106 views 13 secs 0 comments

ਗੁਰਬਾਣੀ ਵਿਚਾਰ:

ਲੇਖ
March 10, 2025

ਘਾਲਿ ਖਾਇ ਕਿਛੁ ਹਥਹੁ ਦੇਇ

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੫)

ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀਆਂ ਸਾਰੰਗ ਕੀ ਵਾਰ, ਮਹਲਾ ੪ ਵਿਚ ਇਨ੍ਹਾਂ ਪਾਵਨ-ਪੰਕਤੀਆਂ ‘ਚ ਮਨੁੱਖੀ ਜੀਵਨ ਜਿਉਣ ਦਾ ਸਹੀ ਰਸਤਾ ਦੱਸਿਆ ਗਿਆ ਹੈ। ਗੁਰੂ ਜੀ ਇਨ੍ਹਾਂ ਪਾਵਨ-ਬਚਨਾਂ ਰਾਹੀਂ ਮਨੁੱਖਤਾ ਨੂੰ ਗੁਰਮਤਿ ਵਿਚਾਰਧਾਰਾ ਦੇ ਤ੍ਰੈ-ਸੂਤਰੀ ਅਸੂਲ-ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਗਾਡੀ ਰਾਹ ‘ਤੇ ਚੱਲਣ ਦਾ ਸੰਦੇਸ਼ ਦੇਂਦੇ
ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਨਾਨਕ! ਜੀਵਨ ਦੇ ਸਹੀ ਰਸਤੇ ਦੀ ਪਛਾਣ ਉਸੇ ਮਨੁੱਖ ਨੂੰ ਹੀ ਹੁੰਦੀ ਹੈ, ਜਿਹੜਾ ਮਿਹਨਤ ਦੀ ਕਮਾਈ (ਘਾਲਿ) ਖਾਂਦਾ ਹੈ ਅਤੇ ਉਸ ਕਮਾਈ ਵਿਚੋਂ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦਾ ਹੈ। ਅਜਿਹਾ ਉਹੀ ਕਰ ਸਕਦਾ ਹੈ ਜੋ ਰੱਬੀ ਗੁਣਾਂ ਦੇ ਸਿਮਰਨ ਦੀ ਘਾਲ ਵੀ ਘਾਲਦਾ ਹੈ, ਕਿਉਂ ਜੋ ਕਰਤਾਰ ਦੇ ਸਿਮਰਨ ਦੁਆਰਾ ਹੀ ਕਰਤਾਰੀ/ਕਿਰਤੀ ਸ਼ਕਤੀਆਂ ਦੇ ਮਾਲਕ ਬਣਿਆ ਜਾ ਸਕਦਾ ਹੈ
ਜੈਸਾ ਸੇਵੈ ਤੈਸੋ ਹੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੨੨੩)

ਗੁਰਮਤਿ ਵਿਚਾਰਧਾਰਾ ਰੂਹਾਨੀ ਅਤੇ ਇਖ਼ਲਾਕੀ ਅਸੂਲਾਂ ਨੂੰ ਮਨੁੱਖ ਦੇ ਅਮਲੀ ਜੀਵਨ ਨਾਲ ਜੋੜਦੀ ਹੈ। ਇਥੇ ਕਿਰਤੀ ਲੋਕਾਂ ‘ਤੇ ਬੋਝ ਬਣੇ ਵਿਹਲੜ ਤੇ ਮਖੱਟੂ ਪੁਜਾਰੀਆਂ, ਜੋਗੀਆਂ, ਸੰਨਿਆਸੀਆਂ ਆਦਿ ਮੰਗ-ਖਾਣਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਮਿਹਨਤ ਦੀ ਰੁੱਖੀ-ਸੁੱਕੀ ਰੋਟੀ, ਦੁੱਧ ਰੂਪ ਹੋਣ ਕਰਕੇ ਮਾਨਸਿਕ ਸੰਤੁਸ਼ਟੀ ਤੇ ਰੂਹਾਨੀ ਖੁਸ਼ੀ ਦਿੰਦੀ ਹੈ ਪਰ ਬੇਈਮਾਨੀ, ਠੱਗੀ, ਧੋਖੇ ਦੀ ਕਮਾਈ ਨਾਲ ਪ੍ਰਾਪਤ ਮਾਲ-ਪੂੜੇ, ਦੂਜਿਆਂ ਦਾ ਖੂਨ ਚੂਸਣ ਵਾਲੇ ਹੱਥ-ਕੰਡੇ ਘੜਨ ਲਈ, ਬੁੱਧੀ ਨੂੰ ਭ੍ਰਿਸ਼ਟ ਕਰਦੇ ਹਨ।

