164 views 11 secs 0 comments

ਗੁਰਮਤਿ ਅਨੁਸਾਰ ਮੌਤ

ਲੇਖ
March 17, 2025

-ਸ. ਸੁਖਦੇਵ ਸਿੰਘ

ਸ਼ਾਂਤ ‘ਮਰਨਾ ਸੱਚ ਅਤੇ ਜਿਊਣਾ ਝੂਠ’ ਵਾਲੀ ਸਾਖੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੌਤ ਦੀ ਅਟੱਲਤਾ ਬਾਰੇ ਇਸ ਦੇ ਮਹੱਤਵ ਨੂੰ ਬੜੀ ਚੰਗੀ ਤਰ੍ਹਾਂ ਦਰਸਾਇਆ ਹੈ। ਨਿਰਸੰਦੇਹ ਮੌਤ ਇਕ ਅਟੱਲ ਸੱਚਾਈ ਹੈ ਅਤੇ ‘ਜੋ ਆਇਆ ਸੋ ਚਲਸੀ’ ਦੀ ਹਕੀਕਤ ਹਰ ਇਕ ਜੀਵ ’ਤੇ ਲਾਗੂ ਹੁੰਦੀ ਹੈ। ਮਹਾਤਮਾ ਬੁੱਧ ਕੋਲ ਜਦੋਂ ਇਕ ਔਰਤ ਆਪਣੇ ਮਰੇ ਹੋਏ ਬੱਚੇ ਨੂੰ ਜਿਵਾਲਣ ਲਈ ਲੈ ਕੇ ਆਈ ਸੀ ਤਾਂ ਉਨ੍ਹਾਂ ਨੇ ਉਸ ਨੂੰ ਉਹ ਘਰ ਲੱਭਣ ਲਈ ਕਿਹਾ ਸੀ ਜਿਥੇ ਕਦੇ ਵੀ ਕੋਈ ਮਰਿਆ ਨਾ ਹੋਵੇ। ਅਜਿਹਾ ਕੋਈ ਵੀ ਘਰ ਨਾ ਮਿਲਣ ਕਰਕੇ ਉਸ ਔਰਤ ਦੀ ਤਸੱਲੀ ਹੋ ਗਈ ਸੀ ਕਿ ਮੌਤ ਤੋਂ ਕੋਈ ਵੀ ਨਹੀਂ ਬਚ ਸਕਦਾ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ‘ਰਾਮ ਗਇਓ ਰਾਵਣ ਗਇਓ’ ਕਹਿ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਜੇ ਮਹਾਰਾਜੇ ਅਤੇ ਉਹ ਵਿਅਕਤੀ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਕਾਲ ਨੂੰ ਉਨ੍ਹਾਂ ਨੇ ਪਾਵੇ ਨਾਲ ਬੰਨ੍ਹ ਰੱਖਿਆ ਸੀ, ਵੀ ਮੌਤ ਦੇ ਸ਼ਿਕੰਜੇ ਵਿਚ ਆਉਣ ਤੋਂ ਨਹੀਂ ਬਚ ਸਕੇ।

ਗੁਰਬਾਣੀ ਵਿਚ ਥਾਂ-ਥਾਂ ਮੌਤ ਇਕ ਅਟੱਲ ਸੱਚਾਈ ਦੇ ਰੂਪ ਵਿਚ ਪ੍ਰਗਟਾਈ ਗਈ ਹੈ। ਇਸ ਅਟੱਲ ਸੱਚਾਈ ਨੂੰ ਬਾਰ-ਬਾਰ ਦਰਸਾਉਣ ਦਾ ਮੰਤਵ ਮਨੁੱਖ ਨੂੰ ਇਹ ਯਾਦ ਕਰਵਾਉਣਾ ਹੈ ਕਿ ਉਹ ਆਪਣੇ ਸਰੀਰ ਜਾਂ ਧਨ-ਦੌਲਤ ਦਾ ਮਾਣ ਨਾ ਕਰੇ। ਮੌਤ ਦੀ ਯਾਦ ਮਨੁੱਖ ਵਿਚੋਂ ਹਉਮੈ ਅਤੇ ਹੰਕਾਰ ਦੇ ਪ੍ਰਭਾਵ ਨੂੰ ਘਟਾਉਂਦੀ ਹੈ ਅਤੇ ਉਹ ਪਰਮਾਤਮਾ ਦੀ ਭਗਤੀ ਵਾਲੇ ਰਾਹ ਵੱਲ ਤੁਰਦਾ ਹੈ।

