91 views 3 secs 0 comments

ਗੁਰਬਾਣੀ ਵਿੱਚ ਹੁਕਮ ਦਾ ਸੰਕਲਪ

ਲੇਖ
July 21, 2025

ਹੁਕਮ, ਅਰਬੀ ਜੁਬਾਨ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਰੱਬ, ਪੈਗੰਬਰ, ਹਾਕਮ ਜਾਂ ਜੱਜ ਦਾ ਆਦੇਸ਼ ਜਾਂ ਇਨਸਾਫ। ਕੁਰਾਨ ਸ਼ਰੀਫ ਵਿੱਚ ਏਸ ਨੂੰ ਖੁਦਾ ਦਾ ਫੈਸਲਾ ਜਾਂ ਉਸ ਦੀ ਆਗਿਆ ਦੱਸਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਨੂੰ ਜਪੁਜੀ ਸਾਹਿਬ ਦੀ ਇੱਕ ਪਉੜੀ ਵਿੱਚ ਇਸ ਪ੍ਰਕਾਰ ਬਿਆਨ ਕੀਤਾ ਹੈ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਗੁਰਮਤਿ ਅਨੁਸਾਰ ਸਾਰਾ ਦ੍ਰਿਸ਼ਟਮਾਨ ਸੰਸਾਰ, ਅਕਾਲ ਪੁਰਖ ਦੇ ਹੁਕਮ ਨਾਲ ਹੀ ਵਜੂਦ ਵਿੱਚ ਆਇਆ ਹੈ ਅਤੇ ਉਸ ਦੇ ਹੁਕਮ ਨਾਲ ਹੀ ਚੱਲ ਰਿਹਾ ਹੈ। ਇਹ ਤਮਾਮਤਰ ਸ੍ਰਿਸ਼ਟੀ ਜਿਹਨਾਂ ਰੱਬੀ ਨਿਯਮਾਂ ਅਧੀਨ ਕਾਰਜਸ਼ੀਲ ਹੈ ਉਸ ਸਾਰੇ ਨਿਯਮ ਅਕਾਲ ਪੁਰਖ ਦੇ ਹੁਕਮ ਦੇ ਲਖਾਇਕ ਹਨ। ਉਸੇ ਦੇ ਹੁਕਮ ਅਨੁਸਾਰ ਇਹ ਸ੍ਰਿਸ਼ਟੀ ਅਤੇ ਜਗ-ਰਚਨਾ ਕਾਲ ਦੇ ਵੱਸ ਰੱਖੀ ਗਈ ਹੈ।
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
ਕੁਦਰਤ ਦੇ ਹੁਕਮ ਸਰਬ ਕਾਲਿਕ ਹਨ, ਸਰਬ ਸਮਰੱਥ ਹਨ ਅਤੇ ਭੌਤਿਕ, ਸਦਾਚਾਰਕ ਅਤੇ ਆਤਮਿਕ, ਤਿੰਨਾਂ ਹੀ ਖੇਤਰਾਂ ਉੱਤੇ ਲਾਗੂ ਹਨ। ਸਮੱਸਤ ਸੰਸਾਰਿਕ ਪ੍ਰਾਣੀ ਹੁਕਮ ਦੀ ਤਾਬੇ ਹਨ। ਰੱਬੀ ਹੁਕਮ ਦੀ ਇਹ ਖ਼ਾਸੀਅਤ ਹੈ ਕਿ ਉਹ ਹਮੇਸ਼ਾਂ ਹੀ ਠੀਕ ਅਤੇ ਇਨਸਾਫ ਉੱਤੇ ਅਧਾਰਿਤ ਹੁੰਦਾ ਹੈ। ਇਸ ਵਿੱਚ ਅਨਿਆਂ ਦੀ ਕੋਈ ਗੁੰਜਾਇਸ਼ ਨਹੀਂ। ਗਉੜੀ ਕੀ ਵਾਰ ਮਹੱਲਾ ਚੌਥਾ ਵਿੱਚ ਗੁਰੂ ਰਾਮਦਾਸ ਜੀ ਇਸ ਬਾਰੇ ਇਓਂ ਪ੍ਰਮਾਣ ਕਰਦੇ ਹਨ।
ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥ ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥
ਹੁਕਮ ਨੂੰ ਰੱਬੀ ਰਜ਼ਾ ਜਾਂ ਅਕਾਲ ਪੁਰਖ ਦਾ ਭਾਣਾ ਵੀ ਆਖਿਆ ਜਾਂਦਾ ਹੈ। ਉਸ ਦੀ ਰਜ਼ਾ ਹੀ ਉਸ ਦਾ ਹੁਕਮ ਜਾਂ ਫੈਸਲਾ ਹੈ। ਇਸੇ ਲਈ ਸਿੱਖ ਸੰਗਤ ਅਤੇ ਗੁਰੂ ਕੇ ਪਿਆਰੇ ਅਰਦਾਸ ਵਿੱਚ ਜੁੜਦਿਆਂ ਭਾਣਾ ਮੰਨਣ ਦਾ ਬਲ ਬਖਸ਼ਣ ਲਈ
ਜੋਦੜੀ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਤਿਅੰਤ ਗਰਮੀ ਵਿੱਚ ਸਰੀਰਿਕ ਤਸੀਹੇ ਝੱਲਦਿਆਂ ਵੀ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਤੇ ਫੁਰਮਾਇਆ –
ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥

ਇਸੇ ਪ੍ਰਥਾਏ ਆਪ ਜੀ ਦੇ ਅੰਮ੍ਰਿਤ ਮਈ ਬਚਨ ਹਨ –
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥

ਰੱਬੀ ਹੁਕਮ ਵਿੱਚ ਰਹਿਣ ਦੇ ਆਨੰਦ ਨੂੰ ਸਿਰਫ ਓਹੀ ਪ੍ਰਾਣੀ ਜਾਣਦੇ ਹਨ ਜਿਹਨਾਂ ਨੇ ਆਪਣੇ ਆਪ ਨੂੰ ਰੱਬੀ ਹੁਕਮ ਅਤੇ ਰਜ਼ਾ ਨਾਲ ਇੱਕ ਸੁਰ ਕਰ ਲਿਆ ਹੈ । ਉਹਨਾਂ ਨੂੰ ਇਸ ਗੱਲ ਦੀ ਸੋਝੀ ਤੇ ਪਛਾਣ ਹੋ ਗਈ ਹੈ ਕਿ ਦੁੱਖਾਂ ਅਤੇ ਸੁੱਖਾਂ ਦੀ ਪ੍ਰਾਪਤੀ ਰੱਬੀ ਹੁਕਮ ਅਧੀਨ ਹੈ ਅਤੇ ਉਹ ਇਸ ਨੂੰ ਵੀ ਰੱਬੀ ਦਾਤ ਹੀ ਸਮਝ ਕੇ ਸਬਰ ਸੁਕਰ ਕਰਦੇ ਹਨ। ਇਸ ਬਾਰੇ ਜਪੁਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ –
ਕੇਤਿਆ ਦੂਖ ਭੂਖ ਸਦ ਮਾਰ ॥
ਏਹਿ ਭਿ ਦਾਤਿ ਤੇਰੀ ਦਾਤਾਰ ॥
ਸ੍ਰੀ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਜੋ ਕੁਝ ਪ੍ਰਭੂ
ਪਰਮੇਸਰ ਨੂੰ ਭਾਉਂਦਾ ਹੈ, ਉਹ ਕੁਝ ਹੁੰਦਾ ਹੈ। ਇਸ ਲਈ ਮਨੁੱਖ ਨੂੰ ਹਰ ਹਾਲ ਸੰਤੁਸ਼ਟ ਰਹਿਣਾ ਚਾਹੀਦਾ ਹੈ:
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖਵੋਵਣਾ ॥

ਮਨੁੱਖ ਨੂੰ ਜਿਹੜੇ ਪੰਜ ਵਿਸ਼ੇ ਵਿਕਾਰ ਘੇਰੀ ਬੈਠੇ ਹਨ, ਉਹਨਾਂ ਵਿੱਚੋਂ ਹਉਮੈ ਜਾਂ ਹੰਕਾਰ, ਮੁਖੀ ਅਤੇ ਗੁੱਝਾ ਵਿਕਾਰ ਹੈ। ਇਹ ਹਉਮੈ ਹੀ ਹੈ ਜਿਹੜੀ ਪ੍ਰਭੂ ਪ੍ਰਾਪਤੀ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਹੈ। ਗੁਰਬਾਣੀ ਵਿੱਚ ਇਸ ਨੂੰ ਦੀਰਘ ਰੋਗ ਆਖਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮਹਾਂਰੋਗ ਅਤੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਦੀ ਜੁਗਤੀ ਦੱਸਦਿਆ ਫਰਮਾਉਂਦੇ ਹਨ ਕਿ ਜਿਸ ਨੂੰ ਹੁਕਮ ਵਿੱਚ ਵਿਚਰਨ ਦੀ ਸੋਝੀ ਹੋ ਗਈ ਹੈ ਅਤੇ ਜਿਸ ਨੇ ਪੂਰਨ ਤੌਰ ਤੇ ਪ੍ਰਭੂ ਅੱਗੇ ਆਤਮ ਸਮਰਪਣ ਦੀ ਭਾਵਨਾ ਨਾਲ ਤਨ ਮਨ ਅਤੇ ਧਨ ਗੁਰੂ ਨੂੰ ਸੌਂਪਦਿਆਂ ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖ ਲਿਆ ਹੈ, ਉਹ ਹਉਮੈ ਤੋਂ ਮੁਕਤ ਹੋ ਗਿਆ ਹੈ ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥

ਸਾਰਾ ਸੰਸਾਰ ਦੁੱਖਾਂ ਦੀ ਗ੍ਰਿਫਤ ਵਿੱਚ ਹੈ। ਕੋਈ ਤਨ ਕਰਕੇ ਦੁਖੀ ਅਤੇ ਕੋਈ ਮਨ ਕਰਕੇ, ਕੋਈ ਮਾਇਆ ਦੀ ਤੋਟ ਕਾਰਨ ਦੁਖੀ ਹੈ ਅਤੇ ਕੋਈ ਮਾਇਆ ਦੀ ਬਹੁਤਾਤ ਨਾਲ ਵੀ ਰੱਜਿਆ ਨਹੀਂ। ਦੁੱਖਾਂ ਦੇ ਕਾਰਨ ਅਨੇਕ ਹਨ । ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ –
ਨਾਨਕ ਦੁਖੀਆ ਸਭੁ ਸੰਸਾਰੁ ॥

ਗੁਰੂ ਅਰਜਨ ਦੇਵ ਜੀ ਅਨੁਸਾਰ ਰੱਬੀ ਹੁਕਮ ਨੂੰ ਨਾ ਪਛਾਨਣਾ ਦੁੱਖਾਂ ਦਾ ਮੂਲ ਕਾਰਨ ਹੈ ਅਤੇ ਜਦੋਂ ਪੂਰੇ ਗੁਰੂ ਦੀ ਮੱਤ ਦੁਆਰਾ ਹੁਕਮ ਦੀ ਸੋਝੀ ਹੋ ਜਾਂਦੀ ਹੈ ਤਾਂ ਪ੍ਰਾਣੀ ਨੂੰ ਸਦੀਵੀ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਰਥਾਤ ਜੀਵਨ ਟਿਕਾਓੁ ਵਿੱਚ ਆ ਜਾਂਦਾ ਹੈ।
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥

ਰੱਬੀ ਹੁਕਮ ਬਾਰੇ ਗਉੜੀ ਸੁਖਮਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਕਿ ਹੁਕਮ ਨਾਲ ਹੀ ਸਭ ਕਾਰ ਹੋ ਰਹੀ ਹੈ।
ਹੁਕਮੇ ਧਾਰਿ ਅਧਰ ਰਹਾਵੈ ॥ ਹੁਕਮੇ ਉਪਜੈ ਹੁਕਮਿ ਸਮਾਵੈ ॥ ਹੁਕਮੇ ਊਚ ਨੀਚ ਬਿਉਹਾਰ ॥ ਹੁਕਮੇ ਅਨਿਕ ਰੰਗ ਪਰਕਾਰ ॥
ਗੁਰਬਾਣੀ ਅਨੁਸਾਰ ਪ੍ਰਭੂ ਦੇ ਨਾਮ ਰੂਪੀ ਖਜ਼ਾਨੇ ਦੀ ਪ੍ਰਾਪਤੀ ਕੇਵਲ ਉਸੇ ਪ੍ਰਾਣੀ ਨੂੰ ਹੁੰਦੀ ਹੈ। ਜਿਹੜਾ ਹੁਕਮ ਨੂੰ ਮੰਨਦਾ ਹੈ । ਅਜਿਹੇ ਮਨੁੱਖ ਨੂੰ ਸੰਸਾਰਿਕ ਲਾਲਸਾਵਾਂ, ਤ੍ਰਿਸ਼ਨਾਵਾਂ ਅਤੇ ਦੁਨਿਆਵੀ ਭਟਕਣ ਤੋਂ ਨਿਜਾਤ ਮਿਲ ਜਾਂਦੀ ਹੈ।

ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥ ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥

ਗੁਰਬਾਣੀ ਵਿੱਚ ਉਸ ਵਿਅਕਤੀ ਨੂੰ ਸਹੀ ਅਰਥਾਂ ਵਿੱਚ ਸਿਆਣਾ ਨਹੀਂ ਮੰਨਿਆ ਗਿਆ ਜਿਹੜਾ ਵਧੇਰੇ ਕਿਤਾਬੀ ਗਿਆਨ ਰੱਖਦਾ ਹੈ ਸਗੋਂ ਉਹ ਵਿਅਕਤੀ ਸਿਆਣਾ, ਸੁਜਾਨ, ਦਾਨਾ ਅਤੇ ਰੂਪਵੰਤ ਹੈ, ਜਿਸ ਨੇ ਹੁਕਮ ਅਰਥਾਤ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ।

ਸੋਈ ਕਰਣਾ ਜਿ ਆਪਿ ਕਰਾਏ ॥ ਜਿਥੈ ਰਖੈ ਸਾ ਭਲੀ ਜਾਏ ॥ ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥

ਅਰਥਾਤ
ਰੂਪਵੰਤੁ ਸੋ ਚਤੁਰੁ ਸਿਆਣਾ ॥
ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥

ਮਨੁੱਖ ਨੂੰ ਮਨਮੱਤ ਦਾ ਤਿਆਗ ਕਰਕੇ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ ਅਤੇ ਦੁੱਖ ਸੁੱਖ ਦੋਹਾਂ ਅਵਸਥਾਵਾਂ ਵਿੱਚ ਆਤਮਿਕ ਅਡੋਲਤਾ ਅੰਦਰ ਵਿਚ ਰਹਿੰਦਆਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਹੀ ਪਰਮਪਦ ਦੀ ਪ੍ਰਾਪਤੀ ਹੋ ਸਕਦੀ ਹੈ ।
ਮਨ ਕੀ ਮਤਿ ਤਿਆਗਹੁ ਹਰਿ ਜਨ
ਹੁਕਮੁ ਬੂਝਿ ਸੁਖੁ ਪਾਈਐ ਰੇ ॥
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ
ਸੁਖਿ ਦੁਖਿ ਓਹੀ ਧਿਆਈਐ ਰੇ ॥

ਰਾਗ ਸੋਰਠਿ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਹੁਕਮ ਦੇ ਸੰਕਲਪ ਨੂੰ ਵਿਸਥਾਰ ਪੂਰਬਕ ਢੰਗ ਨਾਲ ਇਸ ਪ੍ਰਕਾਰ ਬਿਆਨ ਕਰਦੇ ਹਨ।
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥
ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥
ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥
ਹੁਕਮੇ ਬੰਨਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥
ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥
ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥
ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ।।੬॥
ਗੁਰਬਾਣੀ ਅਨੁਸਾਰ ਅਸਲ ਮਨੁੱਖ ਉਹ ਹੈ, ਜੋ ਹੁਕਮ ਦਾ ਪਾਬੰਦ ਹੈ। ਕਬੀਰ ਸਾਹਿਬ ਦੀ ਬਾਣੀ ਵਿੱਚ ਅੰਕਿਤ ਹੈ

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥
ਜੀਵ ਦਾ ਅੰਤਿਮ ਲਕਸ਼ ਮਨੁੱਖੀ ਜੀਵਨ ਨੂੰ ਸਫਲ ਕਰਦਿਆਂ ਸੁਆਸ ਸੁਆਸ ਨਾਮ ਜਪਦਿਆਂ ਅਕਾਲ ਪੁਰਖ ਵਿੱਚ ਲੀਨ ਹੋਣਾ ਹੈ। ਇਸ ਦੀ ਜੁਗਤੀ ਰਾਗ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਇਸ ਪ੍ਰਕਾਰ ਦੱਸਦੇ ਹਨ।
ਪ੍ਰਭ ਮਿਲਣੈ ਕੀ ਏਹ ਨੀਸਾਣੀ ॥
ਮਨਿ ਇਕੋ ਸਚਾ ਹੁਕਮੁ ਪਛਾਣੀ ॥

-ਤੀਰਥ ਸਿੰਘ ਢਿੱਲੋਂ