ਗੁਰਬਾਣੀ ਕੀਰਤਨੁ

ਪੰਜਾਬ
February 05, 2026

ਗੁਰਬਾਣੀ ਕੀਰਤਨ ਪੂਰਾ ਬ੍ਰਹਮ-ਸਰੂਪ ਅਤੇ ਜੀਵਨ ਦਾ ਰਸ ਅਨੰਦ ਹੈ। ਇਹ ਸਿੱਖੀ ਦਾ ਮੂਲ ਆਧਾਰ ਹੈ। ਸਿੱਖੀ ਤੋਂ ਕੀਰਤਨ ਨੂੰ ਅਲੱਗ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਕੀਰਤਨ ਸਿੱਖ ਹਿਰਦੇ ਦੀ ਧੜਕਣ ਹੈ। ਜੇਕਰ ਇਸ ਨੂੰ ਸਿੱਖੀ ਦੀ ਰੂਹ ਆਖ ਲਿਆ ਜਾਵੇ ਤਾਂ ਇਹ ਕੋਈ ਅਤਕਥਨੀ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਦਰਗਾਹ ਤੋਂ ਕੀਰਤਨ ਦਾ ਖਜ਼ਾਨਾ, ਮਨੁੱਖਤਾ ਦੀ ਝੋਲੀ ਪਾਇਆ। ਇਕਸੁਰ ਜੁੜ ਕੇ ਤੇ ਤਾਲਬੱਧ ਹੋ ਕੇ ਧੁਰ ਕੀ ਬਾਣੀ ਦਾ ਕੀਰਤਨ ਗਾਇਨ ਕਰਨਾ ਬ੍ਰਹਮ ਦੀ ਪ੍ਰਾਪਤੀ ਹੈ।

ਕਲਯੁਗ ਵਿਚ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਮਨੁੱਖ ਦੀਆਂ ਸਭਆਸ਼ਾਵਾਂ ਪੂਰੀਆਂ ਕਰਨ ਅਤੇ ਇਸ ਨੂੰ ਮੁਕਤੀ ਦੇ ਦਰ ਤਕ ਪਹੁੰਚਾਉਣ ਲਈ ਕੀਰਤਨ ਹੀ ਇਕ ਸਾਧਨ ਹੈ:

ਕਲਜੁਗ ਮਹਿ ਕੀਰਤਨੁ ਪਰਧਾਨਾ॥
ਗੁਰਮੁਖਿ ਜਪੀਐ ਲਾਇ ਧਿਆਨਾ॥
ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ॥ ( ਅੰਗ ੧੦੭੫)

ਪਾਵਨ ਗੁਰਬਾਣੀ ਦਾ ਕੀਰਤਨ ਕਰਨਾ ਹੀ ਜੋਗ ਹੈ, ਤਪ ਸਾਧਨਾ ਹੈ।

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਪ੍ਰਾਣਾਯਾਮ ਨਹੀਂ ਕੀਤਾ, ਨਾ ਹੀ ਕੋਈ ਧੂਣੀਆਂ ਤਾਪੀਆਂ ਅਤੇ ਨਾ ਹੀ ਕੋਈ ਜਲ ਧਾਰੇ ਕੀਤੇ:

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥
ਮੈ ਦੇਵਾਨਾ ਭਇਆ ਅਤੀਤੁ॥
ਕਰ ਕਾਸਾ ਦਰਸਨ ਕੀ ਭੂਖ॥
ਮੈ ਦਰਿ ਮਾਗਉ ਨੀਤਾ ਨੀਤ॥
ਤਉ ਦਰਸਨ ਕੀ ਕਰਉ ਸਮਾਇ॥
ਮੈ ਦਰਿ ਮਾਗਤੁ ਭੀਖਿਆ ਪਾਇ॥(ਅੰਗ ੭੨੧)

