ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੩)
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰਹ ਮਾਹਾ ਮਾਂਝ ਦੀ ਇਸ ਪਾਵਨ ਪਉੜੀ ਦੁਆਰਾ ਚੇਤ ਮਹੀਨੇ ਨਾਲ ਸੰਬੰਧਿਤ ਵਾਤਾਵਰਨ ਅਤੇ ਮੌਸਮ ਦੇ ਰੂ-ਬ-ਰੂ ਜੀਵ-ਇਸਤਰੀ ਨੂੰ ਮਾਲਕ ਪਰਮਾਤਮਾ ਨੂੰ ਯਾਦ ਕਰਦਿਆਂ ਉਸ ਵਿਚ ਸੁਖ-ਅਨੰਦ ਮਾਣਦਿਆਂ, ਬਨਸਪਤੀ ਅਤੇ ਕੁਦਰਤ ‘ਚ ਵੱਸਦੇ ਕਾਦਰ ਨੂੰ ਮਹਿਸੂਸ ਕਰਦਿਆਂ ਅਧਿਆਤਮਿਕ ਖੇਤਰ ਵਿਚ ਵਿਗਾਸ ਹਿੱਤ ਸਦਾ ਯਤਨਸ਼ੀਲ ਰਹਿਣ ਲਈ, ਸੱਚੇ ਗੁਰੂ ਦੀ ਅਗਵਾਈ ਹਾਸਲ ਕਰਨ ਦੀ ਗੁਰਮਤਿ-ਜੁਗਤ ਬਖ਼ਸ਼ਿਸ਼ ਕਰਦੇ ਹਨ।
ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਮਨੁੱਖਾ ਜੀਵਨ ਰੂਪੀ ਚੇਤ ਮਹੀਨੇ ਵਿਚ ਜੇਕਰ ਉਸ ਸੱਚੇ ਮਾਲਕ ਨੂੰ ਯਾਦ ਕਰੀਏ ਤਾਂ ਡੂੰਘਾ ਅਨੰਦ ਮਿਲਦਾ ਹੈ। ਸੰਤ ਭਾਵ ਰੱਬ ਨਾਲ ਮਿਲੇ ਹੋਏ ਲੋਕਾਂ ਨਾਲ ਮਿਲ-ਬੈਠ ਕੇ, ਜੀਭਾ ਨਾਲ ਉਸ ਮਾਲਕ ਦਾ ਨਾਮ ਜਪਣਾ ਸਹਿਜੇ ਹੀ ਸੰਭਵ ਹੋ ਜਾਂਦਾ ਹੈ। ਇੱਥੇ ਗੁਰੂ ਜੀ ਦਾ ਅੰਤਰੀਵ ਭਾਵ ਹੈ ਕਿ ਜਗਤ ਤੋਂ ਕਿਨਾਰਾ ਕਰਨਾ ਕਿਸੇ ਤਰ੍ਹਾਂ ਵੀ ਪ੍ਰਭੂ-ਭਗਤੀ ਦੇ ਵਾਸਤੇ ਲੋੜੀਂਦਾ ਅਤੇ ਯੋਗ ਨਹੀਂ ਸਿਰਫ਼ ਚੰਗੀ ਸੰਗਤ ਲੱਭਣ ਦੀ ਲੋੜ ਹੈ। ਚੰਗੀ ਸੰਗਤ ਵਿਚ ਹੋਣ ਵਾਲੀ ਪਰਸਪਰ ਵਿਚਾਰ ਮਨੁੱਖ ਨੂੰ ਭਟਕਣ ਤੋਂ ਬਚਾਉਂਦੀ ਹੋਈ ਰੂਹਾਨੀ ਮੰਜ਼ਲ ਵੱਲ ਤੋਰ ਦਿੰਦੀ ਹੈ।
ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਮਾਲਕ (ਪਰਮਾਤਮਾ) ਨੂੰ ਪਾ ਲਿਆ ਹੈ ਉਸੇ ਨੂੰ ਹੀ ਇਸ ਸੰਸਾਰ ਉੱਪਰ ਆਇਆ ਗਿਣੀਏ। ਕਹਿਣ ਤੋਂ ਭਾਵ, ਮਾਲਕ ਨੂੰ ਰੀਝਾਉਣ ਬਿਨਾਂ ਮਨੁੱਖੀ ਸਰੀਰ ਨੂੰ ਪਾਉਣ ਦਾ ਕੋਈ ਅਰਥ ਹੀ ਨਹੀਂ। ਜਿਹੜਾ ਮਾਲਕ ਨੂੰ ਪਛਾਣ ਲੈਂਦਾ ਹੈ ਉਹ ਤਾਂ ਉਸ ਦੀ ਯਾਦ ਬਿਨਾਂ, ਉਸ ਨੂੰ ਚਿਤਵਣ ਬਿਨਾਂ ਨਹੀਂ ਰਹਿੰਦਾ। ਉਹ ਮਾਲਕ ਦਾ ਪਸਾਰਾ ਸਾਰੇ ਪਾਸੇ ਜਲ-ਥਲ ਅਤੇ ਬਨਸਪਤੀ ਵਿਚ ਵੇਖਦਾ-ਮਹਿਸੂਸਦਾ ਹੈ । ਦੂਜੇ ਬੰਨੇ ਜਿਸ ਨੂੰ ਉਹ ਮਾਲਕ ਯਾਦ ਨਹੀਂ ਆਉਂਦਾ ਉਹਦਾ ਦੁੱਖ ਬਹੁਤ ਹੀ ਵੱਡਾ ਹੈ। ਜਿਨ੍ਹਾਂ ਮਨੁੱਖਾਂ ਨੇ ਉਸ ਨੂੰ ਸਿਮਰਿਆ ਹੈ ਉਨ੍ਹਾਂ ਦੇ ਭਾਗ ਵੱਡੇ ਹਨ। ਹੇ ਨਾਨਕ ! ਪ੍ਰਭੂ ਨੂੰ ਮਿਲਿਆਂ ਹੋਇਆਂ ਨੂੰ ਵੇਖ ਕੇ ਮਨ ਵਿਚ ਪਰਮਾਤਮਾ ਮਾਲਕ ਨੂੰ ਮਿਲ ਪੈਣ ਦੀ ਇੱਛਾ ਉਪਜੀ ਹੈ, ਮਨ ਵਿਚ ਇਕ ਤੇਹ ਲੱਗ ਗਈ ਹੈ। ਮਨੁੱਖਾ ਜੀਵਨ ਰੂਪੀ ਚੇਤ ਮਹੀਨੇ ਵਿਚ ਜੇਕਰ ਕੋਈ ਉਸ ਮਾਲਕ ਨਾਲ ਮਿਲਾ ਦੇਣ ਦੀ ਆਸ ਬੰਨ੍ਹਾਏ ਤਾਂ ਉਸ ਦੇ ਚਰਨੀਂ ਲੱਗਣਾ ਚਾਹੀਦਾ ਹੈ।
