
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥
( ਸ੍ਰੀ ਗੁਰੂ ਗ੍ਰੰਥ ਸਾਹਿਬ 679)
ਧਨਾਸਰੀ ਰਾਗ ਦੇ ਦੁਪਦਿਆਂ ‘ਚ ਦਰਜ ਇਨ੍ਹਾਂ ਪਾਵਨ ਸਤਰਾਂ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਗੁਰੂ ਦੁਆਰਾ ਬਖਸ਼ੇ ਗਿਆਨ ਦੁਆਰਾ ਮਨੁੱਖ ਵੱਲੋਂ ਆਪਣੇ ਆਪੇ ਨੂੰ ਚੀਣ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਵਾਲੇ ਸੂਰਮੇ ਮਨੁੱਖ ਦਾ ਚਿਤਰਣ ਕਰਦੇ ਹਨ।
ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਰੰਗ ਭਾਵ ਆਤਮਕ ਪ੍ਰੇਮ ਦੇ ਰੰਗ ‘ਚ ਰੰਗਿਆ ਗਿਆ ਹੈ ਇਸ ਜਗਤ ਵਿਚ ਉਹ ਮਨੁੱਖ ਹੀ ਸੂਰਮਾ ਹੈ। ਜਿਸ ਨੇ ਆਪਣੇ ਆਪੇ ਅਰਥਾਤ ਮਨ ਦੀਆਂ ਝੂਠੀਆਂ ਇਛਾਵਾਂ ਜਾਂ ਖਾਹਿਸ਼ਾਂ ਉੱਪਰ ਪੂਰਾ ਕਾਬੂ ਹਾਸਲ ਕਰ ਲਿਆ ਹੈ ਕਿਉਂ ਜੋ ਉਸ ਸੂਰਮੇ ਨੂੰ ਦੁਨਿਆਵੀ ਪਦਾਰਥਾਂ ਦੇ ਮੋਹ ‘ਚੋਂ ਕੱਢਣ ਵਾਲਾ ਪੂਰਾ ਗੁਰੂ ਮਿਲ ਗਿਆ ਹੈ।
ਉਕਤ ਗੁਰ-ਫ਼ਰਮਾਨ ਦੀ ਸੇਧ ‘ਚ ਤੁਰਿਆਂ ਬਹਾਦਰੀ/ਸੂਰਮਗਤੀ ਦੇ ਦੋ ਪ੍ਰਮੁੱਖ ਰੂਪ ਉਜਾਗਰ ਹੁੰਦੇ ਹਨ। ਪਹਿਲਾ, ਸਥੂਲ ਰੂਪ- ਉਹ ਸੂਰਮਗਤੀ ਜੋ ਕੋਈ ਸੂਰਮਾ ਲੜਾਈ ਦੇ ਮੈਦਾਨ ‘ਚ ਪ੍ਰਗਟ ਕਰਦਾ ਹੈ। ਦੂਸਰਾ ਸੂਖਮ ਰੂਪ- ਆਤਮਕ ਅਡੋਲਤਾ ਜਿਹੜੀ ਰੂਹਾਨੀ ਗਿਆਨ ਤੇ ਅਨੁਭਵ ਹਾਸਲ ਹੋਣ ਉਪਰੰਤ ਪ੍ਰਗਟ ਕੀਤੀ ਜਾ ਸਕਦੀ ਹੈ। ਬਿਨਾਂ ਸ਼ੱਕ ਦੋਹਾਂ ਤਰ੍ਹਾਂ ਦੀ ਸੂਰਮਗਤੀ ਆਪਣੇ ਆਪਣੇ ਥਾਂ ਪ੍ਰਸੰਗਿਕ ਹੈ ਪਰ ਆਤਮਕ ਅਡੋਲਤਾ ‘ਚ ਵਿਦਮਾਨ ਸੂਰਮਗਤੀ ਦਾ ਮਹੱਤਵ ਵਧੇਰੇ ਹੈ। ਉਂਜ ਗੁਰਮਤਿ ਵਿਚਾਰਧਾਰਾ ਦੀ ਸੇਧ ‘ਚ ਤੁਰਿਆਂ, ਇਨ੍ਹਾਂ ਦਾ ਸੁਮੇਲ ਹੀ ਮਹੱਤਵਪੂਰਨ ਹੈ।