ਗੁਰੂ ਪਾਤਸ਼ਾਹ ਜੀ ਨੇ ਸਾਦੇ ਤੇ ਸੋਹਜ ਢੰਗ ਵਿਚ ਸੰਗਤਾਂ ਨੂੰ ਪਾਵਨ ਗੁਰਬਾਣੀ ਦਾ ਕੀਰਤਨ ਸੁਣਾਇਆ ਅਤੇ ਭੁੱਲੇ-ਭਟਕੇ ਤੇ ਕੁਰਾਹੇ ਪਏ ਲੋਕਾਂ ਨੂੰ ਮੁਕਤੀ ਦੇ ਦਰ ਤਕ ਪਹੁੰਚਾ ਦਿੱਤਾ। ਹਰਿ ਕੀਰਤਨ ਗਾਵਿਆ ਤੇ ਸੁਣਿਆ ਬੁਰੀ ਮੱਤ ਨੂੰ ਖਤਮ ਕਰ ਕੇ ਜੀਵਨ ਦੇ ਸਾਰੇ ਮਨੋਰਥ ਤੇ ਆਸ਼ਾਂ ਪੂਰਨ ਕਰ ਦਿੰਦਾ ਹੈ, ਮਨ ਅੰਦਰ ਕੋਈ ਐਸੀ ਹੇਠਲੇ ਪੱਧਰ ਦੀ ਕਾਮਨਾ ਰਹਿ ਹੀ ਨਹੀਂ ਜਾਂਦੀ। ਪਾਵਨ ਗੁਰਬਾਣੀ ਦਾ ਫ਼ਰਮਾਨ ਹੈ:

ਜੋ ਜੋ ਕਥੈ ਸੁਨੈ ਹਰਿ ਕੀਰਤਨੁ
ਤਾ ਕੀ ਦੁਰਮਤਿ ਨਾਸ॥
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ॥
(ਅੰਗ ੧੩੦੦)

ਸੁਰਤੀ-ਵਿਰਤੀ ਠੀਕ ਰੱਖਣ ਲਈ ਅਤੇ ਪ੍ਰਭੂ-ਚਰਨਾਂ ਨਾਲ ਜੁੜਨ ਲਈ ਕੀਰਤਨ ਅਤਿ ਜ਼ਰੂਰੀ ਹੈ। ਪਾਵਨ ਗੁਰਬਾਣੀ ਦਾ ਕੀਰਤਨ ਮਨੁੱਖ ਨੂੰ ਮੁਕਤੀ ਦੇ ਦਰ ਤਕ ਪਹੁੰਚਾਉਂਦਾ ਹੈ। ਸਮੂਹ ਲੋਕਾਈ ਨੂੰ ਇਸ ਜਗਤ-ਜਲੰਦੇ ਵਿਚ ਗੁਰਬਾਣੀ ਕੀਰਤਨ ਤੋਂ ਬਿਨਾਂ ਸੱਚੀ ਮਾਨਸਿਕ ਤੇ ਆਤਮਿਕ ਸੰਤੁਸ਼ਟੀ ਹਾਸਲ ਹੋਣੀ ਅਤਿ ਮੁਸ਼ਕਲ ਹੈ। ਇਸ ਦੀ ਨਿਰਮਲ ਓਟ ਹੀ ਸਾਡੀਆਂ ਸਭਨਾਂ ਸਮੱਸਿਆਵਾਂ ਤੇ ਉਲਝਣਾਂ ਨੂੰ ਦੂਰ ਕਰ ਸਕਦੀ ਹੈ।

