views 7 secs 0 comments

ਗੁਰਬਾਣੀ ਵਿੱਚ ਸੱਚੀ ਪ੍ਰੀਤ ਦਾ ਸੰਕਲਪ

ਲੇਖ
March 06, 2026

ਅਧਿਆਤਮਕ ਅਮੀਰੀ ਸੰਪੰਨ ਗੁਰਬਾਣੀ ਵਿਚਲੀ ਰੂਹਾਨੀ ਵਿਚਾਰਧਾਰਾ ਨੂੰ ਗੁਰਮਤਿ ਵਿਚਾਰਧਾਰਾ ਦਾ ਨਾਂ ਦਿੱਤਾ ਜਾਂਦਾ ਹੈ। ਇਸ ਲਾਸਾਨੀ ਵਿਚਾਰਧਾਰਾ ਅਨੁਸਾਰ ਪ੍ਰਭੂ ਨੂੰ ਪਾਉਣ ਲਈ ਪ੍ਰੇਮ ਦੇ ਮਾਰਗ ‘ਤੇ ਚੱਲਣਾ ਅਤਿ-ਜ਼ਰੂਰੀ ਹੈ। ਬਸ਼ਰਤੇ ਕਿ ਉਹ ਪ੍ਰੇਮ ਬਿਲਕੁਲ ਬੇਗਰਜ਼ ਤੇ ਸੱਚਾ ਹੋਵੇ। ਹਕੀਕੀ ਹੋਵੇ।
ਗੁਰਬਾਣੀ ਵਿੱਚ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਦੀ ਅਹਿਮੀਅਤ ਬੜੇ ਵਿਸਤਾਰ ਨਾਲ ਦਰਸਾਈ ਗਈ ਹੈ। ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ:-
ਜੋ ਸੁਖੁ ਦਰਸ਼ਨ ਪੇਖਤੇ ਪਿਆਰੇ
ਮੁਖ ਤੇ ਕਹਿਣ ਨ ਜਾਇ।।
( ਅੰਗ 431)
ਭਾਵ ਸੱਚੀ ਪ੍ਰੀਤ ਕਦੇ ਟੁੱਟਦੀ ਨਹੀਂ ਸਗੋਂ ਜੁੱਗਾਂ ਜੁਗਾਂਤਰਾਂ ਤੱਕ ਨਿਰੰਤਰ ਚਲਦੀ ਹੈ। ਇਸ ਪ੍ਰੀਤ ਦੇ ਮਾਧਿਅਮ ਨਾਲ ਜਿਸ ਸੁਖ ਦੇ ਦਰਸ਼ਨ ਹੁੰਦੇ ਹਨ, ਜਿਸ ਆਨੰਦ ਅਨੁਭੂਤੀ ਦਾ ਅਹਿਸਾਸ ਹੁੰਦਾ ਹੈ, ਉਸ ਨੂੰ ਮੁੱਖ ਤੋਂ ਨਹੀਂ ਕਿਹਾ ਜਾ ਸਕਦਾ ਸਗੋਂ ਅੰਦਰੋਂ-ਅੰਦਰੀ ਹੀ ਇਸ ਪ੍ਰੀਤ ਮਿਲਣੀ ਦਾ ਵਿਸਮਾਈ ਆਨੰਦ ਸਦੀਵੀ ਤੌਰ ‘ਤੇ ਮਾਣਿਆ ਜਾ ਸਕਦਾ ਹੈ।
ਸੱਚੀ ਪ੍ਰੀਤ ਦੇ ਪੰਧ ਉੱਤੇ ਚਲਦੇ ਪ੍ਰੀਤ-ਮੱਤੇ ਪ੍ਰੇਮੀਆਂ ਅੰਦਰ ਪ੍ਰਭੂ ਦਰਸ਼ਨਾਂ ਦੀ ਤਾਂਘ ਬੜੀ ਤੀਬਰ ਹੁੰਦੀ ਹੈ। ਪ੍ਰਭੂ ਮਿਲਾਪ ਦੀ ਵੇਗਮਈ ਬਿਹਬਲਤਾ ਹੁੰਦੀ ਹੈ। ਅਭੇਦਤਾ ਦੀ ਤਿੱਖੀ ਪਿਆਸ ਹੁੰਦੀ ਹੈ ਜੋ ਚੱਤੇ ਪਹਿਰ ਪ੍ਰੀਤਮ ਪਿਆਰੇ ਵੱਲ ਖਿੱਚਦੀ ਹੈ ਤੇ ਪ੍ਰੇਮੀ-ਜਨ ਆਪਣੇ ਪ੍ਰਭੂ-ਪਿਆਰੇ ਨੂੰ ਖੰਭ ਲਾ ਕੇ ਵੀ ਭਾਵ ਉੱਡ ਕੇ ਵੀ ਜਾ ਮਿਲਣਾ ਲੋਚਦੇ ਹਨ।
