ਸੂਰਾ ‘ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
(ਸ੍ਰੀ ਗੁਰੁ ਗ੍ਰੰਥ ਸਾਹਿਬ, ੧੧੦੫)
ਭਗਤ ਕਬੀਰ ਜੀ ਦਾ ਇਹ ਸਲੋਕ ਮਾਰੂ ਰਾਗ ਵਿਚ ਦਰਜ ਹੈ, ਜਿਸ ਵਿਚ ਉਹ ਅਸਲ ਸੂਰਬੀਰ ਦੀਆਂ ਖੂਬੀਆਂ ਬਿਆਨ ਕਰਦੇ ਹਨ ।
ਭਗਤ ਜੀ ਫ਼ਰਮਾਉਂਦੇ ਹਨ ਕਿ ਸੂਰਬੀਰ (ਸੂਰਮਾ) ਉਹੀ ਹੈ ਜੋ ਗਰੀਬਾਂ/ਨਿਤਾਣਿਆਂ ਖਾਤਰ ਲੜਦਾ ਹੈ, ਜੂਝਦਾ ਹੈ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਟੋਟੇ ਟੋਟੇ ਹੋ ਕੇ ਮਰ ਤਾਂ ਜਾਂਦਾ ਹੈ, ਮੈਦਾਨ ਕਦੇ ਨਹੀਂ ਛੱਡਦਾ, ਭਾਵ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਦਾ।
ਇਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਭਗਤ ਕਬੀਰ ਜੀ ਵੇਲੇ ਹਿੰਦੁਸਤਾਨੀ ਸਮਾਜ, ਇਕ ਪਾਸੇ ਬਿਪਰਵਾਦੀ ਪੁਜਾਰੀ ਜਮਾਤ ਵੱਲੋਂ ਕਾਇਮ ਜਾਤ-ਪਾਤੀ ਲੁੱਟ-ਖਸੁੱਟ, ਊਚ-ਨੀਚ ਤੇ ਛੂਤ-ਛਾਤ ਦਾ ਸ਼ਿਕਾਰ ਸੀ ਜਦਕਿ ਦੂਜੇ ਪਾਸੇ ਹਕੂਮਤੀ ਜਬਰ-ਜ਼ੁਲਮ ਦਾ ਕਹਿਰ ਜ਼ੋਰਾਂ ’ਤੇ ਸੀ। ਆਮ ਲੋਕ ਜ਼ਾਲਮ ਹਾਕਮਾਂ ਅਤੇ ਕਪਟੀ ਪੁਜਾਰੀਆਂ ਦੇ ਦੋ ਜਾਬਰ ਪੁੜਾਂ ਵਿਚਕਾਰ ਪਿਸ ਰਹੇ ਸਨ। ਸਮੇਂ ਦੇ ਹਾਕਮਾਂ ਤੇ ਪੁਜਾਰੀਆਂ ਦੇ ਜਬਰ ਦਾ ਸੰਤਾਪ ਕਬੀਰ ਸਾਹਿਬ ਜੀ ਨੇ ਖੁਦ ਵੀ ਹੰਢਾਇਆ। ਉਨ੍ਹਾਂ ਦੀ ਬਾਣੀ ਵਿਚ ਕਪਟੀਆਂ ਅਤੇ ਜਾਬਰਾਂ ਖ਼ਿਲਾਫ ਸਖਤ ਰੋਹ ਹੈ। ਪੁਜਾਰੀ ਜਮਾਤ (ਬ੍ਰਾਹਮਣਾਂ, ਕਾਜ਼ੀਆਂ, ਮੁਲਾਣਿਆਂ ਆਦਿ) ਦੇ ਪਾਖੰਡੀ ਕਿਰਦਾਰ ਦੀ ਤਾਂ ਉਨ੍ਹਾਂ ਖੂਬ ਛਿੱਲ ਲਾਹੀ ਹੈ। ਇਸ ਪ੍ਰਸੰਗ ਵਿਚ ਇਕ ਹੋਰ ਵਰਤਾਰਾ ਵੀ ਧਿਆਨ ਦੇਣ ਵਾਲਾ ਹੈ ਕਿ ਉਸ ਵੇਲੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਘਰੇਲੂ ਲੜਾਈਆਂ ਤੋਂ ਲੈ ਕੇ ਹਕੂਮਤੀ ਪੱਧਰ ਦੇ ਵੱਡੇ ਵੱਡੇ ਯੁੱਧ, ਜ਼ਰ, ਜ਼ੋਰੂ ਤੇ ਜ਼ਮੀਨ ਪਿੱਛੇ ਹੁੰਦੇ ਸਨ। ਪਿੰਡਾਂ ਦੇ ਚੌਧਰੀਆਂ ਤੇ ਵਕਤ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਜ਼ਰ, ਜ਼ੋਰੂ ਤੇ ਜ਼ਮੀਨ ਖਾਤਰ ਹੋਣ ਵਾਲੇ ਇਨ੍ਹਾਂ ਯੁੱਧਾਂ ਵਿਚ ਮਰਨ ਵਾਲਿਆਂ ਨੂੰ ਸੂਰਮੇ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ। ਪਰ ਭਗਤ ਕਬੀਰ ਜੀ ਦੀਆਂ ਨਜ਼ਰਾਂ ਵਿਚ ਸੁਰਮਾ ਉਹੋ ਹੈ ਜੋ ਗਰੀਬਾਂ, ਨਿਤਾਣਿਆਂ ‘ਤੇ ਹੁੰਦੇ ਜਬਰ ਖ਼ਿਲਾਫ ਧਰਮ-ਯੁੱਧ ਲੜਦਾ ਹੈ। ਜੋ ਦੀਨਾਂ (ਗਰੀਬਾਂ, ਨਿਤਾਣਿਆਂ) ਦੀ ਦਸ਼ਾ ਸੁਧਾਰਨ ਖਾਤਰ ਜੱਦੋ-ਜਹਿਦ ਕਰਦਾ ਹੈ, ਉਹ ਸੱਚਾ ਸੂਰਮਾ ਵੀ ਹੈ ਅਤੇ ਰੱਬ ਦਾ ਸੱਚਾ ਭਗਤ ਵੀ; ਕਿਉਂਕਿ ਰੱਬ ਵੀ ਗਰੀਬਾਂ, ਅਨਾਥਾਂ ‘ਤੇ ਦਇਆ ਕਰਨ ਵਾਲਾ ਹੈ:
ਦੀਨ ਦਇਆਲ ਅਨਾਥ ਕੋ ਨਾਥੁ॥ (ਸ੍ਰੀ ਗੁਰੁ ਗ੍ਰੰਥ ਸਾਹਿਬ, ੨੯੨)
ਕਹਿਣ ਤੋਂ ਭਾਵ ਰੱਬ ਦੇ ਸੱਚੇ ਭਗਤ, ਉਹ ਸੂਰਬੀਰ ਹੀ ਅਖਵਾ ਸਕਦੇ ਹਨ ਜੋ ਦੱਬੇ-ਕੁਚਲੇ, ਲਿਤਾੜੇ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਉਨ੍ਹਾਂ ਨੂੰ ਉੱਪਰ ਉਠਾਉਣ ਲਈ ਜ਼ਾਲਮ-ਅੱਤਿਆਚਾਰੀ ਲੋਕਾਂ ਦੇ ਖਿਲਾਫ਼ ਲੜਦੇ ਹਨ। ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ-ਸੂਰਬੀਰ ਹੋਏ ਹਨ, ਜਿਨ੍ਹਾਂ ਜਬਰ-ਜ਼ੁਲਮ ਦੀ ਚੱਕੀ ਵਿਚ ਪਿਸ ਰਹੀ ਗਰੀਬ ਜਨਤਾ ਦੀ ਅਜ਼ਾਦੀ ਲਈ ਸਿਰਤੋੜ ਜਤਨ ਕੀਤੇ ਅਤੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਅਜਿਹੇ ਸੂਰਮੇ ਪੁਰਜਾ- ਪੁਰਜਾ ਕਟਾ ਕੇ ਮੌਤ ਨੂੰ ਤਾਂ ਗਲੇ ਲਗਾ ਲੈਂਦੇ ਹਨ, ਪਰ ਆਪਣਾ ਉਪਕਾਰੀ ਮਿਸ਼ਨ ਨਹੀਂ ਛੱਡਦੇ।