ਅਜੋਕੇ ਯੁੱਗ ਵਿਚ ਮੀਡੀਆ ਨੇ ਸੰਚਾਰ ਸਾਧਨਾਂ ਰਾਹੀਂ ਸਾਰੀ ਦੁਨੀਆਂ ਵਿਚ ਗੁਰਬਾਣੀ ਕੀਰਤਨ ਦਾ ਪ੍ਰਸਾਰ ਕੀਤਾ। ਮੀਡੀਏ ਦਾ ਇਹ ਯੋਗਦਾਨ ਸਲਾਹੁਣਯੋਗ ਹੈ। ਦੇਸ਼-ਵਿਦੇਸ਼ ਦੇ ਹਰ ਕੋਨੇ ਵਿਚ ਬੈਠਾ ਗੁਰੂ ਕਾ ਸਿੱਖ ਤੇ ਇਸ ਦੇ ਨਾਲ-ਨਾਲ ਗੁਰਬਾਣੀ ਦੀ ਇਲਾਹੀ ਦਾਤ ਦੀ ਸਮਝ-ਸਾਰ ਰੱਖਣ ਵਾਲੇ ਸਤਿਸੰਗੀ-ਜਨ, ਗੁਰਬਾਣੀ ਕੀਰਤਨ ਸਰਵਣ ਕਰਨ ਦਾ ਲਾਹਾ ਲੈ ਰਹੇ ਹਨ। ਜਿਥੇ ਇਹ ਡੂੰਘੀ ਤਸੱਲੀ ਦੇਣ ਵਾਲੀ ਗੱਲ ਹੈ, ਉਥੇ ਇਹ ਗੁਰਬਾਣੀ ਕੀਰਤਨੀਆਂ ਦੇ ਡੂੰਘੇ ਧਿਆਨ ਤੇ ਸੁਚੇਤਨਤਾ ਰੱਖਣ ਯੋਗ ਮੁਕਾਮ ਵੀ ਹੈ।

ਸਾਨੂੰ ਗੁਰਬਾਣੀ ਕੀਰਤਨ ਕਰਨ ਵਾਲਿਆਂ ਨੂੰ ਧੁਰ ਕੀ ਬਾਣੀ ਦੇ ਕੀਰਤਨ ਨੂੰ ਬਿਲਕੁਲ ਹੀ ਸਿੱਧੇ ਢੰਗ ਨਾਲ ਨਹੀਂ ਗਾਉਣਾ ਚਾਹੀਦਾ, ਬਲਕਿ ਗੁਰਮਤਿ ਸ਼ੈਲੀ ਅਤੇ ਗੁਰੂ ਪਾਤਸ਼ਾਹ ਜੀ ਦੀ ਭੈ-ਭਾਵਨੀ ਅੰਦਰ ਵਿਚਰਦਿਆਂ ਅਤੇ ਪੂਰੀ ਸ਼ਰਧਾ ਨਾਲ ਪਾਵਨ ਗੁਰਬਾਣੀ ਦਾ ਕੀਰਤਨ ਕਰਨਾ ਚਾਹੀਦਾ ਹੈ। ਇਹ ਤਾਂ ਬੜੀ ਚੰਗੀ ਗੱਲ ਹੈ ਕਿ ਵੱਡੀ ਗਿਣਤੀ ਵਿਚ ਗੁਰਬਾਣੀ ਕੀਰਤਨੀਏ ਸੰਗਤਾਂ ਦੇ ਸਨਮੁਖ ਆ ਰਹੇ ਹਨ, ਐਪਰ ਸੋਚਣ ਵਾਲਾ ਪੱਖ ਇਹ ਵੀ ਹੈ ਕਿ ਯੋਗ ਲੋੜੀਂਦੀ ਸਿਖਲਾਈ ਅਤੇ ਅਤਿ ਆਵੱਸ਼ਕ ਰਿਆਜ਼ ਤੇ ਅਭਿਆਸ ਤੋਂ ਬਿਨਾਂ ਇਸ ਖੇਤਰ ‘ਚ ਇੱਛਤ ਪੱਧਰ ਨੂੰ ਕਾਇਮ ਨਾ ਰੱਖਣ ਜਿਹੀਆਂ ਗੱਲਾਂ ਵੀ ਕਾਫੀ ਵਾਪਰ ਰਹੀਆਂ ਹਨ। ਪਾਵਨ ਗੁਰਬਾਣੀ ਦਾ ਕੀਰਤਨ ਕਰਨ ਸਮੇਂ ਗੁਰਬਾਣੀ ਨੂੰ ਸ਼ੁੱਧਤਾ ਨਾਲ ਉਚਾਰਨ ਕਰਨ ਦਾ ਵੀ ਪੂਰਾ-ਪੂਰਾ ਧਿਆਨ ਰੱਖਦਿਆਂ ਹੋਇਆਂ ਗਾਇਨ-ਸ਼ੈਲੀ (ਮਿਸ਼ਰਤ ਰੀਤਾਂ) ਵਿੱਚੋਂ ਸਾਡੀ ਮੌਲਿਕ ਪ੍ਰਤਿਭਾ ਦੀ ਝਲਕ ਪੈਣੀ ਚਾਹੀਦੀ ਹੈ। ਗੁਰਬਾਣੀ ਕੀਰਤਨ ਨਾਲ ਜੁੜੇ ਸਮੂਹ ਵੀਰਾਂ ਨੂੰ ਗੁਰਬਾਣੀ ਕੀਰਤਨ ਜਿਹੀ ਕੋਮਲ ਤੇ ਮਹੱਤਵਪੂਰਨ ਕਲਾ ਅਤੇ ਪਰੰਪਰਾ ਨੂੰ ਹਲਕੇ ਰੂਪ ‘ਚ ਲੈਣਾ ਉਚਿਤ ਨਹੀਂ ਹੈ।