ਜਦੋਂ ਸੱਚੀ ਪ੍ਰੀਤ ਲੱਗ ਜਾਂਦੀ ਹੈ ਉਦੋਂ ਬਾਕੀ ਸਾਰੀਆਂ ਕੂੜੀਆਂ ਪ੍ਰੀਤਾਂ ਆਪਣੇ ਆਪ ਟੁੱਟ ਜਾਂਦੀਆਂ ਹਨ। ਪ੍ਰੇਮੀ ਜਨ ਆਪਣੇ ਪ੍ਰੀਤਮ ਦੀ ਹੀ ਪਰਿਕਰਮਾ  ਕਰਦੇ ਹਨ। ‘ਉਹੀ‘ ਉਨ੍ਹਾਂ ਦਾ ਕੇਂਦਰ ਬਿੰਦੂ ਹੁੰਦਾ ਹੈ। ਗੱਲ ਕੀ ‘ਉਹੀ‘ ਉਨ੍ਹਾਂ ਦਾ ਸਭ ਕੁਝ ਹੁੰਦਾ ਹੈ। ਸੋਰਠ ਰਾਗ ਵਿੱਚ ਭਗਤ ਰਵਿਦਾਸ ਜੀ ਫੁਰਮਾਉਂਦੇ ਹਨ:-
ਜਉ ਤੁਮ ਦੀਵਰਾ ਤਉ ਹਮ ਬਾਤੀ।।
ਜਉ ਤੁਮ ਤੀਰਥ ਤਉ ਹਮ ਜਾਤੀ।।
ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ।।
ਤੁਮ ਸਿਉ ਜੋਰ ਅਵਰ ਸੰਗਿ ਤੋਰੀ।।
(ਸੋਰਠ ਰਵਿਦਾਸ ਜੀ, ਅੰਗ -658)
ਅਰਥਾਤ ਹੇ ਮੇਰੇ ਪ੍ਰਭੂ ਜੇਕਰ ਤੂੰ ਦੀਵਾ ਹੈਂ ਤਾਂ ਮੈਂ ਉਸ ਵਿੱਚ ਬਲਦੀ ਬੱਤੀ ਹਾਂ। ਜੇ ਤੂੰ ਤੀਰਥ ਹੈਂ ਤਾਂ ਮੈਂ ਉਸ ਤੀਰਥ ਦਾ ਯਾਤਰੀ ਹਾਂ। ਅਸੀਂ ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੈ ਤੇ ਤੇਰੇ ਨਾਲ ਜੋੜ ਕੇ ਬਾਕੀ ਹੋਰਾਂ ਨਾਲ ਤੋੜ ਲਈ ਹੈ। ਭਾਵ ਤੇਰੇ ਨਾਲ ਕੀਤੀ ਜਾਣ ਵਾਲੀ ਪ੍ਰੀਤ ਦੇ ਤੁੱਲ ਕੋਈ ਹੋਰ ਪ੍ਰੀਤ ਨਹੀਂ।
ਗੁਰਮਤਿ ਚਿੰਤਨ ਅਨੁਸਾਰ ਕਿਰਨ ਦਾ ਸੂਰਜ ਨਾਲ ਮਿਲਣਾ, ਜਲ ਦਾ ਜਲ ਹੋਣਾ, ਜੋਤਿ ਦਾ ਜੋਤ ਨਾਲ ਮਿਲਣਾ ਤੇ ਅੰਤ ਨੂੰ ਸੰਪੂਰਨ ਹੋਣਾ- ਇਹ ਸਭ ਕੁਝ ਸੱਚੀ ਪ੍ਰੀਤ ਕਰਨ ਵਾਲਿਆਂ ਦੇ ਹੀ ਹਿੱਸੇ ਆਇਆ ਹੈ। ਸੱਚੇ ਪ੍ਰੇਮੀ ਹੀ ਸੱਚ ਤੱਕ ਪਹੁੰਚ ਸਕਦੇ ਹਨ, ਅਸੀਮ ਅਧਿਆਤਮਕ ਮੰਡਲਾਂ ਦੀ ਸੈਰ ਕਰ ਸਕਦੇ ਹਨ, ਦੁਨੀਆਂ ਦੇ ਕੂੜ-ਕੁਸੱਤ ਤੋਂ ਉੱਪਰ ਉੱਠ ਕੇ ਸੱਚੇ ਮਾਲਕ ਦੀ ਸਿਫ਼ਤ ਸਲਾਹ ਵਿੱਚ ਆਪਣੀ ਉਮਰ ਦੇ ਸੀਮਤ ਪਰ ਵੱਡਮੁੱਲੇ ਤਿਲ ਸੰਭਲ ਸੰਭਲ ਕੇ ਵਰਤ ਸਕਦੇ ਹਨ ਤੇ ਹੀਰੇ ਜਿਹੇ ਜਨਮ ਨੂੰ ਕੌਡੀ ਭਾਅ ਰੁਲਣ ਤੋਂ ਬਚਾਅ ਸਕਦੇ ਹਨ। ਗੁਰੂ ਰਾਮਦਾਸ ਜੀ ਦੇ ਮਾਖਿਓਂ ਮਿੱਠੇ ਬਚਨ ਹਨ:-