ਇਹਦੇ ਨਾਲ ਹੀ ਮਨੁੱਖੀ ਮਨ ਵਿਚੋਂ ਲੋਭ ਅਤੇ ਮੋਹ ਦੀ ਸਰਦਾਰੀ ਘੱਟਦੀ ਹੈ। ਜਦੋਂ ਮਨੁੱਖ ਮੌਤ ਦੇ ਪਲ ਨੂੰ ਯਾਦ ਰੱਖਦਾ ਹੈ ਤਾਂ ਉਹ ਲੋਭ ਅਤੇ ਮੋਹ ਵੱਸ ਹੋ ਕੇ ਠੱਗੀਆਂ ਨਹੀਂ ਮਾਰਦਾ ਅਤੇ ਨਾ ਹੀ ਭੈੜੇ ਕੰਮ ਕਰਦਾ ਹੈ। ਉਹ ਇਹ ਸਮਝਦਾ ਹੈ ਕਿ ਪਤਾ ਨਹੀਂ ਕਿਹੜੇ ਪਲ ਸਰੀਰ ਵਿਚੋਂ ਜਾਨ ਨਿਕਲ ਜਾਵੇ ਅਤੇ ਸਾਰਾ ਕੁਝ ਉੱਥੇ ਦਾ ਉੱਥੇ ਰਹਿ ਜਾਵੇ। ਰੋਜ਼ਾਨਾ ਜ਼ਿੰਦਗੀ ਵਿਚ ਜਦੋਂ ਵੀ ਕੋਈ ਮਨੁੱਖ ਕਿਸੇ ਮੌਤ ਨੂੰ ਵੇਖਦਾ ਜਾਂ ਸੁਣਦਾ ਹੈ ਤਾਂ ਉਹਦੇ ਮੂੰਹੋਂ ਇਹੀ ਬੋਲ ਨਿਕਲਦੇ ਹਨ: ਜ਼ਿੰਦਗੀ ਦਾ ਕੀ ਭਰੋਸਾ! ਕੋਈ ਪਤਾ ਨਹੀਂ ਕਦ ਸਾਹ ਮੁੱਕ ਜਾਣ। ਨੇਕੀ ਤੇ ਭਗਤੀ ਹੀ ਨਾਲ ਜਾਣੀ ਏ। ਬਾਕੀ ਸਭ ਕੁਝ ਇਥੇ ਈ ਰਹਿ ਜਾਊ।” ਪਰ ਅਜੇ ਮਰਨ ਵਾਲੇ ਦੀ ਅੱਗ ਵੀ ਠੰਡੀ ਨਹੀਂ ਹੋਈ ਹੁੰਦੀ ਕਿ ਪਿਛਲਾ ਪਰਿਵਾਰ ਮੁੜ ਲੋਭ, ਮੋਹ ਤੇ ਹਉਮੈ ਦੇ ਜੰਜਾਲ ਵਿਚ ਫੱਸ ਜਾਂਦਾ ਹੈ। ਇਥੋਂ ਤਕ ਕਿ ਸ਼ਮਸ਼ਾਨ ਘਾਟ ਤੋਂ ਵਾਪਸ ਆਉਂਦਿਆਂ ਹੀ ਰਾਹ ਵਿਚ ਫਿਰ ਉਹੀ ਮੋਹ-ਮਾਇਆ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ।