ਸਨਿਮਰ ਸੁਝਾਅ ਹੈ ਕਿ ਗੁਰਬਾਣੀ ਕੀਰਤਨ ਨੂੰ ਨਿਰਾ ਕਿੱਤਾਮੁਖੀ ਨਾ ਬਣਾਇਆ ਜਾਵੇ, ਹਰ ਗੁਰੂ ਕੇ ਕੀਰਤਨੀਏ ਸਿੰਘ ਨੂੰ ਗੁਰਬਾਣੀ ਦਾ ਕੀਰਤਨ ਆਪਣੀ ਆਤਮਾ ਨੂੰ ਸੁਣਾਉਣਾ ਚਾਹੀਦਾ ਹੈ। ਜੇਕਰ ਗੁਰਬਾਣੀ ਦਾ ਕੀਰਤਨ ਕਰਨ ਵਾਲਾ ਅਨੰਦਮਈ ਆਵੇਸ਼ ‘ਚ ਵਿਚਰ ਰਿਹਾ ਹੋਵੇ, ਫਿਰ ਹੀ ਸ੍ਰੋਤਿਆਂ ਨੂੰ ਅਨੰਦ ਆਉਂਦਾ ਹੈ, ਰਸ ਬਣਦਾ ਹੈ ਅਤੇ ਗੁਰੂ ਦੇ ਦਰ ‘ਤੇ ਹਾਜ਼ਰੀ ਲੱਗਦੀ ਹੈ। ਗੁਰੂ ਪਾਤਸ਼ਾਹ ਜੀ ਸਾਡੇ ‘ਤੇ ਕਿਰਪਾ ਕਰਨ ਸਾਨੂੰ ਗੁਰੂ-ਘਰ ਦੇ ਕੀਰਤਨੀਆਂ ਨੂੰ ਪਾਵਨ ਗੁਰਬਾਣੀ ਦਾ ਰਸ ਬਖਸ਼ਿਸ਼ ਕਰਨ ਅਤੇ ਆਪਣੇ ਚਰਨਾਂ ਨਾਲ ਜੋੜੀ ਰੱਖਣ!

-ਭਾਈ ਗੁਰਮੇਲ ਸਿੰਘ (ਯੂ.ਐਸ.ਏ.)