ਲੜਾਈ ਦੇ ਮੈਦਾਨ ਦੀ ਸੂਰਮਗਤੀ ਵੀ ਜੇਕਰ ਇਹ ਲੜਾਈ ਹੱਕ ਸੱਚ ਦੇ ਆਧਾਰ ‘ਤੇ ਲੜੀ ਜਾ ਰਹੀ ਹੋਵੇ ਤਾਂ ਇਸ ‘ਚ ਆਤਮਕ ਅਡੋਲਤਾ ਵਿਦਮਾਨ ਹੁੰਦੀ ਹੈ; ਉਸ ਹਾਲਤ ‘ਚ ਜ਼ਰ, ਜ਼ੋਰੂ ਜਾਂ ਜ਼ਮੀਨ ਇਸ ਲੜਾਈ ਦੇ ਕਾਰਨ ਨਹੀਂ। ਅਸੀਂ ਇਹ ਕਦੀ ਵੀ ਨਾ ਭੁੱਲੀਏ ਕਿ ਕਿਸੇ ਪ੍ਰਕਾਰ ਦੇ ਲੋਭ-ਲਾਲਚ ਆਦਿ ਵਿਸ਼ੇ ਵਿਕਾਰਾਂ ਤੋਂ ਉੱਪਰ ਉਠ ਕੇ ਜੀਵਨ ਰੂਪੀ ਰਣ-ਖੇਤਰ ‘ਚ ਜੂਝਣਾ ਹੀ ਗੁਰਬਾਣੀ ਅਨੁਸਾਰ ‘ਹਰਿ ਰੰਗ’ ਲੱਗਣਾ ਹੈ ਅਤੇ ਇਸੇ ਨੂੰ ‘ਆਤਮ ਜਿੱਤ’ ਵਜੋਂ ਥਾਂ ਪਰ ਥਾਂ ਵਰਣਨ ਕੀਤਾ ਗਿਆ ਹੈ। ਇਸ ‘ਚ ਕੋਈ ਸ਼ੱਕ ਨਹੀਂ ਕਿ ਜੀਵਨ ‘ਚ ਸੱਚੇ ਸੁੱਚੇ ਕਿਰਦਾਰ ਦੀ ਉਸਾਰੀ ਵਿਸ਼ੇ-ਵਿਕਾਰਾਂ ਤੋਂ ਸਾਵਧਾਨੀ ਸਹਿਤ ਬਚਦਿਆਂ ਹੀ ਸੰਭਵ ਹੈ। ਇਸੇ ਨੂੰ ਪਹਿਲੇ ਪਾਤਸ਼ਾਹ ਵੱਲੋਂ ‘ਮਨਿ ਜੀਤੈ ਜਗੁ ਜੀਤੁ ਅਤੇ ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ’ ਦੀਆਂ ਗੁਰਮਤਿ ਕਸਵੱਟੀਆਂ ਦੇ ਤੌਰ ‘ਤੇ ਪ੍ਰਗਟਾਇਆ ਗਿਆ ਹੈ।
ਅੱਜ ਸਮੁੱਚੇ ਸਿੱਖ ਪੰਥ ਨੂੰ ਆਤਮ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਕੀ ਅਸੀਂ ‘ਹਰਿ ਰੰਗੁ ਲਾਗੋ’ ਅਤੇ ‘ਆਤਮ ਜਿਣੈ’ ਜਿਹੇ ਗੁਰੂ-ਦਰਸਾਏ ਲੱਛਣਾਂ ਨੂੰ ਗਵਾ ਤਾਂ ਨਹੀਂ ਰਹੇ? ਗੁਰਬਾਣੀ ਦੀ ਕਸਵੱਟੀ ਸਦਾ ਹੀ ਸਾਡੇ ਸਾਹਮਣੇ ਰਹਿਣੀ ਚਾਹੀਦੀ ਹੈ। ਆਓ, ਇਸ ਕਸਵੱਟੀ ਅਨੁਸਾਰ ਜੀਵਨ ਖੇਤਰ ਵਿਚ ਜੂਝਣ ਵਾਲੇ ਸੂਰੇ ਬਣੀਏ!