ਇਕ ਮਾਂ ਆਪਣੀ ਛੋਟੀ ਜਿਹੀ ਬੱਚੀ ਦਾ ਹੱਥ ਜੋਤਸ਼ੀ ਨੂੰ ਵਿਖਾ ਰਹੀ ਸੀ। ਜੋਤਸ਼ੀ ਨੇ ਮਾਂ ਨੂੰ ਦੱਸਿਆ, “ਇਹ ਬੱਚੀ ਬਹੁਤਾ ਚਿਰ ਜਿਊਂਦੀ ਨਹੀਂ ਰਹਿ ਸਕੇਗੀ, ਇਹ ਜਲਦੀ ਹੀ ਮਰ ਜਾਵੇਗੀ।” ਜੋਤਸ਼ੀ ਦੇ ਜਾਣ ਪਿੱਛੋਂ ਬੱਚੀ ਮਾਂ ਨੂੰ ਕਹਿਣ ਲੱਗੀ, “ਬੀਬੀ, ਮੈਂ ਜਲਦੀ ਮਰ ਜਾਵਾਂਗੀ। ਮੈਂ ਨਹੀਂ ਹੁਣ ਪੜ੍ਹਨ ਜਾਣਾ ਅਤੇ ਨਾ ਹੀ ਕੁਝ ਖਾਣਾ ਪੀਣਾ ਹੈ। ਮੈਂ ਮਰ ਤਾਂ ਜਾਣਾ ਈ ਏਂ।” ਉਸ ਬੱਚੀ ਨੇ ਸੱਚਮੁਚ ਹੀ ਖਾਣਾ-ਪੀਣਾ ਵੀ ਛੱਡ ਦਿੱਤਾ। ਹਾਰ ਕੇ ਮਾਂ ਨੂੰ ਕਹਿਣਾ ਪਿਆ ਕਿ ਜੋਤਸ਼ੀ ਬੇ-ਵਕੂਫ ਤੇ ਝੂਠਾ ਸੀ ਤੇ ਉਹਦੀ ਬੱਚੀ ਨਹੀਂ ਮਰੇਗੀ। ਇਸ ਘਟਨਾ ਮੁਤਾਬਿਕ ਜੇ ਮਨੁੱਖ ਨੂੰ ਮੌਤ ਨੇ ਹੀ ਆ ਘੇਰਨਾ ਹੈ ਤਾਂ ਫਿਰ ਉਸ ਨੂੰ ਜ਼ਿੰਦਗੀ ਵਿਚ ਕੁਝ ਵੀ ਕਰਨ ਦੀ ਲੋੜ ਨਹੀਂ। ਇਹ ਵਿਚਾਰ ਅਤਿ ਦਰਜੇ ਦਾ ਨਿਰਾਸ਼ਾਵਾਦੀ ਵਿਚਾਰ ਹੈ। ਗੁਰਮਤਿ ਅਨੁਸਾਰ ਇਹ ਨਿਰਾਸ਼ਾਵਾਦੀ ਸੋਚ ਵੀ ਪ੍ਰਵਾਨ ਨਹੀਂ। ਮੌਤ ਨੂੰ ਯਾਦ ਜ਼ਰੂਰ ਰੱਖਣਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੀਣਾ ਹੀ ਛੱਡ ਦੇਣਾ ਹੈ। ਜ਼ਿੰਦਗੀ ਜਿੰਨਾ ਸਮਾਂ ਵੀ ਹੈ ਉਸ ਨੂੰ ਸਹੀ ਢੰਗ ਨਾਲ ਪਰਮਾਤਮਾ ਨੂੰ ਯਾਦ ਰੱਖ ਕੇ ਨਿਭਾਉਣਾ ਹੈ। ਦੂਜੇ ਪਾਸੇ ਮੌਤ ਨੂੰ ਭੁੱਲ ਕੇ ਹੰਕਾਰ, ਲੋਭ ਅਤੇ ਮੋਹ ਭਰਿਆ ਜੀਵਨ ਜਿਊਣਾ ਵੀ ਗੁਰਮਤਿ ਅਨੁਸਾਰ ਠੀਕ ਨਹੀਂ। ਅਸਲ ਵਿਚ ਮੌਤ ਦੁੱਖ ਵਾਂਗ ਇਕ ਦਾਰੂ ਹੈ। ਜਿਵੇਂ ਦੁੱਖ, ਸੁਖ ਤੋਂ ਪੈਦਾ ਹੋਏ ਵਿਕਾਰਾਂ ਦਾ ਇਲਾਜ ਕਰਦਾ ਹੈ ਤਿਵੇਂ ਹੀ ਮੌਤ ਵੀ ਹਉਮੈ ਦੂਰ ਕਰਨ ਲਈ ਇਕ ਬੜੀ ਵਧੀਆ ਦਵਾਈ ਹੈ।
ਮੌਤ ਦੀ ਇਸ ਸੁੰਦਰਤਾ ਅਤੇ ਮਹੱਤਤਾ ਨੂੰ ਭਗਤ ਕਬੀਰ ਜੀ ਨੇ ਇਉਂ ਦਰਸਾਇਆ ਹੈ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥
(ਪੰਨਾ ੧੩੬੫)