ਉਕਤ ਪਾਵਨ-ਪੰਕਤੀਆਂ ਵਿਚ ‘ਘਾਲਿ ਤੋਂ ਭਾਵ ਕਿਰਤ-ਕਮਾਈ ਤੋਂ ਹੈ ਅਤੇ ਖਾਇ ਤੋਂ ਗੁਰੂ ਜੀ ਦਾ ਭਾਵ ਕੇਵਲ-ਮਾਤਰ ਖਾਣ ਤੋਂ ਨਾ ਹੋ ਕੇ ਮਨੁੱਖ ਦੀਆਂ ਸ਼ਖ਼ਸੀ ਅਤੇ ਪਰਵਾਰਕ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਆਦਿ ਦੀ ਪੂਰਤੀ ਤੋਂ ਹੈ ਕਿਉਂਕਿ ਮਨੁੱਖ ਦਾ ਜੀਵਨ-ਪ੍ਰਵਾਹ ਕੇਵਲ ‘ਖਾਣ’ ਨਾਲ ਹੀ ਨਹੀਂ ਚੱਲ ਸਕਦਾ। ਖਾਇ ਦੀ ਗੁਰਮਤਿ ਰਮਜ਼ ਸਹਿਜੇ ਹੀ ਹਿੰਦੂ-ਜੋਗੀ- ਬੋਧੀ ਆਦਿ ਦੇ ਵਰਤ ਤੇ ਅੰਨ-ਤਿਆਗ ਦਾ ਵੀ ਖੰਡਨ ਕਰਦੀ ਹੈ। ਇਵੇਂ ਹੀ ‘ਦੇਇ ਤੋਂ ਗੁਰੂ ਜੀ ਦਾ ਭਾਵ ਬ੍ਰਾਹਮਣ ਦੁਆਰਾ ਪ੍ਰਚਲਿਤ ਕੀਤੇ ਦਾਨ ਤੋਂ ਕਦਾਚਿਤ ਨਹੀਂ। ਇਹ ਗੁਰਮਤਿ ਧਾਰਨਾ ਵੰਡ ਛਕੋ ਤੋਂ ਹੈ। ਇਸ ਅਨੁਸਾਰ ਨਿਆਸਰੇ ਲੋੜਵੰਦ ਨੂੰ ਇਸ ਭਾਵਨਾ ਨਾਲ ਆਸਰਾ ਦੇਣਾ ਹੈ ਕਿ ਉਹ ਵੀ “ਘਾਲਿ ਖਾਇ’ ਦੀ ਮੰਜਲ ਤਕ ਪਹੁੰਚ ਸਕੇ ਨਾ ਕਿ ਜੀਵਨ–ਭਰ ਆਸਰੇ ਦੀ ਹੀ ਤਾਕ ਰੱਖੇ।

ਅੱਜ ਅਸੀਂ ਵੇਖਦੇ ਹਾਂ ਕਿ ਆਮ ਲੋਕਾਂ ਵਿਚ ਸਮੇਤ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਦੇ, “ਘਾਲਿ ਖਾਣ’ ਦੀ ਬਿਰਤੀ ਬੜੀ ਤੇਜ਼ੀ ਨਾਲ ਅਲੋਪ ਹੋ ਰਹੀ ਹੈ। ਇਥੋਂ ਤਕ ਕਿ ਹਰ ਕੋਈ ਇਹੀ ਇੱਛਾ ਰੱਖਣ ਲੱਗਾ ਹੈ ਕਿ ਰਾਤੋ-ਰਾਤ ਅਮੀਰ ਹੋਇਆ ਜਾਵੇ। ਲੱਖਪਤੀ, ਕਰੋੜਪਤੀ ਬਣਨ ਦੀ ਆਸ ਲਾਈ ਅਜੋਕਾ ਰਿਕਸ਼ਾ-ਚਾਲਕ ਵੀ ਆਪਣੇ ਗਾਹੜੇ ਪਸੀਨੇ ਦੀ ਕਮਾਈ, ਲਾਟਰੀਆਂ ਪਾ ਕੇ ਰੋੜ੍ਹ ਰਿਹਾ ਹੈ। ਸਾਡੀਆਂ ਸਰਕਾਰਾਂ ਇਸ ਲੋਟੂ ਵਰਤਾਰੇ ਨੂੰ ਰੋਕਣ ਦੀ ਬਜਾਏ ਫੈਲਾ ਰਹੀਆਂ ਹਨ। ਦੂਜੇ ਪਾਸੇ ਅਮੀਰ ਅਤੇ ਗਰੀਬ ਸਭ ਲੋਕ, ਅਖੌਤੀ ਸਾਧਾਂ-ਸੰਤਾਂ ਦੀਆਂ ਧਾੜਾਂ ਨੂੰ ਪਾਲਣ ਦਾ ਗੁਰਮਤਿ ਵਿਰੋਧੀ ਕਰਮ ਕਮਾ ਰਹੇ ਹਨ। ਇਸ ਮੋੜ ‘ਤੇ ਲੋੜਾਂ ਦੀ ਲੋੜ ਹੈ ਇਕ ਅਜਿਹਾ ਸਮਾਜਿਕ ਵਾਤਾਵਰਨ ਸਿਰਜਣ ਦੀ, ਜਿਸ ਵਿਚ ਹਰ ਮਨੁੱਖ ਮਿਹਨਤ ਕਰੇ ਤੇ ਨਿੱਜੀ ਸੁਆਰਥ ਤਿਆਗ ਕਰ ਕੇ ਦੂਜਿਆਂ ਨਾਲ ਪ੍ਰੇਮ-ਭਾਵਨਾ ਸਹਿਤ ਵੰਡ ਕੇ ਛਕੇ !