
ਨਿੱਕੀ ਨਿੱਕੀ ਗੱਲ ਦਾ ਬਿਖਾਦ ਹੈ। ਉਸ ਦਾ ਇਕ ਕਾਰਨ ਹੈ ਕਿ ਪੰਥ ਦੇ ਇਤਿਹਾਸਕ ਗ੍ਰੰਥ ਪੜ੍ਹੇ ਨਹੀਂ ਗਏ ਅਤੇ ਸ਼ਾਇਦ ਪੜ੍ਹਨ ਦੀ ਰੁਚੀ ਵੀ ਨਹੀਂ।
ਕਿਉਂ ਜੇ ਰੁਚੀ ਹੋਵੇ ਅਤੇ ਉਹ ਪੜ੍ਹਨ ਤਾਂ ਫਿਰ ਉਹ ਪਾਖੰਡ ਨਹੀਂ ਚੱਲ ਸਕਦਾ, ਜਿਸ ਪਾਖੰਡ ਨੂੰ ਉਹ ਚਲਾਣਾ ਚਾਹੁੰਦੇ ਨੇ-ਪੁਰਾਣਾ ਬ੍ਰਾਹਮਣ ਮੱਤ, ਜੈਨ ਧਰਮ, ਬੋਧ ਧਰਮ। ਸਿੱਖ, ਜੈਨੀ ਬੋਧੀ ਨਹੀਂ ਏ। ਤਾਂ ਖਿਮਾ ਕਰਨੀ, ਸਿੱਖ ਵੈਦਿਕ ਧਰਮ ਦਾ ਵੀ ਪੁਜਾਰੀ ਨਹੀਂ ਏ। ਸਿੱਖ ਤਾਂ ਸਿੱਖ ਹੈ ਤੇ ਸਿੱਖੀ ਦਾ ਆਧਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ‘ਤੇ ਪੂਰੀ ਨਹੀਂ ਉਤਰਦੀ, ਸਿੱਖ ਉਸ ਨੂੰ ਨਹੀਂ ਕਬੂਲ ਕਰੇਗਾ। ਸਿੱਖ ਉਸ ਨੂੰ ਨਹੀਂ ਪ੍ਰਵਾਨ ਕਰੇਗਾ। ਗੁਰਬਾਣੀ ਤਾਂ ਕਸਵੱਟੀ ਹੈ। ਇਹ ਛੂਆ-ਛਾਤ ਹੈ। ਇਸ ਦੀਆਂ ਤਾਂ ਧੱਜੀਆਂ ਉਡਾ ਦਿੱਤੀਆਂ ਨੇ ਗੁਰੂ ਨਾਨਕ ਦੇਵ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਉਸ ਨੂੰ ਤੁਸੀਂ ਫਿਰ ਲਿਆ ਰਹੇ ਓ। ਤੰਗ-ਦਿਲੀ ਜੇਕਰ ਸਿੱਖੀ ਦੇ ਅੰਦਰ ਆ ਗਈ ਤਾਂ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਲੱਗਾ।
ਗਿਆਨੀ ਸੰਤ ਸਿੰਘ ਮਸਕੀਨ