ਭਗਤ ਕਬੀਰ ਜੀ ਨੂੰ ਮੌਤ ਵਿਚੋਂ ਅਨੰਦ ਮਿਲਦਾ ਹੈ ਕਿਉਂਕਿ ਉਹ ਇਸ ਨੂੰ ਪਰਮਾਤਮਾ ਨਾਲ ਇਕ-ਮਿਕ ਹੋਣ ਦਾ ਸਾਧਨ ਸਮਝਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਮੌਤ ਦੇ ਸਮੇਂ ਰੋਣ ਤੋਂ ਵਰਜਿਆ ਹੈ ਕਿਉਂਕਿ ਉਹ ਵੀ ਇਸ ਨੂੰ ਖੁਸ਼ੀ ਦਾ ਮੌਕਾ ਸਮਝਦੇ ਹਨ। ‘ਸਿੱਖ ਰਹਿਤ ਮਰਯਾਦਾ ਵਿਚ ਮੌਤ ਸਮੇਂ ਰੋਣ, ਪਿੱਟਣ ਅਤੇ ਸਿਆਪਾ ਆਦਿ ਕਰਨ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਅੰਗਰੇਜ਼ੀ ਦੇ ਪ੍ਰਸਿੱਧ ਕਵੀ ਟੈਨੀਸਨ ਨੇ ਵੀ ਮੌਤ ਨੂੰ ‘ਸਵਰਗ ਦਾ ਰਾਹ ਦੱਸਿਆ ਹੈ। ਮੌਤ ਦੀ ਇਹ ਸਿਫਤ ਮਨੁੱਖੀ-ਮਨ ਵਿਚੋਂ ਮੌਤ ਦੇ ਡਰ ਨੂੰ ਘਟਾਉਂਦੀ ਹੈ। ਮੌਤ ਫਿਰ ਹਊਆ ਨਹੀਂ ਰਹਿੰਦੀ, ਮੌਤ ਕੋਈ ਅਨਹੋਣੀ ਗੱਲ ਨਹੀਂ ਰਹਿੰਦੀ। ਮਨੁੱਖੀ-ਮਨ ਮੌਤ ਲਈ ਤਿਆਰ ਹੋ ਜਾਂਦਾ ਹੈ।

ਸਕੂਲ ਜਾਣ ਵੇਲੇ ਇਕ ਵਿਦਿਆਰਥੀ ਰੋਂਦਾ ਹੈ, ਟਾਲ ਮਟੋਲ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਕੋਈ ਨਾ ਕੋਈ ਬਹਾਨਾ ਮਿਲ ਜਾਵੇ ਤਾਂ ਕਿ ਉਸ ਨੂੰ ਸਕੂਲ ਨਾ ਜਾਣਾ ਪਵੇ। ਉਸੇ ਸਕੂਲ ਦਾ ਇਕ ਦੂਜਾ ਵਿਦਿਆਰਥੀ ਖੁਸ਼-ਖੁਸ਼ ਜਾਣ ਲਈ ਤਿਆਰ ਹੁੰਦਾ ਹੈ, ਫ਼ਰਕ ਕੀ ਹੈ? ਪਹਿਲੇ ਵਿਦਿਆਰਥੀ ਨੇ ਦਿੱਤਾ ਹੋਇਆ ਕੰਮ ਪੂਰਾ ਨਹੀਂ ਕੀਤਾ, ਦੱਸਿਆ ਹੋਇਆ ਸਬਕ ਯਾਦ ਨਹੀਂ ਕੀਤਾ ਅਤੇ ਇਸੇ ਲਈ ਹੁਣ ਉਹ ਡਰਦਾ ਹੈ। ਦੂਜੇ ਵਿਦਿਆਰਥੀ ਨੇ ਆਪਣਾ ਸਕੂਲ ਦਾ ਕੰਮ ਪੂਰਾ ਕੀਤਾ ਹੋਇਆ ਹੈ। ਇਸ ਲਈ ਉਹ ਪੂਰੀ ਤਰ੍ਹਾਂ ਤਿਆਰ ਹੈ। ਇਹੀ ਹਾਲ ਮੌਤ ਦਾ ਹੈ।