ਗੁਰਮੁਖ ਸਚੀ ਆਸਕੀ ਜਿਤ ਪ੍ਰੀਤਮ ਸਚਾ ਪਾਈਐ।।
ਅਨਦਿਨ ਰਹਹਿ ਅਨੰਦ ਨਾਨਕ ਸਹਿਜ ਸਮਾਈਐ।।
ਨਿਰਸੰਦੇਹ ਸੱਚੇ ਪ੍ਰੀਤਮ ਦੀ ਪ੍ਰਾਪਤੀ ਸੱਚੀ ਆਸ਼ਕੀ ਤਹਿਤ ਹੀ ਸੰਭਵ ਹੈ। ਅਜਿਹਾ ਕੰਮ ਗੁਰਮੁਖਾਂ ਦਾ ਹੀ ਹੈ। ਗੁਰਮੁਖ ਲੋਕ ਹੀ ਇਸ ਸੱਚੀ ਪ੍ਰੀਤ ਦੇ ਮਾਰਗ ‘ਤੇ ਨਿਪੁੰਨਤਾ ਸਹਿਤ ਚੱਲ ਸਕਦੇ ਹਨ।
ਪਿਆਰ ਵਿੱਚ ਵਿਛੋੜੇ ਦੀ ਬੜੀ ਮਹੱਤਤਾ ਹੈ। ਵਿਛੋੜੇ ਦੌਰਾਨ ਹੀ ਮਿਲਾਪ ਦੇ ਨਿੱਘ ਦਾ ਅਹਿਸਾਸ ਹੋਰ ਤੇਜ਼ ਹੁੰਦਾ ਹੈ। ਇਸ ਲਈ ਸੱਚੇ ਪ੍ਰੇਮੀਆਂ ਲਈ ਤਾਂ ਆਪਣੇ ਪ੍ਰੀਤਮ ਬਿਨ ਰਾਤਾਂ ਵੱਡੀਆਂ ਲਗਦੀਆਂ ਹਨ। ਜਿੰਦ, ਪਾਣੀਓਂ ਬਾਹਰ ਮੱਛੀ ਵਾਂਗ ਤੜਫਦੀ ਹੈ। ਹੱਸਦੀ-ਵੱਸਦੀ ਕੁਲ-ਕਾਇਨਾਤ ਉਜਾੜੇ ਵੱਸ ਪਈ ਲਗਦੀ ਹੈ। ਵਾਸਤਵ ਵਿੱਚ, ਵਿਛੋੜੇ ਦੀ ਤੜਫ ਸੱਚੇ ਪ੍ਰੇਮੀਆਂ ਲਈ ਅਸਹਿ ਹੈ। ਸੱਚੀ ਪ੍ਰੀਤ ਦੇ ਮਾਲਕਾਂ ਦਾ ਪੂਰਾਪਨ ਹਰੀ ਰਸ ‘ਚ ਰੰਗੇ ਰਹਿਣ ਵਿੱਚ ਹੀ ਹੈ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਇਲਾਹੀ ਫੁਰਮਾਨ ਹੈ:-
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ
ਹਰ ਲਾਹਾ ਪਦੁ ਨਿਰਬਾਣੁ ਜੀਉ।।
ਹਰ ਪ੍ਰੀਤ ਲਗਾਈ ਹਰ ਨਾਮ ਸਖਾਈ
ਭ੍ਰਮ ਚੂਕਾ ਆਵਣ ਜਾਣ ਜੀਉ।।
ਇੰਜ ਰੂਹਾਨੀਅਤ ਦੇ ਅਸਲੀ ਮੰਤਵ ਦੀ ਪ੍ਰਾਪਤੀ ਯਕੀਨਨ ਹੋ ਜਾਂਦੀ ਹੈ। ਬਿਨਾਂ ਸ਼ੱਕ, ਸੱਚੀ ਪ੍ਰੀਤ ਹੀ ਪ੍ਰਭੂ ਪ੍ਰਾਪਤੀ ਦਾ ਇਕੋ-ਇਕ ਵਸੀਲਾ ਹੈ ਜੋ ਕਿ ਖੁਦ ਪ੍ਰਭੂ ਦੀ ਹੀ ਦੇਣ ਹੈ।

ਹਰਮੀਤ ਸਿੰਘ ਅਟਵਾਲ