾਉਣਾ ਮਨੁੱਖ ਦੇ ਵੱਸ ਵਿੱਚ ਨਹੀਂ ਹੈ। ਜਿੱਥੇ ਬ੍ਰਹਿਮੰਡ ਦੀ ਕੋਈ ਸੀਮਾ ਨਹੀਂ, ਅਨੰਤ ਹੈ, ਉੱਥੇ ਮਨੁੱਖੀ ਦਿਮਾਗ ਦੀ ਸੀਮਾਂ ਦੀ ਇਕ ਹੱਦ ਹੈ। ਬ੍ਰਹਿਮੰਡ ਦੀ ਅਨੰਤਤਾ ਬਾਰੇ ਮਨੁੱਖੀ ਦਿਮਾਗ ਸੋਚ ਵੀ ਨਹੀਂ ਸਕਦਾ।

ਵਿਗਿਆਨ ਇਸ ਤੱਥ ਨਾਲ ਸਹਿਮਤ ਹੈ ਕਿ ਧਰਤੀ ਉੱਪਰ ਮਨੁੱਖੀ ਉਤਪਤੀ, ਜੀਵ ਉਤਪਤੀ ਅਤੇ ਬਨਸਪਤੀ ਦੀ ਉਤਪਤੀ ਪਾਣੀ ਤੋਂ ਹੋਈ ਹੈ। ਪਾਣੀ ਦਾ ਵਾਜੂਦ ਦੋ ਗੈਸਾਂ-ਹਾਈਡਰੋਜਨ ਦੋ ਹਿੱਸੇ ਅਤੇ ਆਕਸੀਜਨ ਇੱਕ ਹਿੱਸਾ ਤੋਂ ਹੈ। ਅਸੀਂ ਵਿਗਿਆਨਿਕ ਢੰਗ ਨਾਲ ਪਾਣੀ ਵਿਚੋਂ ਦੋਨੋਂ ਗੈਸਾਂ ਅਲੱਗ ਵੀ ਕਰ ਸਕਦੇ ਹਾਂ ਅਤੇ ਦੋਹਾਂ ਗੈਸਾਂ ਨੂੰ ਉਪਰੋਕਤ ਮਿਕਦਾਰ ਵਿੱਚ ਮਿਲਾ ਕੇ ਇਲੈਕਟਰੋਮੈਗਨੈਟਿਕ ਸਿਸਟਮ ਰਾਹੀਂ ਪਾਣੀ ਵੀ ਵਜੂਦ ਵਿੱਚ ਲਿਆ ਸਕਦੇ ਹਾਂ। ਇਸ ਤੱਥ ਦੀ ਖੋਜ ਪਿਛਲੇ 140 ਸਾਲ ਤੋਂ ਹੀ ਹੋਈ ਹੈ। ਗੁਰਬਾਣੀ ਅੰਦਰ ਪਾਣੀ ਦਾ ਵਿਗਿਆਨਿਕ ਫਾਰਮੂਲਾ 530 ਸਾਲਾਂ ਤੋਂ ਮੌਜੂਦ ਹੈ। ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਪੁ ਜੀ ਸਾਹਿਬ ਅੰਦਰ ਫੁਰਮਾਨ ਹੈ: “ਮੰਨੈ ਸਗਲ ਭਵਣ ਕੀ ਸੁਧਿ॥”

ਪਰਮਾਤਮਾ ਦਾ ਨਾਮ ਮੰਨਣ ਨਾਲ ਖੰਡਾ ਬ੍ਰਹਿਮੰਡਾਂ ਦਾ ਗਿਆਨ ਹੋ ਜਾਂਦਾ ਹੈ। ਗੁਰਬਾਣੀ ਨੇ ਪਾਣੀ ਦੇ ਇਸ ਸੱਚ ਨੂੰ ਬਹੁਤ ਪਹਿਲਾਂ ਉਜਾਗਰ ਕਰ ਦਿੱਤਾ ਸੀ।

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(ਅੰਗ ੧੯)

‘ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ’
(ਅੰਗ ੧੨੮੩)

ਗੁਰਬਾਣੀ ਨੇ ਪੂਰੀ ਕਾਇਨਾਤ ਦੀ ਉਤਪਤੀ ਪਾਣੀ ਤੋਂ ਹੋਣ ਦੀ ਪੁਸ਼ਟੀ 530 ਸਾਲ ਪਹਿਲਾਂ ਹੀ ਕਰ ਦਿੱਤੀ ਸੀ।
ਅੰਤੁ ਨ ਜਾਪੈ ਕੀਤਾ ਆਕਾਰੁ॥
ਅੰਤੁ ਨ ਜਾਪੈ ਪਾਰਾਵਾਰੁ॥
(ਅੰਗ ੫)

ਵਿਗਿਆਨ ਇਸ ਗੱਲ ਨੂੰ ਮੰਨਦਾ ਹੈ ਕਿ ਬ੍ਰਹਿਮੰਡ ਅੰਦਰ ਅਸੀਂ ਜੋ ਦੇਖਦੇ ਹਾਂ ਉਹ ਤਾਰੇ, ਗ੍ਰਹਿ, ਉਪਗ੍ਰਹਿ ਬ੍ਰਹਿਮੰਡ ਵਿੱਚ ਫੈਲੇ ਕੁੱਲ ਮੈਟਰ ਦਾ 10% ਤੋਂ ਵੀ ਘੱਟ ਹੈ। 90% ਬਾਰੇ ਵਿਗਿਆਨ ਨੂੰ ਕੋਈ ਇਲਮ ਨਹੀਂ। ਇਹ ਸਾਰਾ ਪ੍ਰਭੂ ਅਕਾਲ
ਪੁਰਖ ਜੀ ਦੀ ਰਚਨਾ ਹੈ ਤੇ ਉਹ ਸਭ ਜਾਣੀ ਜਾਣ ਹੈ। ਵਿਗਿਆਨ ਇਸ ਨੂੰ ਡਾਰਕ ਮੈਟਰ ਮੰਨਦਾ ਹੈ। ਜਿੰਨਾ ਵੀ ਅਸੀਂ ਇਸ ਨੂੰ ਜਾਨਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਦੀ ਵਿਸ਼ਾਲਤਾ ਅਨੰਤਤਾ ਤੱਕ ਵੱਧਦੀ ਜਾਂਦੀ ਹੈ।

ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥
(ਅੰਗ ੫)

ਮਨੁੱਖੀ ਸਰੀਰ ਵੀ ਪ੍ਰਭੂ ਰਚਨਾ ਹੈ। ਜੋ ਕੁੱਝ ਬ੍ਰਹਿਮੰਡ ਦੇ ਅੰਦਰ ਵਾਪਰਦਾ ਹੈ, ਉਹ ਮਨੁੱਖੀ ਸਰੀਰ ਦੇ ਅੰਦਰ ਵੀ ਹੈ।

ਧਰਤੀ ਉੱਪਰ ਕੁੱਲ ਧਰਤੀ ਦਾ 2/3 ਹਿੱਸਾ ਪਾਣੀ ਹੈ। ਮਨੁੱਖੀ ਸਰੀਰ ਅੰਦਰ ਵੀ 2/3 ਪਾਣੀ ਹੀ ਹੈ। ਜਿੱਥੇ ਵਿਗਿਆਨ ਨੇ ਬਾਹਰ ਖੋਜ ਕੀਤੀ ਹੈ, ਉਥੇ ਹੀ ਸਾਡੇ ਗੁਰੂਆਂ ਪੀਰਾਂ ਨੇ ਸਰੀਰ ਦੇ ਅੰਦਰ ਵੀ ਖੋਜ ਕੀਤੀ ਹੈ। ਜਿੱਥੇ ਅਸਮਾਨ ਦੇ ਅੰਧਕੂਪ ਹਨ, ਉਥੇ ਮਨੁੱਖੀ ਸਰੀਰ ਅੰਦਰ ਵੀ ਅੰਧਕੂਪ ਹਨ ਜਿਨ੍ਹਾਂ ਤੋਂ ਸਾਨੂੰ ਪ੍ਰਭੂ ਪਿਤਾ ਅਕਾਲ ਪੁਰਖ ਸਾਹਿਬ ਹੀ ਹੱਥ ਦੇ ਕੇ ਬਚਾ ਸਕਦਾ ਹੈ।
ਜੋ ਬ੍ਰਹਮੰਡੇ ਸੋਈ ਪਿੰਡੇ
ਜੋ ਖੋਜੇ ਸੋ ਪਾਵੈ॥
(ਅੰਗ ੬੯੫)

ਵਿਗਿਆਨਕ ਅਧਾਰ ਵਾਲੀ ਫਿਲਾਸਫੀ ‘ਤੇ ਜੋ. ਖੋਜ ਹੋ ਰਹੀ ਹੈ, ਉਸ ਤੋਂ ਇਸਦੇ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸੇ ਵਿਗਿਆਨ ਦੀ ਜਨਮਦਾਤਾ ਗੁਰਬਾਣੀ ਗੁਰੂ ਸਾਹਿਬਾਨ ਭਗਤਾਂ ਪੀਰਾਂ ਪੈਗੰਬਰਾਂ ਦੀ ਮਿਹਰ ਸਦਕਾ ਮਾਰਗ ਦਰਸ਼ਨ ਲਈ ਸਾਡੇ ਕੋਲ ਉਸ ਸਮੇਂ ਤੋਂ ਮੌਜੂਦ ਹੈ, ਜਦੋਂ ਵਿਗਿਆਨ ਅਜੇ ਬੱਚਾ ਹੀ ਸੀ। ਵਿਗਿਆਨ ਨੇ ਆਪਣੇ ਹੀ ਸਿਧਾਤਾਂ ਨੂੰ ਸੈਂਕੜੇ ਤੇ ਹਜ਼ਾਰਾਂ ਵਾਰੀ ਚੈਲੰਜ ਕੀਤਾ ਹੈ। ਗੁਰਬਾਣੀ ਨੂੰ ਕਦੀ ਵੀ ਜੇ ਕਿਸੇ ਮਨੁੱਖ ਨੇ ਚੈਲੰਜ ਕੀਤਾ ਹੈ ਤਾਂ ਉਸ ਮਨੁੱਖ ਦੀ ਅਗਿਆਨਤਾ ਹੀ ਸਾਹਮਣੇ ਆਈ ਹੈ। ਧੁਰ ਕੀ ਬਾਣੀ ਅਟੱਲ ਸਚਾਈ ਬਣ ਕੇ ਮਨੁੱਖ ਲਈ, ਅਧਿਆਤਮਿਕ, ਸਮਾਜਿਕ, ਆਰਥਿਕ ਤੇ ਵਿਗਿਆਨਕ ਸੇਧ ਦੇਣ ਲਈ ਚਾਨਣ ਮੁਨਾਰਾ ਬਣ ਕੇ ਆਪਣੀ ਨਿੱਘੀ ਗੋਦ ਵਿੱਚ ਲੈਣ ਲਈ ਹਮੇਸ਼ਾਂ ਤੱਤਪਰ ਹੈ।

ਸ਼੍ਰੀ ਸੋਹਣ ਲਾਲ (ਜਲੰਧਰ)