ਰੱਬ ਦੇ ਭਗਤ ਨੇ ਆਪਣੀ ਜ਼ਿੰਦਗੀ ਨੇਕੀ ਅਤੇ ਭਗਤੀ ਦੇ ਖਜ਼ਾਨੇ ਨਾਲ ਭਰ ਲਈ ਹੈ। ਉਹ ਖੁਸ਼ੀ-ਖੁਸ਼ੀ ਆਪਣੇ ਮਾਲਕ ਕੋਲ ਪਹੁੰਚਣ ਲਈ ਤਿਆਰ ਹੈ। ਇਹੀ ਕਾਰਨ ਹੈ ਕਿ ਮੌਤ ਭਗਤ ਕਬੀਰ ਜੀ ਨੂੰ ਅਨੰਦ ਦਿੰਦੀ ਹੈ ਪਰ ਆਮ ਵਿਅਕਤੀ ਇਸ ਨੂੰ ਹਊਆ ਸਮਝਦਾ ਹੈ। ਆਮ ਵਿਅਕਤੀ ਲਈ ਮੌਤ ਬੜੀ ਭਿਆਨਕ ਹੈ। ‘ਵਾਰ ਬਿਹਾਗੜਾ’ ਵਿਚ ਗੁਰੂ ਸਾਹਿਬ ਦਾ ਪਵਿੱਤਰ ਫ਼ੁਰਮਾਨ ਮੌਤ ਨੂੰ ਅਨੰਦਮਈ ਬਣਾਉਣ ਦਾ ਢੰਗ ਦੱਸਦਾ ਹੈ:
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥
(ਪੰਨਾ ੫੫੫)

ਪਰਮਾਤਮਾ ਦੀ ਭਗਤੀ ਅਤੇ ਯਾਦ ਮੌਤ ਨੂੰ ਅਸਾਨ ਅਤੇ ਸੁਖ-ਮਈ ਬਣਾ ਦਿੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮੌਤ ਨੂੰ:
(ਪੰਨਾ ੮੮੫)
ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਕਹਿ ਕੇ ਬਿਆਨ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਗੱਲ ਦੀ ਮਿਸਾਲ ਹੈ ਕਿ ਉਹ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਹਰ ਤਰ੍ਹਾਂ ਦੇ ਤਸੀਹੇ ਸਹਿੰਦੇ ਹਨ। ਮੌਤ ਪਰਮਾਤਮਾ ਦਾ ਭਾਣਾ ਹੈ। ਇਸ ਲਈ ਉਹ ਇਸ ਨੂੰ ਮਿੱਠਾ ਕਰਕੇ ਮੰਨਦੇ ਹਨ।

ਗੁਰਬਾਣੀ ਵਿਚ ਮੌਤ ਦਾ ਡਰ ਵੀ ਦਿੱਤਾ ਗਿਆ ਹੈ। ਇਹ ਇਸ ਲਈ ਕਿ ਮਨੁੱਖ ਇਸ ਡਰ ਕਰਕੇ ਕੁਕਰਮ ਨਾ ਕਰੇ ਅਤੇ ਭਗਤੀ ਦੇ ਰਸਤੇ ‘ਤੇ ਚੱਲੇ। ਗੁਰਬਾਣੀ ਵਿਚ ਮੌਤ ਦੇ ਡਰ ਨੂੰ ਖਤਮ ਵੀ ਕੀਤਾ ਗਿਆ ਹੈ ਕਿਉਂਕਿ ਇਹ ਕੋਈ ਅਣਹੋਣੀ ਨਹੀਂ, ਸਗੋਂ ਨੇਕ ਪੁਰਖਾਂ ਲਈ ਤਾਂ ਇਹ ਪਰਮਾਤਮਾ ਨਾਲ ਇਕਮਿਕ ਹੋਣ ਦਾ ਸਾਧਨ ਹੈ। ਮੌਤ ਦਾ ਡਰ ਪਾਇਆ ਗਿਆ ਹੈ ਤਾਂ ਕਿ ਮਨੁੱਖ ਹਉਮੈ ਤੋਂ ਬਚ ਕੇ, ਲੋਭ, ਮੋਹ ਤੇ ਹੰਕਾਰ ਤੋਂ ਛੁਟਕਾਰਾ ਪਾ ਸਕੇ। ਮੌਤ ਦਾ ਡਰ ਕੱਢਿਆ ਗਿਆ ਹੈ ਤਾਂ ਕਿ ਮਨੁੱਖ, ਕਿਵੇਂ ਮਰੀਦਾ ਹੈ ਦੀ ਜਾਚ ਸਿੱਖ ਸਕੇ ਅਤੇ ਆਪਣੇ ਜੀਵਨ ਵਿਚ ਨਿਰਾਸ਼ਾਵਾਦੀ ਨਾ ਬਣੇ। ਮੰਤਵ ਇਕ ਹੀ ਹੈ, ਮਨੁੱਖੀ ਮਨ ਨੂੰ ਨੇਕੀ ਅਤੇ ਭਗਤੀ ਦੇ ਮਾਰਗ ‘ਤੇ ਚਲਾਉਣਾ।
ਗੁਰਮਤਿ ਦੇ ਉਪਰੋਕਤ ਦ੍ਰਿਸ਼ਟੀਕੋਣ ਨੂੰ ਮੁੱਖ ਰੱਖਦਿਆਂ ਮੌਤ ਨਾਲ ਜੋੜੀਆਂ ਗਈਆਂ ਭਿੰਨ-ਭਿੰਨ ਸੰਸਕਾਰ ਦੀਆਂ ਰਸਮਾਂ ਨੂੰ ਪ੍ਰਵਾਨ ਨਹੀਂ ਕਰਦੀ। ਪਿੰਡ ਪੱਤਲ ਭਰਾਉਣੇ, ਦੀਵਾ ਕਰਨਾ, ਮੰਜੀ ਤੋਂ ਲਾਹੁਣਾ, ਸਰਾਧ ਕਰਨਾ, ਸਿਆਪਾ ਕਰਨਾ, ਧਾਹਾਂ ਮਾਰਨੀਆਂ ਆਦਿ ਰੀਤਾਂ ਨੂੰ ਗੁਰਮਤਿ ਵਿਚ ਸਵੀਕਾਰ ਨਹੀਂ ਕੀਤਾ ਗਿਆ। ਇਸ ਸਾਰੇ ਕੁਝ ਦਾ ਕਾਰਨ ਗੁਰਮਤਿ ਦਾ ਮੌਤ ਸਬੰਧੀ ਬੁਨਿਆਦੀ ਦ੍ਰਿਸ਼ਟੀਕੋਣ ਹੈ। ਗੁਰਮਤਿ ਅਨੁਸਾਰ ਮਨੁੱਖ ਦਾ ਜੰਮਣਾ-ਮਰਨਾ ਪਰਮਾਤਮਾ ਦੇ ਹੁਕਮ ਵਿਚ ਹੈ ਇਸ ਲਈ ਵਾਧੂ ਭਰਮਾਂ ਵਿਚ ਪੈਣਾ ਮਨੁੱਖ ਦੀ ਅਗਿਆਨਤਾ ਹੈ। ਇਹ ਸਾਰੇ ਕਰਮ-ਕਾਂਡ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਹਨ। ਰੱਬੀ ਬਾਣੀ ਦਾ ਪਾਠ, ਕੀਰਤਨ ਉਸ ਪਰਮਾਤਮਾ ਦਾ ਜਸ ਹੀ (ਪ੍ਰਭੂ ਰਜ਼ਾ ਨੂੰ ਮੰਨਣਾ ਹੀ) ਅਸਲ ‘ਸਿੱਖ ਮਰਯਾਦਾ” ਹੈ।

ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਮੌਤ ਹਰ ਜੀਵ ’ਤੇ ਆਉਣੀ ਹੈ। ਜੋ ਉਪਜਿਆ ਹੈ ਉਸ ਨੇ ਜ਼ਰੂਰ ਬਿਨਸਨਾ ਹੈ। ਮੌਤ ਨੂੰ ਧਿਆਨ ਵਿਚ ਰੱਖ ਕੇ ਕੀਮਤੀ ਮਨੁੱਖਾ ਜੀਵਨ ਨੂੰ ਰੱਬ ਦੀ ਯਾਦ ਵਿਚ ਬਤੀਤ ਕਰਦਿਆਂ ਹੋਇਆਂ ਨੇਕ ਜੀਵਨ ਜਿਊਣਾ ਹੀ ਗੁਰਮਤਿ ਦਾ ਆਦਰਸ਼ ਹੈ। ਮਨੁੱਖ ਅਜਿਹਾ ਜੀਵਨ ਬਤੀਤ ਕਰੇ ਕਿ ਉਸ ਨੂੰ ਮੌਤ ਸਾਹਵੇਂ ਹੋਣ ਤੋਂ ਬਿਲਕੁਲ ਵੀ ਡਰ ਨਾ ਹੋਵੇ। ਉਸ ਦੇ ਨੇਕ ਗੁਣ ਉਸ ਦੇ ਪੱਕੇ ਸੱਜਣਾਂ ਵਾਂਗ ਗਵਾਹ ਬਣ ਕੇ ਉਹਦੇ ਨਾਲ ਹੀ ਚੱਲਣ ਅਤੇ ਫਿਰ ਉਸ ਨੂੰ ਰੱਬੀ-ਅਦਾਲਤ ਦਾ ਕੋਈ ਭੈਅ ਨਾ ਹੋਵੇ; ਮੌਤ ਦੀ ਯਾਦ ਮਨੁੱਖ ਨੂੰ ਰੱਬ ਦੀ ਯਾਦ ਨੇ ਨੇੜੇ ਲਿਆਉਂਦੀ ਹੈ। ਜਿਵੇਂ ਮਨੁੱਖ ਦੇ ਜਨਮ ਸਬੰਧੀ ਸਾਰੀ ਕਿਰਿਆ ਅਚੰਭੇ ਵਾਲੀ ਗੱਲ ਹੈ, ਉਵੇਂ ਹੀ ਮੌਤ ਵੀ ਮਨੁੱਖ ਲਈ ਇਕ ਅਚੰਬਾ ਹੈ ਜਨਮ-ਮੌਤ ਦੇ ਭੇਦ ਰੱਬ ਹੀ ਜਾਣਦਾ ਹੈ ਅਤੇ ਇਹ ਉਸੇ ਦੇ ਵੱਸ ਵਿਚ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਬਾਣੀ ਵਿਚ ਮੌਤ ਦਾ ਬਾਰ-ਬਾਰ ਜ਼ਿਕਰ ਕੀਤਾ ਹੈ। ਬਾਬਾ ਫਰੀਦ ਜੀ ਨੇ ਵੀ ਬੁਢਾਪੇ ਅਤੇ ਮੌਤ ਦਾ ਬਿਆਨ ਵਿਸ਼ੇਸ਼ ਤੌਰ ‘ਤੇ ਕੀਤਾ ਹੈ। ਬੁਢਾਪਾ ਅਤੇ ਮੌਤ ਦੇਖ ਕੇ ਹੀ ਮਹਾਤਮਾ ਬੁੱਧ ਜੀ ਨੇ ਗਿਆਨ- ਪ੍ਰਾਪਤੀ ਲਈ ਰਾਜ ਮਹਿਲ ਛੱਡਿਆ ਸੀ। ਇਉਂ ਮੌਤ ਇਕ ਦਾਰੂ ਹੈ, ਸਾਧਨ ਹੈ, ਮਨੁੱਖ ਨੂੰ ਪਰਮਾਤਮਾ ਦੀ ਭਗਤੀ ਵੱਲ ਲਾਉਣ ਦਾ।
(੯/੧੯੮੩)